ਪਤਾ ਨਹੀਂ ਸਮਾਂ ਕਿਸ ਢੰਗ ਨਾਲ ਗੁਜ਼ਰ ਜਾਂਦਾ ਏ। ਜਿਸ ਚੀਜ਼ ਨੂੰ ਸਰਕਾਰ ਹੱਥ ਪਾ ਲਵੇ, ਉਹ ਸਿਰੇ ਤਾਂ ਚਾੜ੍ਹਦੀ ਹੀ ਏ। 1923 ਤੋਂ 1925-26 ਤਾਈਂ ਬੰਬਈ (ਹੁਣ ਮੁੰਬਈ) ਅਤੇ ਕਲਕੱਤਾ (ਹੁਣ ਕੋਲਕਾਤਾ) ਵਿਚ ਧਨਾਢ ਲੋਕਾਂ ਨੇ ਆਪਣੇ ਹੀ ਬਲਬੂਤੇ 'ਤੇ ਨਸ਼ਰੀਆਤ ਭਾਵ ਪ੍ਰਸਾਰਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਹੀ ਤਰਜ਼ 'ਤੇ ਅਮਰੀਕਾ ਅਤੇ ਯੂਰਪ 'ਚ ਵੀ ਤਕਰੀਬਨ ਅਜਿਹੇ ਹੀ ਯਤਨ ਕੀਤੇ ਗਏ। ਇਨ੍ਹਾਂ ਵਿਚੋਂ ੰਸਭ ਤੋਂ ਵੱਧ ਕਾਮਯਾਬੀ ਪਿੱਟਸਬਰਗ ਪੈਨਸਿਲਵੇਨੀਆ ਵਿਚ ਵੈਸਟਿੰਗ ਹਾਊਸ ਨਿਗਮ ਵਲੋਂ ਆਪਣੀ ਪ੍ਰਸ਼ਾਸਕੀ ਇਮਾਰਤ ਵਿਚ ਕੀਤੇ ਤਜਰਬਿਆਂ ਤੋਂ ਪ੍ਰਾਪਤ ਹੋਈ। 1925 ਵਿਚ ਪਿੱਟਸਬਰਗ ਵਿਚ ਬਾਕਾਇਦਾ ਤੌਰ 'ਤੇ ਪ੍ਰਸਾਰਨ ਆਰੰਭ ਹੋਏ। ਅਮਰੀਕਾ ਵਿਚ ਸਨਅਤਕਾਰਾਂ ਕੋਲ ਦੌਲਤ ਦੀ ਕਮੀ ਨਹੀਂ। ਬਹੁਤੇ ਧਨ ਉਹ ਆਪ ਹੀ ਲਗਾ ਲੈਂਦੇ ਹਨ, ਬਾਕੀ ਮੰਗ-ਚੰਗ ਕੇ ਬੁੱਤਾ ਸਾਰ ਲਿਆ ਜਾਂਦੈ।
ਬੰਬਈ ਅਤੇ ਕਲਕੱਤਾ ਦੇ ਧਨਾਢਾਂ ਨੂੰ ਜਦੋਂ ਮੁਢਲੇ ਸਮੇਂ ਵਿਚ ਹੀ ਵੱਡੇ-ਵੱਡੇ ਘਾਟੇ ਸਹਿਣੇ ਪਏ ਤਾਂ ਉਨ੍ਹਾਂ ਨੇ ਇਸ ਕਿੱਤੇ ਤੋਂ ਤੌਬਾ ਕਰ ਲਈ। ਦੂਜਾ ਹੰਭਲਾ 1930 ਤੋਂ ਬਾਅਦ ਮਾਰਿਆ ਗਿਆ। ਅੰਜਾਮ ਦੂਜੇ ਹੰਭਲੇ ਦਾ ਵੀ ਪਹਿਲਾਂ ਵਾਲਾ ਹੀ ਰਿਹਾ। ਪਰ ਸਰਕਾਰ ਨੂੰ ਅਜਿਹੀਆਂ ਨਾਕਾਮੀਆਂ ਮਨਜ਼ੂਰ ਨਹੀਂ ਸਨ। 1936 ਵਿਚ ਲੰਡਨ ਤੋਂ ਆਏ ਹੁਕਮ ਅਨੁਸਾਰ ਭਾਰਤ ਵਿਚ ਸਰਕਾਰੀ ਖੇਤਰ ਦੀ ਸੰਸਥਾ 'ਆਲ ਇੰਡੀਆ ਰੇਡੀਓ' ਲਈ 6 ਰੇਡੀਓ ਸਟੇਸ਼ਨ ਤਾਮੀਰ ਭਾਵ ਸਥਾਪਤ ਕਰਨ ਦਾ ਫ਼ੈਸਲਾ ਹੋਇਆ। ਇਹ ਰੇਡੀਓ ਸਟੇਸ਼ਨ ਤਿੰਨ ਮਹਾਂਨਗਰਾਂ ਕਲਕੱਤਾ, ਬੰਬਈ, ਮਦਰਾਸ ਵਿਚ ਬਣਾਏ ਗਏ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਭਾਵੇਂ ਆਕਾਰ ਵਿਚ ਛੋਟੀ ਸੀ, ਪਰ ਉਸ ਦਾ ਰੁਤਬਾ ਵੱਡਾ ਸੀ। ਖ਼ਬਰਾਂ ਦੇ ਬੁਲੇਟਿਨਜ਼ ਦੀ ਮੇਜ਼ਬਾਨੀ ਕਰਨ ਦਾ ਹੱਕ ਉਸ ਨੂੰ ਮਿਲਿਆ। ਸ਼ੁਰੂ-ਸ਼ੁਰੂ ਵਿਚ ਇਸ ਦੀ ਮਦਦ ਕਲਕੱਤਾ ਨੇ ਕੀਤੀ। ਇਸ ਮਹਾਂਨਗਰੀ ਚੌਕੜੀ ਤੋਂ ਬਾਅਦ ਨੰਬਰ ਸਾਡੇ ਪੰਜਾਬ ਦੀ ਰਾਜਧਾਨੀ ਅਤੇ ਫਿਲਮੀ ਨਗਰੀ ਲਾਹੌਰ ਦਾ ਆਇਆ। ਛੇਵਾਂ ਸ਼ਹਿਰ ਪੇਸ਼ਾਵਰ ਭਾਵੇਂ ਆਕਾਰ ਵਿਚ ਛੋਟਾ ਹੀ ਸੀ, ਪਰ ਉਹ ਬਦਇੰਤਜ਼ਾਮੀ ਪੱਖੋਂ ਸਿਰ ਕੱਢਵੇਂ ਸ਼ਹਿਰ ਦਾ ਰੁਤਬਾ ਰੱਖਦਾ ਸੀ। ਬਾਕੀ ਪੰਜ ਸ਼ਹਿਰਾਂ ਨੂੰ 5 ਕਿਲੋਵਾਟ ਤਾਕਤ ਦੇ ਮੀਡੀਅਮ ਵੇਵ ਟਰਾਂਸਮੀਟਰ ਮਿਲੇ, ਪਰ ਪੇਸ਼ਾਵਰ ਨੂੰ 10 ਕਿਲੋਵਾਟ ਸ਼ਕਤੀ ਵਾਲਾ ਵੱਡਾ ਟਰਾਂਸਮੀਟਰ ਮਿਲਿਆ।
ਲਾਹੌਰ ਇਕ ਅਮੀਰ ਸ਼ਹਿਰ ਸੀ। ਉਥੇ ਦੇ ਮਝੈਲਾਂ ਦਾ ਖਾਣਾ-ਪੀਣਾ ਉਨ੍ਹਾਂ ਦੇ ਸਰੀਰਾਂ ਵਾਂਗੂੰ ਖੁੱਲ੍ਹਾ-ਡੁੱਲ੍ਹਾ ਸੀ। ਪੰਜਾਬ ਪ੍ਰਾਂਤ ਦੀ ਬਹੁਗਿਣਤੀ ਮੁਸਲਮਾਨ ਸੀ। ਤਕਰੀਬਨ 57-58 ਫ਼ੀਸਦੀ। ਹਿੰਦੀ ਵਸੋਂ ਧਨਾਢ ਸੀ ਅਤੇ 29 ਫ਼ੀਸਦੀ ਸੀ। ਸਿੱਖ 12 ਤੋਂ 13 ਫ਼ੀਸਦੀ ਸਨ। ਲਿਹਾਜ਼ਾ ਸਿੱਖਾਂ ਨੂੰ ਲਾਹੌਰ ਵਿਚ ਆਪਣੀ ਆਬਾਦੀ ਦੀ ਨਿਸਬਤ ਵੱਧ ਅਹਿਮੀਅਤ ਮਿਲਦੀ ਸੀ। ਲਾਹੌਰ ਰੇਡੀਓ ਸਟੇਸ਼ਨ ਤੋਂ ਜੋ ਸਤਿਕਾਰ ਮੁਸਲਮਾਨਾਂ ਨੂੰ ਮਿਲਦਾ ਸੀ, ਉਹ ਸਿੱਖਾਂ ਨੂੰ ਵੀ ਮਿਲਦਾ ਸੀ। ਅੰਮ੍ਰਿਤਸਰ ਦੇ ਕਾਰਖਾਨਿਆਂ ਦੇ ਮਾਲਕ ਬਹੁਤੇ ਲਾਹੌਰ ਵਿਚ ਹੀ ਰਹਿੰਦੇ ਸਨ। ਉਨ੍ਹਾਂ ਦਾ ਖਾਣਾ-ਪੀਣਾ ਅਤੇ ਪਹਿਨਣਾ ਨਿਰਾਲਾ ਹੀ ਸੀ। ਉਹ ਫ਼ਿਲਮੀ ਸਨਅਤ ਦੇ ਵੀ ਮਾਲਕ ਸਨ ਅਤੇ ਵੇਖਣੀ-ਚਾਖਣੀ ਨੂੰ ਨਹਾਇਤ ਖੂਬਸੂਰਤ ਸਨ। ਮੁਸਲਮਾਨ ਜੁੱਸੇ ਦੇ ਮਜ਼ਬੂਤ ਅਤੇ ਹੱਡਾਂ-ਪੈਰਾਂ ਦੇ ਖੁੱਲ੍ਹੇ ਸਨ।
ਦੇਸ਼ ਦੀ ਆਬਾਦੀ ਦੇ ਪੱਖ ਤੋਂ 1941 ਦੀ ਮਰਦਮਸ਼ੁਮਾਰੀ ਦੌਰਾਨ ਲਾਹੌਰ ਮੁਲਕ 'ਚ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਸੀ। ਕਲਕੱਤਾ, ਬੰਬਈ, ਮਦਰਾਸ ਅਤੇ ਦਿੱਲੀ ਤੋਂ ਲਾਹੌਰ ਛੋਟਾ ਸੀ, ਪਰ ਹੈਦਰਾਬਾਦ ਅਤੇ ਅਹਿਮਦਾਬਾਦ ਤੋਂ ਵੱਡਾ ਸੀ। ਆਬਾਦੀ ਦੇ ਪੱਖ ਤੋਂ ਅੰਮ੍ਰਿਤਸਰ ਮੁਲਕ ਦਾ 9ਵਾਂ ਸਭ ਤੋਂ ਵੱਡਾ ਸ਼ਹਿਰ ਸੀ। ਅੰਮ੍ਰਿਤਸਰ ਲਖਨਊ ਤੋਂ ਵੱਡਾ ਸੀ ਪਰ ਕਾਨਪੁਰ ਤੋਂ ਛੋਟਾ ਸੀ। ਸ਼ਹਿਰ ਦੀ ਤਕਰੀਬਨ ਅੱਧੀ ਆਬਾਦੀ ਮੁਸਲਮਾਨ ਸੀ। ਮਨੋਰੰਜਨ ਦੇ ਪੱਖ ਤੋਂ ਕਲਕੱਤਾ ਦੀ ਸਰਦਾਰੀ ਕਾਇਮ ਸੀ। ਉਸ ਸਮੇਂ ਦੇ ਫਿਲਮੀ ਮਹਾਂਨਾਇਕ ਕੁੰਦਨ ਲਾਲ ਸਹਿਗਲ ਸਨ। ਉਹ ਬੰਬਈ ਗੀਤ ਵੀ ਗਾਉਂਦੇ ਸਨ, ਉਰਦੂ ਦੀਆਂ ਗ਼ਜ਼ਲਾਂ, ਹਿੰਦੀ ਗੀਤ, ਉਰਦੂ ਨਗ਼ਮੇ ਅਤੇ ਹਿੰਦੀ ਭਜਨ ਵੀ ਗਾਉਂਦੇ ਸਨ। ਸੰਗੀਤ ਨਿਰਦੇਸ਼ਕ ਅਤੇ ਗਾਇਕ ਕਲਾਕਾਰ ਪੰਕਜ ਮਲਿਕ ਵੀ ਉੱਚ ਪਾਏ ਦੇ ਗਾਇਕ ਸਨ। ਭਜਨਾਂ ਦੀ ਸ਼੍ਰੇਣੀ ਵਿਚ ਜੋਤਿਕਾ ਰੇਅ ਸਿਰ ਕੱਢਵੀਂ ਸੀ। ਬਿਹਾਰ ਦੀ ਗ਼ਜ਼ਲ ਗਾਇਕਾ ਕਮਲਾ ਝਰੀਆ ਕਲਕੱਤੇ ਉੱਪਰ ਛਾਈ ਹੋਈ ਸਨ।
ਦਿੱਲੀ ਸਟੇਸ਼ਨ 'ਤੇ ਗ਼ਜ਼ਲ ਅਤੇ ਠੁਮਰੀ ਦਾਦਰਾ ਗਾਇਕਾ ਅਖਤਰੀ ਬਾਈ ਫੈਜ਼ਾਬਾਦੀ ਦੀ ਝੰਡੀ ਸੀ। ਸ਼ਾਦੀ ਤੋਂ ਬਾਅਦ ਉਹ ਲਖਨਊ ਆ ਗਏ ਅਤੇ ਉਨ੍ਹਾਂ ਨੂੰ ਨਵਾਂ ਨਾਂਅ ਮਿਲਿਆ ਬੇਗਮ ਅਖ਼ਤਰ। ਉਹ ਸਾਰੇ ਉੱਤਰੀ ਭਾਰਤ ਵਿਚ ਇਕ ਨੰਬਰ 'ਤੇ ਮੰਨੀ ਜਾਂਦੀ ਸੀ। ਦਿੱਲੀ ਸਟੇਸ਼ਨ 'ਤੇ ਉਨ੍ਹਾਂ ਦੀ ਸਰਦਾਰੀ ਸੀ। ਹੁਣ ਗੱਲ ਕਰੀਏ ਲਾਹੌਰ ਦੀ। ਲਾਹੌਰ ਵਿਚ ਜੰਮੂ ਦੀ ਮਲਿਕਾ ਪੁਖਰਾਜ ਸਭ ਤੋਂ ਵੱਧ ਮਕਬੂਲ ਸੀ। ਬੇਗ਼ਮ ਅਖ਼ਤਰ ਲਾਹੌਰ ਵਿਚ ਵੀ ਪਿੱਛੇ ਨਹੀਂ ਸੀ। ਫਰੀਦਾ ਖਾਨਮ ਦੀ ਵੱਡੀ ਭੈਣ ਮੁਖਤਾਰ ਬੇਗਮ ਦਾ ਵੀ ਸਿਤਾਰਾ ਬੁਲੰਦ ਸੀ। ਉਮਰਾਓਜ਼ੀਆ ਬੇਗਮ ਦੀ ਵੀ ਚੜ੍ਹਤ ਸੀ। ਜ਼ੀਨਤ ਬੇਗਮ ਅਤੇ ਦਿਲਸ਼ਾਦ ਬੇਗਮ ਵੀ ਉੱਚ ਪਾਏ ਦੀਆਂ ਗਾਇਕਾਵਾਂ ਸਨ। ਸ਼ਮਸਾਦ ਬੇਗਮ, ਨੂਰਜਹਾਂ, ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਵੀ ਕਹਿੰਦੀਆਂ-ਕਹਾਉਂਦੀਆਂ ਗਾਇਕਾਵਾਂ ਸਨ। ਰਫ਼ੀਕ ਗ਼ਜ਼ਨਵੀ ਬੀ.ਏ. ਅਤੇ ਜੀ.ਐਮ. ਦੁਰਾਨੀ ਮਰਦ ਗਾਇਕਾਂ ਵਿਚੋਂ ਮੋਹਰੀ ਸਨ। ਦੀਨ ਮੁਹੰਮਦ ਕੱਵਾਲ ਦੇ ਖਾਨਦਾਨ ਵਿਚ ਮੁਬਾਰਿਕ ਅਲੀ ਫ਼ਤਹਿ ਅਲੀ ਖਾਂ ਜਲੰਧਰੀਏ ਬੜੇ ਵੱਡੇ ਕੱਵਾਲ ਸਨ। ਮਾਲੇਰਕੋਟਲਾ ਦੇ ਰਹਿਮਤ ਕੱਵਾਲ ਵੀ ਲਾਹੌਰ ਰੇਡੀਓ ਸਟੇਸ਼ਨ ਦੇ ਸਨਮਾਨਿਤ ਕੱਵਾਲ ਸਨ।
ਇਕ ਦਿਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਤਾ ਸਿੰਘ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਚ ਕੀਰਤਨ ਕਰ ਰਹੇ ਸਨ। ਗੁਰਦੁਆਰੇ ਤੋਂ ਬਾਹਰ ਆਲ ਇੰਡੀਆ ਰੇਡੀਓ ਦੀ ਵੈਨ ਉਨ੍ਹਾਂ ਨੂੰ ਲਾਹੌਰ ਰੇਡੀਓ ਸਟੇਸ਼ਨ ਦੇ ਕਲਾਕਾਰ ਬਣਾਉਣ ਲਈ ਇੰਤਜ਼ਾਰ ਪਈ ਕਰਦੀ ਸੀ। ਉਸੇ ਹੀ ਦਿਨ ਉਨ੍ਹਾਂ ਦਾ ਆਡੀਸ਼ਨ ਕਰਵਾ ਕੇ ਉਨ੍ਹਾਂ ਨੂੰ ਰੇਡੀਓ ਆਰਟਿਸਟ ਬਣਾ ਦਿੱਤਾ ਗਿਆ। ਇਕ ਖ਼ਾਸ ਹਰਕਾਰਾ ਸਟੇਸ਼ਨ ਡਾਇਰੈਕਟਰ ਦਾ ਰੁੱਕਾ ਲੈ ਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਹਾਜ਼ਰ ਹੋਇਆ। ਉਸ ਦੀ ਫਰਮਾਇਸ਼ 'ਤੇ ਅਗਲੇ ਹੀ ਦਿਨ ਭਾਈ ਸਮੁੰਦ ਸਿੰਘ ਜੀ ਲਾਹੌਰ ਰੇਡੀਓ ਸਟੇਸ਼ਨ 'ਤੇ ਹਾਜ਼ਰ ਹੋਏ। ਉਨ੍ਹਾਂ ਦੀ ਬਤੌਰ ਗਾਇਕ ਚੋਣ ਹੋ ਗਈ। ਭਾਈ ਬੁੱਧ ਸਿੰਘ ਤਾਨ ਵਧੀਆ ਪਾਠੀ ਅਤੇ ਕੀਰਤਨੀਏ ਸਨ। ਉਨ੍ਹਾਂ ਦੀ ਬਤੌਰ ਸੰਗੀਤ ਸਹਾਇਕ ਨਿਯੁਕਤੀ ਹੋਈ, ਬੰਬਈ ਵਿਚ ਬੋਲਬਾਲਾ ਫਿਲਮੀ ਕਲਾਕਾਰਾਂ ਦਾ ਅਤੇ ਸ਼ਾਸਤਰੀ ਸੰਗੀਤ ਉਸਤਾਦਾਂ ਦਾ ਸੀ। ਮਦਰਾਸ ਵਿਚ ਲੰਮੀ ਦੌੜ ਦੀ ਗਾਇਕਾ ਐਮ.ਐਸ. ਸੁਬਾਲਕਸ਼ਮੀ ਜਿਹੇ ਕਲਾਕਾਰਾਂ ਦੀ ਚੜ੍ਹਤ ਸੀ। ਲਾਹੌਰ ਦੇ ਪ੍ਰਸਿੱਧ ਅਨਾਊਂਸਰ ਮੁਸਤਫ਼ਾ ਅਲੀ ਹਮੀਦਾਨੀ ਦੀ ਪੂਰੀ ਚੜ੍ਹਤ ਸੀ। ਪਾਕਿਸਤਾਨ ਬਣਨ ਦਾ ਐਲਾਨ ਉਨ੍ਹਾਂ ਦੇ ਮੁਖਾਰਬਿੰਦ 'ਚੋਂ ਹੀ ਹੋਇਆ ਸੀ। ਖ਼ਬਰਾਂ ਬਣਾਉਣ ਅਤੇ ਪੜ੍ਹਨ ਦਾ ਪ੍ਰੋਗਰਾਮ ਸਭ ਤੋਂ ਵੱਧ ਔਖਾ ਸੀ। ਅੰਗਰੇਜ਼ੀ ਦੇ ਬੁਲੇਟਿਨ ਸਵੇਰੇ 8 ਵਜੇ, ਦੁਪਹਿਰੇ ਡੇਢ ਵਜੇ ਅਤੇ ਰਾਤੀਂ 9 ਵਜੇ ਹੁੰਦੇ ਸਨ।
ਲੰਡਨ ਤੋਂ ਸਾਰੇ ਆਲ ਇੰਡੀਆ ਰੇਡੀਓ ਸਟੇਸ਼ਨਾਂ ਨੂੰ ਹਿਦਾਇਤ ਕਰ ਦਿੱਤੀ ਗਈ ਸੀ ਕਿ ਸਵੇਰੇ 8 ਵਜੋਂ ਤੋਂ 8.15 ਤਾਈਂ, ਦੁਪਹਿਰੇ 1.30 ਤੋਂ 1.40 ਤਾਈਂ ਅਤੇ ਰਾਤ ਨੂੰ 9.00 ਤੋਂ 9.15 ਤਾਈਂ ਆਪਣੇ-ਆਪਣੇ ਰੇਡੀਓ ਸਟੇਸ਼ਨਾਂ 'ਤੇ ਹੋਰ ਕੋਈ ਪ੍ਰੋਗਰਾਮ ਪੇਸ਼ ਨਾ ਕਰਨ। ਲੰਡਨ ਦੀ ਸਰਕਾਰ ਦਾ ਫੈਸਲਾ ਸੀ ਕਿ ਇਨ੍ਹਾਂ ਮਖਸੂਸ ਸਮਿਆਂ 'ਤੇ ਆਲ ਇੰਡੀਆ ਰੇਡੀਓ ਦੇ ਵੱਖ-ਵੱਖ ਸਟੇਸ਼ਨਾਂ ਤੋਂ ਕਿਸੇ ਹੋਰ ਕੋਈ ਪ੍ਰੋਗਰਾਮ ਨਾ ਪੇਸ਼ ਕੀਤੇ ਜਾਣ। ਸਾਰੇ ਦੇਸ਼ਾਂ ਵਿਚੋਂ ਅਤੇ ਮੁਲਕ ਦੇ ਸਾਰੇ ਇਲਾਕਿਆਂ ਦੀਆਂ ਅਤੇ ਅਹਿਮ ਖ਼ਬਰਾਂ ਤੋਂ ਇਕ ਸਾਂਝਾ ਖ਼ਬਰਨਾਮਾ ਬਣਾਇਆ ਜਾਂਦਾ ਸੀ। ਕਲਕੱਤਾ ਇਸ ਅੰਗਰੇਜ਼ੀ ਦੀ ਡੌਕਟ ਦਾ ਤਜਰਮਾ ਬੰਗਾਲੀ, ਆਸਾਮੀ ਅਤੇ ਉੜੀਆ ਭਾਸ਼ਾਵਾਂ ਵਿਚ ਪੇਸ਼ ਕਰਨਯੋਗ ਰੂਪਾਂਤਰ ਬਣਾ ਕੇ ਵਾਰ-ਵਾਰ ਨਸ਼ਰ ਕੀਤਾ ਜਾਂਦਾ ਸੀ। ਦਿੱਲੀ ਉਰਦੂ ਅਤੇ ਹਿੰਦੁਸਤਾਨੀ ਵਿਚ ਮੁਕਾਮੀ ਨਸ਼ਰੀਅਤ ਕਰਦਾ ਸੀ। ਲੋੜ ਅਨੁਸਾਰ ਆਲ ਇੰਡੀਆ ਰੇਡੀਓ ਲਾਹੌਰ, ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ ਕਰ ਕੇ ਇਸਤੇਮਾਲ ਕਰਦਾ ਸੀ। ਪੇਸ਼ਾਵਰ ਵੀ ਲਾਹੌਰ ਕੋਲੋਂ ਪਸ਼ਤੋਂ ਅਤੇ ਦਰੀ ਬੋਲੀਆਂ ਵਿਚ ਤਰਜਮੇਂ ਸੋਵੀਅਤ ਸੰਘ ਦੇ ਦੇਸ਼ਾਂ ਵਾਸਤੇ ਇਸਤੇਮਾਲ ਕਰਦਾ ਸੀ।
ਜਦੋਂ ਧਰੁਪਦੀਏ ਦਲੀਪ ਚੰਦਰ ਵੇਦੀ ਜਾਂ ਹਰੀਸ਼ ਚੰਦਰ ਬਾਲੀ ਜਾਂ ਫਗਵਾੜੇ ਵਾਲੇ ਮਾਸਟਰ ਰਤਨ ਸੀ ਜਾਂ ਮਾਸਟਰ ਮਦਨ ਆਲ ਇੰਡੀਆ ਰੇਡੀਓ ਲਾਹੌਰ ਵਿਚ ਹੁੰਦੇ ਸਨ ਅਤੇ ਜਦੋਂ ਬੜੇ ਗੁਲਾਮ ਅਲੀ ਖਾਂ, ਉਨ੍ਹੰ ਦੇ ਛੋਟੇ ਭਰਾ ਬਰਕਤ ਅਲੀ ਖਾਂ ਖ਼ੂਬ ਨਜ਼ਾਰਾ ਬੰਨ੍ਹਦੇ ਸਨ। ਲਾਹੌਰ ਰੇਡੀਓ ਸਟੇਸ਼ਨ ਵਿਖੇ ਜਦੋਂ ਭਾਈ ਸਮੁੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਅਤੇ ਭਾਈ ਸੰਤਾ ਸਿੰਘ ਜੀ ਆਪਣੇ ਜਥੇ ਸਮੇਤ ਹਾਜ਼ਰ ਹੁੰਦੇ ਸਨ, ਉਸ ਵਕਤ ਇਹ ਰੇਡੀਓ ਸਟੇਸ਼ਨ ਕੋਈ ਗੁਰਦੁਆਰਾ ਸਾਹਿਬ ਦਾ ਰੂਪ ਧਾਰ ਲੈਂਦਾ ਹੈ। ਭਾਈ ਬੁੱਧ ਸਿੰਘ ਤਾਨ ਜਪੁਜੀ ਸਾਹਿਬ ਅਤੇ ਰਹਿਹਾਸ ਸਾਹਿਬ ਦੇ ਪਾਠ ਦੀ ਸੇਵਾ ਕਰਿਆ ਕਰਦੇ ਸਨ। ਭਾਈ ਬੁੱਧ ਸਿੰਘ ਤਾਨ ਨੇ ਸੰਪੂਰਨ ਆਸਾ ਦੀ ਵਾਰ ਦੀ ਰਿਕਾਰਡਿੰਗ ਕਰ ਕੇ ਰੱਖੀ ਹੋਈ ਸੀ।
ਆਲ ਇੰਡੀਆ ਰੇਡੀਓ ਲਾਹੌਰ ਦੀ ਆਵਾਜ਼ ਗੁਰਦਾਸਪੁਰ, ਬਟਾਲਾ, ਕਾਦੀਆਂ, ਬਾਬਾ ਬਕਾਲਾ, ਬਿਆਸ, ਢਿਲਵਾਂ, ਕਪੂਰਥਲਾ, ਸੁਲਤਾਨਪੁਰ ਲੋਧੀ, ਹਰੀਕੇ ਪੱਤਣ, ਪੱਟੀ, ਫ਼ਿਰੋਜ਼ਪੁਰ, ਖੇਮਕਰਨ, ਕਸੂਰ, ਮਿੰਟਗੁੰਮਰੀ, ਲਾਇਲਪੁਰ, ਸ੍ਰੀ ਨਨਕਾਣਾ ਸਾਹਿਬ, ਸ਼ੇਖੂਪੁਰਾ, ਗੁਜਰਾਂਵਾਲਾ, ਸਿਆਲਕੋਟ ਵਿਚ ਸਾਫ਼ ਅਤੇ ਸਪੱਸ਼ਟ ਰੂਪ ਵਿਚ ਸੁਣਾਈ ਦਿੰਦੀ ਸੀ। ਰੇਡੀਓ ਸਟੇਸ਼ਨ ਦੀਆਂ ਗਾਇਕਾਵਾਂ ਵਿਚ ਜ਼ੋਹਰਾਬਾਈ ਕਪੂਰਥਲਾ ਵਾਲੀ ਅਤੇ ਜ਼ੋਹਰਾਬਾਈ ਅੰਬਾਲਾ ਵਾਲੀ ਵੀ ਸ਼ਾਮਿਲ ਸਨ। ਗਾਇਕਾਵਾਂ ਦੀਆਂ ਆਵਾਜ਼ਾਂ ਦੀ ਆਡੀਸ਼ਨ ਕਰਨ ਵਾਲੀ ਕਮੇਟੀ ਵਿਚ ਸੰਗੀਤ ਨਿਰਦੇਸ਼ਕ ਪੰਡਤ ਅਮਰ ਨਾਥ, ਮਾ. ਗੁਲਾਮ ਹੈਦਰ ਅੰਮ੍ਰਿਤਸਰੀ, ਦਿਲੀਪ ਚੰਦਰ ਵੇਦੀ ਅੰਮ੍ਰਿਤਸਰੀ ਅਤੇ ਰਸ਼ੀਦ ਅਤਰੇ (ਭਾਈ ਰਸ਼ੀਦਾ ਅੰਮ੍ਰਿਤਸਰੀ) ਅਤੇ ਮਹਾਨ ਸੰਗੀਤਕਾਰ ਨਿਰਦੇਸ਼ਕ ਖੁਰਸ਼ੀਦ ਅਨਵਰ ਆਦਿ ਸ਼ਾਮਿਲ ਸਨ। ਇਸੇ ਹੀ ਕਰਕੇ ਆਲ ਇੰਡੀਓ ਰੇਡੀਓ ਲਾਹੌਰ ਦਾ ਸੰਗੀਤ ਮਿਆਰ ਐਨਾ ਬੁਲੰਦ ਸੀ। ਇਥੇ ਮੈਂ ਇਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੰਜਾਬੀ ਦੀਆਂ ਦੋ ਕੋਇਲਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਮੁਢਲੇ ਤਿੰਨ ਗੀਤਾਂ ਵਿਚ ਇਹ ਹੇਠ ਲਿਖੇ ਗੀਤ ਸਨ। 'ਢੋਲ ਸਿਪਾਹੀਆ ਵੇ ਕਿੱਥੇ ਗਇਓਂ ਦਿਲ ਲਾ ਕੇ', ਹਾਏ ਨਾ ਵਸ ਓਏ ਨਾ ਵਸ ਬਦਲਾ ਅਜੇ ਨਾ ਵਸ ਓਏ ਕਾਲਿਆ' ਅਤੇ 'ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗਲੌੜੀਆਂ ਭਾਰਤੀ ਫ਼ਿਲਮਾਂ ਦੇ ਮਹਾਂਨਾਇਕ ਕੁੰਦਨ ਲਾਲ ਸਹਿਗਲ ਵਲੋਂ ਗਾਈਆਂ ਹੋਈਆਂ ਦੋ ਬੇਕਲ ਅੰਮ੍ਰਿਤਸਰੀ ਵਲੋਂ ਰਚੀਆਂ ਰਚਿਤ ਗ਼ਜ਼ਲਾਂ ਲਾਹੌਰ ਰੇਡੀਓ ਸਟੇਸ਼ਨ ਤੋਂ ਵਜਾਈਆਂ ਜਾਂਦੀਆਂ ਸਨ। ਇਹ ਹਨ 'ਉਹ ਸੋਹਣੇ ਸਾਕੀਆ ਮੇਰੀ ਗਲ੍ਹੀ ਵੀ ਫੇਰਾ ਪਾਂਦਾ ਜਾਹ' ਅਤੇ 'ਮਾਹੀ ਨਾਲ ਜੇ ਅੱਖ ਲੜਦੀ ਕਦੀ ਨਾ ਮੈਂ ਰਾਹ ਜਾਂਦੇ ਦੁੱਖਾਂ ਨੂੰ ਫੜਦੀ' ਆਦਿ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਭਾਰਤ 'ਚ ਆਕਾਸ਼ਵਾਣੀ ਦੇ 90 ਵਰ੍ਹੇ
ਅਜੀਤ ਡੈਸਕ
07-06-2026