ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਵਿਦੇਸ਼ੀ ਲੇਖਕਾਂ ਦੀ ਨਜ਼ਰ ਵਿਚ ਮਹਾਰਾਜਾ ਰਣਜੀਤ ਸਿੰਘ

Ad Position 21
No active advertisement
ਅਜੀਤ ਡੈਸਕ 28-06-2026

ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ 'ਸ਼ੇਰ-ਏ-ਪੰਜਾਬ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਉਹ ਸਿੱਖ ਰਾਜ ਦੇ ਮਹਾਂ ਨਾਇਕ ਹਨ, ਜਿਨ੍ਹਾਂ ਨੇ ਪੰਜਾਬ ਨੂੰ ਇਕ ਸ਼ਕਤੀਸ਼ਾਲੀ ਦੇਸ਼ ਵਜੋਂ ਸਥਾਪਤ ਕੀਤਾ। ਉਨ੍ਹਾਂ ਦੇ ਰਾਜ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਬਰਾਬਰ ਸਨ। ਉਨ੍ਹਾਂ ਨੇ ਉੱਚੇ ਅਹੁਦਿਆਂ 'ਤੇ ਹਰ ਧਰਮ ਦੇ ਕਾਬਿਲ ਬੰਦਿਆਂ ਨੂੰ ਨਿਯੁਕਤ ਕੀਤਾ।
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ 'ਚ ਸਰਦਾਰ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਹੋਇਆ। ਜਨਮ ਵੇਲੇ ਉਨ੍ਹਾਂ ਦੇ ਦਾਦਾ ਚੜ੍ਹਤ ਸਿੰਘ ਨੇ ਉਨ੍ਹਾਂ ਦਾ ਨਾਂਅ 'ਬੁੱਧ ਸਿੰਘ' ਰੱਖਿਆ । ਜਦੋਂ ਬੁੱਧ ਸਿੰਘ ਅਜੇ ਬਹੁਤ ਛੋਟੇ ਸਨ, ਤਾਂ ਉਨ੍ਹਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਚੱਠਿਆਂ ਦੇ ਖ਼ਿਲਾਫ਼ 'ਰਸੂਲਨਗਰ' ਦੀ ਮੁਹਿੰਮ ਦੌਰਾਨ ਇਕ ਰਣ ਮੈਦਾਨ ਫਤਹਿ ਕੀਤਾ । ਇਸ ਜਿੱਤ ਦੀ ਖ਼ੁਸ਼ੀ ਵਿਚ ਦਾਦਾ ਚੜ੍ਹਤ ਸਿੰਘ ਨੇ ਬੁੱਧ ਸਿੰਘ ਦਾ ਨਾਂਅ ਬਦਲ ਕੇ 'ਰਣਜੀਤ ਸਿੰਘ' ਰੱਖ ਦਿੱਤਾ।
19 ਸਾਲ ਦੀ ਉਮਰ 'ਚ ਲਾਹੌਰ 'ਤੇ ਕਬਜ਼ਾ ਕਰ ਲੈਣਾ ਕਿਸੇ ਖਾਲਾ ਜੀ ਦੀ ਵਾੜਾ ਨਹੀਂ ਸੀ। ਉਨ੍ਹਾਂ ਦੇ ਰਾਜਕਾਲ ਦੌਰਾਨ ਕਈ ਯੂਰਪੀ, ਫਰਾਂਸੀਸੀ ਅਤੇ ਬ੍ਰਿਟਿਸ਼ ਲੇਖਕ ਪੰਜਾਬ ਆਏ ਅਤੇ ਉਨ੍ਹਾਂ ਨੇ ਮਹਾਰਾਜਾ ਨੂੰ ਬਹੁਤ ਨੇੜਿਓਂ ਦੇਖ ਕੇ ਆਪਣੀਆਂ ਕਿਤਾਬਾਂ ਵਿਚ ਡੂੰਘੇ ਵਿਚਾਰ ਲਿਖੇ। ਉਨ੍ਹਾਂ ਦੀ ਬਹਾਦਰੀ ਭਰੇ ਕਾਰਨਾਮਿਆਂ ਨੂੰ ਉਨ੍ਹਾਂ ਦੇ ਸਮਕਾਲੀ ਲੇਖਕਾਂ ਨੇ ਆਪਣੀ ਕਲਮ ਨਾਲ ਇੰਝ ਬਿਆਨ ਕੀਤਾ ਹੈ:
1. ਵਿਕਟਰ ਜੈਕੂਮੌਂਟ (ਫਰਾਂਸੀਸੀ ਬਨਸਪਤੀ ਵਿਗਿਆਨੀ ਅਤੇ ਯਾਤਰੀ) : ਫ਼ਰਾਂਸ ਦੇ ਇਸ ਲੇਖਕ ਯਾਤਰੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਯੂਰਪ ਦੇ ਸਭ ਤੋਂ ਮਹਾਨ ਜੇਤੂ ਨੈਪੋਲੀਅਨ ਬੋਨਾਪਾਰਟ ਨਾਲ ਕਰਦਿਆਂ ਲਿਖਿਆ ਹੈ ਕਿ 'ਮਹਾਰਾਜਾ ਰਣਜੀਤ ਸਿੰਘ ਬੇਹੱਦ ਜਿਗਿਆਸੂ ਸੁਭਾਅ ਦੇ ਮਾਲਕ ਹਨ। ਉਹ ਹਰ ਮੁਲਾਕਾਤ ਵਿਚ ਹਜ਼ਾਰਾਂ ਸਵਾਲ ਪੁੱਛਦੇ । ਭਾਰਤ, ਯੂਰਪ, ਨੈਪੋਲੀਅਨ, ਰੂਸ ਦੀ ਫ਼ੌਜ, ਨਰਕ-ਸਵਰਗ ਅਤੇ ਰੱਬ ਬਾਰੇ ਵੀ। ਉਹ ਬੋਨਾਪਾਰਟ (ਨੈਪੋਲੀਅਨ) ਦਾ ਇਕ ਛੋਟਾ ਰੂਪ ਹਨ, ਪਰ ਅਜਿਹਾ ਬੋਨਾਪਾਰਟ ਜਿਸ ਦੇ ਦਿਲ ਵਿਚ ਰਹਿਮ ਹੈ। ਉਹ ਇਕ ਅਜਿਹੇ ਰਾਜੇ ਹਨ, ਜੋ ਬਿਨਾਂ ਕਿਸੇ ਬੇਰਹਿਮੀ ਦੇ ਸਿਰਫ਼ ਆਪਣੇ ਦਿਮਾਗ ਦੇ ਜ਼ੋਰ 'ਤੇ ਰਾਜ ਕਰ ਰਹੇ ਹਨ।'
2. ਕੈਪਟਨ ਵਿਲੀਅਮ ਮਰੇ : ਬ੍ਰਿਟਿਸ਼ ਪੋਲੀਟਿਕਲ ਏਜੰਟ ਵਿਲੀਅਮ ਮਰੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਨਿਆਂ-ਪ੍ਰਣਾਲੀ ਅਤੇ ਉਨ੍ਹਾਂ ਦੀ ਨਰਮਦਿਲੀ ਦੀ ਸ਼ਲਾਘਾ ਬਹੁਤ ਪ੍ਰਭਾਵਸ਼ਾਲੀ ਸਬਦਾਂ ਚ ਕੀਤੀ ਹੈ । ਉਹ ਲਿਖਦੇ ਹਨ ਕਿ 'ਰਣਜੀਤ ਸਿੰਘ ਦੇ ਰਾਜ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਪੂਰੇ ਰਾਜਕਾਲ ਦੌਰਾਨ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ, ਇੱਥੋਂ ਤੱਕ ਕਿ ਉਨ੍ਹਾਂ ਦਾ ਖੂਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਪਰਾਧੀ ਨੂੰ ਵੀ ਬਖਸ਼ ਦਿੱਤਾ ਜਾਂਦਾ ਸੀ। ਪੂਰਬੀ ਦੇਸ਼ਾਂ ਦੇ ਇਤਿਹਾਸ ਵਿਚ ਅਜਿਹਾ ਕੋਈ ਹੋਰ ਰਾਜਾ ਨਹੀਂ ਮਿਲਦਾ, ਜਿਸ ਨੇ ਇੰਨੀ ਵੱਡੀ ਸਲਤਨਤ ਬਿਨਾਂ ਕਿਸੇ ਖੂਨ-ਖਰਾਬੇ ਜਾਂ ਬੇਰਹਿਮੀ ਦੇ ਚਲਾਈ ਹੋਵੇ।'
