1947 ਦੀ ਭੂਗੋਲਿਕ ਤੇ ਮਾਨਸਿਕ ਵੰਡ ਉਪਰੰਤ ਆਕਾਸ਼ਵਾਣੀ ਦੀ ਪਛਾਣ ਕੌਮੀ ਵਿਕਾਸ ਦੇ ਸ਼ਕਤੀਸ਼ਾਲੀ ਏਜੰਟ ਵਜੋਂ ਕੀਤੀ ਗਈ। ਜਨ-ਸਮੂਹ ਨੂੰ ਸਿੱਖਿਅਤ ਕਰਨ, ਸੂਚਨਾ ਤੇ ਮਨੋਰੰਜਨ ਮੁਹੱਈਆ ਕਰਨ ਵਿਚ ਆਕਾਸ਼ਵਾਣੀ ਨੇ ਅਹਿਮ ਭੂਮਿਕਾ ਅਦਾ ਕੀਤੀ। ਹਰੀ ਕ੍ਰਾਂਤੀ ਲਿਆਉਣ ਵਿਚ ਸਭ ਤੋਂ ਵੱਡਾ ਯੋਗਦਾਨ ਆਕਾਸ਼ਵਾਣੀ ਦਾ ਰਿਹਾ ਹੈ।
ਸਿੱਖਿਆ, ਸੂਚਨਾ ਤੇ ਮਨੋਰੰਜਨ ਮੁਹੱਈਆ ਕਰਨ ਪੱਖੋਂ ਆਕਾਸ਼ਵਾਣੀ ਜਲੰਧਰ ਨੇ ਨਿਰੰਤਰ ਇਕ ਮਿਆਰ, ਇਕ ਮਰਿਆਦਾ ਨੂੰ ਅਪਣਾਇਆ ਹੈ। ਪੰਜਾਬ ਦੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਹਿਤ ਇਸ ਨੇ ਦਹਾਕਿਆਂ ਤੱਕ ਕਿਸਾਨਾਂ ਦੀ ਯੋਗ ਅਗਵਾਈ ਕੀਤੀ। ਤਰ੍ਹਾਂ-ਤਰ੍ਹਾਂ ਦੇ ਸਾਹਿਤਕ ਪ੍ਰੋਗਰਾਮ ਪ੍ਰਸਾਰਿਤ ਕਰਕੇ ਜਿੱਥੇ ਸਾਹਿਤਕਾਰਾਂ, ਲੇਖਕਾਂ ਨੂੰ ਇਕ ਸਾਰਥਕ ਮੰਚ ਮੁਹੱਈਆ ਕੀਤਾ, ਉੱਥੇ ਪੰਜਾਬ ਦੇ ਮਾਹੌਲ ਵਿਚ ਸਾਹਿਤ ਤੇ ਸੁਹਜ ਦਾ ਰੰਗ ਭਰਨ ਦਾ ਸਫ਼ਲ ਤੇ ਸ਼ਲਾਘਾਯੋਗ ਉਪਰਾਲਾ ਕੀਤਾ। ਪ੍ਰਤਿਭਾਸ਼ਾਲੀ ਨਿਰਮਾਤਾਵਾਂ ਅਤੇ ਅਧਿਕਾਰੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਆਤ ਦੀ ਸੇਵਾ ਕਰਦਿਆਂ ਪੰਜਾਬ ਦੇ ਸਰਬਪੱਖੀ ਵਿਕਾਸ ਵਿਚ ਵਡਮੁੱਲਾ ਹਿੱਸਾ ਪਾਇਆ।
ਫਿਰ ਜਦ ਦੂਰਦਰਸ਼ਨ ਜਲੰਧਰ ਨੇ ਆਪਣਾ ਪ੍ਰਸਾਰਨ ਆਰੰਭ ਕੀਤਾ ਤਾਂ ਇਹੀ ਜ਼ਿੰਮੇਵਾਰੀ ਉਸ ਨੇ ਸੰਭਾਲ ਲਈ। ਦੂਰਦਰਸ਼ਨ ਕੇਂਦਰ ਜਲੰਧਰ ਭਾਰਤ ਦੇ ਵੱਡੇ ਖੇਤਰੀ ਦੂਰਦਰਸ਼ਨ ਕੇਂਦਰਾਂ ਵਿਚੋਂ ਇਕ ਹੈ। ਪਰੰਤੂ ਇਸ ਦੀ ਕਾਰਗੁਜ਼ਾਰੀ, ਪ੍ਰੋਗਰਾਮ ਤਿਆਰ ਕਰਨ ਲਈ ਸਮਰੱਥਾ ਮਹਾਨਗਰਾਂ ਦੇ ਦੂਰਦਰਸ਼ਨ ਕੇਂਦਰਾਂ ਦੇ ਬਰਾਬਰ ਹੈ। ਇਹੀ ਕਾਰਨ ਹੈ ਕਿ ਇਸ ਨੇ ਹੁਣ ਤੱਕ ਬਹੁਤ ਸਾਰੇ ਕੌਮੀ ਪੱਧਰ ਦੇ ਪੁਰਸਕਾਰ ਹਾਸਿਲ ਕੀਤੇ ਹਨ।
ਆਰੰਭ ਤੋਂ ਇਸ ਕੋਲ ਪ੍ਰਤਿਭਾਸ਼ਾਲੀ ਤੇ ਮਿਹਨਤੀ ਟੀਮ ਰਹੀ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਨੇੜੇ ਤੋਂ ਜੁੜੇ ਕੇਂਦਰ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨੇ ਇਸ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿਚ ਡੀ.ਡੀ. ਪੰਜਾਬੀ ਦੀ ਇਕ ਨਿਵੇਕਲੀ ਪਹਿਚਾਣ ਰਹੀ ਹੈ। ਇਸ ਨੇ ਮਾਣਮੱਤਾ ਸਫ਼ਰ ਤੈਅ ਕਰਦਿਆਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਜਿੱਥੇ ਇਸ ਦੇ ਬਹੁਤ ਸਾਰੇ ਪ੍ਰੋਗਰਾਮ ਦੂਰਦਰਸ਼ਨ ਦੇ ਕੌਮੀ ਚੈਨਲ ਤੋਂ ਪ੍ਰਸਾਰਿਤ ਹੋ ਕੇ ਪ੍ਰਸੰਸਾ ਪ੍ਰਾਪਤ ਕਰ ਚੁੱਕੇ ਹਨ, ਉੱਥੇ ਅਨੇਕਾਂ ਮਨੋਰੰਜਨ, ਸਾਹਿਤਕ, ਸੱਭਿਆਚਾਰਕ ਪ੍ਰੋਗਰਾਮ ਅਤੇ ਨਾਟਕ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵਸੇ ਹੋਏ ਹਨ। ਇਸ ਪੱਖੋਂ ਦੂਰਦਰਸ਼ਨ ਜਲੰਧਰ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਡਾਕੂਮੈਂਟਰੀ ਫ਼ਿਲਮਾਂ, ਲੜੀਵਾਰ ਨਾਟਕ, ਕਹਾਣੀ, ਗੀਤ-ਸੰਗੀਤ ਦੇ ਮਿਆਰੀ ਪ੍ਰੋਗਰਾਮ, ਖੇਤੀਬਾੜੀ ਆਧਾਰਿਤ ਪ੍ਰੋਗਰਾਮ, ਸਿਹਤ ਤੇ ਸਿੱਖਿਆ ਸੰਬੰਧੀ ਪ੍ਰੋਗਰਾਮ, ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਲਈ ਪ੍ਰੋਗਰਾਮ, ਸਾਹਿਤ ਨਾਲ ਸੰਬੰਧਿਤ ਪ੍ਰੋਗਰਾਮ, ਦਿਨ ਦਿਹਾੜਿਆਂ 'ਤੇ ਪ੍ਰਸਾਰਿਤ ਹੁੰਦੇ ਵਿਸ਼ੇਸ਼ ਪ੍ਰੋਗਰਾਮ, ਸਿੱਧੇ ਪ੍ਰਸਾਰਿਤ ਹੁੰਦੇ ਪ੍ਰੋਗਰਾਮ, ਸੱਤ ਵਜੇ ਵਾਲੀਆਂ ਖ਼ਬਰਾਂ ਅਤੇ ਕਈ ਹੋਰ ਪ੍ਰੋਗਰਾਮਾਂ ਨੇ ਦਰਸ਼ਕ ਮਨਾਂ 'ਤੇ ਗਹਿਰਾ ਪ੍ਰਭਾਵ ਪਾਇਆ, ਜੋ ਅੱਜ ਵੀ ਬਰਕਰਾਰ ਹੈ।
ਫਿਰ ਜਿਵੇਂ-ਜਿਵੇਂ ਡੀ.ਡੀ. ਪੰਜਾਬੀ ਦੇ 'ਫੁੱਟ ਪ੍ਰਿੰਟ' ਦਾ ਦਾਇਰਾ ਵਧਦਾ ਗਿਆ, ਤਿਵੇਂ-ਤਿਵੇਂ ਇਸ ਦੇ ਦਰਸ਼ਕਾਂ ਦਾ ਘੇਰਾ ਵੀ ਵਿਸ਼ਾਲ ਹੁੰਦਾ ਗਿਆ। ਪੰਜਾਬ ਤੋਂ ਪ੍ਰਵਾਸ ਕਰਕੇ ਦੁਨੀਆ ਭਰ ਵਿਚ ਜਾ ਵਸੇ ਪੰਜਾਬੀ ਡੀ.ਡੀ. ਪੰਜਾਬੀ ਨੂੰ ਵੇਖਦੇ ਅਤੇ ਪਸੰਦ ਕਰਦੇ ਸਨ। ਫਿਰ ਉਹ ਸਮਾਂ ਆਇਆ ਜਦ ਇਹ ਚੈਨਲ ਇੰਟਰਨੈੱਟ ਰਾਹੀਂ ਪੂਰੀ ਦੁਨੀਆ ਵਿਚ ਇਕੋ ਵੇਲੇ ਵੇਖਿਆ ਜਾਣਾ ਸੰਭਵ ਹੋ ਗਿਆ। ਪਰੰਤੂ ਇਹੀ ਉਹ ਸਮਾਂ ਸੀ ਜਦ ਟੈਲੀਵਿਜ਼ਨ ਚੈਨਲਾਂ ਦੀ ਆਪਾ-ਧਾਪੀ, ਮਾਰ-ਧਾੜ, ਭੱਜ-ਦੌੜ ਦਾ ਦੌਰ ਸਿਖ਼ਰਾਂ 'ਤੇ ਪਹੁੰਚ ਗਿਆ। ਟੈਲੀਵਿਜ਼ਨ ਚੈਨਲ ਚਲਾਉਣਾ ਕਾਰੋਬਾਰ ਬਣ ਗਿਆ ਸੀ। ਟੀ.ਆਰ.ਪੀ. ਅਤੇ ਵੱਧ ਤੋਂ ਵੱਧ ਕਮਾਈ ਕਰਨਾ ਮੁੱਖ ਮਨੋਰਥ ਰਹਿ ਗਿਆ ਸੀ। ਨਿੱਜੀ ਚੈਨਲਾਂ ਦੀ ਇਸ ਦੌੜ ਦਾ ਅਸਰ ਦੂਰਦਰਸ਼ਨ 'ਤੇ ਵੀ ਪਿਆ ਅਤੇ ਇਸ ਦਾ ਲੋਕ ਪ੍ਰਸਾਰਨ ਸੇਵਾ ਦਾ ਟੀਚਾ ਤੇ ਅਕਸ ਧੁੰਦਲਾ ਪੈਣ ਲੱਗਾ। ਵਧੇਰੇ ਪ੍ਰੋਗਰਾਮ ਨਿੱਜੀ ਹੱਥਾਂ ਵਿਚ ਚਲੇ ਗਏ। ਦੂਰਦਰਸ਼ਨ ਦੇ ਆਪਣੇ ਪ੍ਰੋਗਰਾਮਾਂ ਦਾ ਇਕ ਵਿਸ਼ੇਸ਼ ਮਿਆਰ ਹੁੰਦਾ ਸੀ। ਸੋ, ਦਰਸ਼ਕਾਂ ਦੀ ਦਿਲਚਸਪੀ ਘਟਣ ਲੱਗੀ। ਪਰੰਤੂ ਸਮਾਂ ਪਾ ਕੇ ਕੁਝ ਅਜਿਹੇ ਨਿਰਮਾਤਾਵਾਂ ਨੂੰ ਪ੍ਰੋਗਰਾਮ ਮੁਖੀ ਵਜੋਂ ਪ੍ਰਮੋਸ਼ਨ ਮਿਲੀ ਤਾਂ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਨਵਾਂ ਤੇ ਮਿਆਰੀ ਮੂੰਹ-ਮੁਹਾਂਦਰਾ ਮਿਲਿਆ। ਸ੍ਰੀ ਕੇਵਲ ਕ੍ਰਿਸ਼ਨ ਦਰਸ਼ਕਾਂ ਨੂੰ ਮੁੜ ਡੀ.ਡੀ. ਪੰਜਾਬੀ ਨਾਲ ਜੋੜਨ ਵਿਚ ਕਾਮਯਾਬ ਰਹੇ।
ਸਮੇਂ-ਸਮੇਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਯਤਨ ਕੀਤੇ ਪਰੰਤੂ ਸਮਾਂ ਐਨਾ ਬਦਲ ਗਿਆ ਹੈ ਕਿ ਕੋਈ ਵੀ ਟਿਕ ਕੇ ਦਿਲਚਸਪੀ ਨਾਲ ਲੰਮਾ ਸਮਾਂ ਟੀ.ਵੀ. ਨਹੀਂ ਦੇਖਦਾ। ਸਮਾਰਟ ਫੋਨ ਤੇ ਸੋਸ਼ਲ ਮੀਡੀਆ ਨੇ ਦਰਸ਼ਕਾਂ ਨੂੰ ਉਲਝਾਇਆ ਹੋਇਆ ਹੈ।
ਡੀ.ਡੀ. ਪੰਜਾਬੀ ਨੂੰ ਮੁੜ ਪੰਜਾਬੀਆਂ ਦਾ ਹਰਮਨਪਿਆਰਾ ਤੇ ਪਰਿਵਾਰਕ ਚੈਨਲ ਬਣਾਉਣ ਲਈ ਪ੍ਰਤੀਬੱਧਤਾ, ਸਿਰੜ, ਸਿਦਕ, ਦੂਰਦ੍ਰਿਸ਼ਟੀ ਤੇ ਪੰਜਾਬ ਪੱਖੀ ਹੋਣ ਦੀ ਲੋੜ ਹੈ। ਹਰੇਕ ਪ੍ਰੋਗਰਾਮ ਨੂੰ ਇਕ ਮਿਆਰ ਤੇ ਮਰਿਆਦਾ ਅਨੁਸਾਰ ਤਿਆਰ ਅਤੇ ਪ੍ਰਸਾਰਿਤ ਕਰਨ ਦੀ ਜ਼ਰੂਰਤ ਹੈ। ਸ੍ਰੀ ਕੇਵਲ ਕ੍ਰਿਸ਼ਨ 31 ਮਾਰਚ, 2026 ਨੂੰ ਸੇਵਾ-ਮੁਕਤ ਹੋ ਗਏ ਹਨ। ਉਨ੍ਹਾਂ ਤੋਂ ਬਾਅਦ ਸ੍ਰੀ ਆਰ.ਕੇ. ਜਾਰੰਗਲ ਅਤੇ ਸ੍ਰੀ ਪੰਕਜ ਸਮੁੱਚੀ ਟੀਮ ਸਹਿਤ ਇਸ ਦਿਸ਼ਾ ਵਿਚ ਯਤਨਸ਼ੀਲ ਹਨ। ਸੀਨੀਅਰ ਨਿਰਮਾਤਾਵਾਂ ਦੀ ਟੀਮ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਦਿਨਾਂ ਵਿਚ ਦਿੱਲੀ ਤੋਂ ਪ੍ਰੋਗਰਾਮ ਮੁਖੀ ਦੀ ਨਿਯੁਕਤੀ ਹੋ ਜਾਵੇਗੀ।
-ਈ-ਮੇਲ : prof_kulbir@yahoo.com