16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

2025 ਵਾਂਗ 2026 ਵੀ ਹੋਵੇਗਾ ਏ.ਆਈ. ਲਈ ਬੇਹੱਦ ਮਹੱਤਵਪੂਰਨ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026

ਸਾਲ 2025 ਮਸਨੂਈ ਬੁੱਧੀ (ਏ.ਆਈ.) ਲਈ ਬੜਾ ਮਹੱਤਵਪੂਰਨ ਅਤੇ ਨਿਰਣਾਇਕ ਰਿਹਾ। ਤੇਜ਼ੀ ਨਾਲ ਇਸ ਦੇ ਪਰਿਵਰਤਤ ਰੂਪ ਦੁਨੀਆ ਸਾਹਮਣੇ ਆਏ। ਇਹ ਮਨੁੱਖ ਲਈ, ਵੱਖ-ਵੱਖ ਖੇਤਰਾਂ ਲਈ ਕੀ ਕੁਝ ਕਰ ਸਕਦਾ ਹੈ, ਲਗਾਤਾਰ ਇਸ ਦੀ ਚਰਚਾ ਚਲਦੀ ਰਹੀ। ਦੁਨੀਆ ਇਹ ਸਭ ਵੇਖ ਸੁਣ ਕੇ ਹੈਰਾਨ-ਪ੍ਰੇਸ਼ਾਨ ਹੁੰਦੀ ਰਹੀ। ਇਸ ਹੈਰਾਨੀ-ਪ੍ਰੇਸ਼ਾਨੀ ਵਿਚ ਖ਼ੁਸ਼ੀ ਦਾ ਅੰਸ਼ ਵੀ ਰਲਿਆ ਹੋਇਆ ਸੀ। ਇੰਝ ਲਗਦਾ ਸੀ ਏ.ਆਈ. ਕਾਰਨ ਦੁਨੀਆ ਬਦਲ ਰਹੀ ਹੈ। ਸਵਾਲਾਂ ਦੇ ਜਵਾਬ ਦੇਣੇ ਅਤੇ ਰੋਜ਼ਾਨਾ ਦੇ ਛੋਟੇ ਵੱਡੇ ਕੰਮ ਕਰਨੇ ਉਸ ਦੇ ਖੱਬੇ ਹੱਥ ਦੀ ਖੇਡ ਬਣ ਗਈ ਸੀ। ਇਸ ਪ੍ਰਸੰਗ ਵਿਚ ਸਾਲ 2026 ਚੁਣੌਤੀਆਂ ਭਰਿਆ ਹੋਵੇਗਾ ਕਿਉਂਕਿ ਦੁਨੀਆ ਦੀਆਂ ਵੱਡੀਆਂ ਤਾਕਤਾਂ ਦਰਮਿਆਨ ਦੌੜ ਤੇਜ਼ ਹੋ ਗਈ ਹੈ। ਇਕ-ਦੂਸਰੇ ਨੂੰ ਪਛਾੜਨ ਅਤੇ ਸਰਦਾਰੀ ਕਾਇਮ ਕਰਨ ਦੀ ਹੋੜ ਲੱਗ ਗਈ ਹੈ।
ਕਈ ਵਾਰ ਇੰਝ ਮਹਿਸੂਸ ਹੁੰਦਾ ਰਿਹਾ ਕਿ ਦੁਨੀਆ ਦਾ ਭਵਿੱਖ ਏ.ਆਈ. ਦੀ ਕਾਰਗੁਜ਼ਾਰੀ ਨਾਲ ਜੁੜ ਗਿਆ ਹੈ ਕਿਉਂਕਿ ਹੁਣ ਇਹ ਕੇਵਲ ਸਲਾਹਕਾਰ ਨਹੀਂ ਰਿਹਾ ਬਲਕਿ ਐਕਸ਼ਨ ਲੈਣ ਵਾਲਾ ਬਣ ਗਿਆ ਹੈ। ਇਹ ਸਭ ਅਚਾਨਕ ਨਹੀਂ ਹੋਇਆ ਬਲਕਿ ਇਸ 'ਤੇ ਲੰਮਾ ਸਮਾਂ ਖੋਜ ਕਾਰਜ ਚਲਦੇ ਰਹੇ। ਸਾਲ 2025 ਦੇ ਆਰੰਭ ਵਿਚ ਚੀਨ ਨੇ ਡੀਪਸੀਕ-ਆਰ-1 ਦੁਨੀਆ ਸਾਹਮਣੇ ਪੇਸ਼ ਕੀਤਾ ਜਿਸ ਨਾਲ ਅਮਰੀਕੀ ਕੰਪਨੀਆਂ ਹੈਰਾਨ ਰਹਿ ਗਈਆਂ ਕਿਉਂਕਿ ਉਦੋਂ ਤੱਕ ਕੇਵਲ ਅਮਰੀਕਾ ਹੀ ਤਾਕਤਵਰ ਏ.ਆਈ. ਬਣਾਉਣ ਦੇ ਸਮਰੱਥ ਸੀ। ਡੀਪਸੀਕ ਨਾਲ ਇੰਝ ਮਹਿਸੂਸ ਹੋਇਆ ਜਿਵੇਂ ਚੀਨ ਤੇਜ਼ੀ ਨਾਲ ਅਮਰੀਕੀ ਕੰਪਨੀਆਂ ਨੂੰ ਪਛਾੜ ਕੇ ਅੱਗੇ ਨਿਕਲ ਰਿਹਾ ਹੈ।
