ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਰੁੱਖ ਬੋਲ ਨਾ ਸਕਦੇ ਭਾਵੇਂ...

Ad Position 21
No active advertisement
ਅਜੀਤ ਡੈਸਕ 07-06-2026

ਮਨੁੱਖਾ ਜੀਵਨ ਦੇ ਇਤਿਹਾਸ ਵਿਚ ਇਕ ਅਜਿਹਾ ਸਮਾਂ ਸੀ, ਜਦੋਂ ਮਨੁੱਖ ਜੰਗਲਾਂ, ਬੇਲਿਆਂ, ਪਹਾੜਾਂ ਦੀਆਂ ਕੁੰਦਰਾਂ ਗੁਫ਼ਾਵਾਂ ਅਤੇ ਰੁੱਖਾਂ ਦੇ ਆਸਰੇ ਆਪਣਾ ਜੀਵਨ ਬਸਰ ਕਰਦਾ ਸੀ। ਉਸ ਸਮੇਂ ਜੰਗਲਾਂ ਬੇਲਿਆਂ ਵਿਚ ਪਸ਼ੂਆਂ, ਜਾਨਵਰਾਂ ਸੰਗ ਰਹਿਣ ਕਾਰਨ ਉਸ ਦਾ ਆਪਣਾ ਜੀਵਨ ਵੀ ਰੁੱਖਾਂ ਵਾਂਗ ਖੁੱਲ੍ਹਾ-ਡੁੱਲ੍ਹਾ ਅਤੇ ਸਾਦਗੀ ਵਾਲ਼ਾ ਸੀ। ਉਹ ਆਪਣਾ ਪੇਟ ਫਲ਼, ਫੁੱਲ, ਹੋਰ ਜੰਗਲੀ ਜੜ੍ਹੀ ਬੂਟੀਆਂ ਖਾ ਕੇ ਭਰਦਾ ਸੀ। ਭਾਵੇਂ ਕਾਫ਼ੀ ਲੰਮੇ ਸਮੇਂ ਬਾਅਦ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਪਹਿਲਾਂ ਕੱਚਾ ਮਾਸ ਅਤੇ ਫਿਰ ਹੌਲ਼ੀ-ਹੌਲ਼ੀ ਭੁੰਨ ਕੇ ਖਾਂਦਾ ਰਿਹਾ ਹੈ। ਪਰੰਤੂ ਫਿਰ ਵੀ ਉਸ ਦੀ ਬਹੁਤੀ ਗੁਜ਼ਰ ਬਸਰ ਫਲ਼ਾਂ ਅਤੇ ਫੁੱਲਾਂ 'ਤੇ ਹੀ ਨਿਰਭਰ ਸੀ।
ਰੁੱਖ, ਮਨੁੱਖ ਦੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਉਸ ਨੂੰ ਅਤਿ ਦੀ ਸਰਦੀ, ਗਰਮੀਂ, ਮੀਂਹ, ਔੜਾਂ ਤੋਂ ਵੀ ਬਚਾਉਂਦੇ ਹਨ। ਇਸ ਪ੍ਰਕਾਰ ਰੁੱਖਾਂ ਦੀ ਮਨੁੱਖਾਂ ਨਾਲ਼ ਸਾਂਝ ਧੁਰ ਮੁੱਢ ਤੋਂ ਚਲੀ ਆਉਂਦੀ ਹੈ। ਸ਼ਾਇਦ ਇਸੇ ਕਰਕੇ ਪੰਜਾਬ ਦੇ ਲੋਕ ਸਾਹਿਤ ਵਿਚ ਰੁੱਖ਼ ਅਤੇ ਮਨੁੱਖ ਦੀ ਸਾਂਝ ਨੂੰ ਬਹੁਤ ਹੀ ਮੋਹ ਮੁਹੱਬਤ, ਪਿਆਰ ਅਤੇ ਖ਼ੂਬਸੂਰਤ ਲਫ਼ਜ਼ਾਂ ਨਾਲ਼ ਚਿਤਰਿਆ ਗਿਆ ਮਿਲਦਾ ਹੈ- 'ਰੁੱਖ ਬੋਲ ਨਾ ਸਕਦੇ ਭਾਵੇਂ, ਬੰਦਿਆਂ ਦਾ ਦੁੱਖ ਜਾਣਦੇ।'
'ਬਿਰਖਾਂ ਦਾ ਗੀਤ ਸੁਣ ਕੇ,
ਮੇਰੀ ਰੂਹ ਵਿਚ ਚਾਨਣ ਹੋਇਆ।'
ਪੰਜਾਬੀ ਭਾਸ਼ਾ ਦੇ ਪਹਿਲੇ ਮਹਾਨ ਕਵੀ ਸ਼ੇਖ਼ ਫ਼ਰੀਦ ਜੀ ਨੇ ਦਰਵੇਸ਼ਾਂ ਨੂੰ ਰੁੱਖਾਂ ਵਰਗੇ ਜੇਰੇ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ ਹੈ- 'ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ। ਦਰਵੇਸਾਂ ਨੇ ਲੋੜੀਐ ਰੁੱਖਾਂ ਦੀ ਜੀਰਾਂਦਿ॥' ਪੰਜਾਬੀ ਦੇ ਸ਼ਾਇਰ ਡਾ. ਸੁਰਜੀਤ ਪਾਤਰ ਦੀਆਂ ਬਹੁਤੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਰੁੱਖਾਂ, ਫੁੱਲਾਂ, ਬੂਟਿਆਂ, ਪੱਤਿਆਂ, ਟਾਹਣੀਆਂ, ਕੋਂਪਲਾਂ, ਤਣਿਆਂ, ਜੰਗਲਾਂ ਦੀ ਗੱਲ ਕੀਤੀ ਗਈ ਮਿਲਦੀ ਹੈ- 'ਮੈਂ ਕਿਹਾ ਰੁੱਖ ਨੂੰ ਕੋਈ ਨਜ਼ਮ ਸੁਣਾ, ਡਾਲੀ ਡਾਲੀ ਚੋਂ ਪੁੰਗਰੇ ਹਰਫ਼ ਹਰੇ।' ਡਾ. ਸੁਰਜੀਤ ਪਾਤਰ ਦੀ ਇਹ ਗ਼ਜ਼ਲ ਰੁੱਖ਼ਾਂ ਨਾਲ਼ ਬੜੀ ਡੂੰਘੀ ਅਤੇ ਸ਼ਿੱਦਤ ਭਰੀ ਸਾਂਝ ਨੂੰ ਬਿਆਨ ਕਰਦੀ ਹੈ-
'ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ਼ ਵਾਲੀ ਹਾਅ ਬਣ ਕੇ।
ਪੈੜਾਂ ਤੇਰੀਆਂ 'ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।
ਕਦੇ ਬੰਦਿਆਂ ਦੇ ਵਾਂਗ ਗੱਲ ਕਰਿਆ ਵੀ ਕਰ,
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣ ਕੇ।
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ।'
ਰੁੱਖ ਮੁੱਢ ਤੋਂ ਹੀ ਸਾਡੇ ਪੇਂਡੂ ਅਤੇ ਸ਼ਹਿਰੀ ਜਨ-ਜੀਵਨ ਦਾ ਧੁਰਾ ਬਣੇ ਰਹੇ ਹਨ। ਅੱਜ ਤੋਂ ਲਗਪਗ ਚਾਰ ਪੰਜ ਦਹਾਕੇ ਪਹਿਲਾਂ ਜਦੋਂ ਵੀ ਕਿਤੇ ਪਿੰਡ ਵਿਚ ਕੋਈ ਨਵਾਂ ਰਿਸ਼ਤੇਦਾਰ ਆਉਂਦਾ ਤਾਂ ਉਹ ਘਰ ਦਾ ਪਤਾ ਨਿੰਮ, ਬੋਹੜ ਅਤੇ ਪਿੱਪਲ ਦੀ ਤ੍ਰਿਬੈਣੀ ਥੱਲੇ ਬੈਠੇ ਵੱਡੇ ਬਜ਼ੁਰਗਾਂ ਤੋਂ ਹੀ ਪੁੱਛਦਾ ਹੁੰਦਾ ਸੀ। ਬਜ਼ੁਰਗ ਵੀ ਉਸ ਨੂੰ ਸੰਬੰਧਿਤ ਘਰ ਵਿਚ ਲੱਗੇ ਰੁੱਖ ਦੀ ਨਿਸ਼ਾਨੀ ਦੱਸ ਕੇ ਘਰ ਦਾ ਪਤਾ ਸਮਝਾ ਦਿੰਦੇ ਸਨ। ਜਦੋਂ ਵੀ ਪਿੰਡ ਵਿਚ ਕੋਈ ਫ਼ੇਰੀ ਵਾਲ਼ਾ ਆਉਂਦਾ ਸੀ ਤਾਂ ਉਹ ਵੀ ਬੋਹੜ ਪਿੱਪਲ ਦੀ ਗੂੜ੍ਹੀ ਛਾਂ ਹੇਠ ਬੈਠ ਕੇ ਆਰਾਮ ਕਰਦਾ ਸੀ, ਕਿਉਂ ਜੋ ਉਨ੍ਹਾਂ ਰੁੱਖਾਂ ਦੀ ਠੰਢੀ ਛਾਂ ਕਿਸੇ ਵੀ ਕੂਲਰ ਦੀ ਠੰਢੀ ਹਵਾ ਨੂੰ ਮਾਤ ਪਾਉਂਦੀ ਸੀ।
ਘਰਾਂ ਵਿਚ ਲੱਗੇ ਨਿੰਮ ਦੇ ਰੁੱਖ ਕਿਸੇ ਦਵਾਈ ਤੋਂ ਘੱਟ ਨਹੀਂ ਸਨ। ਸਿਆਣਿਆਂ ਦੀਆਂ ਕਹੀਆਂ ਗੱਲਾਂ- 'ਜਿਸ ਘਰ ਨਿੰਮ ਦਾ ਰੁੱਖ ਹੋਵੇ, ਉਹ ਘਰ ਰੋਗਾਂ ਤੋਂ ਰਹਿਤ ਹੁੰਦਾ ਹੈ', ਅੱਜ ਵੀ ਸੁਣੀਆਂ ਜਾਂਦੀਆਂ ਹਨ। ਪਿੰਡ ਵਿਚ ਜੇਕਰ ਕਿਸੇ ਨੂੰ ਕੋਈ ਚਮੜੀ ਦਾ ਕੋਈ ਰੋਗ ਹੋ ਜਾਂਦਾ ਸੀ ਤਾਂ ਉਦੋਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਸੀ ਕਿ ਨਿੰਮ ਦਾ ਰੁੱਖ ਕਿਸ ਦੇ ਵਿਹੜੇ ਲੱਗਾ ਹੈ। ਉਸ ਘਰ ਵਿਚੋਂ ਲੋਕ ਸਵੇਰ ਵੇਲੇ ਨਿੰਮ ਦੀ ਦਾਤਣ ਵੀ ਤੋੜ ਲਿਆਉਂਦੇ ਸਨ।
ਧ੍ਰੇਕ ਦੀ ਗੂੜ੍ਹੀ ਸੰਘਣੀ ਛਾਂ ਹੋਣ ਕਾਰਨ ਇਹ ਬਹੁਤੇ ਪੇਂਡੂ ਘਰਾਂ ਦਾ ਸ਼ਿੰਗਾਰ ਬਣਦੀ ਰਹੀ ਹੈ। ਦੁਪਹਿਰ ਵੇਲੇ ਲੋਕ ਅਕਸਰ ਇਨ੍ਹਾਂ ਦੀ ਛਾਂ ਹੇਠ ਬੈਠ ਕੇ ਇਕ ਤਾਂ ਤਿੱਖੀ ਧੁੱਪ ਤੋਂ ਬਚਾਅ ਕਰਦੇ ਸਨ। ਦੂਜਾ ਉਹ ਆਪਣੇ ਦੁੱਖ-ਸੁੱਖ ਵੀ ਸਾਂਝੇ ਕਰ ਲੈਂਦੇ ਸਨ। ਜਿਨ੍ਹਾਂ ਘਰਾਂ ਵਿਚ ਬੱਕਰੀਆਂ ਰੱਖੀਆਂ ਹੁੰਦੀਆਂ ਸਨ, ਉਨ੍ਹਾਂ ਘਰਾਂ ਵਿਚ ਧ੍ਰੇਕ ਦਾ ਰੁੱਖ ਵੀ ਜ਼ਰੂਰ ਹੁੰਦਾ ਸੀ। ਇਸੇ ਕਰਕੇ ਧੀਆਂ ਅਤੇ ਧਰੇਕਾਂ ਨੂੰ ਘਰ ਦੇ ਵਿਹੜੇ ਦਾ ਸ਼ਿੰਗਾਰ ਕਿਹਾ ਗਿਆ ਹੈ-
'ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ।
ਖ਼ੈਰ ਮਨਾਵਣ ਇਹ ਸਦਾ ਬਾਬਲ ਦੇ ਖੇੜੇ ਦੀ।'
ਜੇਕਰ ਕਿਸੇ ਘਰ ਵਿਚ ਰੋਟੀ ਖਾਣ ਲਈ ਕੋਈ ਦਾਲ਼ ਸਬਜ਼ੀ ਨਾ ਬਣਾਈ ਗਈ ਹੁੰਦੀ, ਉਹ ਕਿਸੇ ਦੂਜੇ ਘਰੋਂ ਅੰਬੀਆਂ, ਕਿਸੇ ਹੋਰ ਘਰੋਂ ਪੂਤਨਾ ਤੋੜ ਕੇ ਕੁੰਡੇ-ਘੋਟਣੇ ਨਾਲ ਚਟਣੀ ਕੁੱਟ ਲੈਂਦੇ ਸਨ। ਇਸ ਪ੍ਰਕਾਰ ਸਾਡੇ ਪੇਂਡੂ ਜਨ ਜੀਵਨ ਵਿਚ ਰੁੱਖਾਂ ਸਦਕਾ ਆਪਸੀ ਭਾਈਚਾਰਕ ਸਾਂਝ ਬੜੀ ਪੱਕੀ ਅਤੇ ਪੀਡੀ ਹੁੰਦੀ ਰਹਿੰਦੀ ਸੀ।
ਪਰੰਤੂ ਅੱਜ ਦੇ ਸਮੇਂ ਇਹ ਰੁੱਖ ਕੇਵਲ ਸਾਡੇ ਘਰਾਂ ਵਿਚੋਂ ਹੀ ਅਲੋਪ ਨਹੀਂ ਹੋਏ, ਸਗੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਤੋਂ, ਸ਼ਾਮਲਾਟਾਂ ਵਿਚੋਂ, ਖੇਤਾਂ ਵਿਚ ਪਾਣੀ ਦੀਆਂ ਮੋਟਰਾਂ ਉੱਤੋਂ, ਖਾਲ਼ਾਂ ਅਤੇ ਵੱਟਾਂ ਉੱਤੋਂ, ਸਕੂਲਾਂ ਕਾਲਜਾਂ ਵਿਚੋਂ, ਸੜਕਾਂ ਕੰਢਿਓਂ, ਕੱਸੀਆਂ, ਸੂਇਆਂ, ਨਹਿਰਾਂ ਦੇ ਕੰਢਿਆਂ ਤੋਂ ਵੀ ਅਲੋਪ ਹੁੰਦੇ ਜਾ ਰਹੇ ਹਨ। ਇੱਥੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਦੀ ਇਕ ਨਜ਼ਮ ਦੀਆਂ ਹੇਠ ਲਿਖੀਆਂ ਸਤਰਾਂ ਬੜੀਆਂ ਸਾਰਥਕ ਜਾਪਦੀਆਂ ਹਨ -
'ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਦੇ, ਚਲੋ ਏਥੋਂ ਚੱਲੀਏ।'
