ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਏਸ਼ੀਆ ਦੇ ਕਿਸੇ ਦੇਸ਼ ਨੇ ਹੁਣ ਤੱਕ ਕਿਉਂ ਨਹੀਂ ਜਿੱਤਿਆ ਫੀਫਾ ਵਿਸ਼ਵ ਕੱਪ?

Ad Position 21
No active advertisement
ਅਜੀਤ ਡੈਸਕ 28-06-2026

ਭਾਰਤ ਵਿਚ ਫੁੱਟਬਾਲ ਪ੍ਰਤੀ ਦੀਵਾਨਗੀ ਬਹੁਤ ਪੁਰਾਣੀ ਹੈ। ਕਲਕੱਤਾ ਫੁੱਟਬਾਲ ਕਲੱਬ ਦੀ ਸਥਾਪਨਾ 1872 ਈ. ਵਿਚ ਹੋਈ ਸੀ ਅਤੇ ਮੋਹਨ ਬਾਗਾਨ ਅਥਲੈਟਿਕ ਕਲੱਬ, ਜੋ ਅੱਜ ਤੱਕ ਚਲ ਰਿਹਾ ਹੈ, ਦੀ ਸਥਾਪਨਾ 1889 ਈ. ਵਿਚ ਹੋਈ ਸੀ। ਭਾਰਤ ਵਿਚ ਪੱਛਮੀ ਬੰਗਾਲ, ਕੇਰਲਮ, ਗੋਆ ਆਦਿ ਇਸ ਤਰ੍ਹਾਂ ਦੇ ਸੂਬੇ ਹਨ, ਜੋ ਅੱਜ ਜਦੋਂ ਫੀਫਾ ਵਿਸ਼ਵ ਕੱਪ 2026 (11 ਜੂਨ ਤੋਂ 19 ਜੁਲਾਈ) ਸਾਂਝੇ ਰੂਪ ਵਿਚ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਖੇਡਿਆ ਜਾ ਰਿਹਾ ਹੈ ਤਾਂ ਇਨ੍ਹਾਂ ਦੇਸ਼ਾਂ ਵਿਚ ਫੁੱਟਬਾਲ ਤੋਂ ਇਲਾਵਾ ਕੋਈ ਹੋਰ ਚਰਚਾ ਹੀ ਨਹੀਂ ਹੋ ਰਹੀ। ਲਾਈਵ ਸਕ੍ਰੀਨਿੰਗ ਲਈ ਵੱਡੇ-ਵੱਡੇ ਸਕਰੀਨ ਥਾਂ-ਥਾਂ ਲੱਗੇ ਹੋਏ ਹਨ ਅਤੇ ਖੇਡ ਪ੍ਰੇਮੀ ਆਪਣੀ ਪਸੰਦ ਦੇ ਖਿਡਾਰੀ ਤੇ ਟੀਮ ਲਈ ਦਿਲੋ-ਜਾਨ ਨਾਲ ਖੁਸ਼ੀਆਂ ਮਨਾ ਰਹੇ ਹਨ ਤੇ ਪ੍ਰਾਥਨਾਵਾਂ ਕਰ ਰਹੇ ਹਨ। ਇਹ ਹਾਲ ਤਾਂ ਉਦੋਂ ਹੈ ਜਦੋਂ ਭਾਰਤ ਅੱਜ ਤੱਕ ਕਿਸੇ ਫੁੱਟਬਾਲ ਵਿਸ਼ਵ ਕੱਪ ਵਿਚ ਨਹੀਂ ਖੇਡਿਆ ਹੈ, ਪਰ ਜੇ ਉਹ ਵੀ ਇਸ ਵਿਸ਼ਵ ਕੱਪ ਵਿਚ ਹਿੱਸਾ ਲੈ ਰਿਹਾ ਹੁੰਦਾ ਤਾਂ ਹਿੱਸਾ ਲੈ ਰਹੀਆਂ 48 ਟੀਮਾਂ ਵਿਚ ਸ਼ਾਮਿਲ ਹੁੰਦਾ ਹੈ ਤਾਂ ਮੰਜ਼ਰ ਕੀ ਹੁੰਦਾ? ਕਲਪਨਾ ਕਰਨਾ ਮੁਸ਼ਕਿਲ ਹੈ। ਵਰਣਨਯੋਗ ਹੈ ਕਿ 1950 ਵਿਚ ਜਦੋਂ ਏਸ਼ੀਆ ਦੇ ਖੇਤਰੀ ਕਵਾਲੀਫਾਇੰਗ ਸਮੂਹ ਨਾਲ ਸਭ ਟੀਮਾਂ ਨੇ ਬ੍ਰਾਜ਼ੀਲ ਵਿਚ ਕਰਵਾਏ ਫੀਫਾ ਵਿਸ਼ਵ ਕੱਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਸੀ, ਤਾਂ ਭਾਰਤ ਨੇ ਇਹ ਪ੍ਰਤੀਯੋਗਤਾ ਖੇਡਣ ਲਈ ਕੁਆਲੀਫਾਈ ਕਰ ਲਿਆ ਸੀ, ਪਰ ਵਧੇਰੇ ਪ੍ਰੈਕਟਿਸ ਨਾ ਹੋਣ ਕਰਕੇ ਭਾਰਤ ਨੇ ਆਪਣੀ ਟੀਮ ਨਹੀਂ ਭੇਜੀ ਸੀ।
ਇਸ ਵਾਰ ਏਸ਼ਿਅਨ ਫੁੱਟਬਾਲ ਕਨਫੈਡਰੇਸ਼ਨ (ਏ. ਐਫ. ਸੀ.) ਤੋਂ ਜਿਨ੍ਹਾਂ ਟੀਮਾਂ ਨੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ, ਉਨ੍ਹਾਂ ਵਿਚ ਆਸਟ੍ਰੇਲੀਆ, ਈਰਾਨ, ਇਰਾਕ, ਜਪਾਨ, ਜਾਰਡਨ, ਕੋਰੀਆ ਰਿਪਬਲਿਕ (ਦੱਖਣੀ ਕੋਰੀਆ), ਕਤਰ, ਸਾਊਦੀ ਅਰਬ ਅਤੇ ਉਜ਼ਬੇਕਿਸਤਾਨ ਸ਼ਾਮਿਲ ਹੈ। ਅਤੀਤ ਵਿਚ ਚੀਨ (2002) ਨੇ ਵੀ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ, ਪਰ ਉਹ ਇਕ ਵੀ ਗੋਲ ਕਰਨ ਵਿਚ ਸਫਲ ਨਾ ਹੋ ਸਕਿਆ, ਜਦ ਕਿ ਕੋਸਟਾਰੀਕਾ ਨੇ ਉਸ 'ਤੇ 2, ਬ੍ਰਾਜ਼ੀਲ ਨੇ 4 ਤੇ ਤੁਰਕੀ ਨੇ 3 ਗੋਲ ਕੀਤੇ। ਚੀਨ ਵਰਗਾ ਵਿਸ਼ਾਲ ਤੇ ਵਿਕਸਿਤ ਦੇਸ਼ ਜੋ ਅਥਲੈਟਿਕਸ ਵਿਚ ਕੌਮਾਂਤਰੀ ਮੰਚਾਂ 'ਤੇ ਕਾਮਯਾਬੀ ਦੇ ਝੰਡੇ ਗੱਡਦਾ ਹੈ, ਇਸ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਵੀ ਨਾ ਕਰ ਸਕਿਆ। ਇਸ ਤੋਂ ਫੁੱਟਬਾਲ ਵਿਚ ਸਖ਼ਤ ਮੁਕਾਬਲੇਬਾਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਰ ਮਹੱਤਵਪੂਰਨ ਸਵਾਲ ਇਹ ਹੈ ਕਿ ਅੱਜ ਤੱਕ ਕੋਈ ਏਸ਼ਿਆਈ ਟੀਮ ਫੀਫਾ ਵਿਸ਼ਵ ਕੱਪ ਕਿਉਂ ਨਾ ਜਿੱਤ ਸਕੀ, ਜਦ ਕਿ ਏਸ਼ੀਆ ਦੇ ਲਗਭਗ ਹਰ ਦੇਸ਼ ਵਿਚ ਫੁੱਟਬਾਲ ਖੇਡਿਆ ਜਾਂਦਾ ਹੈ? ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦੱਖਣੀ ਕੋਰੀਆ ਦੀ ਟੀਮ ਇਕ ਮਾਤਰ ਅਜਿਹੀ ਏਸ਼ਿਆਈ ਟੀਮ ਹੈ, ਜੋ 2002 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚੀ ਸੀ, ਜਦੋਂ ਉਸ ਨੇ ਜਪਾਨ ਨਾਲ ਸੰਯੁਕਤ ਰੂਪ ਨਾਲ ਇਸ ਮੁਕਾਬਲੇ ਦਾ ਆਯੋਜਨ ਕੀਤਾ ਸੀ। ਉਸ ਤੋਂ ਪਹਿਲਾਂ ਉੱਤਰ ਕੋਰੀਆ 1966 ਵਿਚ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ, ਜਦੋਂ ਉਸ ਨੇ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਤਾਕਤਵਰ ਦੇਸ਼ ਇਟਲੀ ਨੂੰ ਗਰੁੱਪ ਪੱਧਰ 'ਤੇ ਹਰਾ ਕੇ ਅੱਗੇ ਵਧਣ ਦਾ ਮਾਣ ਹਾਸਿਲ ਕੀਤਾ ਸੀ।
ਇਹ ਸੋਚਣ ਦੀ ਗੱਲ ਹੈ ਕਿ 1930 ਵਿਚ ਸਥਾਪਿਤ ਹੋ ਕੇ ਹਰ ਚਾਰ ਸਾਲ ਦੇ ਵਕਫ਼ੇ ਬਾਅਦ (ਵਿਸ਼ਵ ਯੁੱਧ ਕਾਰਨ 1942 ਤੇ 1946 ਨਹੀਂ ਹੋਏ) ਪਰ ਆਯੋਜਿਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਸਿਰਫ਼ ਇਕ ਏਸ਼ਿਆਈ ਟੀਮ ਹੀ ਸੈਮੀਫਾਈਨਲ ਤੱਕ ਕਿਉਂ ਪਹੁੰਚ ਸਕੀ? ਵਿਸ਼ਵ ਕੱਪ ਤਾਂ ਉਦੋਂ ਜਿੱਤਿਆ ਜਾ ਸਕਦਾ ਹੈ ਜਦੋਂ ਟੀਮ ਪਹਿਲਾਂ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰੇ ਅਤੇ ਫਿਰ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤੱਕ ਪਹੁੰਚੇ। ਇਹ ਸਭ ਨਾ ਕਰ ਸਕਣ ਦੇ ਕੁਝ ਤਾਂ ਕਾਰਨ ਜ਼ਰੂਰ ਹੋਣਗੇ।
ਇਸ ਸੰਦਰਭ ਵਿਚ ਮਾਹਿਰ ਅਨੇਕ ਕਾਰਨ ਦੱਸਦੇ ਹਨ। ਉਨ੍ਹਾਂ ਅਨੁਸਾਰ ਏਸ਼ੀਆ ਵਿਚ ਫੁੱਟਬਾਲ ਸੱਭਿਆਰ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹਨ, ਕੁਲੀਨ ਵਰਗ ਦੇ ਨੌਜਵਾਨ ਵਿਕਾਸ ਪਾਈਪਲਾਈਨ ਨਹੀਂ ਹਨ ਅਤੇ ਮੁਕਾਬਲੇਬਾਜ਼ੀ ਘਰੇਲੂ ਲੀਗ ਨਹੀਂ ਹੈ, ਜਿਵੇਂ ਕਿ ਇਤਿਹਾਸਕ ਪੱਖ ਤੋਂ ਯੂਰਪ ਤੇ ਦੱਖਣੀ ਅਮਰੀਕਾ ਵਿਚ ਸਥਾਪਿਤ ਹਨ। ਦਰਅਸਲ, ਜੋ ਰਵਾਇਤੀ ਰੂਪ ਵਿਚ ਫੁੱਟਬਾਲ ਦੇ ਮਜ਼ਬੂਤ ਹਨ ਉਨ੍ਹਾਂ ਨੂੰ ਪੀੜ੍ਹੀਆਂ ਦੇ ਫੁੱਟਬਾਲ ਇਤਿਹਾਸ, ਪ੍ਰੋਫੈਸ਼ਨਲ ਅਕਾਦਮੀ ਬਣਤਰ ਅਤੇ ਟੌਪ-ਟੀਅਰ ਕੋਚਿੰਗ ਦਾ ਲਾਭ ਮਿਲਦਾ ਹੈ। ਏਸ਼ਿਆਈ ਦੇਸ਼ ਤਾਂ ਹੁਣ ਵੀ ਇਹ ਜ਼ਮੀਨੀ ਪੱਧਰ 'ਤੇ ਸਕਾਊਟਿੰਗ ਸਿਸਟਮ ਵਿਕਸਿਤ ਕਰ ਰਹੇ ਹਨ, ਭਾਵ ਫਿਲਹਾਲ ਉਨ੍ਹਾਂ ਵਿਚ ਈਕੋਸਿਸਟਮ ਤੇ ਇੰਫ੍ਰਾਸਟ੍ਰੱਕਚਰ ਦੀ ਘਾਟ ਹੈ।
ਏਸ਼ਿਆਈ ਖਿਡਾਰੀਆਂ ਨੂੰ ਕੁਲੀਨ ਐਕਸਪੋਜ਼ਰ ਵੀ ਕਮੀ ਨਾਲ ਮਿਲਿਆ ਹੈ। ਏਸ਼ੀਆ ਦੇ ਗਿਣਤੀ ਦੇ ਖਿਡਾਰੀ ਹੀ ਯੂਰਪ ਦੀਆਂ ਚੋਟੀ ਦੀਆਂ ਲੀਗਾਂ ਵਿਚ ਖੇਡ ਸਕੇ ਹਨ, ਜਿਸ ਨਾਲ ਉਨ੍ਹਾਂ ਨੂੰ ਉਹ ਰੋਜ਼ ਤਕਨੀਕੀ ਤੇ ਸਰੀਰਕ ਰੁਟੀਨ ਨਾ ਮਿਲ ਸਕਿਆ, ਜਿਸ ਦੀ ਵਿਸ਼ਵ ਕੱਪ ਜਿੱਤਣ ਲਈ ਜ਼ਰੂਰਤ ਹੁੰਦੀ ਹੈ। ਹਾਲਾਂਕਿ ਇਸ ਵਿਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ, ਪਰ ਵਿਸ਼ਵ ਮੁਕਾਬਲੇਬਾਜ਼ੀ ਦੇ ਉੱਚਤਮ ਪੱਧਰ 'ਤੇ ਹੁਣ ਵੀ ਯੂਰਪ ਦਾ ਹੀ ਦਬਦਬਾ ਹੈ। ਸਮਝਣ ਵਾਲੀ ਗੱਲ ਇਹ ਵੀ ਹੈ ਕਿ ਤੁਹਾਡੀ ਤਰਜੀਹ ਕੀ ਹੈ? ਏਸ਼ੀਆ ਦੇ ਜ਼ਿਆਦਾਤਰ ਸਮਾਜਾਂ ਵਿਚ ਖੇਡਾਂ ਦੀ ਬਜਾਏ ਅਕਾਦਮਿਕ ਸਫਲਤਾ ਵੱਲ ਹੀ ਬਹੁਤਾ ਧਿਆਨ ਦਿੱਤਾ ਜਾਂਦਾ ਹੈ, ਜਿਸ ਨਾਲ ਪ੍ਰਤਿਭਾ ਪੂਲ ਅਤੇ ਸੰਭਾਵਿਤ ਫੁੱਟਬਾਲਰਾਂ ਲਈ ਪ੍ਰੋਫੈਸ਼ਨਲ ਰਸਤੇ ਸੁੰਗੜ ਜਾਂਦੇ ਹਨ। ਭਾਰਤ ਵਿਚ ਜੇਕਰ ਤੁਸੀਂ ਦਸ ਪਰਿਵਾਰਾਂ ਦੇ ਮਾਤਾ-ਪਿਤਾਵਾਂ ਨਾਲ ਗੱਲ ਕਰੋਗੇ ਤਾਂ ਉਨ੍ਹਾਂ ਵਿਚੋਂ 9 ਦਾ ਜਵਾਬ ਇਹ ਹੋਵੇਗਾ ਕਿ ਉਹ ਆਪਣੇ ਬੇਟੇ ਨੂੰ ਫੁੱਟਬਾਲਰ ਦੀ ਥਾਂ ਡਾਕਟਰ ਜਾਂ ਇੰਜੀਨੀਅਰ ਬਣਾਉਣ ਨੂੰ ਪਹਿਲ ਦੇਣਗੇ। ਕੁੜੀਆਂ ਲਈ ਤਾਂ ਬਹੁਤੇ ਮਾਪਿਆਂ ਦੀ ਸੋਚ, ਉਨ੍ਹਾਂ ਨੂੰ ਖੇਡ ਸਟੇਡੀਅਮ ਵਿਚ ਭੇਜਣ ਦੀ ਬਜਾਏ, ਇਹ ਹੈ ਕਿ ਕਿਸੇ ਚੰਗੇ ਘਰ ਵਿਚ ਉਨ੍ਹਾਂ ਦਾ ਵਿਆਹ ਹੋ ਜਾਵੇ। ਇਹ ਰੂੜੀਵਾਦੀ ਨਜ਼ਰੀਆ ਅੱਜ ਵੀ ਭਾਰੂ ਹੈ ਕਿ ਔਰਤਾਂ ਲਈ ਇਕਮਾਤਰ ਸੰਸਕਾਰ ਵਿਆਹ ਹੈ, ਜਦ ਕਿ ਤੱਥ ਇਹ ਹੈ ਕਿ ਮੌਕਾ ਮਿਲਣ 'ਤੇ ਕੁੜੀਆਂ ਹਰ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ। ਹੁਣ ਤਾਂ ਔਰਤਾਂ ਲਈ ਵੀ ਵਿਸ਼ਵ ਕੱਪ ਦੇ ਆਯੋਜਨ ਹੋਣ ਲੱਗੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਫੁੱਟਬਾਲ ਵਿਕਾਸ ਦੇ ਜੋ ਕੁਝ ਰਵਾਇਤੀ ਮਾਡਲ ਏਸ਼ੀਆ ਦੇ ਦੇਸ਼ਾਂ ਵਿਚ ਹਨ, ਉਹ ਦੂਰਗਾਮੀ ਨਹੀਂ ਹਨ, ਲੰਮੇ ਸਮੇਂ ਬਾਅਦ ਮਿਲਣ ਵਾਲੇ ਨਤੀਜਿਆਂ ਲਈ ਭਾਰੀ ਖਰਚ 'ਤੇ ਫੋਕਸ ਕਰਦੇ ਹਨ, ਬਜਾਏ ਸਸਟੇਨੈਬਲ, ਦੂਰਗਾਮੀ ਸਿਸਟਮ ਸੁਧਾਰ ਦੇ। ਜਪਾਨ ਨੂੰ ਇਸ ਸੰਦਰਭ ਵਿਚ ਅਪਵਾਦ ਮੰਨਿਆ ਜਾ ਸਕਦਾ ਹੈ। ਜਪਾਨ ਨੇ 2022 ਦੇ ਵਿਸ਼ਵ ਕੱਪ ਵਿਚ ਸਾਬਕਾ ਚੈਂਪੀਅਨ ਜਰਮਨੀ ਅਤੇ ਸਪੇਨ ਨੂੰ ਹਰਾਇਆ ਸੀ। ਉਸ ਨੇ ਵਿਸ਼ਵ ਕੱਪ ਜਿੱਤਣ ਦਾ ਦੂਰਗਾਮੀ ਟੀਚਾ ਆਪਣੇ ਲਈ ਨਿਰਧਾਰਿਤ ਕੀਤਾ ਹੈ ਅਤੇ ਉਹ ਇਸ ਲਈ ਕੋਸ਼ਿਸ਼ ਵੀ ਕਰ ਰਿਹਾ ਹੈ। ਭਾਰਤ ਸਮੇਤ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਠੋਸ ਤੇ ਦੂਰਗਾਮੀ ਯੋਜਨਾਵਾਂ ਬਣਾਉਣੀਆਂ ਹੋਣਗੀਆਂ, ਤਾਂ ਹੀ ਵਿਸ਼ਵ ਕੱਪ ਦੀ ਟ੍ਰਾਫੀ ਏਸ਼ੀਆ ਵਿਚ ਆ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਉੱਡਦੀ ਜਵਾਨੀ ਸੁਪਨਿਆਂ ਦੀ ਕੀਮਤ 'ਤੇ ਸੁੰਨੇ ਹੁੰਦੇ ਵਿਹੜੇ ਅਗਲੀ ਖ਼ਬਰ ਵਿਦੇਸ਼ੀ ਲੇਖਕਾਂ ਦੀ ਨਜ਼ਰ ਵਿਚ ਮਹਾਰਾਜਾ ਰਣਜੀਤ ਸਿੰਘ
Ad Position 24
No active advertisement