ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਅਤੀਤ ਤੋਂ ਵਰਤਮਾਨ ਤੱਕ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 14-06-2026

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਪ੍ਰਬੰਧ ਚਲਾ ਰਹੀ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦੇ ਪ੍ਰਬੰਧ ਹੇਠ ਚਲਦੀ ਪ੍ਰਕਾਸ਼ਨ ਸੰਸਥਾ 'ਜੀ ਜੀ ਐੱਨ ਗਰਾਫਿਕਸ' ਵਲੋਂ ਪ੍ਰਕਾਸ਼ਿਤ ਮਹੱਤਵਪੂਰਨ ਪ੍ਰਕਾਸ਼ਨਾ 'ਗੁਜਰਾਂਵਾਲਾ: ਦਾ ਫਾਊਾਡਿੰਗ ਲੈਂਡ ਆਫ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ' ਦਾ ਪ੍ਰਕਾਸ਼ਨ ਸਿਰਫ਼ ਇਤਿਹਾਸਕ ਸਫ਼ਰ ਦਾ ਵੇਰਵਾ ਹੀ ਨਹੀਂ ਸਗੋਂ ਦੇਸ਼ ਵੰਡ ਤੋਂ ਪਹਿਲਾਂ ਗੁਜਰਾਂਵਾਲਾ (ਪਾਕਿਸਤਾਨ) ਤੋਂ 1889 ਤੋਂ ਆਰੰਭ ਹੋਈ ਗਿਆਨ ਯਾਤਰਾ ਦਾ ਸਫ਼ਰਨਾਮਾ ਹੈ ਜੋ ਖ਼ਾਲਸਾ ਹਾਈ ਸਕੂਲ ਗੁਜਰਾਂਵਾਲਾ ਤੋਂ ਸ਼ੁਰੂ ਹੋਇਆ | ਇਸ ਸਕੂਲ ਲਈ ਮਿਉਂਸਪਲ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਬਾਬੂ ਗੁਲਾਬ ਸਿੰਘ ਜੀ ਨੇ ਜ਼ਮੀਨ ਦਾਨ ਕੀਤੀ ਸੀ ਅਤੇ ਉਹੀ ਖ਼ਾਲਸਾ ਹਾਈ ਸਕੂਲ ਦੇ ਮੈਨੇਜਰ ਬਣੇ |
ਖ਼ਾਲਸਾ ਹਾਈ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਬਣੇ ਸ. ਨਾਰਾਇਣ ਸਿੰਘ ਵਕੀਲ ਦੀ ਦੂਰਦਰਸ਼ਤਾ ਕਾਰਨ 1917 ਵਿਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਬਣਿਆ ਜਿਸ ਦਾ ਨੀਂਹ ਪੱਥਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਰੱਖਿਆ | ਗੁਜਰਾਂਵਾਲਾ ਵਿਚ ਬਣੇ ਇਸ ਕਾਲਜ ਨੇ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਰਾਜਨੀਤਕ ਖੇਤਰ ਦੇ ਸੈਂਕੜੇ ਸ਼ਾਹ ਅਸਵਾਰ ਪੈਦਾ ਕੀਤੇ |
ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਵਰਤਮਾਨ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਜੀ ਦੀ ਪ੍ਰੇਰਨਾ ਅਤੇ ਸੰਕਲਪਨਾ ਦਾ ਸਾਬਤ ਸਰੂਪ ਇਹ ਪੁਸਤਕ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਵਿਭਾਗ ਦੀ ਅਧਿਆਪਕ ਡਾ. ਮਨਦੀਪ ਕੌਰ ਰੰਧਾਵਾ ਦੀ ਖੋਜ ਦਾ ਪ੍ਰਤੀਫ਼ਲ ਹੈ |
ਇਸ 'ਕੌਫੀ ਟੇਬਲ ਬੁੱਕ' ਦੇ ਰੂਪ ਵਾਲੀ ਪੁਸਤਕ ਵਿਚ ਡਾ. ਮਨਦੀਪ ਕੌਰ ਰੰਧਾਵਾ ਨੇ ਸਭ ਤੋਂ ਪਹਿਲਾਂ ਡਾ. ਸ. ਪ. ਸਿੰਘ ਪ੍ਰਧਾਨ ਅਤੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਦਾ ਸਾਂਝਾ ਸੰਦੇਸ਼ ਪ੍ਰਕਾਸ਼ਮਾਨ ਕੀਤਾ ਹੈ | ਇਨ੍ਹਾਂ ਦੋਹਾਂ ਦੀ ਹਿੰਮਤ ਬਗ਼ੈਰ ਇਹ ਕਿਤਾਬ ਸਰੀਰਕ ਜਾਮਾ ਧਾਰਨ ਨਹੀਂ ਸੀ ਕਰ ਸਕਦੀ | ਇਹ ਦੋਵੇਂ ਸ਼ਖਸੀਅਤਾਂ ਗੁਜਰਾਂਵਾਲਾ ਤੋਂ ਲੁਧਿਆਣਾ ਤੀਕ ਪੁੱਜੀ ਮਘਦੀ ਜੀਵਨ ਮਸ਼ਾਲ ਦੇ ਵਾਹਕ ਕਾਫ਼ਲੇ ਦੇ ਫਰਜੰਦ ਹਨ | ਇਨ੍ਹਾਂ ਦੇ ਪੁਰਖਿਆਂ ਨੇ ਹੀ ਇਸ ਮਹਾਨ ਸੰਸਥਾ ਨੂੰ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਅਤੇ ਇਸ ਵਿਦਿਅਕ ਅਦਾਰੇ ਦੀ ਚੱਕਲੀ ਕੱਢ ਕੇ ਗੁਜਰਾਂਵਾਲਾ ਤੋਂ ਲੁਧਿਆਣਾ ਵਿਚ ਲਿਆ ਗੱਡੀ | ਇਸ ਮਹਾਨ ਸੰਸਥਾ ਵਿਚ ਮੈਨੂੰ ਹੀ ਨਹੀਂ ਸਗੋਂ ਮੇਰੇ ਪਰਿਵਾਰ ਦੇ ਅੱਠ ਜੀਆਂ ਨੂੰ ਪੜ੍ਹਨ ਦਾ ਮੌਕਾ ਮਿਲਿਆ |
