ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕਿ੍ਸਟੀਆਨੋ ਰੋਨਾਲਡੋ

Ad Position 21
No active advertisement
ਅਜੀਤ ਡੈਸਕ 14-06-2026

ਸ਼ਬਦ ਫੁੱਟਬਾਲ ਅਤੇ ਰੋਨਾਲਡੋ ਅੱਜ ਦੀ ਜਵਾਨੀ ਲਈ ਇਕ ਦੂਜੇ ਦੇ ਪੂਰਕ ਹਨ | ਸਿੱਕੇ ਦਾ ਇਕ ਪਾਸਾ ਜੇ ਫੁੱਟਬਾਲ ਹੈ ਤਾਂ ਦੂਜਾ ਪਾਸਾ ਰੋਨਾਲਡੋ ਹੈ | ਅੱਜ ਜਦੋਂ 2026 ਦਾ ਫੀਫਾ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ ਵਿਚਕਾਰ ਖੇਡਿਆ ਜਾ ਰਿਹਾ ਹੈ ਤਾਂ ਵਿਸ਼ਵ-ਭਰ ਦੇ ਫੁੱਟਬਾਲ ਪ੍ਰੇਮੀ ਇਹ ਵੀ ਜਾਣਦੇ ਹਨ ਕਿ ਇਹ ਵਿਸ਼ਵ ਕੱਪ ਹਰਮਨ-ਪਿਆਰੇ ਫੁੱਟਬਾਲ ਖਿਡਾਰੀ ਕਿ੍ਸਟੀਆਨੋ ਰੋਨਾਲਡੋ ਦੀ ਜ਼ਿੰਦਗੀ ਦਾ ਆਖ਼ਰੀ ਵਿਸ਼ਵ ਕੱਪ ਹੈ | ਭਾਵ 41 ਸਾਲ ਦੇ ਹੋਣ ਜਾ ਰਹੇ ਕਿ੍ਸਟੀਆਨੋ ਰੋਨਾਲਡੋ ਨੇੜ-ਭਵਿੱਖ ਵਿਚ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਜਾ ਰਹੇ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਫੁੱਟਬਾਲ ਕਲੱਬ ਅਲ-ਨਾਸਰ ਨਾਲ ਕਿ੍ਸਟੀਆਨੋ ਰੋਨਾਲਡੋ ਦਾ ਕਰਾਰ ਜੂਨ 2027 ਤੱਕ ਦਾ ਹੈ | ਇਸ ਤੋਂ ਇਲਾਵਾ ਹੁਣ ਤੱਕ 970 ਤੋਂ ਵੱਧ ਗੋਲ ਕਰਨ ਵਾਲੇ ਰੋਨਾਲਡੋ ਦਾ ਟੀਚਾ ਆਪਣੇ ਕਰੀਅਰ ਵਿਚ 1000 ਗੋਲ ਪੂਰੇ ਕਰਨ ਦਾ ਹੈ |
ਪੁਰਤਗਾਲ ਵਿਖੇ ਮਦੀਰਾ ਟਾਪੂ ਦੇ ਫੰਚਲ 'ਚ ਅੰਤਾਂ ਦੀ ਗ਼ਰੀਬੀ ਨਾਲ ਨਿੱਤ ਦਿਨ ਘੋਲ-ਮਥੋਲਾ ਹੁੰਦੇ ਪਰਿਵਾਰ ਵਿਚ ਮਾਂ ਮਾਰੀਆ ਡੋਲੋਰੇਸ ਦੋਸ ਸੈਂਟੋਸ ਅਵੇਰੋ ਅਤੇ ਪਿਤਾ ਜੋਸੇ ਡਿਨਿਸ ਅਵੇਰੋ ਦੇ ਘਰ ਪੈਦਾ ਹੋਇਆ ਕਿ੍ਸਟੀਆਨੋ ਰੋਨਾਲਡੋ ਆਪਣੇ ਭਰਾ ਹੂਗੋ ਅਤੇ ਭੈਣਾਂ ਏਲਮਾਂ ਤੇ ਲਿਲੀਆਨਾ ਕੈਟੀਆ ਤੋਂ ਛੋਟਾ ਹੈ | 5 ਫਰਵਰੀ 1985 ਨੂੰ ਜਨਮਿਆ 41 ਸਾਲ ਦਾ ਕਿ੍ਸਟੀਆਨੋ ਰੋਨਾਲਡੋ ਅੱਜ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ | ਰੋਨਾਲਡੋ ਦੀ ਮਾਂ ਨੇ ਇਕ ਰਸੋਈਏ ਅਤੇ ਸਫ਼ਾਈ ਸੇਵਿਕਾ ਵਜੋਂ ਕੰਮ ਕਰਦਿਆਂ ਅਤੇ ਪਿਤਾ ਨੇ ਫੰਚਲ ਦੀ ਨਗਰ ਪਾਲਿਕਾ ਵਿਚ ਇਕ ਮਾਲੀ ਵਜੋਂ ਅਤੇ ਫੰਚਲ (ਮਦੀਰਾ) ਦੇ ਫੁੱਟਬਾਲ ਕਲੱਬ ਐਂਡੋਰਿਨਹਾ ਦੇ ਕਿੱਟ-ਮੈਨ (ਖਿਡਾਰੀਆ ਦੇ ਕੱਪੜੇ ਅਤੇ ਸਾਮਾਨ ਸੰਭਾਲਣ ਵਾਲਾ) ਦੇ ਤੌਰ 'ਤੇ ਮਿਹਨਤ ਕਰਦਿਆਂ ਆਪਣੇ ਇਨ੍ਹਾਂ ਚਾਰ ਬੱਚਿਆਂ ਨੂੰ ਟੀਨ ਦੀ ਛੱਤ ਵਾਲੇ ਇਕ ਛੋਟੇ ਜਿਹੇ ਕਮਰੇ ਵਿਚ ਪਾਲਿਆ |
ਕਿ੍ਸਟੀਆਨੋ ਰੋਨਾਲਡੋ ਦੇ ਪਿਤਾ ਨੇ ਆਪਣੇ ਇਸ ਲਾਡਲੇ ਪੁੱਤ ਦਾ ਨਾਂਅ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਨਾਂਅ ਤੋਂ ਰੱਖਿਆ | ਪਰ ਰੋਨਾਲਡੋ ਦਾ ਬਚਪਨ ਐਨਾ ਮੁਸੀਬਤਾਂ ਭਰਿਆ ਸੀ ਕਿ ਰੋਨਾਲਡੋ ਅਤੇ ਉਸਦੇ ਭੈਣ-ਭਰਾ ਆਪਣਾ ਢਿੱਡ ਭਰਨ ਲਈ ਅਕਸਰ ਮੈੱਕਡੋਨਾਲਡ ਦੇ ਬਾਹਰ ਖੜ੍ਹੇ ਰਹਿੰਦੇ ਸਨ ਤੇ ਉੱਥੋਂ ਦੀ ਹੈਡਨਾ ਨਾਂਅ ਦੀ ਇਕ ਕਰਮਚਾਰਨ ਰਾਤ ਗਏ ਉਨ੍ਹਾਂ ਨੂੰ ਭੁੱਖ ਮਿਟਾਉਣ ਲਈ ਬਰਗਰਾਂ ਦੇ ਬਚੇ ਹੋਏ ਟੁਕੜੇ ਦੇ ਦਿਆ ਕਰਦੀ ਸੀ |
ਰੋਨਾਲਡੋ ਦੀ ਮਾਂ ਨੇ ਆਪਣੀ ਕਿਤਾਬ Mother 3ourage ਵਿਚ ਬੇਬਾਕ ਲਿਖਿਆ ਹੈ ਕਿ ਉਸਨੇ ਕਿ੍ਸਟੀਆਨੋ ਰੋਨਾਲਡੋ ਨੂੰ ਜਨਮ ਦੇਣ ਤੋਂ ਪਹਿਲਾਂ ਘਰ ਦੀ ਗ਼ਰੀਬੀ ਅਤੇ ਆਪਣੇ ਪਤੀ ਜੋਸੇ ਡਿਨਿਸ ਅਵੇਰੋ ਦੀ ਨਿੱਤ ਦਿਨ ਸ਼ਰਾਬ ਦੇ ਨਸ਼ੇ 'ਚ ਟੱਲੀ ਰਹਿਣ ਵਾਲੀ ਭੈੜੀ ਲੱਤ ਤੋਂ ਤੰਗ ਆ ਕੇ ਗਰਭਪਾਤ ਕਰਨ ਦਾ ਮਨ ਬਣਾ ਲਿਆ ਸੀ | ਇਹ ਗਰਭਪਾਤ ਕਰਨ ਲਈ ਉਸ ਨੇ ਕਈ ਘਰੇਲੂ ਢੰਗ ਤਰੀਕੇ ਅਜ਼ਮਾਏ ਵੀ ਪਰ ਉਹ ਕਾਮਯਾਬ ਨਾ ਹੋ ਸਕੀ | ਥੱਕ ਹਾਰ ਕੇ ਮਾਂ ਨੇ ਇਸ ਗਰਭ ਨੂੰ ਗਿਰਾਉਣ ਲਈ ਡਾਕਟਰ ਤੱਕ ਪਹੁੰਚ ਕੀਤੀ, ਪਰ ਡਾਕਟਰ ਮਾਂ ਦੀ ਸਰੀਰਕ ਕਮਜ਼ੋਰੀ ਕਾਰਨ ਅਜਿਹਾ ਕਰਨ ਲਈ ਸਹਿਮਤ ਨਾ ਹੋਏ | ਰੋਨਾਲਡੋ ਦੇ ਪਿਤਾ ਦੀ 2005 'ਚ ਲਗਾਤਾਰ ਸ਼ਰਾਬ ਪੀਂਦੇ ਰਹਿਣ ਕਾਰਨ ਮਿਲੀ ਲਿਵਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਮੁਸੀਬਤਾਂ ਮਾਰੇ ਇਸ ਪਰਿਵਾਰ ਨੂੰ ਪਾਲਣ ਦੀ ਸਾਰੀ ਜ਼ਿੰਮੇਵਾਰੀ ਰੋਨਾਲਡੋ ਦੀ ਮਾਂ ਸਿਰ 'ਤੇ ਆ ਪਈ |
ਪ੍ਰਾਇਮਰੀ ਦੀ ਪੜ੍ਹਾਈ ਦੌਰਾਨ ਦਰਪੇਸ਼ ਮੁਸ਼ਕਿਲਾਂ ਕਾਰਨ ਪੂਰੀ ਤਰ੍ਹਾਂ ਚਿੜਚਿੜੇ ਹੋ ਚੁੱਕੇ ਰੋਨਾਲਡੋ ਨੇ ਆਪਣੇ ਇਕ ਅਧਿਆਪਕ ਵਲੋਂ ਉਸ ਦੁਆਰਾ ਰੋਨਾਲਡੋ ਦੇ ਘਰੇਲੂ ਹਾਲਾਤ ਅਤੇ ਉਸਦੇ ਬੋਲਣ ਦਾ ਲਹਿਜ਼ੇ ਦੇ ਮਜ਼ਾਕ ਉਡਾਉਣ 'ਤੇ ਉਸ ਅਧਿਆਪਕ ਦੇ ਕੁਰਸੀ ਚੁੱਕ ਮਾਰੀ ਜਿਸਦੇ ਨਤੀਜੇ ਵਜੋਂ ਉਸਨੂੰ ਪੜ੍ਹਾਈ ਛੱਡਣੀ ਪੈ ਗਈ | ਸੜਕਾਂ 'ਤੇ ਝਾੜੂ ਲਾ ਕੇ ਪਾਈ-ਪਾਈ ਜੋੜਨ ਵਾਲਾ ਰੋਨਾਲਡੋ ਜਦੋਂ ਆਪਣੇ ਲਈ ਇਕ ਨਵਾਂ ਫੁੱਟਬਾਲ ਵੀ ਨਾ ਖਰੀਦ ਸਕਿਆ ਤਾਂ ਉਹ ਲੀਰਾਂ ਦੀਆਂ ਗੇਦਾਂ ਬਣਾ ਕੇ ਜਾਂ ਸੜਕਾਂ ਕਿਨਾਰੇ ਰੁਲਦੀਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਕਿੱਕਾਂ ਮਾਰ ਕੇ ਆਪਣਾ ਫੁੱਟਬਾਲ ਖੇਡਣ ਦਾ ਭੁੱਸ ਪੂਰਾ ਕਰਦਾ ਰਹਿੰਦਾ | ਉਸ ਸਮੇਂ ਦੇ ਸਮਝਦਾਰ ਲੋਕ ਰੋਨਾਲਡੋ ਦਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਕਿ ਤੇਰੇ ਸਿਰ 'ਤੇ ਫੁੱਟਬਾਲ ਖੇਡਣ ਦਾ ਇਹ ਜੋ ਭੂਤ ਸਵਾਰ ਹੋਇਆ ਰਹਿੰਦਾ ਹੈ, ਵੇਖਾਂਗੇ ਇਹ ਤੈਨੂੰ ਕਿਵੇਂ ਰੋਟੀ ਦਿੰਦਾ ਹੈ |
ਕਿ੍ਸਟੀਆਨੋ ਰੋਨਾਲਡੋ ਦੇ ਸਿਰ 'ਤੇ ਸਵਾਰ ਫੁੱਟਬਾਲ ਖੇਡਣ ਦਾ ਭੂਤ ਉਸ ਨੂੰ ਸੱਤ ਸਾਲ ਦੀ ਉਮਰ ਵਿਚ ਫੁੱਟਬਾਲ ਦੇ ਮੈਦਾਨ ਵੱਲ ਲੈ ਤੁਰਿਆ | 1992 'ਚ ਰੋਨਾਲਡੋ ਆਪਣੇ ਮਦੀਰਾ ਟਾਪੂ ਦੇ ਸ਼ਹਿਰ ਫੰਚਲ ਵਿਖੇ ਐਂਡੋਰਿਨਹਾ (36 1ndorinha) ਨਾਮੀ ਕਲੱਬ (ਜਿੱਥੇ ਇਸਦੇ ਪਿਤਾ ਕਿੱਟ ਮੈਨ ਸਨ) ਲਈ ਫੁੱਟਬਾਲ ਖੇਡਣ ਨਾਲ ਰੋਨਾਲਡੋ ਨੇ ਫੁੱਟਬਾਲ ਦੀ ਦੁਨੀਆ 'ਚ ਪਹਿਲਾ ਕਦਮ ਧਰਿਆ | ਆਪਣੇ ਪਿਤਾ ਦੀ ਮਦਦ ਆਸਰੇ ਇਸ ਕਲੱਬ ਲਈ ਖੇਡੇ ਮੈਚ ਦੌਰਾਨ ਰੋਨਾਲਡੋ ਫੁਟਬਾਲ ਦੁਆਲੇ ਇਸ ਕਦਰ ਮੰਡਰਾਉਂਦਾ ਨਜ਼ਰ ਆਇਆ ਕਿ ਉਸਦੇ ਸਥਾਨਿਕ ਦੋਸਤਾਂ ਨੇ ਛੇੜ ਵਜੋਂ ਉਸ ਦਾ ਨਾਂਅ ਅਬਲਿਨਹਾ (ਨਿੱਕੀ ਮਧੂ ਮੱਖੀ) ਰੱਖ ਲਿਆ | ਇਸੇ ਤਰ੍ਹਾਂ ਰੋਨਾਲਡੋ ਨੇ ਜਦੋਂ ਆਪਣੇ ਕਲੱਬ ਵਲੋਂ ਕਮਾਚਾ ਕਲੱਬ ਨਾਲ ਫੁੱਟਬਾਲ ਖੇਡਦਿਆਂ ਮੈਚ ਦੇ ਪਹਿਲੇ ਅੱਧ ਤੱਕ ਖੁਦ ਨੂੰ ਬੁਰੀ ਤਰ੍ਹਾਂ ਹਾਰਦਿਆਂ ਵੇਖਿਆ ਤਾਂ ਉਹ ਫੁੱਟਬਾਲ ਦੇ ਮੈਦਾਨ ਵਿਚ ਇਸ ਕਦਰ ਰੋਇਆ ਕਿ ਉਸਦੀ ਹਾਲਤ ਟੂਰਨਾਮੈਂਟ ਦਾ ਅਗਲਾ ਅੱਧ ਖੇਡਣ ਜੋਗੀ ਵੀ ਨਾ ਰਹੀ | ਉਪਰੋਂ ਉਸਦੇ ਯਾਰਾਂ ਦੋਸਤਾਂ ਨੇ ਉਸ ਨੂੰ ਚੋਰਾਓਾ-ਚੋਰਾਓਾ (ਰੋਂਦੂ ਬੱਚਾ) ਕਹਿ-ਕਹਿ ਕੇ ਐਨਾ ਜ਼ਿਆਦਾ ਚਿੜਾਇਆ ਕਿ ਬਾਲ ਰੋਨਾਲਡੋ ਬੁਰੀ ਤਰ੍ਹਾਂ ਟੁੱਟ ਗਿਆ | ਆਪਣੇ ਕੋਚਾਂ ਦੁਆਰਾ ਪਤਿਆਉਣ 'ਤੇ ਰੋਨਾਲਡੋ ਨੇ ਕਮਾਚਾ ਕੱਲਬ ਖਿਲਾਫ਼ ਗੋਲਾਂ ਦੀ ਅਜਿਹੀ ਹਨੇਰੀ ਲਿਆਂਦੀ ਕਿ ਆਖ਼ਰ ਉਸਦੇ ਐਂਡੋਰਿਨਹਾ ਕੱਲਬ ਦੀ ਸ਼ਾਨਦਾਰ ਜਿੱਤ ਹੋਈ |
ਜਦ ਰੋਨਾਲਡੋ ਦਸ ਸਾਲ ਦਾ ਹੋਇਆ ਤਾਂ ਉਸਦੇ ਫੁੱਟਬਾਲ ਖੇਡਣ ਦੇ ਜਨੂੰਨ ਨੂੰ ਵੇਖਦੇ ਹੋਏ ਮਦੀਰਾ ਟਾਪੂ ਦੇ ਸਭ ਤੋਂ ਵੱਡੇ ਕਲੱਬਾਂ ਵਿਚੋਂ ਇਕ ਨੈਸ਼ਨਲ (34 Nacional) ਨੇ ਉਸਨੂੰ ਸਾਈਨ ਕਰ ਲਿਆ | ਇੱਥੇ ਉਹ ਅਨੇਕਾਂ ਛੋਟੇ-ਵੱਡੇ ਖ਼ਿਤਾਬ ਜਿੱਤਦਾ ਹੋਇਆ ਪੂਰੇ ਮਦੀਰਾ ਟਾਪੂ ਦੇ ਨੌਜਵਾਨਾਂ ਵਿਚ ਸਭ ਤੋਂ ਹਰਮਨ-ਪਿਆਰਾ ਖਿਡਾਰੀ ਬਣ ਗਿਆ | ਆਪਣੀ ਬਾਰਾਂ ਸਾਲ ਦੀ ਉਮਰ ਵਿਚ ਰੋਨਾਲਡੋ ਨੂੰ ਫੁੱਟਬਾਲ ਦੇ ਖੇਤਰ 'ਚ ਆਪਣੇ ਭਵਿੱਖ ਲਈ ਆਪਣੀ ਰਿਹਾਇਸ਼ ਮਦੀਰਾ ਟਾਪੂ ਛੱਡ ਕੇ ਪੁਰਤਗਾਲ ਦੀ ਰਾਜਧਾਨੀ ਲਿਸਬਨ ਆਉਣਾ ਪਿਆ | ਸਪੋਰਟਿੰਗ ਲਿਸਬਨ (Supporting 3.P.) ਕਲੱਬ ਵਿਚ ਰੋਨਾਲਡੋ ਦਾ ਤਿੰਨ ਦਿਨਾ ਟਰਾਇਲ ਚੱਲਿਆ | ਇਨ੍ਹਾਂ ਤਿੰਨ ਦਿਨਾਂ 'ਚ ਕਲੱਬ ਦੇ ਕੋਚ ਹੈਰਾਨ ਸਨ ਕਿ ਰੋਨਾਲਡੋ ਫੁੱਟਬਾਲ ਨਾਲ ਕਿਵੇਂ ਕਲੋਲਾਂ ਕਰਦਾ ਹੈ | ਰੋਨਾਲਡੋ ਦੇ ਫੁੱਟਬਾਲ ਉੱਤੇ ਕੰਟਰੋਲ ਅਤੇ ਉਸਦੀ ਬੇ-ਮਿਸਾਲ ਰਫ਼ਤਾਰ ਨੇ ਕੋਚਾਂ ਦੀ ਟੀਮ ਨੂੰ ਕੀਲ ਕੇ ਰੱਖ ਲਿਆ | ਨਤੀਜ਼ੇ ਵਜੋਂ ਸਪੋਰਟਿੰਗ ਲਿਸਬਨ ਨੇ ਰੋਨਾਲਡੋ ਨੂੰ ਪੰਦਰਾਂ ਸੌ ਪੌਂਡ ਬਦਲੇ ਸਾਈਨ ਕਰ ਲਿਆ, ਜੋ ਉਸ ਸਮੇਂ ਬਾਰਾਂ-ਤੇਰਾਂ ਸਾਲ ਦੇ ਰੋਨਾਲਡੋ ਲਈ ਬਹੁਤ ਵੱਡੀ ਰਕਮ ਸੀ | ਇਹ ਉਹ ਸਮਾਂ ਸੀ ਜਦੋਂ ਕਿ੍ਸਟੀਆਨੋ ਰੋਨਾਲਡੋ ਪਹਿਲੀ ਵਾਰ ਆਪਣੇ ਘਰ ਤੋਂ ਦੂਰ ਰਹਿਣ ਲਈ ਮਜਬੂਰ ਹੋਇਆ ਸੀ | ਉੱਧਰ ਮਾਂ ਨੇ ਵੀ ਉਸਦੇ ਅੰਦਰ ਛੁਪੇ ਹੁਨਰ ਦੀ ਪਹਿਚਾਣ ਕਰਦਿਆਂ ਆਪਣੇ ਕਾਲਜੇ 'ਤੇ ਪੱਥਰ ਧਰਦਿਆਂ ਰੋਨਾਲਡੋ ਨੂੰ ਪੂਰੀ ਤਰ੍ਹਾਂ ਫੁੱਟਬਾਲ ਦੇ ਹਵਾਲੇ ਕਰ ਦਿੱਤਾ | ਰੋਨਾਲਡੋ ਪੰਦਰਾਂ ਸਾਲ ਦਾ ਹੋਇਆ ਤਾਂ ਪਰਿਵਾਰ ਉੱਤੇ ਨਵੀਂ ਆਫ਼ਤ ਆ ਪਈ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰੋਨਾਲਡੋ ਦੇ ਦਿਲ ਦੀ ਧੜਕਣ ਨਾਰਮਲ ਨਹੀਂ ਹੈ ਅਤੇ ਫੁੱਟਬਾਲ ਦੇ ਮੈਦਾਨ 'ਚ ਪੈਰ ਧਰਨਾ ਉਸ ਲਈ ਕਦੇ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ | ਪਰ ਪਰਿਵਾਰ ਡੋਲਿਆ ਨਹੀਂ | ਔਖਿਆਂ ਸੌਖਿਆਂ ਰੋਨਾਲਡ ਦੇ ਦਿਲ ਦਾ ਆਪਰੇਸ਼ਨ ਕਰਵਾਇਆ ਗਿਆ ਅਤੇ ਤੰਦਰੁਸਤ ਹੁੰਦੇ ਸਾਰ ਹੀ ਰੋਨਾਲਡੋ ਫੁੱਟਬਾਲ ਦੇ ਮੈਦਾਨ 'ਚ ਮੁੜ ਕੁੱਦ ਪਿਆ |
ਅਜਿਹੇ ਅਨੇਕਾਂ ਉਤਰਾਵਾਂ-ਚੜ੍ਹਾਵਾਂ ਦੇ ਬਾਵਜੂਦ ਰੋਨਾਲਡੋ ਨੇ ਸਪੋਰਟਿੰਗ ਲਿਸਬਨ ਦੇ ਇਤਿਹਾਸ 'ਚ ਅਜਿਹੇ ਮੀਲ ਪੱਥਰ ਗੱਡੇ ਕਿ ਉਹ ਸੀ. ਪੀ. ਦਾ ਇਕਲੌਤਾ ਅਜਿਹਾ ਖਿਡਾਰੀ ਬਣਿਆ ਜੋ ਇਕੋ ਸੀਜ਼ਨ ਵਿਚ ਪੰਜ ਵੱਖੋ-ਵੱਖਰੇ ਪੱਧਰਾਂ 'ਤੇ ਖੇਡ ਰਿਹਾ ਸੀ | ਇਕ ਪੇਸ਼ੇਵਰ ਖਿਡਾਰੀ ਵਜੋਂ ਰੋਨਲਡੋ ਨੇ 7 ਅਕਤੂਬਰ 2002 ਨੂੰ ਸਤਾਰਾਂ ਸਾਲ ਦੀ ਉਮਰ ਵਿਚ ਖੇਡੇ ਪਹਿਲੇ ਮੈਚ ਵਿਚ ਹੀ ਦੋ ਗੋਲ ਦਾਗ ਦਿੱਤੇ | 06 ਅਗਸਤ 2003 ਨੂੰ ਖੇਡਿਆ ਗਿਆ ਇਕ ਦੋਸਤਾਨਾਂ ਫੁਟਬਾਲ ਟੂਰਨਾਮੈਂਟ ਜਿਸ ਨੇ ਫ਼ਿਲਮੀ ਢੰਗ ਨਾਲ ਰੋਨਾਲਡੋ ਦੀ ਦੁਨੀਆ ਹੀ ਬਦਲ ਦਿੱਤੀ | ਇਹ ਦੋਸਤਾਨਾ ਮੈਚ ਰੋਨਲਡੋ ਦੇ 'ਸਪੋਰਟਿੰਗ ਲਿਸਬਨ ਕਲੱਬ' ਅਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਕਲੱਬ 'ਮੈਨਚੈਸਟਰ ਯੂਨਾਈਟਿਡ' ਵਿਚਕਾਰ ਖੇਡਿਆ ਗਿਆ | ਇੱਥੇ ਖੇਡਦਿਆਂ ਅਠਾਰਾਂ ਸਾਲ ਦੇ ਮਰੀਅਲ ਜਿਹੇ ਰੋਨਾਲਡੋ ਨੇ ਫੁੱਟਬਾਲ ਦੀਆਂ ਅਜਿਹੀਆਂ ਘਨੱਤਰੀਆਂ ਘੁਮਾਈਆਂ ਕਿ ਮੈਨਚੈਸਟਰ ਯੂਨਾਈਟਿਡ ਦੇ ਤਜਰਬੇਕਾਰ ਜੌਨ ਓਸ਼ੀਆ ਵਰਗੇ ਡਿਫੈਂਡਰ ਮੈਚ ਦੇ ਅੱਧ ਤੱਕ ਹੀ ਬੁਰੀ ਤਰ੍ਹਾਂ ਚਕਰਾਅ ਗਏ | ਮੈਚ ਖਤਮ ਹੁੰਦੇ ਸਾਰ ਮੈਨਚੈਸਟਰ ਯੂਨਾਈਟਿਡ ਕਲੱਬ ਦੇ ਮੈਨੇਜਰ ਸਰ ਐਲੈਕਸ ਫਰਗੂਸਨ (Sir 1lex 6erguson) ਉੱਪਰ ਰੋਨਾਲਡੋ ਦਾ ਅਜਿਹਾ ਜਾਦੂ ਛਾਇਆ ਕਿ ਉਸ ਨੇ ਪੱਕੀ ਧਾਰ ਲਈ ਕਿ ਉਹ ਵਿਰੋਧੀ ਕਲੱਬ ਸਪੋਰਟਿੰਗ ਲਿਸਬਨ ਦੇ ਇਸ ਮਰੀਅਲ ਜਿਹੇ ਖਿਡਾਰੀ ਕਿ੍ਸਟੀਆਨੋ ਰੋਨਾਲਡੋ ਨੂੰ ਆਪਣੇ ਨਾਲ ਲਿਜਾਏ ਬਗੈਰ ਆਪਣੇ ਵਤਨ ਨਹੀਂ ਪਰਤੇਗਾ | ਉਧਰ ਡਰੈਸਿੰਗ ਰੂਮ ਵਿਚ ਵੀ ਮੈਨਚੈਸਟਰ ਯੂਨਾਈਟਿਡ ਕਲੱਬ ਦੇ ਦਿੱਗਜ ਖਿਡਾਰੀ ਰੀਓ ਫਰਡੀਨੈਂਸ ਅਤੇ ਰੋਏ ਕੀਨ ਵਰਗਿਆਂ ਨੇ ਵੀ ਇਹੋ ਸਲਾਹ ਦਿੱਤੀ ਕਿ ਸਾਡੇ ਕੱਲਬ ਨੂੰ ਇਹ ਖਿਡਾਰੀ ਹਰ ਕੀਮਤ 'ਤੇ ਸਾਈਨ ਕਰਨਾ ਚਾਹੀਦਾ ਹੈ | ਇਸ ਤਰ੍ਹਾਂ 'ਮੈਨਚੈਸਟਰ ਯੂਨਾਈਟਿਡ' ਕਲੱਬ ਦੇ ਪ੍ਰਮੁੱਖ ਅਹੁਦੇਦਾਰ 12 ਅਗਸਤ 2003 ਨੂੰ ਕਿ੍ਸਟੀਆਨੋ ਰੋਨਾਲਡੋ ਨੂੰ ਆਪਣਾ ਬਣਾ ਕੇ ਹੀ ਆਪਣੇ ਵਤਨ ਪਰਤੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98154-61875

Ad Position 22
No active advertisement
ਪਿਛਲੀ ਖ਼ਬਰ ਵਸਦਾ ਰਹੇ ਮੇਰੇ ਬਾਬਲ ਦਾ ਵਿਹੜਾ.... ਅਗਲੀ ਖ਼ਬਰ ਅਤੀਤ ਨਾਲੋਂ ਭਵਿੱਖ ਜ਼ਿਆਦਾ ਮਹੱਤਵਪੂਰਨ ਹੈ : ਲਿਓਨੇਲ ਮੈਸੀ
Ad Position 24
No active advertisement