ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਰਿਸ਼ਤਿਆਂ ਦਾ ਤਾਣਾ ਬਾਣਾ

Ad Position 21
No active advertisement
ਅਜੀਤ ਡੈਸਕ 28-06-2026

ਰੁੱਖ ਤਾਂ ਇਕੱਲਾ ਰਹਿ ਸਕਦਾ ਹੈ ਪਰ ਮਨੁੱਖ ਨਹੀਂ। ਸਤਰੰਗੀ ਪੀਂਘ ਵਾਂਗ ਜ਼ਿੰਦਗੀ ਦੀ ਖ਼ੂਬਸੂਰਤੀ ਲਈ ਵੱਖ-ਵੱਖ ਰੰਗਾਂ ਦੇ ਰਿਸ਼ਤਿਆਂ ਦੀ ਲੋੜ ਪੈਂਦੀ ਹੈ। ਜ਼ਿੰਦਗੀ ਦੇ ਸਫ਼ਰ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ। ਬਹੁਤੀ ਵਾਰ ਰਿਸ਼ਤੇ ਇਸ ਸਫ਼ਰ ਦੀ ਗੁਣਵੱਤਾ, ਦਿਸ਼ਾ ਅਤੇ ਗਤੀ ਨੂੰ ਨਿਰਧਾਰਿਤ ਅਤੇ ਪ੍ਰਭਾਵਿਤ ਕਰਦੇ ਹਨ। ਇਹ ਸਿੱਧੇ ਅਤੇ ਅਸਿੱਧੇ ਤੌਰ 'ਤੇ ਸਾਡੀ ਸੋਚ, ਜੀਵਨ ਜਾਚ ਨੂੰ ਸੇਧ ਦਿੰਦੇ ਹਨ। ਰਿਸ਼ਤਿਆਂ ਨੂੰ ਖ਼ੂਨ ਦੇ ਰਿਸ਼ਤੇ, ਕਾਨੂੰਨ ਦੁਆਰਾ ਸਥਾਪਿਤ ਰਿਸ਼ਤੇ, ਉਹ ਜੋ ਅਸੀਂ ਆਪ ਬਣਾਉਂਦੇ ਹਾਂ ਅਤੇ ਰੂਹਾਨੀ ਰਿਸ਼ਤਿਆਂ ਦੇ ਸੰਦਰਭ ਵਿਚ ਵੇਖਿਆ ਜਾ ਸਕਦਾ ਹੈ। ਖੂਨ ਦੇ ਰਿਸ਼ਤੇ ਤਾਂ ਮਨੁੱਖ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਨੀਯਤ ਹੋ ਜਾਂਦੇ ਹਨ। ਇਨ੍ਹਾਂ ਦੀ ਚੋਣ ਸਾਡੇ ਵੱਸ ਨਹੀਂ ਹੈ। ਇਹ ਇਕ ਕੁਦਰਤੀ ਵਿਧਾਨ ਅਧੀਨ ਪ੍ਰਾਪਤ ਹੁੰਦੇ ਹਨ। ਅਧਿਆਤਮਿਕ ਤੌਰ 'ਤੇ ਵਿਚਾਰੀਏ ਤਾਂ ਇਹ ਸਾਡੇ ਪਿਛਲੇ ਕਰਮਾਂ ਦੀ ਉਪਜ ਹਨ। ਇਹ ਵਰਦਾਨ ਵੀ ਹੁੰਦੇ ਨੇ ਪਰ ਕਦੀ ਕਦੀ ਜੀਵਨ ਦੇ ਕਈ ਪੜਾਵਾਂ 'ਤੇ ਅਣਸੁਖਾਵੇਂ ਅਤੇ ਦੁਖਦਾਈ ਵੀ। ਕਾਨੂੰਨ ਦੁਆਰਾ ਸਥਾਪਿਤ ਰਿਸ਼ਤਿਆਂ ਦੀ ਵੰਨਗੀ ਵੱਖਰੀ ਹੈ ਜੋ ਆਮ ਤੌਰ 'ਤੇ ਸ਼ਾਦੀ ਨਾਲ ਸਥਾਪਿਤ ਹੁੰਦੇ ਹਨ। ਇਹ ਕਾਨੂੰਨ ਦੁਆਰਾ ਭੰਗ ਵੀ ਕੀਤੇ ਜਾ ਸਕਦੇ ਹਨ ਪਰ ਖ਼ੂਨ ਦੇ ਰਿਸ਼ਤਿਆਂ ਨੂੰ ਆਮ ਤੌਰ 'ਤੇ ਕਾਨੂੰਨ ਰਾਹੀਂ ਭੰਗ ਕਰਨਾ ਔਖਾ ਹੁੰਦਾ ਹੈ। ਭਾਵੇਂ ਜ਼ਿੰਦਗੀ ਦੇ ਉੱਚੇ ਤੋਂ ਉਚੇ ਮੁਕਾਮ 'ਤੇ ਵੀ ਪਹੁੰਚ ਜਾਓ ਇਨ੍ਹਾਂ ਦੀ ਹੋਂਦ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਇਨ੍ਹਾਂ ਨੂੰ ਨਿਭਾਉਣ ਵਿਚ ਆਪਣੀ ਚਾਹਤ ਬਹੁਤੀ ਵਾਰ ਕੰਮ ਨਹੀਂ ਆਉਂਦੀ। ਸਧਾਰਨ ਅਤੇ ਮੱਧ ਵਰਗੀ ਮਨੁੱਖ ਜ਼ਿੰਦਗੀ ਭਰ ਇਨ੍ਹਾਂ ਰਿਸ਼ਤਿਆਂ ਦੇ ਤਾਣੇ ਬਾਣੇ ਵਿਚ ਹੀ ਉਲਝਿਆ ਰਹਿੰਦਾ ਹੈ। ਤੀਜੀ ਕਿਸਮ ਦੇ ਰਿਸ਼ਤੇ ਉਹ ਹਨ ਜਿਨ੍ਹਾਂ ਨੂੰ ਅਸੀਂ ਵਿਅਕਤੀਗਤ ਪੱਧਰ 'ਤੇ ਸਥਾਪਤ ਕਰਦੇ ਹਾਂ। ਇਨ੍ਹਾਂ ਵਿਚ ਰਸਮਾਂ ਤੋਂ ਪਰ੍ਹ ਹਟ ਕੇ ਮਿਲਣ ਵਰਤਣ ਦੀ ਜ਼ਿਆਦਾ ਖੁੱਲ੍ਹ ਹੁੰਦੀ ਹੈ।
ਬਚਪਨ ਵਿਚ ਲਗਦਾ ਸੀ ਕਿ ਇਨ੍ਹਾਂ ਦੀ ਮਿਠਾਸ ਤੋਂ ਪਰ੍ਹੇ ਕੋਈ ਮਿਠਾਸ ਨਹੀਂ ਅਤੇ ਨਾ ਹੀ ਸੰਸਾਰ। ਮਾਂ-ਪਿਓ, ਭੈਣ-ਭਰਾ, ਮਾਸੀ, ਚਾਚੀ, ਦਾਦੀ, ਨਾਨੀ ਹੀ ਤਾਂ ਦੁਨੀਆਂ ਸੀ ਜਿਸ ਵਿਚ ਜਾਗਦੇ ਤੇ ਸੌਂ ਕੇ ਉਠਦੇ ਸੀ। ਪਰਿਵਾਰ ਵੱਡੇ ਸਨ ਅਤੇ ਹਰ ਇਕ ਰਿਸ਼ਤੇ ਦਾ ਆਪਣਾ ਨਿੱਘ ਸੀ। ਪੰਜਾਬੀ ਜ਼ੁਬਾਨ ਤੋਂ ਬਿਨਾਂ ਸ਼ਾਇਦ ਹੀ ਕਿਸੇ ਹੋਰ ਬੋਲੀ ਵਿਚ ਹਰ ਇਕ ਰਿਸ਼ਤੇ ਦਾ ਖ਼ਾਸ ਨਾਮ ਸਪੱਸ਼ਟ ਤੌਰ 'ਤੇ ਹੋਵੇ। ਹਰ ਰਿਸ਼ਤੇ ਦਾ ਖ਼ਾਸ ਪਿਛੋਕੜ, ਵੱਖਰਾ ਭਾਵਨਾਤਮਕ ਸੰਸਾਰ ਅਤੇ ਵਿਰਸਾ ਹੈ। ਹਰ ਰਿਸ਼ਤੇ ਦੀ ਜੀਵਨ ਦੇ ਵੱਖ-ਵੱਖ ਮੌਕਿਆਂ ਵਿਚ ਵੱਖਰੀ ਅਹਿਮੀਅਤ ਅਤੇ ਖਾਸ ਭੂਮਿਕਾ ਹੈ। ਹਰ ਰਿਸ਼ਤਾ ਇਕ ਖਾਸ ਮਹਿਕ ਰੱਖਦਾ ਸੀ। ਸਾਰੇ ਨਾਤੇ ਸਾਂਝੇ ਸਨ। ਕਈ ਵਾਰ ਬਾਹਰਲਿਆਂ ਨੂੰ ਭੁਲੇਖਾ ਪੈਂਦਾ ਸੀ ਕਿ ਕਿਹੜੇ ਬੱਚੇ ਦੇ ਮਾਤਾ ਪਿਤਾ ਕੌਣ ਹਨ। ਅਪਣੱਤ, ਦ੍ਰਿੜ੍ਹ ਅਤੇ ਸਪੱਸ਼ਟ ਸੀ। ਹੁਣ ਪਰਿਵਾਰ ਛੋਟੇ ਹੋ ਗਏ ਹਨ। ਆਧੁਨਿਕ ਜੀਵਨ ਦੀਆਂ ਲੋੜਾਂ, ਚਾਹਤਾਂ ਅਤੇ ਮਜਬੂਰੀਆਂ ਕਈ ਰਿਸ਼ਤਿਆਂ ਨੂੰ ਤੇਜ਼ੀ ਨਾਲ ਅਲੋਪ ਕਰ ਰਹੀਆਂ ਹਨ। ਸਿਰਫ ਰਿਸ਼ਤੇ ਹੀ ਨਹੀਂ, ਇਨ੍ਹਾਂ ਨਾਲ ਸਾਡੇ ਵਿਰਸੇ ਦੇ ਕਈ ਅੰਗ ਵੀ ਹੌਲੀ-ਹੌਲੀ ਗਾਇਬ ਹੋ ਰਹੇ ਹਨ। ਇਹ ਅਲੋਪ ਹੋ ਰਹੇ ਰਿਸ਼ਤੇ ਜੀਵਨ ਵਿਚ ਇਕ ਖਲਾਅ ਹੀ ਨਹੀਂ ਪੈਦਾ ਕਰ ਰਹੇ, ਸਗੋਂ ਸਾਨੂੰ ਇੰਨ੍ਹਾਂ ਦੇ ਅਨੰਦਮਈ ਰਸ ਤੋਂ ਵੀ ਵਿਹੁਣੇ ਕਰ ਰਹੇ ਹਨ ।
ਆਧੁਨਿਕ ਜ਼ਿੰਦਗੀ ਦੀ ਤੇਜ਼ ਰਫ਼ਤਾਰ ਦੇ ਤਣਾਅ ਹੇਠ ਰਿਸ਼ਤਿਆਂ ਦੀਆਂ ਦਰਾੜਾਂ ਸਾਹਮਣੇ ਆ ਰਹੀਆਂ ਹਨ। ਇਹ ਦਰਾੜਾਂ ਸਾਨੂੰ ਇਨ੍ਹਾਂ ਰਿਸ਼ਤਿਆਂ ਦੇ ਨਿੱਘ, ਪਿਆਰ, ਨੇੜਤਾ ਅਤੇ ਸ਼ਰਧਾ ਤੋਂ ਬਹੁਤ ਦੂਰ ਲਿਜਾ ਰਹੀਆਂ ਹਨ। ਬਿਨਾਂ ਨਿੱਘ ਦੇ ਰਿਸ਼ਤੇ ਕਿਵੇਂ ਨਿਭਾਏ ਅਤੇ ਮਾਣੇ ਜਾ ਸਕਦੇ ਹਨ। 'ਤੂੰ ਐਵੇਂ ਇਨ੍ਹਾਂ ਵਾਰੇ ਬਹੁੱਤਾ ਵਿਚਾਰ ਨਾ ਕਰਿਆ ਕਰ' ਮੇਰੇ ਇਕ ਸਿਆਣੇ ਦੋਸਤ ਨੇ ਸਲਾਹ ਦਿੱਤੀ। 'ਇਨ੍ਹਾਂ ਨੂੰ ਅਣਗੌਲਿਆਂ ਹੀ ਨਿਭਾਈ ਜਾਹ ਜੇ ਸੌਖਾ ਰਹਿਣਾ ਹੈ ਤਾਂ', ਉਸ ਦੀ ਸਲਾਹ ਯਥਾਰਥਕ ਹੈ ਪਰ ਇਸ ਤਰ੍ਹਾਂ ਕਰਨ ਦਾ ਲਾਭ ਕੀ? ਇਨ੍ਹਾਂ ਦੇ ਅਨੰਦ ਤੋਂ ਅਭਿੱਜ ਰਹਿ ਕੇ ਇਨ੍ਹਾਂ ਨਾਲ ਤੁਰਨ ਦਾ ਤਰਕ ਕੀ ਹੈ? ਮੇਰੀ ਰੂਹ ਇਸ ਤਰ੍ਹਾਂ ਕਰਨ ਵਿਚ ਝਿਜਕਦੀ ਹੈ ਪਰ ਦੁਨੀਆਂਦਾਰੀ ਦੇ ਫ਼ਰਜ਼ ਅਤੇ ਬੋਝਾਂ ਨੂੰ ਇਹ ਫਿਰ ਵੀ ਢੋ ਰਹੀ ਹੈ।
ਸਾਰੇ ਰਿਸ਼ਤਿਆਂ ਨੂੰ ਨਿਭਾਉਣ ਲਈ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਣ ਦੀ ਲੋੜ ਨਹੀਂ ਹੁੰਦੀ। ਰਿਸ਼ਤੇ ਨਿਭਾਉਣਾ ਇਕ ਮੈਰਾਥਨ ਦੌੜ ਵਾਂਗ ਹੈ, ਅੰਤ ਤੱਕ ਉਪੜਨ ਲਈ ਕਈ ਵਾਰ ਕਾਰਜ-ਨੀਤੀ ਵੀ ਅਪਣਾਉਣੀ ਪੈਂਦੀ ਹੈ। ਮਨੁੱਖੀ ਰਿਸ਼ਤਿਆਂ ਵਿਚ ਪੂਰਨਤਾ ਭਾਲਣੀ ਮ੍ਰਿਗਤ੍ਰਿਸ਼ਨਾ ਹੈੇ। ਨਾ ਅਸੀਂ ਮੁਕੰਮਲ ਹਾਂ ਅਤੇ ਨਾ ਹੀ ਕੋਈ ਹੋਰ। 24 ਕੈਰੇਟ ਸੋਨੇ ਦੇ ਗਹਿਣੇ ਨਹੀਂ ਬਣ ਸਕਦੇ, ਸੋ ਲਚਕੀਲਾਪਨ ਰਿਸ਼ਤਿਆਂ ਦੀ ਨਿਰੰਤਰਤਾ, ਗਹਿਰਾਈ, ਉਚਾਈ ਅਤੇ ਵਿਸਤਾਰ ਲਈ ਜ਼ਰੂਰੀ ਹੈ। ਕਈ ਰਿਸ਼ਤੇ ਸਮਾਂ ਅਤੇ ਘਟਨਾਵਾਂ ਨਾਲ ਵਿਕਸਿਤ ਵੀ ਅਤੇ ਸੀਮਤ ਵੀ ਹੋ ਸਕਦੇ ਹਨ। ਕੁਝ ਕਰੀਬੀ ਰਿਸ਼ਤਿਆਂ ਦਾ ਜ਼ਿੰਦਗੀ ਦੀ ਸ਼ਾਮ ਵਿਚ ਨਿੱਘ ਮਾਣਨ ਲਈ ਉਨ੍ਹਾਂ ਨੂੰ ਪਿਆਰ ਅਤੇ ਸੰਵੇਦਨਾ ਨਾਲ ਸੰਭਾਲਣ ਦੀ ਲੋੜ ਹੁੰਦੀ ਹੈ। ਕਈ ਰਿਸ਼ਤੇ ਦੇਸੀ ਖਜ਼ੂਰ ਅਤੇ ਸਿੰਮਲ ਦੇ ਦਰੱਖਤਾਂ ਦੀ ਤਰ੍ਹਾਂ ਹੁੰਦੇ ਨੇ, ਵੇਖਣ ਵਿਚ ਬਹੁਤ ਉੱਚੇ ਲੰਬੇ, ਵਿਖਾਵੇ ਲਈ ਪ੍ਰਭਾਵਸ਼ਾਲੀ, ਪਰ ਨਾ ਹੀ ਫਲ ਸੁਆਦ, ਨਾ ਹੀ ਛਾਂ ਅਤੇ ਨਾ ਹੀ ਉਨ੍ਹਾਂ ਦਾ ਸੁਖ। ਰਿਸ਼ਤੇ ਗੁੰਝਲਦਾਰ ਵੀ ਬਣ ਸਕਦੇ ਹਨ ਜੇ ਉਨ੍ਹਾਂ ਦੀਆਂ ਤੰਦਾਂ ਨੂੰ ਸੰਵੇਦਨਸ਼ੀਲਤਾ, ਸਹਿਜ ਅਤੇ ਸਿਆਣਪ ਨਾਲ ਨਾ ਸੁਲਝਾਇਆ ਜਾਵੇ। ਰਿਸ਼ਤਿਆਂ ਦੇ ਕੌੜੇ ਮਿੱਠੇ ਅਨੁਭਵ ਸਾਨੂੰ ਸਿਆਣਾ ਅਤੇ ਪਰਿਪੱਕ ਬਣਾਉਂਦੇ ਹਨ। ਹਰ ਰਿਸ਼ਤੇ ਨੂੰ ਪ੍ਰਫੁਲੱਤ ਕਰਨ ਲਈ ਸਮਾਂ ਦੇਣਾ ਪੈਂਦਾ ਹੈੈ।
ਇਕ ਪਾਸੜ ਰਿਸ਼ਤੇ ਚਿਰਜੀਵੀ ਅਤੇ ਟਿਕਾਊ ਨਹੀਂ ਹੁੰਦੇ ਅਤੇ ਕਮਜ਼ੋਰੀ ਦੀ ਨਿਸ਼ਾਨੀ ਹੁੰਦੇ ਹਨ। ਰਿਸ਼ਤਿਆਂ ਵਿਚ ਉਦਾਰਤਾ ਤਾਂ ਹੋਵੇ ਪਰ ਉਲਾਰਤਾ ਨਹੀਂ। ਜ਼ਰੂਰੀ ਨਹੀਂ ਨੇੜੇ ਦੇ ਰਿਸ਼ਤੇ ਨੇੜਤਾ ਪੈਦਾ ਕਰਨ। ਇਕ ਸੰਤੁਲਿਤ ਭੋਜਨ ਵਾਂਗ ਰਿਸ਼ਤਿਆਂ ਵਿਚ ਵੀ ਸੰਤੁਲਨ ਉਨ੍ਹਾਂ ਨੂੰ ਸਥਾਈਪਣ ਅਰਪਨ ਕਰਦਾ ਹੈ। ਇਨ੍ਹਾਂ ਦਾ ਸਮੇਂ ਸਮੇਂ ਮੁਲਾਂਕਣ ਆਪਣੀ ਅਤੇ ਰਿਸ਼ਤਿਆਂ ਦੀ ਸਿਹਤ ਲਈ ਜ਼ਰੂਰੀ ਹੈ। ਇਹ ਸਮੇਂ ਨਾਲ ਵਿਕਸਤ ਹੁੰਦੇ ਰਹਿੰਦੇ ਹਨ, ਇਸ ਲਈ ਹਰ ਵੇਲੇ ਇਨ੍ਹਾਂ ਨੂੰ ਅਤੀਤ ਵਿਚ ਨਾ ਲੱਭਦੇ ਰਹੀਏੇ। ਰਿਸ਼ਤਿਆਂ ਵਿਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕੁਦਰਤੀ ਹੈ ਪਰ ਕਈ ਵਾਰ ਇਹ ਕੋਸ਼ਿਸ ਉਦਾਸ ਵੀ ਕਰ ਦਿੰਦੀ ਹੈੇ। ਜੋ ਰਿਸ਼ਤੇ ਜਿੰਨਾ ਸੁਖ ਦੇਣ ਦੀ ਸਮਰੱਥਾ ਰੱਖਦੇ ਹਨ ਉਨ੍ਹਾਂ ਵਿਚ ਦੁੱਖ ਅਤੇ ਟਕਰਾਅ ਪੈਦਾ ਕਰਨ ਦੀਆਂ ਵੀ ਓਨੀਆਂ ਹੀ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਰਿਸ਼ਤਿਆਂ ਵਿਚ ਟਕਰਾਅ ਤੋਂ ਬਚਣਾ ਹੀ ਸਿਆਣਪ ਹੈ। ਹੱਦੋਂ ਵੱਧ ਟਕਰਾਅ ਵਿਚ ਪੈ ਕੇ ਅਸੀਂ ਅਜਿਹੇ ਕੰਮ ਕਰ ਬੈਠਦੇ ਹਾਂ ਜਿਸ ਨਾਲ ਸਾਰੀ ਉਮਰ ਦਾ ਪਛਤਾਵਾ ਹੀ ਨਹੀਂ ਸਗੋਂ ਸਾਡੀ ਅਤੇ ਸਾਡੇ ਪਰਿਵਾਰਾਂ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ। ਬੱਤੀ ਦੰਦਾਂ ਦੇ ਵਿਚਕਾਰ ਰਹਿੰਦੀ ਜੀਭ ਵੀ ਆਪਣਾ ਸੰਤੁਲਨ ਬਣਾ ਕੇ ਰੱਖਦੀ ਹੈ ਅਤੇ ਉਸ ਨੇ ਟਕਰਾਅ ਰਹਿਤ ਜੀਵਨ ਜੀਣ ਦਾ ਵੱਲ ਸਿੱਖਿਆ ਹੋਇਆ ਹੈ।