ਡਾ. ਮਨਦੀਪ ਕੌਰ ਰੰਧਾਵਾ ਨੇ ਲੇਖਕ ਦੇ ਪੰਨੇ ਵਿਚ ਇਸ ਪੁਸਤਕ ਦੀ ਸਿਰਜਣਾ ਵਿਚ ਸਹਿਯੋਗੀ ਧਿਰਾਂ ਦਾ ਉਚੇਚਾ ਧੰਨਵਾਦ ਕੀਤਾ ਹੈ | ਉਨ੍ਹਾਂ ਪਾਕਿਸਤਾਨ ਦੇ ਪ੍ਰਮੁੱਖ ਖੋਜੀ ਵਿਦਵਾਨ ਤੇ ਇਤਿਹਾਸਕਾਰ ਇਕਬਾਲ ਕੈਸਰ ਤੇ ਸਲਮਾਨ ਕਮਰ ਤੋਂ ਇਲਾਵਾ ਅਮਰੀਕਾ ਵਸਦੇ ਪਾਕਿਸਤਾਨ ਵਿਚ ਰਹਿ ਗਈ ਅਣਮੋਲ ਵਿਰਾਸਤ ਦੇ ਪੇਸ਼ਕਾਰਾਂ. ਦਲਬੀਰ ਸਿੰਘ ਪੰਨੂ ਤੇ ਸਿਰਕੱਢ ਇਤਿਹਾਸਕਾਰ ਪ੍ਰੋ. ਪਿ੍ਥੀਪਾਲ ਸਿੰਘ ਕਪੂਰ ਸਮੇਤ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ. ਪ. ਸਿੰਘ ਤੇ ਸਮੂਹ ਮੈਂਬਰਾਂ ਦਾ ਸ਼ੁਕਰੀਆ ਅਦਾ ਕਰਦਿਆਂ ਸਹਿਕਰਮੀਆਂ ਵਲੋਂ ਮਿਲੇ ਉਤਸ਼ਾਹ ਨੂੰ ਵੀ ਪਰਵਾਨਿਆ ਹੈ |
ਪੁਸਤਕ ਦੇ ਪਹਿਲੇ ਪਲੇਠੇ ਕਾਂਡ ਵਿਚ ਗੁਜਰਾਂਵਾਲਾ ਬਾਰੇ ਪੰਛੀ ਝਾਤ ਰਾਹੀਂ ਡਾ. ਮਨਦੀਪ ਰੰਧਾਵਾ ਨੇ ਇਸ ਸ਼ਹਿਰ ਦੀ ਭੂਗੋਲਕ ਸਥਿਤੀ, ਉਸਾਰਨਹਾਰੇ ਅਤੇ ਮਹੱਤਵ ਬਾਰੇ ਗੱਲ ਤੋਰਦਿਆਂ ਦੱਸਿਆ ਹੈ ਕਿ ਗੁਜਰਾਂਵਾਲਾ ਸਿਰਫ਼ ਪੰਜ ਸੌ ਸਾਲ ਪੁਰਾਣਾ ਵਸੇਬਾ ਹੈ | ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਹੋਣ ਕਾਰਨ ਇਸ ਸ਼ਹਿਰ ਨੂੰ ਸਿੱਖ ਮਹਾਰਾਜੇ ਰਣਜੀਤ ਸਿੰਘ ਕਾਰਨ ਬਹੁਤ ਸਤਿਕਾਰਯੋਗ ਨਜ਼ਰ ਨਾਲ ਵੇਖਿਆ ਜਾਂਦਾ ਹੈ | ਕਿਲ੍ਹੇਬੰਦੀ ਵਿਚ ਘਿਰੇ ਇਸ ਸ਼ਹਿਰ ਦੇ ਪ੍ਰਵੇਸ਼ ਦੁਆਰ ਵੱਖ-ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ | ਗੱਖੜ ਮੰਡੀ, ਕਾਮੋ ਕੀ ਮੰਡੀ ਤੇ ਅਲੀਪੁਰ ਚੱਠਾ ਨੇੜਲੇ ਕਸਬੇ ਸਨ ਪਰ ਹੁਣ ਸ਼ਹਿਰ ਨੇ ਗੱਖੜ ਮੰਡੀ ਨੂੰ ਤਾਂ ਆਪਣੇ ਕਲ਼ਾਵੇ ਵਿਚ ਲੈ ਲਿਆ ਹੈ | ਰੇਲ ਸੰਪਰਕ ਕਾਰਨ ਇਸ ਸ਼ਹਿਰ ਵਿਚ ਉਦਯੋਗ ਵੀ ਵਿਕਸਤ ਹੋਇਆ ਹੈ | ਜੀ. ਟੀ. ਰੋਡ ਤੇ ਪੈਂਦਾ ਹੋਣ ਕਾਰਨ ਇਸ ਸ਼ਹਿਰ ਨੂੰ ਵਿਕਾਸ ਦੇ ਸਭ ਮੌਕੇ ਮਿਲਦੇ ਰਹੇ ਹਨ |
