ਇਕ ਨਿੱਕੀ ਜਿਹੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ, ਗੱਲ ਨਿੱਕੀ ਜ਼ਰੂਰ ਹੈ ਪਰ ਕੋਈ ਵੱਡਾ ਹਾਦਸਾ ਹੋਣ ਤੋਂ ਰੋਕ ਸਕਦੀ ਹੈ | ਮੈਂ ਇਕ ਦਿਨ ਆਪਣੇ ਬੇਟੇ ਨੂੰ ਛੱਡਣ ਸਕੂਲ ਜਾ ਰਹੀ ਸੀ ਤਾਂ ਦੇਖਿਆ ਦੋ ਬੱਚੇ 5 ਕੁ ਸਾਲਾਂ ਦੇ ਸਨ, ਦੋਵੇਂ ਭੈਣ-ਭਰਾ ਸੜਕ ਚੌਕ ਵਿਚਾਲੇ ਖੇਡ ਰਹੇ ਸੀ | ਕੋਲੋਂ ਗੱਡੀਆਂ, ਮੋਟਰ-ਸਾਈਕਲ, ਸਕੂਟਰ ਨਿਕਲ ਰਹੇ ਸੀ ਪਰ ਉਹ ਡਰ ਨਹੀਂ ਸੀ ਰਹੇ ਤੇ ਨਾ ਹੀ ਕੋਈ ਰੁਕ ਕੇ ਉਨ੍ਹਾਂ ਨੂੰ ਖੇਡਣ ਤੋਂ ਰੋਕ ਰਿਹਾ ਸੀ | ਕਿਸੇ ਨੂੰ ਨਹੀਂ ਲੱਗਾ ਕਿ ਇਹ ਵੱਡਾ ਹਾਦਸਾ ਹੋਣ ਦੀ ਦਸਤਕ ਹੈ | ਨਾ ਹੀ ਬੱਚਿਆਂ ਦੇ ਮਾਪਿਆਂ ਨੂੰ ਪਤਾ ਸੀ ਕਿ ਸਾਡੇ ਬੱਚੇ ਕਿੱਥੇ ਨੇ | ਮੈਂ ਬੱਚਿਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਜਾਣ ਨੂੰ ਕਿਹਾ, ਤਾਂ ਬੱਚੇ ਬਸਤੀ ਵਿਚ ਮੈਨੂੰ ਲੈ ਗਏ | ਮੈਂ ਬਸਤੀ ਵਾਲਿਆਂ ਨੂੰ ਪੁੱਛਿਆ ਕਿ ਇਨ੍ਹਾਂ ਦੀ ਮਾਤਾ ਕਿੱਥੇ ਹੈ, ਤਾਂ ਬਾਕੀ ਬਸਤੀ ਵਾਲਿਆਂ ਨੇ ਦੱਸਿਆ ਕਿ ਉਹ ਅੰਦਰ ਘਰ 'ਚ ਹੈ ਤੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੇ ਬੱਚੇ ਕਿੱਥੇ ਹਨ, ਕੀ ਕਰਦੇ ਹਨ | ਸੋਚੋ ਜੇਕਰ ਕੋਈ ਹਾਦਸਾ ਹੋ ਜਾਂਦਾ ਜਾਂ ਬੱਚਿਆਂ ਨੂੰ ਕੋਈ ਸੱਟ ਲੱਗ ਜਾਂਦੀ ਜਾਂ ਕੋਈ ਵੱਡਾ ਕਾਰਾ ਵਾਪਰ ਜਾਂਦਾ ਤਾਂ ਘਰਦਿਆਂ ਦਾ ਤਾਂ ਨੁਕਸਾਨ ਸੀ ਪਰ ਜਿਸ ਨਾਲ ਹੁੰਦਾ ਉਸ ਦੀ ਵੀ ਜ਼ਿੰਦਗੀ ਖਰਾਬ ਹੋਣੀ ਸੀ | ਅਸੀਂ ਕਈ ਵਾਰ ਛੋਟੀਆਂ ਗੱਲਾਂ ਨੂੰ ਅਣਦੇਖਿਆ ਕਰਕੇ ਵੱਡੇ ਹਾਦਸਿਆਂ ਦੀ ਦਸਤਕ ਨਹੀਂ ਪਹਿਚਾਣਦੇ |
-ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 62307-20664