ਰਿਸ਼ਤਿਆਂ ਦਾ ਇਮਤਿਹਾਨ ਨਾ ਲਵੋ, ਕਈ ਵਾਰ ਅਸੀਂ ਇੰਝ ਕਈ ਰਿਸ਼ਤੇ ਗੁਆ ਬੈਠਦੇ ਹਾਂ। ਲੈਣ-ਦੇਣ ਰਹਿਤ ਰਿਸ਼ਤੇ ਸਥਾਈ, ਨਿੱਘੇ ਅਤੇ ਨਿਰੋਲ ਰਹਿੰਦੇ ਹਨ। ਰਿਸ਼ਤਿਆਂ ਦਾ ਨਿਰੰਤਰ ਪਾਲਣ-ਪੋਸ਼ਣ ਅਤਿਅੰਤ ਲੋੜੀਂਦਾ ਹੈ ਜਿਵੇਂ ਮਾਲੀ ਬਗੀਚੇ ਦਾ ਕਰਦਾ ਹੈ ਅਤੇ ਬੂਟਿਆਂ ਨੂੰ ਫਲਦਾਰ ਅਤੇ ਨਰੋਏ ਬਣਾਉਣ ਲਈ ਨਦੀਨ ਮੁਕਤ ਕਰਦਾ ਰਹਿੰਦਾ ਹੈ। ਰਿਸ਼ਤੇ ਨਿਭਾਉਣਾ ਵੀ ਇਕ ਹੁਨਰ ਹੈ, ਖ਼ਾਸ ਤੌਰ 'ਤੇ ਜੇ ਉਹ ਮਨਭਾਉਂਦੇ ਨਾ ਹੋਣ। ਬਿਨਾ ਉੱਦਮ ਕੋਈ ਰਿਸ਼ਤਾ ਨਹੀਂ ਨਿਭਦਾ। ਨੈਤਿਕਤਾ ਅਤੇ ਰਿਸ਼ਤਿਆਂ ਵਿਚ ਟਕਰਾਅ ਮਨੁੱਖ ਲਈ ਇਕ ਗੰਭੀਰ ਵਿਅਕਤੀਗਤ ਸੰਕਟ ਅਤੇ ਇਮਤਿਹਾਨ ਦੀ ਸਥਿਤੀ ਪੈਦਾ ਕਰ ਸਕਦਾ ਹੈ। ਮਹਾਂਭਾਰਤ ਦੇ ਯੁੱਧ ਵਿਚ ਜਦੋਂ ਅਰਜੁਨ ਆਪਣੇ ਸਕਿਆਂ ਵਿਰੁੱਧ ਲੜਿਆ ਅਤੇ ਰਾਜਾ ਹਰੀਸ਼ ਚੰਦਰ ਨੂੰ ਜਦ ਆਪਣੀ ਪਤਨੀ ਦਾ ਸ਼ਮਸ਼ਾਨ ਘਾਟ ਵਿਚ ਸਾਹਮਣਾ ਕਰਨਾ ਪਿਆ, ਅਜਿਹੀਆਂ ਦੋ ਪ੍ਰਮੁੱਖ ਉਦਾਹਰਨਾਂ ਹਨ। ਉਨ੍ਹਾਂ ਜੋ ਰਸਤਾ ਚੁਣਿਆ ਉਸ ਬਾਰੇ ਅਸੀਂ ਜਾਣੂ ਹਾਂ।
ਸੱਭਿਆਚਾਰ ਅਤੇ ਰਿਸ਼ਤੇ ਅੰਤਰ-ਨਿਰਭਰ ਹਨ। ਪੂਰਬੀ ਮੁਲਕਾਂ ਦਾ ਸੱਭਿਆਚਾਰ, ਭਾਰਤ ਸਮੇਤ, ਰਿਸ਼ਤਿਆਂ ਨੂੰ ਅਹਿਮੀਅਤ ਦਿੰਦਾ ਹੈ ਜਦ ਕਿ ਅਮਰੀਕੀ ਅਤੇ ਯੂਰਪੀ ਮੁਲਕਾਂ ਦੇ ਸੱਭਿਆਚਾਰ ਵਿਚ ਸ਼ਖ਼ਸੀਅਤ ਪ੍ਰਧਾਨ ਹੈ। ਇਸੇ ਅੰਤਰ ਕਾਰਨ ਹੀ ਪੂਰਬੀ ਦੇਸ਼ਾਂ ਦੇ ਪਰਿਵਾਰਕ ਰਿਸ਼ਤੇ ਪੱਛਮੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹਨ।
ਪਿਛਲੇ ਕੁਝ ਸਮੇਂ ਵਿਚ ਸੋਸ਼ਲ ਮੀਡੀਆ ਅਤੇ ਤਕਨਾਲੋਜੀ ਦੇ ਤੀਖਣ ਵਿਕਾਸ ਕਾਰਨ ਇਕ ਨਵੀਂ ਕਿਸਮ ਦੇ ਡਿਜ਼ੀਟਲ ਰਿਸ਼ਤੇ ਵੀ ਵਿਕਸਤ ਹੋ ਰਹੇ ਹਨ। ਹੁਣ X (ਟਵਿਟਰ), ਇੰਸਟਾਗ੍ਰਾਮ, ਫੇਸਬੁੱਕ, ਡੇਟਿੰਗ ਐਪਸ ਅਤੇ ਲਿੰਕਡਨ ਰਾਹੀਂ ਨਵੇਂ ਰਿਸ਼ਤੇ ਕਾਇਮ ਹੋ ਰਹੇ ਹਨ। ਸਿਰਫ ਨਵੇਂ ਰਿਸ਼ਤੇ ਹੀ ਪੈਦਾ ਨਹੀਂ ਹੋ ਰਹੇ, ਇਨ੍ਹਾਂ ਸਾਧਨਾਂ ਨੇ ਸਾਡੇ ਰਵਾਇਤੀ ਰਿਸ਼ਤਿਆਂ ਤੋਂ ਵੀ ਆਸਾਂ ਉਮੀਦਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋ ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਇਨ੍ਹਾਂ ਸਾਧਨਾਂ ਰਾਹੀਂ ਰਿਸ਼ਤੇ ਸਥਾਪਿਤ ਕਰਦੇ ਸਮੇਂ ਪੂਰੀ ਚੌਕਸੀ ਵਰਤਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਡਿਜੀਟਲ ਸਾਧਨਾਂ ਉਪਰ ਪੂਰੀ ਸਚਾਈ ਅਤੇ ਮੰਤਵ ਬਹੁਤੀ ਵਾਰ ਪਾਰਦਰਸ਼ੀ ਨਹੀਂ ਹੁੰਦੇ। ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੁੱਧੀ) ਦੀ ਆਮਦ ਨਾਲ ਡਿਜੀਟਲ ਮੀਡੀਆ ਅਤੇ ਸੋਸ਼ਲ ਪਲੇਟਫਾਰਮਜ਼ ਉਪਰ ਰਿਸ਼ਤੇ ਸਥਾਪਤ ਕਰਦੇ ਸਮੇਂ ਬਲੈਕ ਮੇਲਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਦੇ ਖ਼ਤਰਿਆਂ ਤੋਂ ਭਲੀਭਾਂਤ ਸੁਚੇਤ ਹੋਣਾ ਜ਼ਰੂਰੀ ਹੈ।
ਦੁਨਿਆਵੀ ਰਿਸ਼ਤੇ ਸ਼ਮਸ਼ਾਨ ਭੂਮੀ ਤੱਕ ਹੀ ਸੀਮਿਤ ਹਨ। ਇਹ ਸਰੀਰ ਨਾਲ ਹੀ ਸ਼ੁਰੂ ਹੁੰਦੇ ਹਨ ਅਤੇ ਸਰੀਰ ਨਾਲ ਹੀ ਖ਼ਤਮ। ਸ਼ਾਇਦ ਇਕ ਲੱਕੜੀ ਤੋੜ ਕੇ ਜਾਂ ਮਿੱਟੀ ਦੀ ਮੁੱਠ ਪਾ ਕੇ ਅਸੀਂ ਹੀ ਉਸ ਰਿਸ਼ਤੇ ਨੂੰ ਸੰਸਕਾਰ ਜਾਂ ਸਪੁਰਦ-ਏ-ਖ਼ਾਕ ਕਰਦੇ ਸਮੇਂ ਅਲਵਿਦਾ ਕਹਿ ਦਿੰਦੇ ਹਾਂ। ਸਰੀਰ ਸਰੀਰ ਨਾਲੋਂ ਰਿਸ਼ਤਾ ਤੋੜ ਦਿੰਦਾ ਹੈ। ਗੁਰਬਾਣੀ ਜੀਵਨ ਦੇ ਰਿਸ਼ਤੇ ਨਿਭਾਉਂਦੇ ਹੋਏ ਪਿਆਰ ਭਰੀ ਨਿਰਲੇਪਤਾ ਦੀ ਸਿੱਖਿਆ ਦਿੰਦੇ ਹੋਏ ਸਾਨੂੰ ਰੂਹਾਨੀ ਰਿਸ਼ਤਾ ਸਥਾਪਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਹ ਰਿਸ਼ਤਾ ਕਾਇਮ ਕਰਨ ਲਈ ਪ੍ਰਮਾਤਮਾ ਨੇ ਦਇਆ ਕਰਕੇ ਸਾਨੂੰ ਆਪਣੀ ਚੌਰਾਸੀ ਲੱਖ ਜੂਨਾਂ ਦੀ ਰਚਨਾ ਦੀ ਸਿਖਰਲੀ ਪੌੜੀ ਭਾਵ ਮਨੁੱਖਾ ਜਨਮ ਦੀ ਸਰਵੋਤਮ ਜੂਨੀ ਨਾਲ ਨਿਵਾਜਿਆ ਹੈ। ਜੇ ਰਿਸ਼ਤਾ ਕਾਇਮ ਕਰਨ ਦਾ ਇਹ ਮੌਕਾ ਅਸੀਂ ਗੁਆ ਦਿੱਤਾ ਤਾਂ ਪੰਜਵੀਂ ਪਾਤਿਸ਼ਾਹੀ ਸਾਨੂੰ ਚਿਤਾਵਨੀ ਦਿੰਦੇ ਹਨ ਕਿ:
'ਲਖ ਚਉਰਾਸੀਹ ਜੋਨਿ ਸਬਾਈ॥
ਮਾਣਸ ਕਉ ਪ੍ਰਭਿ ਦੀਈ ਵਡਿਆਈ?
ਇਸੁ ਪਉੜੀ ਤੇ ਜੋ ਨਰੁ ਚੂਕੈ
ਸੋ ਆਇ ਜਾਇ ਦੁਖੁ ਪਾਇਦਾ?
ਇਸ ਪ੍ਰਤੀ ਗਹਿਰੇ ਆਤਮ-ਨਿਰੀਖਣ ਦੀ ਲੋੜ ਹੈ।
-ਲੇਖਕ ਰਿਟਾਇਰਡ ਆਈ ਏ ਐਸ ਅਫ਼ਸਰ ਹੈ।

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੀ ਲੇਖਕਾਂ ਦੀ ਨਜ਼ਰ ਵਿਚ ਮਹਾਰਾਜਾ ਰਣਜੀਤ ਸਿੰਘ ਅਗਲੀ ਖ਼ਬਰ Electricity Issue Raised | ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ 'ਤੇ ਬੋਲੇ Bikram Singh Majithia
Ad Position 24
No active advertisement