3. ਬੈਰਨ ਚਾਰਲਸ ਹਿਊਗਲ : ਆਸਟ੍ਰੀਅਨ ਯਾਤਰੀ ਹਿਊਗਲ ਸਾਲ 1835 ਵਿਚ ਪੰਜਾਬ ਆਇਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਸ ਨੇ ਸਿੱਖ ਰਾਜ ਦੀ ਖੁਸ਼ਹਾਲੀ ਅਤੇ ਮਹਾਰਾਜਾ ਦੀ ਸ਼ਖ਼ਸੀਅਤ ਬਾਰੇ ਲਿਖਿਆ ਹੈ ਕਿ 'ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤਾ ਗਿਆ ਰਾਜ ਦੁਨੀਆ ਦੇ ਸਭ ਤੋਂ ਵੱਡੇ ਚਮਤਕਾਰਾਂ ਵਿਚੋਂ ਇਕ ਹੈ। ਉਨ੍ਹਾਂ ਨੇ ਖਿੰਡੀਆਂ ਹੋਈਆਂ ਅਤੇ ਆਪਸ ਵਿਚ ਲੜਦੀਆਂ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਇਕ ਅਜਿਹਾ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਸਾਮਰਾਜ ਖੜ੍ਹਾ ਕੀਤਾ, ਜਿੱਥੇ ਆਮ ਨਾਗਰਿਕ ਬਿਨਾਂ ਕਿਸੇ ਡਰ ਦੇ ਜਿਊਂਦਾ ਹੈ। ਉਨ੍ਹਾਂ ਦੀ ਸੂਝ-ਬੂਝ ਦਾ ਕੋਈ ਸਾਨੀ ਨਹੀਂ।'
4. ਜੋਸਫ਼ ਡੇਵੀ ਕਨਿੰਘਮ : ਬ੍ਰਿਟਿਸ਼ ਇਤਿਹਾਸਕਾਰ ਕਨਿੰਘਮ ਨੇ ਆਪਣੀ ਮਸ਼ਹੂਰ ਕਿਤਾਬ '8}stor਼ of the S}khs' ਵਿਚ ਮਹਾਰਾਜਾ ਦੇ ਫ਼ੌਜੀ ਪ੍ਰਬੰਧ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਬਾਰੇ ਬਹੁਤ ਸੋਹਣਾ ਲਿਖਿਆ ਹੈ। ਉਨ੍ਹਾ ਨੇ ਸਿੱਖ ਰਾਜ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਉਹ ਲਿਖਦੇ ਹਨ ਕਿ, 'ਰਣਜੀਤ ਸਿੰਘ ਨੇ ਸਿੱਖਾਂ ਨੂੰ ਸਿਰਫ਼ ਇਕ ਧਾਰਮਿਕ ਕੌਮ ਤੋਂ ਬਦਲ ਕੇ ਇਕ ਮਹਾਨ ਫ਼ੌਜੀ ਸ਼ਕਤੀ ਬਣਾ ਦਿੱਤਾ। ਉਨ੍ਹਾਂ ਨੇ ਆਪਣੀ ਫ਼ੌਜ (ਫ਼ੌਜ-ਏ-ਖ਼ਾਸ) ਨੂੰ ਯੂਰਪੀਅਨ ਤਰਜ਼ 'ਤੇ ਇੰਨਾ ਆਧੁਨਿਕ ਬਣਾ ਲਿਆ ਸੀ ਕਿ ਉਹ ਅੰਗਰੇਜ਼ਾਂ ਦੀ ਸਰਬੋਤਮ ਫ਼ੌਜ ਦਾ ਮੁਕਾਬਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਸੀ। ਉਹ ਆਪਣੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਸਨ।' ਉਹ ਅੱਗੇ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਖ਼ਾਲਸਾ ਰਾਜ ਨੂੰ ਬੰਨ੍ਹ ਕੇ ਰੱਖਣ ਵਾਲੇ 'ਕੇਂਦਰੀ ਧੁਰੇ' ਦਾ ਟੁੱਟਣਾ ਸੀ। ਰਣਜੀਤ ਸਿੰਘ ਇਕ ਅਜਿਹਾ ਮਾਰੂਥਲ ਦਾ ਦਰੱਖਤ ਸਨ, ਜਿਸ ਦੀ ਛਾਂ ਹੇਠ ਸਾਰੀਆਂ ਵਿਰੋਧੀ ਸ਼ਕਤੀਆਂ (ਸਿੱਖ, ਹਿੰਦੂ, ਮੁਸਲਮਾਨ, ਡੋਗਰੇ) ਸ਼ਾਂਤ ਸਨ। ਜਿਵੇਂ ਹੀ ਉਹ ਦਰੱਖਤ ਡਿੱਗਿਆ, ਸਾਰਾ ਸਿਸਟਮ ਖਿੰਡ ਗਿਆ।
5. ਸਰ ਲੇਪਲ ਗ੍ਰਿਫ਼ਿਨ : ਬ੍ਰਿਟਿਸ਼ ਪ੍ਰਸ਼ਾਸਕ ਅਤੇ ਲੇਖਕ ਗ੍ਰਿਫ਼ਿਨ ਨੇ ਆਪਣੀ ਕਿਤਾਬ 'Ranj}t S}n{h' ਵਿਚ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਵਿਚ ਕੁਦਰਤੀ ਉਹ ਗੁਣ ਸਨ, ਜਿਹੜੇ ਉਨ੍ਹਾਂ ਨੂੰ ਇਕ ਮਹਾਨ ਆਗੂ ਬਣਾਉਂਦੇ ਸਨ। ਉਹ ਲਿਖਦੇ ਹਨ ਕਿ 'ਉਹ ਬੇਸ਼ੱਕ ਪੜ੍ਹੇ-ਲਿਖੇ ਨਹੀਂ ਸਨ, ਪਰ ਉਨ੍ਹਾਂ ਦੀ ਰਾਜਨੀਤਿਕ ਸਮਝ ਅਦਭੁੱਤ ਸੀ। ਉਹ ਮਨੁੱਖੀ ਸੁਭਾਅ ਨੂੰ ਪੜ੍ਹਨ ਵਿਚ ਮਾਹਰ ਸਨ। ਉਨ੍ਹਾਂ ਨੇ ਧਰਮ ਦੇ ਨਾਂਅ 'ਤੇ ਕਦੇ ਪੱਖਪਾਤ ਨਹੀਂ ਕੀਤਾ; ਉਨ੍ਹਾਂ ਦੇ ਸਭ ਤੋਂ ਭਰੋਸੇਮੰਦ ਵਜ਼ੀਰ ਮੁਸਲਮਾਨ (ਫ਼ਕੀਰ ਅਜ਼ੀਜ਼ੂਦੀਨ) ਅਤੇ ਹਿੰਦੂ (ਦੀਵਾਨ ਦੀਨਾਨਾਥ) ਸਨ। ਉਹ ਇਕ ਸੱਚੇ ਰਾਸ਼ਟਰਵਾਦੀ ਸ਼ਾਸਕ ਸਨ।'
6. ਡਬਲਯੂ. ਜੀ. ਓਸਬੋਰਨ : ਈਸਟ ਇੰਡੀਆ ਕੰਪਨੀ ਦੇ ਬ੍ਰਿਟਿਸ਼ ਫ਼ੌਜੀ ਅਫ਼ਸਰ ਓਸਬੋਰਨ, ਜੋ ਭਾਰਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਦਾ ਮਿਲਟਰੀ ਸੈਕਟਰੀ ਸੀ, ਨੇ ਮਹਾਰਾਜਾ ਨੂੰ ਮਿਲਣ ਤੋਂ ਬਾਅਦ ਲਿਖਿਆ 'ਉਹ ਦੁਨੀਆ ਦੇ ਸਭ ਤੋਂ ਵੱਧ ਨਿਪੁੰਨ ਘੋੜਸਵਾਰਾਂ ਵਿਚੋਂ ਇਕ ਹਨ। ਉਹ ਘੋੜਿਆਂ ਨੂੰ ਬੇਹੱਦ ਪਿਆਰ ਕਰਦੇ ਹਨ (ਜਿਵੇਂ ਉਨ੍ਹਾਂ ਦਾ ਪ੍ਰਸਿੱਧ ਘੋੜੀ 'ਲੈਲੀ')। ਉਨ੍ਹਾਂ ਦੀਆਂ ਅੱਖਾਂ ਵਿਚ ਇਕ ਅਜਿਹੀ ਚਮਕ ਅਤੇ ਤੇਜ਼ ਹੈ, ਜੋ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਕੀਤੇ ਬਿਨਾਂ ਨਹੀਂ ਰਹਿੰਦੀ। ਉਹ ਆਪਣੇ ਸਮੇਂ ਦੇ ਸਭ ਤੋਂ ਦਿਲਚਸਪ ਰਾਜਨੇਤਾ ਹਨ।'
7. ਲੇਡੀ ਲੌਗਿਨ - ਬ੍ਰਿਟਿਸ਼ ਲੇਖਿਕਾ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਚਸ਼ਮਦੀਦਾਂ ਨਾਲ ਮੁਲਾਕਾਤਾਂ ਕੀਤੀਆਂ। ਉਹ ਲਾਹੌਰ ਦਰਬਾਰ ਬਾਰੇ ਲਿਖਦੇ ਹਨ ਕਿ 'ਮਹਾਰਾਜਾ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਜੋ ਅਰਾਜਕਤਾ (ਖ਼ਾਨਾਜੰਗੀ) ਫੈਲੀ, ਉਹ ਇਹ ਸਾਬਤ ਕਰਦੀ ਹੈ ਕਿ ਪੂਰੇ ਸਾਮਰਾਜ ਵਿਚ ਸਿਰਫ਼ ਰਣਜੀਤ ਸਿੰਘ ਹੀ ਇਕ ਅਜਿਹੀ ਸ਼ਖ਼ਸੀਅਤ ਸਨ, ਜੋ ਆਪਣੀ ਤੇਜ਼ ਬੁੱਧੀ ਅਤੇ ਰੋਅਬ ਨਾਲ ਸਭ ਨੂੰ ਕੰਟਰੋਲ ਵਿਚ ਰੱਖ ਸਕਦੇ ਸਨ। ਉਨ੍ਹਾਂ ਦੀ ਮੌਤ ਨੇ ਸਿੱਖ ਜਰਨੈਲਾਂ ਅਤੇ ਵਜ਼ੀਰਾਂ ਨੂੰ ਆਪਸ ਵਿਚ ਲੜਨ ਲਈ ਆਜ਼ਾਦ ਕਰ ਦਿੱਤਾ।' ਲੇਡੀ ਲੌਗਿਨ, ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਸੀ ਅਤੇ ਮਹਾਰਾਣੀ ਵਿਕਟੋਰੀਆ ਦੀ ਨਜ਼ਦੀਕੀ ਸੀ। ਉਨ੍ਹਾਂ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਕਿਵੇਂ ਮਹਾਰਾਣੀ ਅਕਸਰ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕਰਦੀ ਹੁੰਦੀ ਸੀ।

-ਹੁਸ਼ਿਆਰ ਨਗਰ, ਅੰਮ੍ਰਿਤਸਰ।
ਮੋਬਾਈਲ : 98770-92505

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਦੇ ਕਿਸੇ ਦੇਸ਼ ਨੇ ਹੁਣ ਤੱਕ ਕਿਉਂ ਨਹੀਂ ਜਿੱਤਿਆ ਫੀਫਾ ਵਿਸ਼ਵ ਕੱਪ? ਅਗਲੀ ਖ਼ਬਰ ਰਿਸ਼ਤਿਆਂ ਦਾ ਤਾਣਾ ਬਾਣਾ
Ad Position 24
No active advertisement