ਅਪ੍ਰੈਲ 2025 ਵਿਚ ਗੂਗਲ ਨੇ 'ਏਜੰਟ ਟੂ ਏਜੰਟ' ਪ੍ਰੋਟੋਕਾਲ ਲਿਆਂਦਾ ਜਿਸ ਨਾਲ ਏ.ਆਈ. ਏਜੰਟ ਇਕ-ਦੂਜੇ ਨਾਲ ਗੱਲਬਾਤ ਕਰਨ ਦੇ ਸਮਰੱਥ ਹੋ ਗਏ। ਸਾਲ 2025 ਦੇ ਅੱਧ ਵਿਚ ਏ.ਆਈ. ਸਿੱਧਾ ਆਮ ਲੋਕਾਂ ਤੱਕ ਪਹੁੰਚ ਗਿਆ ਤੇ ਨਵੇਂ-ਨਵੇਂ ਮਾਡਲ ਆਉਂਦੇ ਗਏ। ਉਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਮਿਲਣ ਲੱਗੀਆਂ।
ਦੁਨੀਆ ਨੂੰ ਇਉਂ ਲੱਗਿਆ ਜਿਵੇਂ ਬਹੁਤ ਸਾਰੇ ਗੁੰਝਲਦਾਰ ਅਤੇ ਲੰਮਾ ਸਮਾਂ ਲੈਣ ਵਾਲੇ ਕੰਮ ਬਿਲਕੁਲ ਆਸਾਨ ਹੋ ਗਏ ਹਨ। ਲੋਕ ਇਕ ਵੱਖਰੇ ਸੰਸਾਰ ਦੀ ਕਲਪਨਾ ਕਰਨ ਲੱਗੇ।
2025 ਦੇ ਅਖ਼ੀਰ ਅਤੇ 2026 ਦੇ ਆਰੰਭਲੇ ਦਿਨਾਂ ਤੱਕ ਪਹੁੰਚਦਿਆਂ ਇਸ ਨਾਲ ਜੁੜੇ ਖ਼ਤਰਿਆਂ ਦੀਆਂ ਖ਼ਬਰਾਂ ਆਉਣ ਲੱਗੀਆਂ। ਨਵੰਬਰ ਤੇ ਦਸੰਬਰ 2025 ਵਿਚ ਪਤਾ ਲੱਗਾ ਕਿ ਇਸ ਨਾਲ ਸਾਈਬਰ ਹਮਲੇ ਹੋ ਰਹੇ ਹਨ। ਇਕ ਪਾਸੇ ਇਸ ਨੇ ਬਹੁਤ ਸਾਰੇ ਕੰਮਾਂ ਨੂੰ ਆਸਾਨ ਕਰ ਦਿੱਤਾ ਪਰ ਦੂਸਰੇ ਪਾਸੇ ਗ਼ਲਤ ਵਰਤੋਂ ਨਾਲ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਹੋ ਗਏ।
ਨਤੀਜੇ ਵਜੋਂ ਸਾਲ 2025 ਦੇ ਅਖ਼ੀਰ ਵਿਚ ਸਖ਼ਤ ਤੇ ਸੁਰੱਖਿਅਤ ਨਿਯਮ ਬਣਾਉਣ ਦੀ ਦਿਸ਼ਾ ਵਿਚ ਕਦਮ ਪੁੱਟੇ ਜਾਣ ਲੱਗੇ ਅਤੇ ਏ.ਆਈ. ਸਿਸਟਮ ਨੂੰ ਆਪਸ ਵਿਚ ਜੋੜ ਕੇ ਕੰਮ ਕਰਨ ਯੋਗ ਬਣਾਉਣ ਦੇ ਉਪਰਾਲਿਆਂ ਸੰਬੰਧੀ ਸੋਚ-ਵਿਚਾਰ ਹੋਣ ਲੱਗੀ। ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2026 ਵਿਚ ਇਕ ਤਾਂ ਇਸ ਦੀ ਲਾਗਤ ਘਟਾਉਣ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੇ ਆਸਾਰ ਹਨ, ਦੂਸਰਾ ਆਕਾਰ ਛੋਟਾ ਹੋਵੇਗਾ ਅਤੇ ਤੀਸਰਾ ਵਿਸ਼ੇਸ਼ ਕੰਮਾਂ ਲਈ ਮਾਡਲ ਤਿਆਰ ਹੋਣਗੇ। ਬਿਜਲੀ ਖ਼ਪਤ ਘਟਾਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਅਤੇ ਨੌਕਰੀਆਂ ਘਟਣ ਦਾ ਡਰ ਵੀ ਵਧੇਗਾ। ਯੂਰਪ ਅਤੇ ਚੀਨ ਦੇ ਮੁਕਾਬਲੇ ਹੋਰਨਾਂ ਮੁਲਕਾਂ ਵਿਚ ਨਿਯਮ ਕਾਨੂੰਨ ਅਜੇ ਸਖ਼ਤ ਨਹੀਂ ਹਨ। ਨਤੀਜੇ ਵਜੋਂ ਜਿਵੇਂ-ਜਿਵੇਂ ਇਹ ਡਿਜੀਟਲ ਜੀਵਨ ਦਾ ਹਿੱਸਾ ਬਣਦਾ ਜਾਵੇਗਾ, ਤਿਵੇਂ-ਤਿਵੇਂ ਸਵਾਲ ਅਤੇ ਸਮੱਸਿਆਵਾਂ ਵਧਦੀਆਂ ਜਾਣਗੀਆਂ। ਇਸ ਸਿਲਸਿਲੇ ਵਿਚ ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਅਤੇ ਤੇਜ਼ ਤਕਨੀਕ ਦੇ ਨਾਲ-ਨਾਲ ਸੁਰੱਖਿਅਤ ਡਿਜ਼ਾਈਨ ਅਤੇ ਸਖ਼ਤ ਨਿਯਮ ਵੀ ਓਨੇ ਹੀ ਜ਼ਰੂਰੀ ਹਨ।
ਸਮਾਜ ਅਤੇ ਸੁਰੱਖਿਆ ਨੂੰ ਨਜ਼ਰ-ਅੰਦਾਜ਼ ਕਰਕੇ ਤਕਨੀਕ ਮਨੁੱਖ ਲਈ ਚੁਣੌਤੀ ਬਣ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2026 ਦੌਰਾਨ ਏ.ਆਈ. ਲੋਕਾਂ ਲਈ ਬਹੁਤ ਨਿੱਜੀ ਹੋ ਜਾਵੇਗਾ। ਨਤੀਜੇ ਵਜੋਂ ਜੀਵਨ ਵਿਚ ਵੱਡੀਆਂ ਤਬਦੀਲੀਆਂ ਵਾਪਰਨ ਦੀ ਸੰਭਾਵਨਾ ਬਣੀ ਰਹੇਗੀ। ਵਧਦੀ ਮੰਗ ਨੂੰ ਵੇਖਦੇ ਹੋਏ ਕੰਪਨੀਆਂ ਨੇ ਚਿਪ ਤਿਆਰ ਕਰਨ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ। ਸਮਾਰਟ ਫ਼ੋਨ, ਲੈਪਟਾਪ ਅਤੇ ਟੈਬਲੇਟ ਵਿਚ ਆਨ ਡਿਵਾਈਸ ਏ.ਆਈ. ਦੀ ਸਹੂਲਤ ਹੋਵੇਗੀ। ਕਾਰੋਬਾਰ ਦੇ ਖੇਤਰ ਵਿਚ ਇਸ ਦੀ ਵਰਤੋਂ ਵਧੇਗੀ। ਟੈਲੀਕਾਮ ਕੰਪਨੀਆਂ ਏ.ਆਈ. ਏਜੰਟ ਵਜੋਂ ਕੰਮ ਕਰਨਗੀਆਂ। ਨਤੀਜੇ ਵਜੋਂ ਏ.ਆਈ. ਸਾਡੇ ਰੋਜ਼ਾਨਾ ਦੇ ਕੰਕਾਰ ਅਤੇ ਛੋਟੇ ਵੱਡੇ ਫ਼ੈਸਲੇ ਲੈਣ ਵਿਚ ਮਦਦ ਕਰਦਾ ਨਜ਼ਰ ਆਵੇਗਾ।
