ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗੁਣਾਂ ਦੀ ਗੁਥਲੀ : ਬਣਾਂ ਜਾਂ ਸੰਭਾਲੂ

Ad Position 21
No active advertisement
ਅਜੀਤ ਡੈਸਕ 28-06-2026

\ਬਣਾਂ, ਸੰਭਾਲੂ ਜਾਂ ਨਿਰਗੁੰਡੀ ਦਾ ਵਿਗਿਆਨਕ ਨਾਂਅ ਵਾਈਟੈਕਸ ਨੈਗੁੰਡੋ ਹੈ। ਇਹ ਨਹਿਰਾਂ, ਚੋਆਂ, ਜੰਗਲਾਂ, ਦਰਿਆਵਾਂ ਦੇ ਕਿਨਾਰੇ ਜਾਂ ਅਣਵਰਤੀਆਂ ਜ਼ਮੀਨਾਂ ਵਿਚ ਪਾਇਆ ਜਾਂਦਾ ਹੈ। ਇਹ ਆਮ ਤੌਰ 'ਤੇ 5 ਤੋਂ 15 ਕੁ ਫੁੱਟ ਤੱਕ ਉੱਚਾਈ ਦੀਆਂ ਝਾੜੀਆਂ ਦੇ ਰੂਪ ਵਿਚ ਮਿਲਦਾ ਹੈ। ਇਸ ਦੇ ਪੱਤੇ ਉਪਰੋਂ ਹਰੇ ਅਤੇ ਪੁੱਠੇ ਪਾਸਿਓਂ ਚਾਂਦੀ ਵਰਗੇ ਸਲੇਟੀ ਰੰਗ ਦੇ ਹੁੰਦੇ ਹਨ। ਇਸ ਨੂੰ ਜਾਮਣੀ ਜਿਹੇ ਰੰਗ ਦੇ ਫੁੱਲ ਗੁੱਛਿਆਂ ਵਿਚ ਜੂਨ ਤੋਂ ਦਸੰਬਰ ਤੱਕ ਲਗਦੇ ਹਨ। ਇਸ ਦੇ ਪੱਤਿਆਂ ਨੂੰ ਮਸਲਣ 'ਤੇ ਉਹਨਾਂ ਵਿਚੋਂ ਤਿੱਖੀ ਦਵਾਈ ਵਰਗੀ ਗੰਧ ਆਉਂਦੀ ਹੈ। ਇਸ ਦੀਆਂ ਨਵੀਆਂ ਟਾਹਣੀਆਂ ਚੌਰਸ ਅਤੇ ਸਲੇਟੀ ਰੰਗ ਦੀਆਂ ਹੁੰਦੀਆਂ ਹਨ। ਪਿੰਡਾਂ ਵਿਚ ਜਦੋਂ ਦੁਧਾਰੂ ਪਸ਼ੂਆਂ ਦੇ ਥਣ ਪਸਮਾ ਜਾਂਦੇ ਹਨ ਤਾਂ ਬਣਾ ਕੱਟ ਕੇ ਉਹਨਾਂ ਦੇ ਥੱਲ੍ਹੇ ਸੁੱਟਿਆ ਜਾਂਦਾ ਹੈ। ਇਹ ਦਰਦ ਅਤੇ ਸੋਜ ਨੂੰ ਖਿੱਚ ਲੈਂਦਾ ਹੈ। ਇਹ ਅਜਿਹਾ ਪੌਦਾ ਹੈ ਜਿਸ ਨੂੰ ਆਮ ਤੌਰ ਤੇ ਅਸੀਂ ਅਣਗੌਲਿਆਂ ਕਰ ਛੱਡਿਆ ਹੈ। ਪਰ ਆਯੁਰਵੇਦ ਵਿਚ ਇਸ ਪੌਦੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨੂੰ ਸਰਬਰੋਗ ਨਿਵਾਰਨੀ ਵੀ ਕਿਹਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਜਿੱਥੇ ਬਣਾਂ, ਬਸੂਟੀ ਅਤੇ ਨਿੰਮ ਹੋਵੇ, ਉਥੇ ਆਸ ਪਾਸ ਕੋਈ ਬਿਮਾਰੀ ਨਹੀਂ ਫਟਕਦੀ।

