ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਤੀਤ ਨਾਲੋਂ ਭਵਿੱਖ ਜ਼ਿਆਦਾ ਮਹੱਤਵਪੂਰਨ ਹੈ : ਲਿਓਨੇਲ ਮੈਸੀ

Ad Position 21
No active advertisement
ਅਜੀਤ ਡੈਸਕ 14-06-2026

ਅਰਜਨਟਾਈਨਾ ਦੇ ਫੁੱਟਬਾਲ ਸੁਪਰਸਟਾਰ ਲਿਓਨੇਲ ਮੇਸੀ ਦਾ ਕਹਿਣਾ ਹੈ ਕਿ ਉਸ ਦੀ ਟੀਮ ਨੂੰ ਬਹੁਤ ਕਠਿਨ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ ਕਿਉਂਕਿ ਵਿਰੋਧੀ ਟੀਮਾਂ ਉਨ੍ਹਾਂ ਨੂੰ ਮੌਜੂਦਾ ਚੈਂਪੀਅਨ ਹੋਣ ਕਰਕੇ ਤਕੜੀ ਟੱਕਰ ਦੇਣਗੀਆਂ | ਉਸ ਦਾ ਮੰਨਣਾ ਹੈ ਕਿ ਸਾਡਾ ਗਰੁੱਪ ਉੱਚੀਆਂ ਉਮੀਦਾਂ ਰੱਖਣ ਵਾਲੇ ਬੇਮਿਸਾਲ ਖਿਡਾਰੀਆਂ ਨਾਲ ਭਰਿਆ ਹੋਇਆ ਹੈ, ਜੋ ਹੋਰ ਜ਼ਿਆਦਾ ਸਫ਼ਲਤਾ ਲਈ ਭੁੱਖੇ ਹਨ; ਉਨ੍ਹਾਂ ਮੁੱਖ ਕੋਚ ਸਕਾਲੋਨੀ ਦੀ ਵੀ ਸ਼ਲਾਘਾ ਕੀਤੀ ਹੈ |
ਅਰਜਨਟਾਈਨਾ ਦੇ ਲਿਓਨੇਲ ਮੈਸੀ ਨੇ 2022 ਫੀਫਾ ਵਿਸ਼ਵ ਕੱਪ ਜਿੱਤਣ ਬਾਰੇ ਗੱਲ ਕਰਦਿਆਂ ਅਮਰੀਕਾ ਵਿਚ ਹੋਣ ਵਾਲੇ 2026 ਦੇ ਸ਼ੋਅ-ਪੀਸ ਵਿਚ ਖ਼ਿਤਾਬ ਦਾ ਬਚਾਅ ਕਰਨ ਦੀ ਉਮੀਦ ਪ੍ਰਗਟਾਈ ਹੈ | ਇੰਟਰਵਿਊ ਦੇ ਅੰਸ਼:
• ਕਤਰ ਵਿਚ 18 ਦਸੰਬਰ 2022 ਦੀ ਰਾਤ ਕਿੰਨੀ ਮਹੱਤਵਪੂਰਨ ਸੀ?
-ਮੈਸੀ ਨੇ ਦੱਸਿਆ ਕਿ ਇਹ ਰਾਤ ਸਾਡੇ ਸਾਰਿਆਂ ਲਈ ਸਭ ਤੋਂ ਖਾਸ ਰਾਤਾਂ 'ਚੋਂ ਇਕ ਸੀ, ਜਦ ਕਿ ਮੇਰੇ ਤੇ ਸਾਡੀ ਟੀਮ ਲਈ ਇਹ ਇਕ ਬਹੁਤ ਹੀ ਮਹੱਤਵਪੂਰਨ ਰਾਤ ਸੀ | ਅਸੀਂ 1986 ਤੋਂ ਬਾਅਦ ਦੁਬਾਰਾ ਵਿਸ਼ਵ ਕੱਪ ਜਿੱਤਣ ਲਈ ਇਸ ਦੇ ਹਰ ਐਡੀਸ਼ਨ ਵਿਚ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ, ਪਰ ਸਾਨੂੰ ਹਰ ਵਾਰ ਖਾਲੀ ਹੱਥ ਵਾਪਸ ਪਰਤਣਾ ਪਿਆ ਸੀ | ਪਰ ਲੁਸੈਲ ਸਟੇਡੀਅਮ 'ਚ ਉਸ ਰਾਤ ਸਾਡਾ ਸਾਰਿਆਂ ਦਾ ਉਹ ਸੁਪਨਾ ਸੱਚ ਹੋ ਗਿਆ, ਜਿਸ ਦੇ ਲਈ ਸਾਨੂੰ 36 ਸਾਲ ਤੱਕ ਲੰਮਾ ਇੰਤਜ਼ਾਰ ਕਰਨਾ ਪਿਆ ਸੀ | ਇਸੇ ਲਈ ਇਸ ਜਿੱਤ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ ਸੀ!
• ਤੁਹਾਡੀ ਅਗਵਾਈ ਹੇਠ ਅਰਜਨਟਾਈਨਾ ਇਕ ਹੋਰ ਵਿਸ਼ਵ ਕੱਪ ਖੇਡੇਗਾ | ਤੁਸੀਂ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਇਕ ਡਿਫੈਂਡਿੰਗ ਚੈਂਪੀਅਨ ਵਜੋਂ ਦਾਖਲ ਹੋਵੋਗੇ, ਕੀ ਤੁਹਾਡੇ 'ਤੇ ਇਸ ਦਾ ਦਬਾਅ ਹੋਵੇਗਾ?
-ਅਰਜਨਟਾਈਨਾ ਲਈ ਖੇਡਣਾ ਮੇਰੇ ਲਈ ਹਮੇਸ਼ਾ ਸਨਮਾਨ ਦੀ ਗੱਲ ਰਹੀ ਹੈ | ਮੈਂ ਇਸ ਦੇ ਹਰ ਪਲ ਦਾ ਅਨੰਦ ਮਾਣਿਆ ਹੈ | ਹਾਂ, ਕਈ ਵਾਰ ਅਜਿਹਾ ਵੀ ਹੋਇਆ ਜਦੋਂ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਪਰ ਅਸੀਂ ਮੈਦਾਨ 'ਤੇ ਹਮੇਸ਼ਾ ਆਪਣੇ ਵਲੋਂ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ | ਸਾਡੇ ਲਈ ਪਿਛਲੇ ਕੁਝ ਸਾਲ ਬਹੁਤ ਹੀ ਸ਼ਾਨਦਾਰ ਰਹੇ ਹਨ ਕਿਉਂਕਿ ਅਸੀਂ 3 ਵੱਡੇ ਟੂਰਨਾਮੈਂਟ ਜਿੱਤੇ ਹਨ, ਦੋ ਵਾਰ ਕੋਪਾ ਅਮਰੀਕਾ ਤੇ ਪਿਛਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ | ਇਸ ਲਈ ਸੱਚਮੁੱਚ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿਉਂਕਿ ਆਪਣੇ ਦੇਸ਼ ਲਈ ਕੁਝ ਪ੍ਰਾਪਤ ਕਰਨਾ ਹਮੇਸ਼ਾ ਬਹੁਤ ਵਧੀਆ ਹੁੰਦਾ ਹੈ | ਹੁਣ ਅਸੀਂ ਦੁਬਾਰਾ ਇਹ ਸਭ ਕੁਝ ਦੁਹਰਾਉਣ ਦੀ ਕੋਸ਼ਿਸ਼ ਕਰਾਂਗੇ | ਹਾਲਾਂਕਿ, ਇਸ ਵਾਰ ਸਭ ਚੀਜ਼ਾਂ ਬਿਲਕੁੱਲ ਵੱਖਰੀਆਂ ਹੋਣਗੀਆਂ ਕਿਉਂਕਿ ਸਾਡੇ ਵਿਰੋਧੀ ਸਾਡੇ ਨਾਲ ਡਿਫੈਂਡਿੰਗ ਚੈਂਪੀਅਨ ਦੇ ਤੌਰ 'ਤੇ ਮੁਕਾਬਲਾ ਕਰਨਗੇ ਤੇ ਸਾਨੂੰ ਹਰ ਸਮੇਂ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ |
• ਅਰਜਨਟਾਈਨਾ ਲਈ ਵਿਸ਼ਵ ਕੱਪ ਜਿੱਤਣਾ ਹਮੇਸ਼ਾ ਕੋਚ ਤੇ ਕਪਤਾਨ ਦੋਹਾਂ ਵਿਚਕਾਰ ਇਕ ਖਾਸ ਤਰ੍ਹਾਂ ਦੇ ਬੰਧਨ ਨੂੰ ਉਜਾਗਰ ਕਰਦਾ ਹੈ | ਲੁਈਸ ਸੀਜ਼ਰ ਮੇਨੋਟੀ ਕੋਲ ਡੈਨੀਅਲ ਪਾਸਰੇਲਾ ਸੀ, ਜਦੋਂ ਕਿ ਕਾਰਲੋਸ ਬਿਲਾਰਡੋ ਦਾ ਪਸੰਦੀਦਾ ਖਿਡਾਰੀ ਡਿਏਗੋ ਮਾਰਾਡੋਨਾ ਸੀ | ਕੀ ਤੁਹਾਡਾ ਵੀ ਲਿਓਨਲ ਸਕਾਲੋਨੀ ਨਾਲ ਅਜਿਹਾ ਹੀ ਰਿਸ਼ਤਾ ਹੈ?
-ਖ਼ੈਰ, ਅਸੀਂ 2006 ਵਿਸ਼ਵ ਕੱਪ ਦੌਰਾਨ ਟੀਮਮੇਟ ਸਾਂ, ਜਿੱਥੇ ਸਕਾਲੋਨੀ ਮੇਰੇ ਤੋਂ ਬਹੁਤ ਸੀਨੀਅਰ ਸਨ ਤੇ ਮੈਂ ਉਨ੍ਹਾਂ ਸਾਹਮਣੇ ਲਗਭਗ ਇਕ ਬੱਚਾ ਸੀ | ਉਹ ਇਕ ਬਹੁਤ ਵਧੀਆ ਟੀਮਮੇਟ ਸੀ ਅਤੇ ਹਮੇਸ਼ਾ ਦੂਜਿਆਂ ਨੂੰ ਉਤਸ਼ਾਹਿਤ ਕਰਦਾ ਸੀ | ਉਹ ਟੀਮ ਦੇ ਮੈਨੇਜਰ ਵਜੋਂ ਬਹੁਤ ਹੀ ਬਦਲ ਗਿਆ ਹੈ, ਪਰ ਉਸ ਦਾ ਕੰਮ ਕਰਨ ਦਾ ਤਰੀਕਾ ਅਜੇ ਵੀ ਉਹੀ ਹੈ | ਉਹ ਟੀਮ ਦੇ ਸਾਰੇ ਖਿਡਾਰੀਆਂ ਨਾਲ ਸਿੱਧੇ ਤੌਰ 'ਤੇ ਗੱਲ ਕਰਕੇ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਕੀ ਨਤੀਜਾ ਚਾਹੀਦਾ ਹੈ | ਇਹ ਸੱਚਮੁੱਚ ਬਹੁਤ ਵਧੀਆ ਹੈ | ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਚ ਤੋਂ ਪਹਿਲਾਂ ਤੇ ਮੈਚ ਦੌਰਾਨ ਕੀ ਕਰਨਾ ਹੈ, ਉਸ ਦਾ ਦਿ੍ਸ਼ਟੀਕੋਣ ਸਾਰੀ ਟੀਮ ਵਾਂਗ ਹਮੇਸ਼ਾ ਬਿਲਕੁੱਲ ਸਪੱਸ਼ਟ ਹੁੰਦਾ ਹੈ | ਮੈਂ ਜਦੋਂ ਵੀ ਉਨ੍ਹਾਂ ਨਾਲ ਗੱਲ ਕਰਦਾ ਹਾਂ ਤਾਂ ਉਹੀ ਨਿੱਘ ਤੇ ਅਪਣੱਤ ਮਹਿਸੂਸ ਕਰਦਾ ਹਾਂ |
• ਕੀ ਅਰਜਨਟਾਈਨਾ ਖ਼ਿਤਾਬ ਬਰਕਰਾਰ ਰੱਖ ਸਕੇਗਾ?