ਸਿਹਤ ਖੇਤਰ ਵਿਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ। ਸਮਾਰਟ ਘੜੀ ਅਤੇ ਫਿਟਨੈੱਸ ਬੈਂਡ ਦੀ ਵਰਤੋਂ ਬਿਹਤਰ ਹੋ ਜਾਵੇਗੀ। ਨਵੇਂ-ਨਵੇਂ ਸੈਂਸਰ ਸਦਕਾ ਸਾਡੀ ਸਿਹਤ ਸੰਬੰਧੀ ਮਹੱਤਵਪੂਰਨ ਸੰਕੇਤ ਮਿਲਣ ਲੱਗਣਗੇ।
ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿਚ ਵੀ ਏ.ਆਈ. ਦੀ ਵਰਤੋਂ ਵੱਡੇ ਪੱਧਰ 'ਤੇ ਹੋਣ ਲੱਗੇਗੀ। ਵੱਡੀਆਂ ਕੰਪਨੀਆਂ ਏ.ਆਈ. ਟਿਊਟਰ ਪੇਸ਼ ਕਰ ਸਕਦੀਆਂ ਹਨ, ਜੋ ਵਿਦਿਆਰਥੀਆਂ ਨੂੰ ਇਕੱਲੇ ਜਾਂ ਸਮੂਹ ਵਿਚ ਗਾਈਡ ਕਰਨ ਦਾ ਕੰਮ ਕਰਨਗੇ।
ਸਾਲ 2026 ਦੌਰਾਨ ਏ.ਆਈ. ਸਮਾਰਟ ਘਰ ਹੋਂਦ ਵਿਚ ਆ ਜਾਣਗੇ। ਘਰ ਦੀ ਸੁਰੱਖਿਆ, ਬੱਚਿਆਂ ਦੀ ਸਾਂਭ-ਸੰਭਾਲ, ਮਰੀਜ਼ਾਂ ਦੀ ਦੇਖ-ਭਾਲ ਜਿਹੇ ਕੰਮਾਂ ਦੀ ਸਹੂਲਤ ਮਿਲਣ ਲੱਗੇਗੀ।
ਏ.ਆਈ. ਨੌਕਰੀਆਂ ਦੀ ਮੰਗ ਵਧੇਗੀ। ਓ.ਟੀ.ਟੀ. ਪਲੇਟਫਾਰਮਾਂ ਦੁਆਰਾ ਇਸ ਦੀ ਵਰਤੋਂ ਨਾਲ ਮਨੋਰੰਜਨ ਦੀ ਦੁਨੀਆ ਬਦਲ ਜਾਵੇਗੀ। ਨੇੜ-ਭਵਿੱਖ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਸਾਨੂੰ ਇਸ ਦੀ ਵਰਤੋਂ ਸਿੱਖਣ ਵੱਲ ਵਧਣਾ ਚਾਹੀਦਾ ਹੈ। ਚੈਟ ਜੀ.ਪੀ.ਟੀ., ਗੂਗਲ ਜੈਮਿਨੀ ਜਿਹੇ ਏ.ਆਈ. ਟੂਲ ਇਸ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

-ਈਮੇਲ : prof_kulbir@yahoo.com

Ad Position 22
No active advertisement
ਪਿਛਲੀ ਖ਼ਬਰ ਨਿਆਂਪਾਲਿਕਾ ਦੀ ਭਰੋਸੇਯੋਗਤਾ ਲਈ ਅਹਿਮ ਹੈ ਜਸਟਿਸ ਭੁਈਂਆ ਦੀ ਚਿਤਾਵਨੀ ਅਗਲੀ ਖ਼ਬਰ ਆਮ ਲੋਕਾਂ ਦੀਆਂ ਉਮੀਦਾਂ ਨੂੰ ਕਿੰਨਾ ਕੁ ਪੂਰਾ ਕਰੇਗਾ ਬਜਟ-2026?
Ad Position 24