16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਨਿਆਂਪਾਲਿਕਾ ਦੀ ਭਰੋਸੇਯੋਗਤਾ ਲਈ ਅਹਿਮ ਹੈ ਜਸਟਿਸ ਭੁਈਂਆ ਦੀ ਚਿਤਾਵਨੀ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026

ਸੰਭਲ (ਉੱਤਰ ਪ੍ਰਦੇਸ਼) ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਭਾਂਸ਼ੂ ਸੁਧੀਰ ਦੇ ਵਿਵਾਦਪੂਰਨ ਤਬਾਦਲੇ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ ਸੁਪਰੀਮ ਕੋਰਟ ਦੇ ਜੱਜ ਉੱਜਵਲ ਭੁਈਂਆ ਨੇ ਉੱਚ ਨਿਆਂਪਾਲਿਕਾ ਵਿਚ ਜੱਜਾਂ ਦੇ ਤਬਾਦਲੇ ਦੇ ਪਿੱਛੇ ਕਾਰਜਸ਼ੀਲ ਰਾਜਨੀਤਿਕ ਕਾਰਨਾਂ 'ਤੇ ਰੌਸ਼ਨੀ ਪਾਈ ਹੈ। ਉਨ੍ਹਾਂ ਪੁੱਛਿਆ ਕਿ ਇਕ ਜੱਜ ਨੂੰ ਇਕ ਹਾਈ ਕੋਰਟ ਤੋਂ ਦੂਜੀ ਹਾਈ ਕੋਰਟ ਵਿਚ ਸਿਰਫ਼ ਇਸ ਲਈ ਕਿਉਂ ਤਬਦੀਲ ਕੀਤਾ ਗਿਆ ਹੈ, ਕਿਉਂਕਿ ਉਸ ਨੇ ਸਰਕਾਰ ਲਈ 'ਅਸੁਵਿਧਾਜਨਕ ਫ਼ੈਸਲਾ' ਦਿੱਤਾ ਹੈ। ਭਾਵੇਂ ਜਸਟਿਸ ਭੁਈਂਆ ਨੇ ਕਿਸੇ ਜੱਜ ਦਾ ਨਾਂਅ ਨਹੀਂ ਲਿਆ, ਪਰ ਉਹ ਪਿਛਲੇ ਅਕਤੂਬਰ 'ਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜ ਅਤੁਲ ਸ਼੍ਰੀਧਰਨ ਦੇ ਤਬਾਦਲੇ ਦਾ ਹਵਾਲਾ ਦੇ ਰਹੇ ਸਨ। ਜਸਟਿਸ ਸ਼੍ਰੀਧਰਨ ਨੇ ਕਰਨਲ ਸੋਫੀਆ ਕੁਰੈਸ਼ੀ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਇਕ ਮੰਤਰੀ ਦੇ ਇਤਰਾਜ਼ਯੋਗ ਬਿਆਨ ਦਾ ਨੋਟਿਸ ਲਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਕਾਲਜੀਅਮ ਨੇ ਪਹਿਲਾਂ ਉਨ੍ਹਾਂ ਨੂੰ ਛੱਤੀਸਗੜ੍ਹ ਹਾਈ ਕੋਰਟ ਤੇ ਫਿਰ ਇਲਾਹਾਬਾਦ ਹਾਈ ਕੋਰਟ ਵਿਚ ਤਬਦੀਲ ਕਰ ਦਿੱਤਾ। ਇਹ ਤਬਾਦਲਾ ਕੇਂਦਰ ਸਰਕਾਰ ਦੀ ਬੇਨਤੀ 'ਤੇ ਕੀਤਾ ਗਿਆ ਸੀ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਕਾਲਜੀਅਮ ਦੇ ਤਬਾਦਲਿਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਉੱਚ ਨਿਆਂਪਾਲਿਕਾ ਵਿਚ ਇਹ ਹਾਲ ਹੈ ਤਾਂ ਹੇਠਲੀਆਂ ਅਦਾਲਤਾਂ ਦੀ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਸੀ.ਜੇ.ਐਮ ਸੁਧੀਰ ਸੰਭਲ ਹਿੰਸਾ ਦੇ ਸੰਬੰਧ ਵਿਚ ਇਕ ਪੁਲਿਸ ਅਧਿਕਾਰੀ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ ਦੇਣ ਬਾਅਦ ਤਬਾਦਲਾ ਕਰ ਦਿੱਤਾ ਗਿਆ। ਜਸਟਿਸ ਭੁਈਂਆ ਨੇ ਸਹੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ 'ਅਜਿਹੀਆਂ ਘਟਨਾਵਾਂ ਭਾਰਤੀ ਨਿਆਂਪਾਲਿਕਾ ਦੀ ਭਰੋਸੇਯੋਗਤਾ ਨੂੰ ਢਾਹ ਲਗਾ ਰਹੀਆਂ ਹਨ। ਜੇਕਰ ਅਸੀਂ ਆਪਣੀ ਭਰੋਸੇਯੋਗਤਾ ਗੁਆ ਦਿੰਦੇ ਹਾਂ ਤਾਂ ਨਿਆਂਪਾਲਿਕਾ ਦਾ ਕੁਝ ਵੀ ਨਹੀਂ ਬਚੇਗਾ। ਅਦਾਲਤਾਂ ਰਹਿਣਗੀਆਂ, ਮੁਕੱਦਮਿਆਂ ਦੇ ਫ਼ੈਸਲੇ ਵੀ ਹੋਣਗੇ, ਪਰ ਆਤਮਾ ਖ਼ਤਮ ਹੋ ਜਾਵੇਗੀ।'
ਗ਼ੈਰ-ਹਿੰਦੂਆਂ 'ਤੇ ਪਾਬੰਦੀ ਦੀ ਗੱਲ
ਹਿੰਦੂ ਤੀਰਥ ਸਥਾਨਾਂ 'ਤੇ ਗ਼ੈਰ ਹਿੰਦੂਆਂ ਨੂੰ ਆਉਣ ਤੋਂ ਰੋਕਣ ਦੀ ਚਰਚਾ ਹੁਣ ਮੁੱਖਧਾਰਾ 'ਚ ਆ ਗਈ ਹੈ। ਕੁਝ ਸਮਾਂ ਪਹਿਲਾਂ ਹਾਸ਼ੀਏ 'ਤੇ ਧੱਕੇ ਨੇਤਾਵਾਂ ਦੁਆਰਾ ਇਸ ਦੀ ਚਰਚਾ ਕੀਤੀ ਜਾਂਦੀ ਸੀ, ਜਿਸ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਸੀ। ਭਾਵੇਂ ਕਈ ਹਿੰਦੂ ਤੀਰਥ ਸਥਾਨਾਂ 'ਚ ਪਹਿਲਾਂ ਹੀ ਗ਼ੈਰ-ਹਿੰਦੂਆਂ ਦੇ ਦਾਖ਼ਲੇ 'ਤੇ ਰੋਕ ਹੈ, ਪਰ ਵੱਡੀ ਗਿਣਤੀ 'ਚ ਲੋਕਾਂ ਦੀ ਆਮਦ ਵਾਲੇ ਤੀਰਥ ਸਥਾਨਾਂ ਨੂੰ ਸੈਲਾਨੀ ਸਥਾਨਾਂ ਵਜੋਂ ਵੀ ਵਿਕਸਤ ਕੀਤਾ ਗਿਆ ਹੈ ਅਤੇ ਉੱਥੇ ਅਜਿਹੀ ਕੋਈ ਦਿੱਕਤ ਨਹੀਂ ਹੈ। ਪਿਛਲੇ ਦਿਨੀਂ ਕਿਹਾ ਗਿਆ ਹੈ ਕਿ ਹਰਿਦੁਆਰ ਕੁੰਭ ਮੇਲੇ 'ਚ ਗ਼ੈਰ-ਹਿੰਦੂਆਂ ਦੇ ਦਾਖ਼ਲੇ ਨੂੰ ਰੋਕਿਆ ਜਾਵੇਗਾ। ਬਦਰੀਨਾਥ ਤੇ ਕੇਦਾਰਨਾਥ ਧਾਮ 'ਚ ਵੀ ਗ਼ੈਰ-ਹਿੰਦੂਆਂ ਦੇ ਦਾਖ਼ਲੇ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣਗੇ, ਪਰ ਸਵਾਲ ਇਹ ਹੈ ਕਿ ਇਹ ਵਿਵਸਥਾ ਕਿਵੇਂ ਲਾਗੂ ਕੀਤੀ ਜਾਵੇਗੀ? ਜਿੱਥੇ ਆਉਣ ਵਾਲੇ ਯਾਤਰੀਆਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉੱਥੇ ਤਾਂ ਨਾਂਅ ਦੇਖ ਕੇ ਉਨ੍ਹਾਂ ਨੂੰ ਰੋਕ ਦਿੱਤਾ ਜਾਵੇਗਾ, ਪਰ ਜਿੱਥੇ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ, ਉੱਥੇ ਕੀ ਹੋਵੇਗਾ? ਪਰ ਗੰਗਾ ਦੇ ਕੰਢੇ 'ਤੇ ਲੱਗਣ ਵਾਲੇ ਕੁੰਭ ਮੇਲੇ ਦੌਰਾਨ ਕਿਵੇ ਪਛਾਣ ਕੀਤੀ ਜਾਵੇਗੀ ਕਿ ਕੌਣ ਹਿੰਦੂ ਹੈ ਤੇ ਕੌਣ ਨਹੀਂ? ਹੁਣ ਇਹ ਸਪੱਸ਼ਟ ਕਰਨਾ ਹੋਵੇਗਾ, ਕਿ, ਕੀ ਗ਼ੈਰ-ਹਿੰਦੂਆਂ 'ਚ ਸਿਰਫ਼ ਮੁਸਲਮਾਨ ਹਨ ਜਾਂ ਸਿੱਖ, ਈਸਾਈ, ਜੈਨੀ, ਬੋਧੀ ਵੀ ਸ਼ਾਮਿਲ ਹਨ।
ਸ਼ਾਕਾਹਾਰੀ ਭੋਜਨ ਦਾ ਜਬਰੀ ਪ੍ਰਚਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ 'ਚ ਜਿਸ 'ਵੰਦੇ ਭਾਰਤ ਸਲੀਪਰ ਟ੍ਰੇਨ' ਨੂੰ ਹਰੀ ਝੰਡੀ ਦਿਖਾਈ ਹੈ, ਉਸ ਵਿਚ ਯਾਤਰੀਆਂ ਨੂੰ ਮਾਸਾਹਾਰੀ ਭੋਜਨ ਨਹੀਂ ਮਿਲੇਗਾ। ਇਹ ਟ੍ਰੇਨ ਪੱਛਮੀ ਬੰਗਾਲ ਤੇ ਅਸਾਮ ਵਿਚਕਾਰ ਚੱਲੇਗੀ। ਦੋਹਾਂ ਰਾਜਾਂ 'ਚ ਮਾਸਹਾਰ ਪ੍ਰਚਲਿਤ ਹੈ ਅਤੇ ਪੱਛਮੀ ਬੰਗਾਲ 'ਚ ਤਾਂ ਮਾਸ ਤੇ ਮੱਛੀ ਰੋਜ਼ਾਨਾ ਖੁਰਾਕ ਦਾ ਹਿੱਸਾ ਹੈ। ਉੱਥੇ ਤਾਂ ਪੂਜਾ ਦੌਰਾਨ ਵੀ ਮਾਸ ਦੀ ਮਨਾਹੀ ਨਹੀਂ ਹੈ। ਜਦੋਂ ਇਸ ਮੁੱਦੇ 'ਤੇ ਵਿਵਾਦ ਵਧਿਆ ਤਾਂ ਭਾਜਪਾ ਨੇਤਾਵਾਂ ਨੇ ਅਜੀਬ ਦਲੀਲ ਦਿੱਤੀ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ ਨੇ ਵੀ ਮਿਡ-ਡੇਅ ਮੀਲ 'ਚੋਂ ਮਾਸ ਨੂੰ ਹਟਾ ਦਿੱਤਾ ਹੈ। ਪਰ ਇਹ ਸਿਰਫ਼ ਵੰਦੇ ਭਾਰਤ ਸਲੀਪਰ ਟ੍ਰੇਨ ਦਾ ਮੁੱਦਾ ਨਹੀਂ ਹੈ; ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਕੁਲੈਕਟਰ ਨੇ ਤਾਂ ਗਣਤੰਤਰ ਦਿਵਸ 'ਤੇ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ 'ਚ ਮਾਸ, ਮੱਛੀ ਤੇ ਅੰਡੇ ਵੇਚਣ 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਨਰਾਤਿਆਂ, ਕਾਂਵੜ ਯਾਤਰਾ ਦੌਰਾਨ ਅਜਿਹੀ ਪਾਬੰਦੀ ਲਗਾਉਣ ਦੀਆਂ ਗੱਲਾਂ ਹੁੰਦੀਆਂ ਸਨ, ਹੁਣ ਗਣਤੰਤਰ ਦਿਵਸ 'ਤੇ ਵੀ ਅਜਿਹੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ।
'ਵੀ.ਬੀ. ਗ੍ਰਾਮ ਜੀ' ਬਨਾਮ ਇੰਡੀਆ ਗੱਠਜੋੜ
ਕਾਂਗਰਸ ਪਾਰਟੀ ਨੇ 'ਮਨਰੇਗਾ' ਦੀ ਜਗ੍ਹਾ ਲਿਆਂਦੇ ਗਏ ਰੁਜ਼ਗਾਰ ਕਾਨੂੰਨ ਦੇ ਨਾਂਅ ਦੇ ਮੁੱਦੇ ਨੂੰ ਹੱਲ ਕਰ ਲਿਆ ਹੈ। ਰਾਹੁਲ ਗਾਂਧੀ ਸਮੇਤ ਸਾਰੇ ਕਾਂਗਰਸੀ ਆਗੂੂ ਇਸ ਨੂੰ 'ਜੀ ਰਾਮ ਜੀ' ਕਾਨੂੰਨ ਕਹਿਣ ਦੀ ਬਜਾਏ ਇਸ ਨੂੰ 'ਵੀ.ਬੀ. ਗ੍ਰਾਮ ਜੀ' ਕਾਨੂੰਨ ਕਹਿ ਰਹੇ ਹਨ, ਤਕਨੀਕੀ ਤੌਰ 'ਤੇ ਇਹ ਬਿਲਕੁਲ ਸਹੀ ਹੈ। ਇਸ ਕਾਨੂੰਨ ਦਾ ਨਾਂਅ 'ਵਿਕਸਤ ਭਾਰਤ ਗਾਰੰਟੀ ਫਾਰ ਆਜੀਵਿਕਾ ਮਿਸ਼ਨ ਗ੍ਰਾਮੀਣ' ਹੈ ਅਤੇ ਇਸ ਨੂੰ 'ਵੀ.ਬੀ. ਜੀ ਰਾਮ ਜੀ' ਜਾਂ 'ਵੀ.ਬੀ. ਗ੍ਰਾਮ ਜੀ' ਕਿਹਾ ਜਾ ਸਕਦਾ ਹੈ। ਇਸ ਬਾਰੇ ਕਾਂਗਰਸ ਆਗੂਆਂ ਦੀਆਂ ਆਪਣੀਆਂ ਦਲੀਲਾਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ 'ਇੰਡੀਅਨ ਨੈਸ਼ਨਲ ਡਿਵੈੱਲਪਮੈਂਟ ਇਨਕਲੂਸਿਵ ਅਲਾਇੰਸ' (ਆਈ.ਐਨ. ਡੀ.ਆਈ.ਏ.) ਮਤਲਬ 'ਇੰਡੀਆ' ਗੱਠਜੋੜ ਬਣਾਇਆ ਤਾਂ ਭਾਜਪਾ ਆਗੂਆਂ ਨੇ ਇਸ ਦਾ ਮਜ਼ਾਕ ਉਡਾਇਆ ਸੀ। ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਆਗੂ ਇਸ ਨੂੰ 'ਇੰਡੀ' ਗੱਠਜੋੜ ਕਹਿਣ ਲੱਗ ਪਏ ਸਨ। ਹੁਣ ਕਾਂਗਰਸ ਨੇ 'ਜੀ ਰਾਮ ਜੀ' ਨੂੰ 'ਵੀ.ਬੀ. ਗ੍ਰਾਮ ਜੀ' ਵਿਚ ਬਦਲ ਦਿੱਤਾ ਹੈ। ਤਕਨੀਕੀ ਤੌਰ 'ਤੇ ਦੋਹਾਂ ਵਿਚ ਕੋਈ ਗ਼ਲਤੀ ਨਹੀਂ ਹੈ। ਹੁਣ ਸਵਾਲ ਇਹ ਹੈ: ਕੀ ਭਾਜਪਾ ਨੂੰ 'ਇੰਡੀਆ' ਕਹਿਣ ਵਿਚ ਕੋਈ ਸਮੱਸਿਆ ਸੀ ਜਾਂ ਕੀ ਕਾਂਗਰਸ ਨੂੰ 'ਜੀ ਰਾਮ ਜੀ' ਕਹਿਣ ਵਿਚ ਕੋਈ ਸਮੱਸਿਆ ਸੀ? ਜਦੋਂ ਪੁੱਛਿਆ ਗਿਆ ਕਿ ਕਾਂਗਰਸੀ ਆਗੂ 'ਜੀ ਰਾਮ ਜੀ' ਦੀ ਬਜਾਏ 'ਵੀ.ਬੀ. ਗ੍ਰਾਮ ਜੀ' ਦੀ ਵਰਤੋਂ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਦਾ ਸਵਾਲ ਹੈ: ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂ 'ਇੰਡੀਆ' ਦੀ ਬਜਾਏ 'ਇੰਡੀ' ਗੱਠਜੋੜ ਕਿਉਂ ਕਹਿੰਦੇ ਹਨ? ਇਸ ਸੰਦਰਭ ਵਿਚ ਸਵਾਲ ਜਾਇਜ਼ ਤੇ ਤਰਕਪੂਰਨ ਹੈ।
ਬੰਗਾਲ ਲਈ ਖ਼ੁਦ ਨੂੰ ਬਦਲ ਰਹੇ ਹਨ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਲਈ ਆਪਣੇ ਆਪ ਨੂੰ ਬਦਲ ਰਹੇ ਹਨ! ਮਮਤਾ ਬੈਨਰਜੀ ਦੇ ਭਤੀਜੇ ਤੇ ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਬੰਗਾਲ ਆਉਂਦੇ ਸਨ ਤਾਂ 'ਜੈ ਸ੍ਰੀ ਰਾਮ' ਦਾ ਨਾਅਰਾ ਲਗਾਉਂਦੇ ਸੀ, ਪਰ ਹੁਣ ਉਹ 'ਜੈ ਮਾਂ ਕਾਲੀ' ਦਾ ਨਾਅਰਾ ਲਗਾਉਂਦੇ ਹਨ। ਦਰਅਸਲ ਪੱਛਮੀ ਬੰਗਾਲ 'ਚ ਦੋ ਦਿਨਾਂ ਦੇ ਦੌਰੇ 'ਤੇ ਆਏ ਮੋਦੀ ਨੇ ਮਮਤਾ ਬੈਨਰਜੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ 'ਪੋਰਿਵਰਤਨ ਦੋਰਕਰ' ਦਾ ਨਾਅਰਾ ਲਗਾਇਆ, ਜਿਸ ਦਾ ਅਰਥ ਹੈ 'ਬਦਲਾਅ ਦੀ ਲੋੜ ਹੈ।' ਮੋਦੀ ਨੇ ਦਾਅਵਾ ਕੀਤਾ ਕਿ ਬੰਗਾਲ ਲਈ ਜਿੰਨਾ ਪਿਆਰ ਉਨ੍ਹਾਂ ਦੇ ਮਨ 'ਚ ਹੈ ਉਨਾ ਕਿਸੇ ਹੋਰ ਦੇ ਮਨ 'ਚ ਨਹੀਂ ਹੈ। ਉਨ੍ਹਾਂ ਨੇ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਲਗਾਉਣ ਤੋਂ ਲੈ ਕੇ ਬੰਗਾਲੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਮਿਲਣ ਤੱਕ ਦੀਆਂ ਕਈ ਉਦਾਹਰਣਾਂ ਦਿੱਤੀਆਂ। ਅਭਿਸ਼ੇਕ ਬੈਨਰਜੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇੰਨੇ ਸਾਲਾਂ ਤੋਂ ਬੰਗਾਲ ਦੇ ਲੋਕਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਨਾਕਾਮ ਰਹੇ ਹਨ, ਇਸ ਲਈ ਮੋਦੀ ਖੁਦ ਬਦਲ ਗਏ ਹਨ। ਹੁਣ ਮੋਦੀ 'ਜੈ ਮਾਂ ਕਾਲੀ' ਦਾ ਨਾਅਰਾ ਲਗਾ ਰਹੇ ਹਨ ਤੇ ਜਲਦੀ ਹੀ 'ਜੈ ਬੰਗਲਾ' ਦਾ ਨਾਅਰਾ ਵੀ ਲਗਾਉਣਗੇ। ਸਭ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਇਸ ਵਾਰ 50 ਸੀਟਾਂ ਤੱਕ ਸਿਮਟਣ ਵਾਲੀ ਹੈ। ਦਰਅਸਲ ਮਮਤਾ ਬੈਨਰਜੀ ਬੰਗਾਲੀ ਭਾਸ਼ਾ ਦੀ ਪਛਾਣ ਤੇ ਸੱਭਿਆਚਾਰ ਦੇ ਨਾਲ-ਨਾਲ ਧਰਮ ਨੂੰ ਵੀ ਅੱਗੇ ਵਧਾ ਰਹੀ ਹੈ। ਮਮਤਾ ਜਗਨਨਾਥ ਧਾਮ ਮੰਦਰ ਬਣਾਉਣ ਤੋਂ ਬਾਅਦ ਹੁਣ ਦੁਰਗਾ ਮੰਦਰ ਤੇ ਮਹਾਕਾਲ ਮੰਦਰ ਵੀ ਬਣਾ ਰਹੀ ਹੈ, ਇਸ ਕਾਰਨ ਭਾਜਪਾ ਪ੍ਰੇਸ਼ਾਨ ਹੈ।

Ad Position 22
No active advertisement
ਪਿਛਲੀ ਖ਼ਬਰ 02-02-26 ਅਗਲੀ ਖ਼ਬਰ 2025 ਵਾਂਗ 2026 ਵੀ ਹੋਵੇਗਾ ਏ.ਆਈ. ਲਈ ਬੇਹੱਦ ਮਹੱਤਵਪੂਰਨ
Ad Position 24