ਜੇਕਰ ਕਿਸੇ ਨੂੰ ਦਮਾ ਹੋਵੇ, ਜੁਕਾਮ ਹੋਵੇ, ਛਾਤੀ ਜਾਮ ਹੋਵੇ ਜਾਂ ਬਲਗਮ ਜਮ੍ਹਾਂ ਹੋਈ ਹੋਵੇ ਤਾਂ ਇਸ ਦੇ ਪੱਤਿਆਂ ਨੂੰ ਉਬਾਲ ਕੇ ਭਾਫ ਲੈਣ ਨਾਲ ਇਹ ਕਾਫੀ ਫਾਇਦਾ ਕਰਦਾ ਹੈ। ਇਸ ਦੀ ਭਾਫ ਸਿਰਦਰਦ ਲਈ ਵੀ ਬਹੁਤ ਲਾਭਕਾਰੀ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਹ ਕਫ ਨੂੰ ਸੰਤੁਲਿਤ ਕਰਦਾ ਹੈ। ਇਹ ਸਾਹ ਨਾਲੀ ਨੂੰ ਸਾਫ ਕਰ ਦਿੰਦਾ ਹੈ। ਅੱਜ ਕੱਲ੍ਹ ਆਮਵਾਤ ਦਾ ਰੋਗ ਆਮ ਹੋ ਗਿਆ ਹੈ। ਇਹ ਇਕ ਤਰ੍ਹਾਂ ਦਾ ਗਠੀਆ ਹੈ ਜਿਸ ਵਿਚ ਵਿਸ਼ੈਲੇ ਤੱਤ ਜੋੜਾਂ ਵਿਚ ਜਮ੍ਹਾਂ ਹੋ ਜਾਂਦੇ ਹਨ ਜਿਸ ਨਾਲ ਜੋੜ ਸੁੱਜ ਜਾਂਦੇ ਹਨ ਅਤੇ ਦਰਦ ਕਰਦੇ ਹਨ। ਇਹ ਕਮਜ਼ੋਰ ਜਠਰ ਅਗਨੀ ਅਤੇ ਵਾਤ ਦੋਸ਼ ਕਾਰਨ ਹੁੰਦਾ ਹੈ। ਬਣ੍ਹਾਂ ਜਠਰ ਅਗਨੀ ਨੂੰ ਮਜ਼ਬੂਤ ਕਰਦਾ ਹੈ ਅਤੇ ਵਾਤ ਦੋਸ਼ ਨੂੰ ਦਰੁੱਸਤ ਕਰਦਾ ਹੈ। ਮੋਚ, ਦਰਦ, ਗਠੀਆ ਅਤੇ ਮਾਸਪੇਸ਼ੀਆਂ ਦੇ ਦਰਦ ਅਤੇ ਸੋਜ ਵਾਲੀ ਜਗ੍ਹਾ ਤੇ ਇਸ ਦੇ ਪੱਤਿਆਂ ਦਾ ਲੇਪ ਲਾਉਣ ਨਾਲ ਆਰਾਮ ਮਿਲਦਾ ਹੈ। ਇਸ ਵਿਚ ਰੋਗਾਣੂਨਾਸ਼ਕ ਅਤੇ ਸੋਜ ਰੋਧਕ ਗੁਣ ਪਾਏ ਜਾਂਦੇ ਹਨ। ਇਸ ਦੇ ਪੱਤਿਆਂ ਨੂੰ ਕੁੱਟ ਕੇ ਉਹਨਾਂ ਦੀ ਮਲ੍ਹਮ ਬਣਾ ਕੇ ਫੋੜੇ, ਫਿਨਸੀਆਂ ਅਤੇ ਚਮੜੀ ਦੀਆਂ ਇਨਫੈਕਸ਼ਨਾਂ 'ਤੇ ਲਾਈ ਜਾਂਦੀ ਹੈ। ਇਸ ਦੇ ਪੱਤਿਆਂ ਨੂੰ ਉਬਾਲ ਕੇ ਉਸ ਦੇ ਪਾਣੀ ਨਾਲ ਟਕੋਰ ਕਰਨ ਨਾਲ ਦਰਦ, ਸੋਜ ਅਤੇ ਇਨਫੈਕਸ਼ਨ ਤੋਂ ਨਿਜਾਤ ਮਿਲਦੀ ਹੈ।
