'ਹੇ ਨੂਤਨ, ਦੇਖਾ ਦਿਕ ਆਰ-ਬਾਰ, ਜਨਮੇਰੋ ਪ੍ਰਥਮ ਸ਼ੁਭੋਖੋਨ' (ਹੇ ਨਵੀਨ, ਇੱਕ ਵਾਰ ਫਿਰ ਤੋਂ ਸਾਹਮਣੇ ਆਓ, ਠੀਕ ਉਸੇ ਤਰ੍ਹਾਂ ਜਿਵੇਂ ਜਨਮ ਦੇ ਸਮੇਂ ਉਹ ਪਹਿਲਾ ਸ਼ੁੱਭ ਪਲ ਆਇਆ ਸੀ।)
ਗੁਰੂਦੇਵ ਰਵਿੰਦਰਨਾਥ ਟੈਗੋਰ ਦੀਆਂ ਇਹ ਸਤਰਾਂ ਸਿਰਫ਼ ਇੱਕ ਕਵਿਤਾ ਦਾ ਹਿੱਸਾ ਨਹੀਂ ਹਨ, ਸਗੋਂ ਸਮੇਂ-ਸਮੇਂ ਤੇ ਆਪਣੇ ਆਪ ਦੀ ਹਮਾਇਤ ਕਰਨ ਵਾਲੀ ਅਤੇ 'ਤੇ ਨਵੀਨ ਹੋਣ ਵਾਲੀ ਬੰਗਾਲ ਦੀ ਆਤਮਾ ਦਾ ਸੱਦਾ ਵੀ ਹੈ। ਗੁਰੂਦੇਵ ਚੰਗੀ ਤਰ੍ਹਾਂ ਸਮਝਦੇ ਸਨ ਕਿ ਬੰਗਾਲ ਸਮੇਂ ਦੇ ਨਾਲ ਸਿਰਫ਼ ਬਦਲਦਾ ਨਹੀਂ, ਸਗੋਂ ਉਹ ਵਾਰ-ਵਾਰ ਬਿਹਤਰ ਅਤੇ ਨਵੇਂ ਰੂਪ ਵਿਚ ਖਿੜਦਾ ਹੈ। ਗੁਰੂਦੇਵ ਦੀ ਜੈਅੰਤੀ 'ਤੇ ਗਾਈ ਜਾਣ ਵਾਲੀ ਇਹ ਕਵਿਤਾ ਨਵਜਾਗਰਣ ਅਤੇ ਨਵਚੇਤਨਾ ਦੀ ਪ੍ਰਤੀਕ ਹੈ। ਇਹ ਪ੍ਰਾਰਥਨਾ ਪੁਰਾਣੀਆਂ ਰੂੜੀਆਂ ਨੂੰ ਤੋੜ ਕੇ, ਨਵੇਂ, ਉੱਜਵਲ ਅਤੇ ਰਚਨਾਤਮਕ ਵਿਚਾਰਾਂ ਦੇ ਸੁਆਗਤ ਦਾ ਸੱਦਾ ਵੀ ਹੈ।
ਇਹ ਇੱਕ ਸੁਖਦ ਸੰਯੋਗ ਹੈ ਕਿ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ 165ਵੀਂ ਜੈਅੰਤੀ ਤੋਂ ਕੁੱਝ ਦਿਨ ਪਹਿਲਾਂ ਹੀ, ਪੱਛਮੀ ਬੰਗਾਲ ਕਈ ਦਹਾਕਿਆਂ ਬਾਅਦ ਨਵਜਾਗਰਣ ਦਾ ਗਵਾਹ ਬਣਿਆ ਹੈ। 4 ਮਈ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਤਿਹਾਸਕ ਜਿੱਤ ਪ੍ਰਾਪਤ ਹੋਈ ਹੈ। ਲੇਕਿਨ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਹ ਚੋਣ ਕਦੇ ਵੀ ਸਿਰਫ਼ ਇੱਕ ਰਾਜਨੀਤਕ ਮੁਕਾਬਲਾ ਨਹੀਂ ਸੀ। ਇਹ ਚੋਣ ਇਸ ਮਹਾਨ ਭੂਮੀ ਦੇ ਗੁਆਚੇ ਹੋਏ ਮਾਣ ਨੂੰ ਮੁੜ ਸਥਾਪਿਤ ਕਰਨ ਦਾ ਇੱਕ ਮੌਕਾ ਸੀ ਇੱਕ ਅਜਿਹਾ ਸਭਿਆਚਾਰਕ ਸੱਦਾ ਜੋ ਚੋਣਾਂ ਦੇ ਸਮੀਕਰਨਾਂ ਅਤੇ ਗਣਨਾਵਾਂ ਤੋਂ ਕਿਤੇ ਉੱਪਰ ਹੈ।
ਅੱਜ ਜਦੋਂ ਪੱਛਮੀ ਬੰਗਾਲ ਦੀ ਚੇਤਨਾ ਅਤੇ ਮਾਣ ਦਾ ਸੂਰਜ ਚੜ੍ਹ (ਅਰੁਣੋਦਯ ਹੋ) ਰਿਹਾ ਹੈ, ਤਾਂ ਸਾਨੂੰ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਬੰਗਾਲ ਕੀ ਹੈ ਅਤੇ ਬੰਗਾਲ ਦੀ ਚੇਤਨਾ ਦਾ ਪੁਨਰ ਜਾਗਰਣ ਕਿਸ ਨੂੰ ਕਿਹਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਬੰਗਾਲ ਦੀ ਸ਼ਤਾਬਦੀਆਂ ਪੁਰਾਣੀ ਚੇਤਨਾ ਨੂੰ ਸਮਝਣਾ ਅਤੇ ਜਾਣਨਾ।
ਬੰਗਾਲ ਸਮਾਜਕ ਚੇਤਨਾ ਦਾ ਕੇਂਦਰ ਹੋਣ ਤੋਂ ਪਹਿਲਾਂ ਗਿਆਨ ਅਤੇ ਅਧਿਆਤਮਿਕਤਾ ਦੀ ਪਵਿੱਤਰ ਭੂਮੀ ਸੀ। 15ਵੀਂ ਸਦੀ ਵਿਚ ਨਬਦ੍ਵੀਪ ਦੇ ਗੰਗਾ ਤੱਟ 'ਤੇ ਇੱਕ ਨੌਜਵਾਨ ਸੰਨਿਆਸੀ ਨਿਮਾਈ ਨੇ ਆਪਣੇ ਕੀਰਤਨ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਉਸ ਨੌਜਵਾਨ ਸੰਨਿਆਸੀ ਨੂੰ ਅੱਜ ਅਸੀਂ ਆਦਿ ਸੰਤ ਚੈਤਨਯ ਮਹਾਪ੍ਰਭੂ ਦੇ ਨਾਂਅ ਨਾਲ ਜਾਣਦੇ ਹਾਂ। ਚੈਤਨਯ ਮਹਾਪ੍ਰਭੂ ਵਲੋਂ ਦਿਖਾਇਆ ਗਿਆ ਭਗਤੀ ਮਾਰਗ ਅਧਿਆਤਮਿਕ ਸ਼ਾਂਤੀ ਪ੍ਰਾਪਤ ਕਰਨ ਦੇ ਨਾਲ-ਨਾਲ ਸਮਾਜਿਕ ਇਕਸਾਰਤਾ ਦਾ ਅਭਿਆਨ ਵੀ ਸੀ। ਚੈਤਨਯ ਮਹਾਪ੍ਰਭੂ ਨੇ ਜਾਤ-ਪਾਤ ਅਤੇ ਊਚ-ਨੀਚ ਦੇ ਬੰਧਨਾਂ ਨੂੰ ਤੋੜਿਆ। ਉਨ੍ਹਾਂ ਵੱਲੋਂ ਚਲਾਈ ਗਈ ਵੈਸ਼ਣਵ ਪਰੰਪਰਾ ਨੇ ਸਮਾਜ ਵਿਚ ਦਇਆ, ਭਾਈਵਾਲੀ, ਸਮਾਨਤਾ ਅਤੇ ਸਦਭਾਵਨਾ ਨੂੰ ਬਲ ਦਿੱਤਾ।