-ਕੋਈ ਵੀ ਅਜਿਹਾ ਨਹੀਂ ਕਹਿ ਸਕਦਾ! ਇਹ ਵਿਸ਼ਵ ਕੱਪ ਹੈ, ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਅਤੇ ਹਰ ਟੀਮ ਇਸ ਨੂੰ ਜਿੱਤਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗੀ | ਹਾਂ, ਅਸੀਂ ਵੀ ਉਸੇ ਪ੍ਰਬਲਤਾ ਨਾਲ ਤਿਆਰੀ ਕਰ ਰਹੇ ਹਾਂ ਅਤੇ ਆਪਣੇ ਵਲੋਂ ਸਭ ਤੋਂ ਵਧੀਆ ਖੇਡਣ ਦੀ ਕੋਸ਼ਿਸ਼ ਕਰਾਂਗੇ | ਪਰ ਫੁੱਟਬਾਲ ਦੀ ਖੇਡ ਵਿਚ ਤੁਸੀਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦੇ | ਸਾਡੇ ਕੋਲ ਬੇਮਿਸਾਲ ਖਿਡਾਰੀਆਂ ਦਾ ਇਕ ਮਜ਼ਬੂਤ ਸਮੂਹ ਹੈ, ਜੋ ਹੋਰ ਸਫਲਤਾ ਲਈ ਭੁੱਖੇ ਹਨ | ਉਹ ਚੈਂਪੀਅਨ ਹਨ, ਪਰ ਉਹ ਇਸ ਵਾਰ ਹੋਰ ਖ਼ਿਤਾਬ ਚਾਹੁੰਦੇ ਹਨ | ਇਹੀ ਜਜ਼ਬਾ ਡ੍ਰੈਸਿੰਗ ਰੂਮ ਵਿਚ ਸ਼ਾਨਦਾਰ ਮਾਹੌਲ ਬਣਾਉਂਦਾ ਹੈ ਅਤੇ ਇਸ ਦੇ ਲਈ ਫਿਰ ਤੋਂ ਸਕਾਲੋਨੀ ਤੇ ਉਸ ਦਾ ਸਮੂਹ ਸ਼ਲਾਘਾ ਦੇ ਪਾਤਰ ਹਨ |
• ਅਰਜਨਟਾਈਨਾ ਦੀ ਪਾਰਟੀ ਨੂੰ ਖ਼ਰਾਬ ਕਰਨ ਲਈ ਕਿਹੜੀਆਂ ਟੀਮਾਂ ਸਮਰੱਥ ਹਨ?
-ਬਿਨਾਂ ਸ਼ੱਕ ਫਰਾਂਸ ਉੱਥੇ ਮੌਜੂਦ ਹੈ, ਜਿਸ ਨੇ ਪਿਛਲੇ ਦੋ ਐਡੀਸ਼ਨਾਂ ਵਿਚ ਦੋਵੇਂ ਵਾਰ ਫਾਈਨਲ ਵਿਚ ਪਹੁੰਚ ਕੇ ਇਕ ਵਾਰ ਟੂਰਨਾਮੈਂਟ ਵੀ ਜਿੱਤਿਆ ਹੈ | ਫਿਰ ਸਪੇਨ ਹੈ, ਇਕ ਅਜਿਹੀ ਟੀਮ ਜੋ ਅਸਾਧਾਰਨ ਪ੍ਰਤਿਭਾਸ਼ਾਲੀ ਫੁੱਟਬਾਲਰਾਂ ਨਾਲ ਭਰੀ ਪਈ ਹੈ | ਬ੍ਰਾਜ਼ੀਲ ਵੀ ਹੁਣ ਕਈ ਸਾਲਾਂ ਤੋਂ ਮੁੜ ਤਾਜ ਪਹਿਨਣ ਦੀ ਉਡੀਕ ਕਰ ਰਿਹਾ ਹੈ ਤੇ ਉਹ ਵੀ ਬਹੁਤ ਉਤਸੁਕ ਹੋਣਗੇ | ਇਸੇ ਤਰ੍ਹਾਂ ਜਰਮਨੀ ਤੇ ਇੰਗਲੈਂਡ ਵੀ ਮੌਜੂਦ ਹੋਣਗੇ |
• ਅਰਜਨਟਾਈਨਾ ਦੇ ਪ੍ਰਸ਼ੰਸਕ ਜ਼ਰੂਰ ਇਕ ਹੋਰ ਸਫਲਤਾ ਦੀ ਉਮੀਦ ਕਰ ਰਹੇ ਹੋਣਗੇ...?