ਜੇਕਰ ਕਿਸੇ ਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਰਹਿੰਦਾ ਹੋਵੇ ਤਾਂ ਛੋਟਾ ਅੱਧਾ ਕੱਪ ਬਣੇ ਦਾ ਕਾੜ੍ਹਾ ਦਿਨ ਵਿਚ ਦੋ ਵਾਰ ਪੀਣ ਨਾਲ ਆਰਾਮ ਮਿਲਦਾ ਹੈ। ਜੇਕਰ ਇਸ ਕਾੜ੍ਹੇ ਵਿਚ 5 ਤੋਂ 10 ਮਿਲੀਲਿਟਰ ਅਰਿੰਡ ਦਾ ਤੇਲ ਮਿਲਾ ਕੇ ਪੀਤਾ ਜਾਵੇ ਤਾਂ ਗੈਸ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਬਣ੍ਹੇ ਦੇ ਪੱਤਿਆਂ ਨੂੰ ਪਾਣੀ ਵਿਚ ਰਗੜ ਕੇ ਉਸ ਦੀ ਮਲ੍ਹਮ ਬਣਾ ਕੇ ਮੱਥੇ 'ਤੇ ਲਾਉਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਪੱਤਿਆਂ ਦਾ ਚੂਰਨ ਬਣਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ। 3 ਤੋਂ 5 ਗ੍ਰਾਮ ਚੂਰਨ ਦਿਨ ਵਿਚ ਦੋ ਵਾਰ ਲੈਣ ਨਾਲ ਜੋੜਾਂ ਦੇ ਦਰਦਾਂ ਤੋਂ ਆਰਾਮ ਮਿਲਦਾ ਹੈ। ਇਸ ਦਾ ਤੇਲ ਨਿਰਗੁੰਡੀ ਦੇ ਤੇਲ ਦੇ ਨਾਂਅ 'ਤੇ ਬਾਜ਼ਾਰ ਵਿਚੋਂ ਮਿਲ ਜਾਂਦਾ ਹੈ, ਜੋ ਕਿ ਜੋੜਾਂ ਦੇ ਦਰਦਾਂ, ਸੋਜ, ਮੋਚ ਅਤੇ ਮਾਸਪੇਸ਼ੀਆਂ ਦੇ ਦਰਦ ਲਈ ਲਾਭਦਾਇਕ ਹੈ। ਇਸ ਦੇ ਤੇਲ ਨੂੰ ਤਿਲਾਂ ਦੇ ਤੇਲ ਵਿਚ ਮਿਲਾ ਕੇ ਵਾਲਾਂ ਨੂੰ ਲਾਉਣ ਨਾਲ ਵਾਲ ਲੰਬੇ ਹੁੰਦੇ ਹਨ ਅਤੇ ਸਮੇਂ ਤੋਂ ਪਹਿਲਾਂ ਚਿੱਟੇ ਨਹੀਂ ਹੁੰਦੇ।
ਇਹ ਪੌਦਾ ਗੁਣਾਂ ਦੀ ਗੁਥਲੀ ਹੈ। ਪਰ ਦਿਲ ਦੇ ਮਰੀਜ਼ਾਂ ਅਤੇ ਗਰਭਪਤੀ ਮਹਿਲਾਵਾਂ ਨੂੰ ਇਸ ਪੌਦੇ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
-ਬਾਗਬਾਨੀ ਮਾਹਿਰ
ਮੋਬਾਈਲ: 8558831900

Ad Position 22
No active advertisement
ਪਿਛਲੀ ਖ਼ਬਰ ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ ਅਗਲੀ ਖ਼ਬਰ ਰਸਕਿਨ ਬਾਂਡ ਵਿਚ ਅਜਿਹਾ ਕੀ ਹੈ? (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
Ad Position 24
No active advertisement