ਇਹੀ ਚੇਤਨਾ ਬਾਉਲ ਪਰੰਪਰਾ ਵਿਚ ਵੀ ਦਿਖਾਈ ਦਿੱਤੀ। ਬਾਉਲ ਪਰੰਪਰਾ ਦੇ ਫ਼ਕੀਰਾਂ ਦੀ ਪਹਿਚਾਣ ਜਾਤ, ਧਰਮ ਜਾਂ ਕੋਈ ਗ੍ਰੰਥ ਨਹੀਂ, ਸਗੋਂ ਮਨੁੱਖਤਾ ਦੀ ਭਾਵਨਾ ਸੀ। ਬਾਉਲ ਪਰੰਪਰਾ ਦੇ ਸਭ ਤੋਂ ਮਹਾਨ ਪ੍ਰਵਰਤਕ ਲਾਲਨ ਫ਼ਕੀਰ ਸਨ। ਉਹ ਕਿਸ ਸੰਪ੍ਰਦਾਇ ਤੋਂ ਸਨ, ਇਹ ਪ੍ਰਸ਼ਨ ਕਦੇ ਮਹੱਤਵਪੂਰਨ ਨਹੀਂ ਰਿਹਾ। ਉਨ੍ਹਾਂ ਨੇ ਹਿੰਦੂ ਸਮਾਜ ਵਿਚ ਪ੍ਰਚਲਿਤ ਜਾਤੀ ਵਿਵਸਥਾ ਦਾ ਵੀ ਵਿਰੋਧ ਕੀਤਾ ਅਤੇ ਮੁਸਲਿਮ ਸਮਾਜ ਵਿਚ ਹੋਣ ਵਾਲੇ ਭੇਦਭਾਵ ਦੇ ਵਿਰੁੱਧ ਵੀ ਆਵਾਜ਼ ਉਠਾਈ। ਉਹ ਬੰਗਾਲ ਦੀ ਉਸ ਸੱਭਿਆਚਾਰਕ ਚੇਤਨਾ ਦੇ ਪ੍ਰਤੀਕ ਸਨ, ਜਿਸ ਵਿਚ ਸਹਿਣਸ਼ੀਲਤਾ ਅਤੇ ਸਹਿ-ਹੋਂਦ ਦਾ ਭਾਵ ਸ਼ਾਮਿਲ ਸੀ।
ਪਿਛਲੀਆਂ ਤਿੰਨ ਸਦੀਆਂ ਵਿਚ, ਬੰਗਾਲ ਅਤੇ ਬੰਗਾਲ ਦੇ ਲੋਕਾਂ ਨੇ ਸਿਰਫ਼ ਭਾਰਤ ਦੇ ਸਮਾਜਿਕ ਨਵਜਾਗਰਣ ਅੰਦੋਲਨ ਵਿਚ ਹਿੱਸਾ ਹੀ ਨਹੀਂ ਲਿਆ, ਸਗੋਂ ਉਸ ਦੀ ਅਗਵਾਈ ਵੀ ਕੀਤੀ। ਜਦੋਂ ਸਮਾਜ ਆਪਣੀ ਜੜ੍ਹਤਾ, ਕੁਰੀਤੀਆਂ ਅਤੇ ਵਿਕ੍ਰਿਤ ਪਰੰਪਰਾਵਾਂ ਦੇ ਬੋਝ ਥੱਲੇ ਦੱਬ ਚੁੱਕਿਆ ਸੀ, ਤਦ ਰਾਜਾ ਰਾਮਮੋਹਨ ਰਾਏ ਨੇ ਨਾ ਤਾਂ ਪਰੰਪਰਾ ਦੇ ਮੂਲ ਰੂਪ ਦਾ ਤਿਆਗ ਕੀਤਾ ਅਤੇ ਨਾ ਹੀ ਤਰਕਹੀਣ ਤਰੀਕੇ ਨਾਲ ਉਸ ਨੂੰ ਉਚਿਤ ਠਹਿਰਾਇਆ। ਉਨ੍ਹਾਂ ਨੇ ਲੋਕਾਂ ਨੂੰ ਆਤਮਬੋਧ ਕਰਵਾ ਕੇ, ਸਮਾਜ ਨੂੰ ਅੰਦਰ ਤੋਂ ਸੁਧਾਰਨ ਦਾ ਮਾਰਗ ਚੁਣਿਆ। ਉਨ੍ਹਾਂ ਦਾ ਸੁਨੇਹਾ ਸਪੱਸ਼ਟ ਸੀ ਸਮਾਜ ਦਾ ਪੁਨਰ ਜਨਮ ਬਾਹਰ ਤੋਂ ਨਹੀਂ, ਅੰਦਰ ਦੀ ਚੇਤਨਾ ਤੋਂ ਹੁੰਦਾ ਹੈ। ਸਤੀ ਪ੍ਰਥਾ ਵਰਗੀ ਅਣਮਨੁੱਖੀ ਕੁਰੀਤੀ ਦੇ ਵਿਰੁੱਧ ਉਨ੍ਹਾਂ ਦਾ ਸੰਘਰਸ਼ ਸਿਰਫ਼ ਸਮਾਜ ਸੁਧਾਰ ਨਾਲ ਜੁੜਿਆ ਅੰਦੋਲਨ ਨਹੀਂ ਸੀ, ਸਗੋਂ ਭਾਰਤੀ ਆਤਮਾ ਨੂੰ ਮੁੜ ਜੀਵਿਤ ਕਰਨ ਦਾ ਇੱਕ ਤਪ ਸੀ। ਈਸ਼ਵਰ ਚੰਦਰ ਵਿਦਿਆਸਾਗਰ ਨੇ ਇਸ ਕਾਰਜ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਸਿੱਖਿਆ ਨੂੰ ਸਿਰਫ਼ ਗਿਆਨ ਪ੍ਰਾਪਤੀ ਦਾ ਸਾਧਨ ਨਹੀਂ, ਸਗੋਂ ਮੁਕਤੀ ਦਾ ਮੰਤਰ ਬਣਾ ਦਿੱਤਾ। ਉਨ੍ਹਾਂ ਨੇ ਸਿੱਖਿਆ ਨੂੰ ਨਾਰੀ ਸ਼ਕਤੀ ਦੇ ਉੱਥਾਨ, ਸਸ਼ਕਤੀਕਰਨ ਅਤੇ ਮੁਕਤੀ ਦਾ ਸਾਧਨ ਬਣਾ ਦਿੱਤਾ।
ਬੰਗਾਲ ਦੇ ਹੀ ਬੰਕਿਮ ਚੰਦਰ ਚੱਟੋਪਾਧਿਆਏ ਨੇ, ਵੰਦੇ ਮਾਤਰਮ ਵਰਗਾ ਅਮਰ ਮੰਤਰ ਰਾਸ਼ਟਰ ਨੂੰ ਦਿੱਤਾ। ਵੰਦੇ ਮਾਤਰਮ ਉਹ ਗੀਤ ਸੀ ਜਿਸ ਨੇ ਬ੍ਰਿਟਿਸ਼ ਸਾਮਰਾਜ ਨਾਲ ਲੜਨ ਵਿਚ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸ਼ਕਤੀ ਦਿੱਤੀ ਅਤੇ ਸਦੀਆਂ ਤੋਂ ਸੁੱਤੇ ਪਏ ਦੇਸ਼ ਨੂੰ ਜਗਾਇਆ। ਇਹ ਗੀਤ ਅੱਜ ਵੀ ਭਾਰਤ ਦੀ ਅੰਤਰ-ਆਤਮਾ ਦਾ ਸੁਰ ਹੈ। ਬੰਗਾਲ ਨੇ ਹੀ ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਡਾਕਟਰ, ਡਾ. ਕਾਦੰਬਿਨੀ ਗਾਂਗੁਲੀ ਜੀ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਸਾਰਿਆਂ ਨੂੰ, ਖਾਸ ਕਰਕੇ ਮਹਿਲਾਵਾਂ ਨੂੰ ਪ੍ਰੇਰਿਤ ਕੀਤਾ। ਬੰਗਾਲ ਦੀ ਹੀ ਧਰਤੀ 'ਤੇ ਜਨਮੇ, ਉਤਸ਼ਾਹੀ ਰਾਸ਼ਟਰਵਾਦੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਸ਼ਾਇਦ ਬੰਗਾਲ ਦੀ ਧਰਤੀ ਨੇ ਜਿੰਨੀਆਂ ਵੀ ਵਿਲੱਖਣ ਪ੍ਰਤਿਭਾਵਾਂ ਅਤੇ ਮਹਾਨ ਲੋਕਾਂ ਨੂੰ ਜਨਮ ਦਿੱਤਾ ਉਨ੍ਹਾਂ ਵਿਚ ਸਭ ਤੋਂ ਵੱਧ ਮਹਾਨ ਅਤੇ ਗਿਆਨਵਾਨ, ਸਵਾਮੀ ਵਿਵੇਕਾਨੰਦ ਨੂੰ ਕਿਹਾ ਜਾ ਸਕਦਾ ਹੈ। ਸ਼ਿਕਾਗੋ ਵਿਚ ਉਨ੍ਹਾਂ ਦਾ ਦਿੱਤਾ ਗਿਆ ਭਾਸ਼ਨ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅੱਖਰਾਂ ਵਿਚ ਉੱਕਰਿਆ ਹੋਇਆ ਹੈ। ਉਨ੍ਹਾਂ ਨੇ ਪੂਰੀ ਦੁਨੀਆ ਨੂੰ ਵੇਦਾਂਤ ਅਤੇ ਭਾਰਤ ਦੀਆਂ ਮਹਾਨ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜਾਣੂ ਕਰਵਾਇਆ।
ਇਹ ਸਾਰੀਆਂ ਗੱਲਾਂ ਬੰਗਾਲ ਦੀ ਆਤਮਾ ਦਾ ਪ੍ਰਗਟਾਵਾ ਹਨ। ਇਹੀ ਇਸ ਦੀ ਸਨਾਤਨੀ ਅਤੇ ਸਦੀਵੀ ਪਛਾਣ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ ਨੂੰ ਇਸੇ ਦ੍ਰਿਸ਼ਟੀ ਨਾਲ ਦੇਖਦੇ ਹਨ। ਇਹ ਅਤੀਤ ਵਿਚ ਵਾਪਸ ਜਾਣ ਦੀ ਇੱਛਾ ਨਹੀਂ ਹੈ, ਨਾ ਹੀ ਇਹ ਆਧੁਨਿਕਤਾ ਦੀ ਤਲਾਸ਼ ਵਿਚ ਕਿਸੇ ਵਿਦੇਸ਼ੀ ਸੱਭਿਅਤਾ ਦਾ ਪਰਛਾਵਾਂ ਬਣਨ ਦੀ ਇੱਛਾ ਹੈ। ਇਹ ਉਹ ਦ੍ਰਿਸ਼ਟੀਕੋਣ ਹੈ ਜੋ ਬੰਗਾਲ ਨੂੰ ਮੁੜ ਜਾਗ੍ਰਿਤ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਪੂਰੀ ਸਮਰੱਥਾ ਦੇ ਜ਼ੋਰ 'ਤੇ ਮੁੜ ਤੋਂ ਆਪਣੀ ਉੱਚਤਮ ਸ਼ਾਨ ਨੂੰ ਪ੍ਰਾਪਤ ਕਰ ਸਕੇ।
ਬਦਕਿਸਮਤੀ ਨਾਲ, ਲੰਬੇ ਸਮੇਂ ਤੱਕ ਬੰਗਾਲ ਦੇ ਕੁਝ ਬੁੱਧੀਜੀਵੀਆਂ ਅਤੇ ਰਾਜਨੀਤਕ ਵਰਗਾਂ ਨੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਇੱਕ ਬੋਝ ਸਮਝਿਆ ਅਤੇ ਇਸ ਨੂੰ ਨੀਵਾਂ ਸਮਝਿਆ (ਘਿਨਾਉਣੀ ਨਜ਼ਰ ਨਾਲ ਦੇਖਿਆ)। ਸੱਭਿਅਤਾ, ਧਰਮ, ਸੱਭਿਆਚਾਰ ਅਤੇ ਬੰਗਾਲ ਦੀ ਚੇਤਨਾ ਦੀ ਗੱਲ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਨੂੰ ਦਬਾ ਦਿੱਤਾ ਗਿਆ। ਪਰੰਪਰਾ ਨੂੰ ਪਛੜਿਆ ਸਮਝਿਆ ਗਿਆ ਅਤੇ ਆਧੁਨਿਕਤਾ ਦੇ ਨਾਂਅ 'ਤੇ ਇੱਕ ਬਸਤੀਵਾਦੀ ਮਾਨਸਿਕਤਾ ਨੂੰ ਉਤਸ਼ਾਹਿਤ ਕੀਤਾ ਗਿਆ। ਨਤੀਜੇ ਵਜੋਂ, ਪੱਛਮੀ ਬੰਗਾਲ ਨੂੰ ਦਹਾਕਿਆਂ ਤੱਕ ਵਿਕਾਸਹੀਣ, ਅਰਾਜਕਤਾ, ਸੰਸਥਾਗਤ ਪਤਨ ਅਤੇ ਵਿਚਾਰਧਾਰਕ ਜੜਤਾ ਦਾ ਸਾਹਮਣਾ ਕਰਨਾ ਪਿਆ।
ਬੰਗਾਲ ਵਿਚ ਹੋਈਆਂ ਇਹ ਚੋਣਾਂ ਅਤੇ ਤਬਦੀਲੀ ਸਿਰਫ਼ ਰਾਜਨੀਤਕ ਸੱਤਾ ਪਰਿਵਰਤਨ ਨਹੀਂ ਹਨ। ਸਗੋਂ ਇਹ ਅਜਿਹੇ ਲੋਕਾਂ ਵਿਰੁੱਧ ਫ਼ਤਵਾ ਵੀ ਹੈ, ਜਿਨ੍ਹਾਂ ਨੇ ਬੰਗਾਲ ਨੂੰ ਉਸ ਦੇ ਮੂਲ ਤੋਂ ਦੂਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੱਛਮੀ ਬੰਗਾਲ ਦੀ ਚੋਣ ਸੱਤਾ ਦੀ ਲੜਾਈ ਨਹੀਂ ਸੀ, ਸਗੋਂ ਪੱਛਮੀ ਬੰਗਾਲ ਦੇ ਮਾਣ ਤੇ ਵਿਰਾਸਤ ਨੂੰ ਮੁੜ ਸਥਾਪਿਤ ਕਰਨ ਦਾ ਯੱਗ ਸੀ।
ਬੇਲੂਰ ਮਠ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਤਮਿਕ ਜੁੜਾਅ, ਸਵਾਮੀ ਵਿਵੇਕਾਨੰਦ ਪ੍ਰਤੀ ਉਨ੍ਹਾਂ ਦੀ ਡੂੰਘੀ ਸ਼ਰਧਾ ਅਤੇ ਸੁਸ਼ਾਸਨ ਨੂੰ 'ਸੇਵਾ' ਦੇ ਰੂਪ ਵਿਚ ਦੇਖਣ ਦਾ ਉਨ੍ਹਾਂ ਦਾ ਵਿਜ਼ਨ- ਇਹ ਸਾਰੇ ਇਸ ਗੱਲ ਦੇ ਪ੍ਰਮਾਣ ਹਨ ਕਿ 'ਪ੍ਰਧਾਨ ਸੇਵਕ' ਬੰਗਾਲ ਦੇ ਵਿਕਾਸ ਅਤੇ ਮੁੜ-ਸੁਰਜੀਤੀ ਨੂੰ ਇੱਕ ਪਵਿੱਤਰ ਜ਼ਿੰਮੇਵਾਰੀ ਮੰਨਦੇ ਹਨ, ਜਿਸ ਨੂੰ ਉਹ ਆਪਣੇ 'ਪ੍ਰਧਾਨ ਧਰਮ' ਅਤੇ 'ਪ੍ਰਧਾਨ ਕਰਮ' ਵਜੋਂ ਨਿਭਾਅ ਰਹੇ ਹਨ।
(ਲੇਖਕ ਭਾਰਤ ਸਰਕਾਰ ਵਿਚ ਰੱਖਿਆ ਮੰਤਰੀ ਹਨ।)
ਪੱਛਮੀ ਬੰਗਾਲ: ਪਰਿਵਰਤਨ ਤੇ ਪੁਨਰਜਾਗਰਣ
ਅਜੀਤ ਡੈਸਕ
09-05-2026