ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੇਖਕਾਂ ਦੀ ਗੱਲਬਾਤ <br/>

Ad Position 21
No active advertisement
ਅਜੀਤ ਡੈਸਕ 17-05-2026

ਜਦੋਂ ਕਿਤੇ ਚਾਰ ਲੇਖਕ ਜੁੜ ਬੈਠਦੇ ਹਨ ਤਾਂ ਅਕਸਰ ਬਹੁਤ ਕੰਮ ਦੀਆਂ ਗੱਲਾਂ ਕਰਦੇ ਹਨ | ਉਹ ਵੱਖਰੀ ਗੱਲ ਹੈ ਕਿ ਕਈ ਵਾਰੀ ਕਿਸੇ ਦੀ ਨਿੰਦਿਆ ਚੁਗਲੀ ਜਾਂ ਸ਼ੁਗਲ-ਮੇਲਾ ਵੀ ਚਰਚਾ ਵਿਚ ਆ ਜਾਂਦਾ ਹੈ |
ਇਕ ਲੇਖਕ ਗੱਲ ਸ਼ੁਰੂ ਕਰਦਾ ਹੈ, 'ਦੇਖ ਲਓ, ਆਪਣੀ ਦਲੀਪ ਕੌਰ ਟਿਵਾਣਾ ਵੀ ਪਤੇ ਦੀ ਗੱਲ ਕਹਿ ਗਈ, ਅਖੇ, 'ਦਿਨ ਚੜ੍ਹਦੈ ਛਿਪ ਜਾਂਦੈ, ਦਿਨ ਚੜ੍ਹਦੈ ਛਿਪ ਜਾਂਦੈ, ਇਉਂ ਹੀ ਬੰਦੇ ਹੋ ਹੋ ਤੁਰੀ ਜਾਂਦੇ ਨੇ |'
'ਇਹ ਤਾਂ ਹੈ ਭਜਨ ਸਿਆਂ! ਜਿਹੜੇ ਵਧੀਆ ਲੇਖਕ ਨੇ ਤਾਂ ਹੀ ਵਧੀਆ ਨੇ ਕਿਉਂਕਿ ਉਹ ਲਿਖਦੇ ਤੇ ਬੋਲਦੇ ਵਧੀਆ ਨੇ, ਆਹ ਦੇਖ ਲੈ, ਆਪਣੇ ਡਾ. ਹਰਿਭਜਨ ਸਿੰਘ ਦਿੱਲੀ ਵਾਲੇ ਨੇ ਵੀ ਤਾਂ ਕਮਾਲ ਈ ਕੀਤੀ ਪਈ ਹੈ | ਮੈਂ ਤਾਂ ਉਹਦੀ ਸਵੈ-ਜੀਵਨੀ 'ਚੋਲ਼ਾ ਟਾਕੀਆਂ ਵਾਲਾ' ਜਦ ਪੜ੍ਹੀ ਤਾਂ ਅੱਖਾਂ ਖੁੱਲ੍ਹ ਗਈਆਂ, ਕੋਈ ਨਾਲਦਾ ਹਰਿਭਜਨ ਸਿੰਘ ਦੀ ਗੱਲ ਕਰਦਾ |
'ਕੀ ਕਹਿੰਦੇ ਨੇ ਡਾ. ਸਾਹਿਬ?' ਸ਼ੇਰ ਸਿੰਘ ਪੁੱਛਦਾ ਹੈ |
'ਡਾ. ਹਰਿਭਜਨ ਸਿੰਘ ਨੇ ਤਾਂ ਜਮਾਂ ਦੀ ਇਕ ਥਾਂ ਟੀਸੀ ਦਾ ਬੇਰ ਤੋੜਿਆ | ਕਹਿੰਦਾ, ਜਿਸ ਨੂੰ ਦੁਨੀਆ ਉਹਦੀ ਯੋਗਤਾ ਦੇ ਬਾਵਜੂਦ ਅਣਗੌਲਦੀ ਹੈ, ਉਸ ਨੂੰ ਕੋਈ ਖੁਦਾ ਉਸ ਦੀਆਂ ਖਾਮੀਆਂ ਦੇ ