ਧੀਆਂ ਸਦਾ ਹੀ ਸੱਚੇ ਦਿਲੋਂ ਮਾਪਿਆਂ ਦੇ ਵਿਹੜੇ ਦੀ ਖ਼ੈਰ ਮੰਗਦੀਆਂ ਹਨ | ਵਿਆਹ-ਸ਼ਾਦੀ ਉਪਰੰਤ ਜਦੋਂ ਕਦੇ ਦੂਰ ਬਿਗਾਨੜੇ ਦੇਸ਼ ਵੀ ਉਡਾਰੀ ਮਾਰ ਜਾਂਦੀਆਂ ਹਨ, ਤਾਂ ਵੀ ਜਿਸ ਵਿਹੜੇ ਵਿਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਮਾਪਿਆਂ ਤੇ ਭੈਣਾਂ-ਭਰਾਵਾਂ ਨਾਲ ਵਿਚਰੀਆਂ ਹੁੰਦੀਆਂ ਹਨ, ਉਸ ਵਿਹੜੇ ਦੀ ਸਦਾ ਸਲਾਮਤੀ ਲਈ ਦੁਆਵਾਂ ਕਰਦੀਆਂ ਨਹੀਂ ਥੱਕਦੀਆਂ | ਧੀਆਂ ਦੀ ਜ਼ਿੰਦਗੀ ਦਾ ਵੀ ਕੁਦਰਤ ਨੇ ਅਜੀਬ ਦਸਤੂਰ ਸਿਰਜਿਆ ਹੋਇਆ ਹੈ | ਜਿਸ ਘਰ ਜਨਮ ਲੈਂਦੀਆਂ ਹਨ, ਉਸ ਘਰ ਨੂੰ ਸਜਾਉਂਦੀਆਂ, ਸਵਾਰਦੀਆਂ, ਸਲੀਕੇ ਤੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੀਆਂ, ਪੂਰੇ ਘਰ ਨਾਲ ਮੋਹ ਤੇ ਮੁਹੱਬਤ ਦੀਆਂ ਪੀਡੀਆਂ ਤੰਦਾਂ ਨਾਲ ਇਸ ਕਦਰ ਬੱਝ ਜਾਂਦੀਆਂ ਹਨ ਕਿ ਜਿਵੇਂ ਸਾਰੀ ਉਮਰ ਵਿਹੜੇ ਦੀ ਰੌਣਕ ਹੀ ਬਣੀ ਰਹਿਣਾ ਹੋਵੇ | ਪਰ ਸਮਾਜਿਕ ਦਸਤੂਰ ਵਿਚ ਬੱਝੇ ਮਾਪਿਆਂ ਨੂੰ ਇਕ ਦਿਨ ਘਰ ਦੀ ਧੀ-ਧਿਆਣੀ ਨੂੰ , ਕਿਸੇ ਹੋਰ ਘਰ ਨੂੰ ਵਸਾਉਣ ਲਈ ਆਪਣੇ ਹੱਥੀਂ ਤੋਰਨਾ ਪੈਂਦਾ ਹੈ | ਮਾਪੇ ਅਕਸਰ ਹੀ ਦੁਆਵਾਂ ਕਰਦੇ ਹਨ ਕਿ ਉਨ੍ਹਾਂ ਦੀ ਧੀ ਹਮੇਸ਼ਾ ਸੁਖੀ ਵਸੇ |
ਪਹਿਲੇ ਸਮਿਆਂ ਵਿਚ ਤਾਂ ਮਾਪੇ ਧੀ ਦੇ ਜਨਮ ਤੋਂ ਬਾਅਦ ਹੀ, ਉਸ ਨੂੰ ਵਿਆਹ-ਸ਼ਾਦੀ ਕਰ ਕੇ ਸਹੁਰੇ ਘਰ ਤੋਰਨ ਦੇ ਫਿਕਰਾਂ ਵਿਚ ਪੈ ਜਾਂਦੇ ਸਨ | ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਉਣ ਦਾ ਬਹੁਤਾ ਰਿਵਾਜ਼ ਨਹੀਂ ਸੀ | ਘਰ-ਪਰਿਵਾਰ ਨੂੰ ਸੰਭਾਲਣ ਦੇ ਸਾਰੇ ਕੰਮਾਂ ਵਿਚ ਉਨ੍ਹਾਂ ਨੂੰ ਪ੍ਰਵੀਨ ਕੀਤਾ ਜਾਂਦਾ ਸੀ | ਮਾਵਾਂ, ਦਾਦੀਆਂ, ਨਾਨੀਆਂ, ਚਾਚੀਆਂ, ਤਾਈਆਂ ਅਕਸਰ ਹੀ ਧੀਆਂ ਨੂੰ ਟੋਕਦੀਆਂ ਕਿ ਸਾਰੇ ਕੰਮ ਚੱਜ ਨਾਲ ਸਿੱਖ ਲਉ, ਨਹੀਂ ਤਾਂ ਸਹੁਰੇ ਘਰ ਜਾ ਕੇ ਔਖੀਆਂ ਹੋਵੋਂਗੀਆਂ | ਸਚਿਆਰੀਆਂ ਕੁੜੀਆਂ ਸਾਰੇ ਕੰਮ ਹੱਥੀਂ ਕਰਨੇ ਸਿੱਖ ਲੈਂਦੀਆਂ ਤਾਂ ਕਿ ਸੱਸ ਨੂੰ ਮਿਹਣੇ ਮਾਰਨ ਤੇ ਟੋਕਣ ਦਾ ਮੌਕਾ ਨਾ ਮਿਲੇ | ਪਰ ਕੁੜੀਆਂ ਦੇ ਮਨ ਵਿਚ ਵਿਆਹ ਤੋਂ ਪਹਿਲਾਂ ਹੀ ਸਮਾਜ ਵਲੋਂ ਸੱਸਾਂ ਦਾ ਡਰ ਇਸ ਕਦਰ ਪਾ ਦਿੱਤਾ ਜਾਂਦਾ ਜਿਵੇਂ ਉਹ ਕੋਈ ਹਊਆ ਹੋਣ | ਸੱਸਾਂ-ਨੂੰਹਾਂ ਵਿਚ ਲੜਾਈਆਂ , ਝਗੜੇ, ਬੋਲ-ਬੁਲਾਰਾ, ਮਿਹਣੇ-ਕੁਮਿਹਣੇ ਸਦੀਆਂ ਤੋਂ ਚੱਲਦੇ ਆ ਰਹੇ ਹਨ | ਗੱਲ ਭਾਵੇਂ ਕੋਈ ਮਮੂਲੀ ਜਿਹੀ ਹੀ ਹੋਵੇ, ਪਰ ਗ਼ਲਤ-ਫ਼ਹਿਮੀ ਕਾਰਨ ਕਈ ਵਾਰ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ | ਅਜਿਹੀ ਸਥਿਤੀ ਵਿਚ ਵਿਆਹੀ ਮੁਟਿਆਰ ਨੂੰ ਆਪਣਾ ਪੇਕਾ ਘਰ ਬਹੁਤ ਯਾਦ ਆਉਂਦਾ ਹੈ |
ਜਿਹੜੇ ਘਰ ਧੀ ਹੋਵੇ, ਉਸ ਘਰ ਦਾ ਰੱਖ-ਰਖਾਅ, ਸਲੀਕਾ, ਸਾਫ਼-ਸਫ਼ਾਈ ਤੇ ਸਜਾਵਟ ਨਿਵੇਕਲੀ ਹੀ ਹੁੰਦੀ ਹੈ | ਭਾਵੇਂ ਹੁਣ ਸਮਾਂ ਬਦਲ ਗਿਆ ਹੈ ਤੇ ਮਾਪੇ ਧੀਆਂ ਨੂੰ ਵੀ ਪੜ੍ਹਾਉਣ ਤੇ ਪੈਰਾਂ 'ਤੇ ਖੜ੍ਹੇ ਕਰਨ ਪ੍ਰਤੀ ਬਹੁਤ ਹੱਦ ਤੱਕ ਜਾਗਰੂਕ ਹੋ ਗਏ ਹਨ | ਸਮਾਜ ਵੱਲ ਨਜ਼ਰ ਮਾਰੀਏ ਤਾਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਧੀਆਂ ਨੇ ਆਪਣੀ ਸੂਝ-ਬੂਝ, ਮਿਹਨਤ, ਲਗਨ ਤੇ ਕਾਬਲੀਅਤ ਨਾਲ, ਉੱਚੇ ਅਹੁਦਿਆਂ 'ਤੇ ਪਹੁੰਚ ਕੇ ਸਮਾਜ ਨੂੰ ਹੈਰਾਨ ਕਰ ਦਿੱਤਾ ਹੈ | ਜੀਵਨ ਦਾ ਕੋਈ ਵੀ ਖੇਤਰ ਹੋਵੇ, ਕੁੜੀਆਂ ਨੇ ਹਰ ਥਾਂ ਵੱਡਾ ਨਾਮਣਾ ਖੱਟਿਆ ਹੈ | ਮਾਪੇ ਵੀ ਬਹੁਤ ਖ਼ੁਸ਼ੀ ਤੇ ਚਾਅ ਨਾਲ ਧੀਆਂ ਨੂੰ ਸਿੱਖਿਅਤ ਕਰਨ ਤੇ ਉਨ੍ਹਾਂ ਦੀ ਹਰ ਰੀਝ ਪੂਰੀ ਕਰਨ ਲਈ, ਔਖੇ ਹੋ ਕੇ ਵੀ ਤਿਆਰ ਹੋ ਜਾਂਦੇ ਹਨ | ਕਈ ਵਾਰ ਮਾਪੇ ਭਵਿੱਖ ਦੀਆਂ ਸੋਚਾਂ ਸੋਚਦਿਆਂ ਖਰਚ ਮੁੰਡੇ 'ਤੇ ਜ਼ਿਆਦਾ ਕਰਦੇ ਹਨ, ਪਰ ਪੜ੍ਹ ਧੀ ਜ਼ਿਆਦਾ ਜਾਂਦੀ ਹੈ | ਸਮਾਜ ਲਈ ਇਹ ਗੰਭੀਰ ਸਮੱਸਿਆ ਬਣ ਰਹੀ ਹੈ ਕਿ ਅੱਜ-ਕੱਲ੍ਹ ਬਹੁਤ ਘੱਟ ਮੁੰਡੇ ਮਾਪਿਆਂ ਦੇ ਕਹਿਣੇਕਾਰ ਬਣ ਕੇ ਮਿਹਨਤ ਨਾਲ ਪੜ੍ਹਨ ਤੋਂ ਅਣਗਹਿਲੀ ਕਰ ਰਹੇ ਹਨ | ਦੂਜੇ ਪਾਸੇ ਕੁੜੀਆਂ ਪੜ੍ਹਾਈ ਸਮੇਤ ਹਰ ਪਾਸੇ ਹੀ ਮੋਹਰੀ ਹਨ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ |
ਸਿਆਣੀਆਂ ਤੇ ਸਚਿਆਰੀਆਂ ਮਾਵਾਂ ਕੁੜੀਆਂ ਨੂੰ , ਜ਼ਿੰਦਗੀ ਦੇ ਰਾਹਾਂ 'ਤੇ ਸੁਚਾਰੂ ਰੂਪ ਵਿਚ ਚੱਲਦੇ ਰਹਿਣ ਲਈ, ਰਸੋਈ ਤੋਂ ਲੈ ਕੇ ਹਰ ਕੰਮ ਵਿਚ ਮੁਹਾਰਤ ਹਾਸਿਲ ਕਰਾਉਂਦੀਆਂ ਹਨ ਤਾਂ ਕਿ ਉਹ ਅਗਲੇਰੀ ਜ਼ਿੰਦਗੀ ਵਿਚ ਕਿਸੇ ਪ੍ਰੇਸ਼ਾਨੀ ਤੋਂ ਬੱਚ ਸਕਣ | ਉਂਜ ਵੀ ਔਰਤ ਭਾਵੇਂ, ਜਿੰਨੇ ਮਰਜ਼ੀ ਉੱਚੇ ਅਹੁਦੇ 'ਤੇ ਹੋਵੇ ਪਰ ਉਸਦਾ ਘਰੇਲੂ ਕੰਮਾਂ ਵਿਚ ਪ੍ਰਵੀਨ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ | ਇਸ ਦਾ ਭਾਵ ਇਹ ਨਹੀਂ ਕਿ ਘਰ ਦੇ ਹੋਰ ਜੀਆਂ ਤੇ ਜੀਵਨ-ਸਾਥੀ ਨੂੰ ਕੁਝ ਨਹੀਂ ਕਰਨਾ ਚਾਹੀਦਾ |
ਪਰ ਅਸਲ ਗੱਲ ਇਹ ਹੈ ਕਿ ਸਮਾਜ ਅੱਜ ਵੀ ਇਹੀ ਤਵੱਕੋ ਕਰਦਾ ਹੈ ਕਿ ਉਨ੍ਹਾਂ ਦੇ ਘਰ ਆਈ ਨੂੰ ਹ-ਰਾਣੀ ਨੂੰ ਹਰ ਕੰਮ ਆਉਂਦਾ ਹੋਵੇ | ਧੀਆਂ ਨੂੰ ਤਾਂ ਅਕਸਰ ਹੀ ਮਾਪੇ ਝਿੜਕਾਂ ਮਾਰ ਕੇ ਵੀ ਕੰਮ ਕਰਾ ਲੈਂਦੇ ਹਨ | ਘਰਾਂ ਦੇ ਅਨੇਕਾਂ ਕੰਮ ਹੁੰਦੇ ਹਨ, ਜਿਹੜੇ ਮਾਂ ਆਪਣੀ ਧੀ ਨੂੰ ਸਿਖਾਉਂਦੀ ਹੈ, ਤਾਂ ਕਿ ਉਹ ਜੀਵਨ ਵਿਚ ਕਿਸੇ ਨਮੋਸ਼ੀ ਤੇ ਘਟੀਆਪਨ ਦੇ ਅਹਿਸਾਸ ਤੋਂ ਬਚ ਸਕੇ |
ਧੀਆਂ ਘਰਾਂ ਦੀ ਰੌਣਕ ਹੁੰਦੀਆਂ ਹਨ | ਕਿਸੇ ਧੀ ਦੇ ਜਨਮ ਸਮੇਂ ਮਾਪੇ ਭਾਵੇਂ ਜਿੰਨੇ ਮਰਜ਼ੀ ਉਦਾਸ ਹੋਏ ਹੋਣ ਪਰ ਉਹੀ ਧੀ ਹੌਲੀ-ਹੌਲੀ ਸਾਰੇ ਟੱਬਰ ਦੇ ਜੀਆਂ ਤੋਂ ਏਨਾ ਲਾਡ ਤੇ ਪਿਆਰ ਲੈਂਦੀ ਹੈ ਕਿ ਸਾਰੇ ਘਰ ਦੀ ਚਹੇਤੀ ਬਣ ਜਾਂਦੀ ਹੈ | ਘਰਾਂ ਦੇ ਕੰਮ ਸਵਾਰਦੀਆਂ, ਘਰਾਂ ਵਿਚ ਚਹਿਕਦੀਆਂ ਟਹਿਕਦੀਆਂ, ਮਾਪਿਆਂ ਨੂੰ ਪਿਆਰ ਨਾਲ ਮੋਹ ਲੈਂਦੀਆਂ ਧੀਆਂ, ਇਕ ਦਿਨ ਪੇਕਿਆਂ ਦੇ ਵਿਹੜੇ ਨੂੰ ਸੁੰਨਾ ਕਰ ਕੇ, ਕਿਸੇ ਹੋਰ ਘਰ ਵਿਚ ਜਾ ਰੌਣਕ ਲਾਉਂਦੀਆਂ ਹਨ | ਹੁਣ ਸਮੇਂ ਦੀ ਲੋੜ ਅਨਸਾਰ ਧੀਆਂ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿਚ ਸਿੱਖਿਆ ਪ੍ਰਾਪਤ ਕਰ ਕੇ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ |
ਵਿਆਹ-ਸ਼ਾਦੀ ਉਪਰੰਤ ਅਨੇਕਾਂ ਮਾਪੇ ਆਪਣੀਆਂ ਧੀਆਂ ਦੀ ਬਦੌਲਤ ਹੀ ਵਿਦੇਸ਼ਾਂ ਵਿਚ ਜਾਣ ਦੇ ਕਾਬਲ ਹੋਏ ਹਨ | ਕਈ ਧੀਆਂ, ਮਾਪਿਆਂ ਦੀ, ਪੁੱਤਾਂ-ਨੂੰਹਾਂ ਨਾਲੋਂ ਵੀ ਵੱਧ ਸੇਵਾ-ਸੰਭਾਲ ਕਰਦੀਆਂ ਹਨ | ਧੀ ਨੂੰ ਪਿਆਰ ਕਰਨ ਵਾਲੇ ਮਾਪੇ, ਆਪਣੀ ਨੂੰ ਹ ਵਿਚੋਂ ਵੀ ਧੀ ਹੀ ਦੇਖਦੇ ਹਨ, ਇਸ ਕਾਰਨ ਹੀ ਉਹ ਨੂੰ ਹ ਨੂੰ ਕਿਸੇ ਬਿਗਾਨੇਪਨ ਦਾ ਅਹਿਸਾਸ ਨਹੀਂ ਹੋਣ ਦਿੰਦੇ | ਅਸਲ ਗੱਲ ਇਹ ਹੈ ਕਿ ਧੀ ਨੇ ਤਾਂ ਇਕ ਦਿਨ ਸਹੁਰੇ ਘਰ ਜਾ ਵਸਣਾ ਹੈ, ਤੇ ਅਸਲ ਧੀ ਤਾਂ ਘਰ ਦੀ ਨੂੰ ਹ-ਰਾਣੀ ਹੀ ਹੁੰਦੀ ਹੈ |
ਜਿਹੜੇ ਘਰ ਵਿਚ ਧੀ ਨੇ ਜਨਮ ਤੋਂ ਲੈ ਕੇ ਵਿਆਹ-ਸ਼ਾਦੀ ਹੋਣ ਤੱਕ, ਜੀਵਨ ਦੇ ਅਨੇਕਾਂ ਰੰਗ ਮਾਣੇ ਹੁੰਦੇ ਹਨ, ਉਹ ਕਿਤੇ ਦੂਰ ਵੀ ਚਲੀ ਜਾਵੇ ਤਾਂ ਉਹ ਘਰ ਉਹਦੇ ਮਨ ਵਿਚ ਸਦਾ ਲਈ ਵਸਿਆ ਰਹਿੰਦਾ ਹੈ | ਉਹ ਸਹੁਰੇ ਘਰ ਬੈਠੀ ਵੀ ਮਾਪਿਆਂ ਦੀ ਫ਼ਿਕਰ ਕਰਦੀ, ਹਮੇਸ਼ਾਂ ਸੁੱਖਾਂ ਦੀ ਦੁਆ ਕਰਦੀ ਰਹਿੰਦੀ ਹੈ | ਜੇ ਮਾਂ-ਬਾਪ ਵਿਚੋਂ ਕੋਈ ਬਿਮਾਰ ਹੋਵੇ ਤਾਂ ਉਹ ਚਿੰਤਾ ਵਿਚ ਤੜਪ ਉੱਠਦੀ ਹੈ | ਅਕਸਰ ਹੀ ਉਹ ਮਾਪਿਆਂ ਨੂੰ ਚੰਗੇ ਡਾਕਟਰ ਨੂੰ ਦਿਖਾਉਣ, ਦਵਾਈ ਸਮੇਂ ਸਿਰ ਖਾਣ ਤੇ ਸਿਹਤ ਦਾ ਪੂਰਾ ਖਿਆਲ ਰੱਖਣ ਦੀਆਂ ਸਲਾਹਾਂ ਦਿੰਦੀ ਨਹੀਂ ਥੱਕਦੀ | ਜੇ ਨੇੜੇ ਹੋਵੇ ਤਾਂ ਮਾਪਿਆਂ ਨੂੰ ਹਰ ਸੁੱਖ-ਦੁੱਖ ਸਮੇਂ ਆਪ ਮਿਲ ਕੇ ਖ਼ੁਸ਼ੀ ਤੇ ਦਰਦ ਸਾਂਝਾ ਕਰਨ ਲਈ ਤਾਂਘਦੀ ਹੈ | ਗੀਤ ਦੇ ਬੋਲ ਵੀ ਅਜਿਹੀ ਸੱਚਾਈ ਨੂੰ ਹੀ ਬਿਆਨ ਕਰਦੇ ਹਨ; 'ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ.. | '
ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਸਹੁਰੇ ਘਰੋਂ ਧੀ ਜਦੋਂ ਮਾਪਿਆਂ ਨੂੰ ਮਿਲਣ ਆਊਾਦੀ ਹੈ, ਤਾਂ ਉਸ ਕੋਲੋਂ ਇਹ ਚਾਅ ਸਾਂਭਿਆ ਨਹੀਂ ਜਾਂਦਾ | ਮਾਪਿਆਂ ਦੇ ਬੈਠਿਆਂ ਤਾਂ ਪੇਕਾ ਘਰ ਵੀ, ਧੀ ਦੇ ਸਿਰ ਠੰਢੀਆਂ ਛਾਂਵਾਂ ਕਰਦਾ ਨਹੀਂ ਥੱਕਦਾ | ਧੀਆਂ, ਅਕਸਰ ਹੀ ਦੇਰ ਰਾਤ ਤੱਕ ਮਾਵਾਂ ਨਾਲ ਗੱਲਾਂ ਕਰਦੀਆਂ ਨਹੀਂ ਥੱਕਦੀਆਂ | ਹਰ ਵਾਰ ਹੀ ਪਤਾ ਨਹੀਂ ਉਹ ਕਿਹੜੇ ਦੁੱਖ-ਸੁੱਖ ਫਰੋਲਦੀਆਂ ਰਹਿੰਦੀਆਂ ਹਨ | ਕਈ ਵਾਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਵਿਆਹ ਨੂੰ ਲੱਗਭੱਗ ਚਾਰ ਦਹਾਕੇ ਹੋਣ ਵਾਲੇ ਹਨ, ਪਰ ਮੇਰੀ ਜੀਵਨ ਸਾਥਣ ਹੁਣ ਵੀ ਜਦੋਂ ਪੇਕੇ ਘਰ ਜਾਵੇ ਤਾਂ ਉਹ ਮਾਂ-ਧੀ ਪਤਾ ਨਹੀਂ ਘੰਟਿਆਂ-ਬੱਧੀ ਕਿਹੜੀਆਂ ਗੱਲਾਂ ਕਰਦੀਆਂ ਰਹਿੰਦੀਆਂ ਹਨ | ਸਿਆਣੇ ਕਹਿੰਦੇ ਨੇ ਮਾਂ-ਧੀ ਦੀ ਇਕ ਗੱਲ ਹੁੰਦੀ ਹੈ |
ਪੇਕਾ ਘਰ ਵੀ ਧੀਆਂ ਨੂੰ ਮਾਵਾਂ ਨਾਲ ਹੀ ਸੁਹਣਾ ਲੱਗਦਾ ਹੈ | ਮਾਂ-ਬਾਪ ਦੇ ਤੁਰ ਜਾਣ ਬਾਅਦ ਤਾਂ ਭਰਾ-ਭਰਜਾਈਆਂ ਹੀ ਕਿਸੇ ਧੀ ਲਈ, ਪੇਕਿਆਂ ਦੀ ਧਰੋਹਰ ਬਣਦੇ ਹਨ | ਜੇ ਤਾਂ ਆਪਸੀ ਪਿਆਰ, ਸਨੇਹ ਤੇ ਅਪਣੱਤ ਗੂੜ੍ਹੀ ਹੋਵੇ ਤਾਂ ਕਿਸੇ ਧੀ ਲਈ ਪੇਕੇ ਘਰ ਆਉਣਾ ਖ਼ੁਸ਼ੀਆਂ ਖੇੜਿਆਂ ਦਾ ਸਬੱਬ ਹੁੰਦਾ ਹੈ | ਪਰ ਅਜੋਕੇ ਸਮਿਆਂ ਨੇ ਬਹੁਤ ਕੁਝ ਬਦਲ ਦਿੱਤਾ ਹੈ | ਜਦੋਂ ਰਿਸ਼ਤੇ ਬੋਝ ਲੱਗਣ ਲੱਗ ਪੈਣ, ਉਦੋਂ ਸਾਂਝਾਂ ਦੀ ਤੰਦ ਕਮਜ਼ੋਰ ਹੋ ਜਾਂਦੀ ਹੈ | ਹਰ ਧੀ ਦੇ ਮਨ ਦੀ ਇਹ ਰੀਝ ਹੁੰਦੀ ਹੈ ਕਿ ਪੇਕੇ ਘਰ ਦਾ ਦਰਵਾਜ਼ਾ ਉਸ ਨੂੰ ਹਮੇਸ਼ਾਂ ਪਿਆਰ ਤੇ ਨਿੱਘੀ ਗਲਵੱਕੜੀ ਨਾਲ ਨਿਵਾਜ਼ਦਾ ਰਹੇ |
ਧੀਆਂ ਹਮੇਸ਼ਾਂ ਮਾਪਿਆਂ ਦਾ ਭਲਾ ਲੋੜਦੀਆਂ ਹਨ | ਅਜੋਕੇ ਸਮਿਆਂ ਵਿਚ, ਧੀਆਂ ਨਾਲ ਜੁੜੇ ਦਿਨ-ਦਿਹਾਰਾਂ ਨੂੰ ਪੈਸੇ ਤੇ ਪਦਾਰਥਿਕ ਵਸਤਾਂ ਨਾਲ ਜੋੜ ਕੇ ਦੇਖਣ ਦੀ ਪ੍ਰਵਿਰਤੀ ਨੇ ਆਪਸੀ ਸਨੇਹ-ਪਿਆਰ ਨੂੰ ਘਟਾ ਦਿੱਤਾ ਹੈ | ਅਸਲ ਵਿਚ, ਇਹ ਧੀ ਨਾਲ ਮੇਲ-ਮਿਲਾਪ ਦਾ ਇਕ ਸਬੱਬ ਹੀ ਹੁੰਦਾ ਹੈ, ਤਾਂ ਕਿ ਧੀ ਸਹੁਰੇ ਘਰ ਉਦਾਸ ਨਾ ਹੋਵੇ ਤੇ ਉਸ ਨੂੰ ਇਹ ਅਹਿਸਾਸ ਰਹੇ ਕਿ ਜਿਹੜੇ ਘਰ ਉਸ ਨੇ ਜ਼ਿੰਦਗੀ ਦੇ ਪੱਚੀ ਵਰ੍ਹੇ ਗੁਜ਼ਾਰੇ ਸਨ, ਉਸ ਘਰ ਦੇ ਵਿਹੜੇ ਵਿਚ ਵਸਦੇ ਜੀਅ ਅਜੇ ਵੀ ਉਸ ਨਾਲ ਮੋਹ ਕਰਦੇ ਹਨ | ਮਾਂ-ਬਾਪ, ਭਰਾ-ਭਰਜਾਈਆਂ ਧੀ ਦਾ ਪਿਆਰ ਤੇ ਅਪਣੱਤ ਨਾਲ ਸਿਰ ਹੀ ਪਲੋਸ ਦੇਣ ਤਾਂ, ਧੀ ਲਈ ਇਸ ਤੋਂ ਵੱਡੀ ਕੋਈ ਖ਼ੁਸ਼ੀ ਨਹੀਂ ਹੁੰਦੀ | ਅਨੇਕਾਂ ਧੀਆਂ, ਪੁੱਤਰਾਂ ਵਲੋਂ ਨਕਾਰੇ ਬਜ਼ੁਰਗ ਮਾਂ-ਬਾਪ ਨੂੰ ਸਾਂਭ ਕੇ ਆਪਣੇ ਫ਼ਰਜ਼ ਨਿਭਾਅ ਰਹੀਆਂ ਹਨ | ਆਪਣੇ ਪੇਕੇ ਘਰ ਨੂੰ ਵਸਦਾ-ਰਸਦਾ ਦੇਖਣ ਲਈ ਉਹ ਸਦਾ ਦੁਆਵਾਂ ਕਰਦੀਆਂ ਨਹੀਂ ਥੱਕਦੀਆਂ |
-ਮੋਬਾਈਲ : 98153-56086