ਸੱਚ ਤਾਂ ਇਹ ਹੈ ਕਿ ਅੱਜ ਦਾ ਮਨੁੱਖ ਹੀ ਪ੍ਰਕਿਰਤੀ ਦਾ ਸਭ ਤੋਂ ਖ਼ਤਰਨਾਕ ਦੁਸ਼ਮਣ ਬਣ ਬੈਠਾ ਹੈ। ਸਮੁੱਚੇ ਸਮਾਜ ਵਿਚ ਪ੍ਰਦੂਸ਼ਣ ਫ਼ੈਲਾਉਣ ਲਈ ਉਹੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਮਨੁੱਖ ਨੇ ਆਪਣੀ ਲਾਲਚੀ ਸਵਾਰਥੀ ਪ੍ਰਵਿਰਤੀ ਕਾਰਨ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕੀਤੀ ਹੈ। ਹੁਣ ਵੀ ਕੀਤੀ ਜਾ ਰਹੀ ਹੈ। ਸੜਕਾਂ ਚੌੜੀਆਂ ਕਰਨ ਦੇ ਨਾਂ 'ਤੇ ਲੱਖਾਂ ਕਰੋੜਾਂ ਰੁੱਖਾਂ 'ਤੇ ਆਰਾ ਫੇਰਿਆ ਜਾ ਰਿਹਾ ਹੈ।
ਇਸੇ ਪ੍ਰਕਾਰ ਆਪਣੇ ਸਵਾਰਥਾਂ ਦੀ ਸਿੱਧੀ ਹਿੱਤ ਮਨੁੱਖ ਨੇ ਬੜੀ ਬੇਰਹਿਮੀ ਨਾਲ਼ ਧਰਤੀ ਅੰਦਰਲੇ ਪਾਣੀ ਨੂੰ ਬਾਹਰ ਖਿੱਚ ਲਿਆ ਹੈ ਅਤੇ ਬੜੀ ਬੇਦਰਦੀ ਨਾਲ਼ ਉਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੁਣ ਪਾਣੀ ਦਾ ਪੱਧਰ ਇੰਨਾ ਹੇਠਾਂ ਚਲਾ ਗਿਆ ਹੈ ਕਿ ਸਥਿਤੀ ਭਿਆਨਕਤਾ ਤੋਂ ਅੱਗੇ ਲੰਘ ਕੇ ਖ਼ਤਰਨਾਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ।
ਮਨੁੱਖ ਨੇ ਆਪਣੀ ਸਵਾਰਥੀ ਮਤਲਬਪ੍ਰਸਤ ਰੁਚੀ ਕਾਰਨ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਵੱਖ-ਵੱਖ ਪ੍ਰਕਾਰ ਦੀਆਂ ਬੇਤਹਾਸ਼ਾ ਜ਼ਹਿਰਾਂ ਛਿੜਕ ਕੇ ਧਰਤੀ ਨੂੰ ਪੂਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਆਪਣੀ ਇਸੇ ਲਾਲਚੀ ਪ੍ਰਵਿਰਤੀ ਕਾਰਨ ਉਹ ਹਾੜ੍ਹੀ ਸਾਉਣੀ ਦੀ ਫ਼ਸਲ ਵੱਢਣ ਉਪਰੰਤ ਨਾੜ ਨੂੰ ਅੱਗ ਲਾ ਕੇ ਸਾੜਨ ਲੱਗ ਪਿਆ ਹੈ। ਇਸ ਪ੍ਰਕਾਰ ਅੱਗ ਲਾਉਣ ਨਾਲ਼ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਘਟਦੀ ਹੀ ਹੈ। ਇਸ ਦੇ ਨਾਲ਼ ਹੀ ਮਨੁੱਖ ਦੇ ਬਹੁਤ ਸਾਰੇ ਮਿੱਤਰ ਜੀਵ, ਕੀੜੇ ਮਕੌੜੇ ਵੀ ਅੱਗ ਵਿਚ ਸੜ ਮਰਦੇ ਹਨ।