ਗੁਜਰਾਂਵਾਲਾ ਦੀ ਇਤਿਹਾਸਕ ਮਹੱਤਤਾ ਵਾਸਤੇ ਉਸ ਨੇ ਵੱਖਰਾ ਕਾਂਡ ਵਿਉਂਤਿਆ ਹੈ | ਇਸ ਵਿਚ ਉਹ ਪੂਰਬਲੇ ਪੁਸਤਕ ਹਵਾਲਿਆਂ ਦੀ ਭਰਪੂਰ ਵਰਤੋਂ ਨਾਲ ਲੇਖਿਕਾ ਸਮਝਾਉਂਦੀ ਹੈ ਕਿ ਇਹ ਸ਼ਹਿਰ ਮਨੁੱਖੀ ਵਿਕਾਸ, ਅੰਤਰ ਰਾਸ਼ਟਰੀ ਵਪਾਰ ਤੇ ਧਰਮਾਚਾਰ ਦੀ ਵਿਰਾਸਤ ਸੰਭਾਲੀ ਬੈਠਾ ਹੈ | ਐਮਨਾਬਾਦ, ਹਾਫ਼ਿਜ਼ਾਬਾਦ, ਖਾਨਗੜ੍ਹ ਡੋਗਰਾਂ ਦਾ ਹਵਾਲਾ ਗੁਜਰਾਂਵਾਲਾ ਤੋਂ ਵੀ ਪਹਿਲਾਂ ਬੋਲਦਾ ਹੈ | ਇਹ ਵੱਡੇ ਕਸਬੇ ਗੁਜਰਾਂਵਾਲਾ ਦੀਆਂ ਹੀ ਬਸਤੀਆਂ ਹਨ | ਇਹ ਗੱਲ ਵੀ ਇਸ ਕਿਤਾਬ ਨੇ ਹੀ ਦੱਸੀ ਹੈ ਕਿ ਗੁਜਰਾਂਵਾਲਾ ਨੂੰ ਪਹਿਲਾਂ ਖਾਨਪੁਰ ਸਾਂਹਸੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ | ਪਰ ਕੁਝ ਇਤਿਹਾਸਕਾਰ ਇਸ ਤੱਥ ਨੂੰ ਪ੍ਰਵਾਨ ਨਹੀਂ ਕਰਦੇ |
ਔਰੰਗਜ਼ੇਬ ਦੀ 1707 ਵਿਚ ਮੌਤ ਉਪਰੰਤ ਅਰਾਜਕਤਾ ਵਰਗੀਆਂ ਹੋਈਆਂ ਸਿਆਸੀ ਤਬਦੀਲੀਆਂ ਉਪਰੰਤ ਇਸ ਸ਼ਹਿਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਨੇ ਸਿੱਖ ਰਾਜ ਦੇ ਕੇਂਦਰ ਵਜੋਂ ਵਿਕਸਤ ਕਰਨਾ ਸ਼ੁਰੂ ਕਰ ਦਿੱਤਾ ਸੀ | ਉਸ ਦਾ ਬਾਪ ਨੌਧ ਸਿੰਘ ਨਵਾਬ ਕਪੂਰ ਸਿੰਘ ਦੀ ਮਿਸਲ ਫੈਜ਼ੁਲਪੁਰੀਆ ਵਿਚ ਸ਼ਾਮਿਲ ਸੀ | 1752 ਵਿਚ ਨੌਧ ਸਿੰਘ ਦੀ ਮੌਤ ਮਗਰੋਂ 1721 ਵਿਚ ਪੈਦਾ ਹੋਏ ਚੜ੍ਹਤ ਸਿੰਘ ਨੇ ਆਪਣੇ ਆਪ ਨੂੰ ਮਿਸਲ ਫੈਜ਼ੁਲਪੁਰੀਆ ਤੋਂ ਤੋੜ ਲਿਆ ਅਤੇ ਗੁਜਰਾਂਵਾਲਾ ਦੁਆਲੇ ਦੇ ਕੁਝ ਪਿੰਡਾਂ 'ਤੇ ਕਬਜ਼ਾ ਕਰਕੇ ਅਫ਼ਰਾ ਤਫ਼ਰੀ ਦਾ ਫਾਇਦਾ ਉਠਾਇਆ | 1765 ਵਿਚ ਚੜ੍ਹਤ ਸਿੰਘ ਨੇ ਗੁਜਰਾਂਵਾਲਾ ਨੂੰ ਆਪਣੀ ਰਾਜਧਾਨੀ ਬਣਾ ਲਿਆ |
ਉਸ ਨੇ ਏਥੇ ਕੱਚਾ ਕਿਲ੍ਹਾ ਵੀ ਉਸਾਰਿਆ | ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਨੇ ਆਪਣੀ ਲਿਆਕਤ ਨਾਲ ਗੁਜਰਾਂਵਾਲਾ ਨੂੰ ਮਹੱਤਵਪੂਰਨ ਸਥਾਨ ਵਜੋਂ ਵਿਕਸਤ ਕੀਤਾ | ਉਸ ਨੇ ਲਿਆਕਤਵਾਨ ਸਿੱਖਾਂ ਨੂੰ ਇਸ ਕਸਬੇ ਵਿਚ ਵਸਣ ਲਈ ਪਰੇਰਿਆ | ਕੁਮੇਦਾਨ ਗੁਰਦਿਆਲ ਸਿੰਘ ਉੱਪਲ ਦੀ ਸ਼ਹਿਰ ਵਿਚ ਆਮਦ ਵਰਦਾਨ ਸਾਬਤ ਹੋਈ | ਉਸ ਦਾ ਸਪੁੱਤਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਸਾਥੀ ਤੇ ਇਤਿਹਾਸ ਦਾ ਅਮਰ ਜਰਨੈਲ ਬਣਿਆ | ਚੜ੍ਹਤ ਸਿੰਘ ਤੇ ਮਹਾਂ ਸਿੰਘ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਨੂੰ ਸਿੱਖ ਰਾਜ ਦੇ ਕੇਂਦਰ ਵਜੋਂ ਸਤਿਕਾਰ ਦਿਵਾਇਆ | ਉਸ ਨੇ ਪੰਜਾਬ ਨੂੰ ਇਕ ਝੰਡੇ ਹੇਠ ਲਿਆਂਦਾ | ਚਾਲੀ ਸਾਲ ਰਾਜ ਕਰਕੇ ਰਣਜੀਤ ਸਿੰਘ ਜਦ ਅੱਖਾਂ ਮੀਟ ਗਿਆ ਤਾਂ ਮਗਰੋਂ ਪਰਿਵਾਰ ਮਾਰੋ-ਮਾਰੀ ਵਿਚ ਮੁੱਕ ਗਿਆ ਪਰ ਨਿੱਕਾ ਪੁੱਤਰ ਕੰਵਰ ਦਲੀਪ ਸਿੰਘ ਮਹਾਰਾਜਾ ਬਣਿਆ | ਉਸ ਤੋਂ ਅੰਗਰੇਜ਼ਾਂ ਨੇ ਚੁਸਤੀ ਨਾਲ ਰਾਜ ਭਾਗ ਹਥਿਆ ਲਿਆ | ਉਹ ਵੀ ਮਰ ਮੁੱਕ ਗਿਆ ਪਰ ਉਸ ਦੀ ਬੇਟੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੇ 1911 ਦੀ ਮਰਦਮ ਸ਼ੁਮਾਰੀ ਵਿਚ ਇੰਗਲੈਂਡ ਦੀਆਂ ਔਰਤਾਂ ਦੀ ਅਗਵਾਈ ਕਰਕੇ ਔਰਤ ਸ਼ਕਤੀ ਦਾ ਲੋਹਾ ਮੰਨਵਾਇਆ 

 (ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98726-31199

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਉਦੇਸ਼ ਨਾਲ ਜੇ ਸਮੇਂ ਦੀ ਹੱਦ ਨਾ ਬੰਨ੍ਹੀ ਜਾਵੇ ਤਾਂ ਉਹ ਸੁਪਨਾ ਹੀ ਅਖਵਾਉਂਦਾ ਹੈ | ¸ਡਾ: ਨਰਿੰਦਰ ਸਿੰ... ਅਗਲੀ ਖ਼ਬਰ ਵਸਦਾ ਰਹੇ ਮੇਰੇ ਬਾਬਲ ਦਾ ਵਿਹੜਾ....
Ad Position 24
No active advertisement