-ਇਹ ਬਹੁਤ ਸੁਭਾਵਿਕ ਹੈ, ਮੈਂ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ | ਜੇ ਤੁਹਾਨੂੰ ਯਾਦ ਹੋਵੇ, ਤਾਂ ਕਤਰ ਵਿਚ (ਸਾਊਦੀ ਅਰਬ ਤੋਂ) ਪਹਿਲਾ ਮੈਚ ਹਾਰਨ ਤੋਂ ਬਾਅਦ ਮੈਂ ਪ੍ਰਸ਼ੰਸਕਾਂ ਨੂੰ ਵਾਰ-ਵਾਰ ਸਾਡਾ ਸਮਰਥਨ ਕਰਨ ਲਈ ਕਿਹਾ ਸੀ ਕਿਉਂਕਿ ਆਪਣੇ ਸਾਥੀਆਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਵਿਚ ਵਿਸ਼ਵਾਸ ਰੱਖਦਾ ਸੀ | ਜਦੋਂ ਸਾਡੇ ਪ੍ਰਸ਼ੰਸਕ ਸਾਡੇ ਨਾਲ ਜੁੜੇ ਰਹੇ ਤਾਂ ਅਸੀਂ ਕੱਪ ਜਿੱਤਣ ਦੀ ਆਪਣੀ ਕੋਸ਼ਿਸ਼ ਵਿਚ ਕਾਮਯਾਬ ਹੋ ਗਏੇ | ਉਹ ਸਾਡੇ ਤੋਂ ਦੁਬਾਰਾ ਅਜਿਹਾ ਕਰਨ ਦੀ ਉਮੀਦ ਕਰ ਰਹੇ ਹਨ, ਪਰ ਇਹ ਕਦੇ ਵੀ ਇੰਨਾ ਆਸਾਨ ਨਹੀਂ ਹੁੰਦਾ ਹੈ | ਮੇਰੇ ਲਈ ਵੀ ਭਵਿੱਖ ਅਤੀਤ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ | ਅਸੀਂ ਹਮੇਸ਼ਾ ਵਾਂਗ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ ਦਾ ਵਾਅਦਾ ਕਰਦੇ ਹਾਂ | ਅੱਗੇ ਜੋ ਵੀ ਹੋਣਾ ਹੈ ਉਹ ਦੇਖਣਾ ਬਾਕੀ ਹੈ |
ਕੀ ਉਹ ਦੁਬਾਰਾ ਅਜਿਹਾ ਕਰ ਸਕੇਗਾ? ਮੈਸੀ ਜੋ ਆਪਣਾ ਛੇਵਾਂ ਵਿਸ਼ਵ ਕੱਪ ਖੇਡ ਰਿਹਾ ਹੈ, ਇਕ ਹੋਰ ਖਿਤਾਬ ਜਿੱਤਣਾ ਚਾਹੇਗਾ

ਫਾਈਲ ਫੋਟੋ
(ਪੇਸ਼ੇਵਰ ਪ੍ਰਬੰਧਨ ਸਮੂਹ)

Ad Position 22
No active advertisement
ਪਿਛਲੀ ਖ਼ਬਰ ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕਿ੍ਸਟੀਆਨੋ ਰੋਨਾਲਡੋ ਅਗਲੀ ਖ਼ਬਰ 13-06-26 Girl's
Ad Position 24
No active advertisement