ਅੱਗ ਲਗਾਏ ਖੇਤਾਂ ਦੇ ਨੇੜੇ ਖੜ੍ਹੇ ਰੁੱਖ ਵੀ ਅੱਗ ਦੇ ਸੇਕ ਨਾਲ਼ ਝੁਲਸ ਜਾਂਦੇ ਹਨ ਅਤੇ ਬਹੁਤ ਜਲਦੀ ਸੜ ਸੁੱਕ ਜਾਂਦੇ ਹਨ। ਹਜ਼ਾਰਾਂ ਲੱਖਾਂ ਪੰਛੀ ਆਲ੍ਹਣਿਆਂ ਸਮੇਤ ਇਸ ਬਲ਼ਦੀ ਅੱਗ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ।
ਹੁਣ ਸਵਾਲ ਤਾਂ ਇਹ ਹੈ ਕਿ ਅੱਜ ਦਾ ਮਨੁੱਖ ਇੰਨਾ ਜ਼ਾਲਮ, ਬੇਕਿਰਕ, ਨਿਰਦਈ, ਸੰਵੇਦਨਹੀਣ ਕਿਉਂ ਹੋ ਗਿਆ ਹੈ? ਉਹ ਆਪ ਹੀ ਆਪਣੀ ਆਉਣ ਵਾਲ਼ੀ ਪੀੜ੍ਹੀ ਨੂੰ ਬਰਬਾਦੀ ਦੇ ਮੂੰਹ ਕਿਉਂ ਧੱਕ ਰਿਹਾ ਹੈ? ਜੇਕਰ ਰੁੱਖ ਹੀ ਨਹੀਂ ਰਹਿਣਗੇ ਤਾਂ ਇਸ ਧਰਤੀ 'ਤੇ ਕੇਵਲ ਮਨੁੱਖੀ ਜਨ ਜੀਵਨ ਹੀ ਨਹੀਂ, ਸਗੋਂ ਹਰੇਕ ਪ੍ਰਾਣੀ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਹੀ ਖ਼ਤਮ ਹੋ ਜਾਣੀ ਹੈ। ਇਸ ਲਈ ਆਓ! ਆਪਾਂ ਸਾਰੇ ਰਲ਼ ਬੈਠ ਇਸ ਧਰਤੀ ਨੂੰ ਸੋਹਣੀ ਅਤੇ ਹਰਿਆਵਲ ਭਰਪੂਰ ਬਣਾਉਣ ਲਈ ਪ੍ਰਣ ਕਰੀਏ। ਆਪਣੀ ਲਾਲਚੀ ਪ੍ਰਵਿਰਤੀ ਦਾ ਤਿਆਗ ਕਰੀਏ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਫ਼ਿਕਰਮੰਦ ਹੋਈਏ। ਘਰ ਘਰ, ਗਲ਼ੀ ਗਲ਼ੀ, ਪਿੰਡ ਪਿੰਡ, ਖੇਤ ਖੇਤ ਨਵੇਂ ਪੌਦੇ ਲਾ ਕੇ ਭਰ ਦੇਈਏ। ਅਵਾਰਾ ਪਸ਼ੂਆਂ ਤੋਂ ਉਨ੍ਹਾਂ ਨੂੰ ਬਚਾਈਏ। ਉਨ੍ਹਾਂ ਨੂੰ ਉਸੇ ਤਰ੍ਹਾਂ ਪਾਲ਼ੀਏ, ਜਿਵੇਂ ਅਸੀਂ ਆਪਣੇ ਘਰਾਂ ਅੰਦਰ ਛੋਟੇ ਬੱਚਿਆਂ ਨੂੰ ਪਾਲ਼ਦੇ ਹਾਂ। ਇਸ ਤਰ੍ਹਾਂ ਇਸ ਧਰਤੀ ਨੂੰ ਰਹਿਣ ਜੋਗੀ ਕਰ ਲਈਏ।

-ਮੋਬਾਈਲ : 84276-85020

Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਦਿਲਾਂ ਦੀ ਧੜਕਣ ਹੋਈ ਤੇਜ਼ ਅਗਲੀ ਖ਼ਬਰ ਭਾਰਤ 'ਚ ਆਕਾਸ਼ਵਾਣੀ ਦੇ 90 ਵਰ੍ਹੇ
Ad Position 24
No active advertisement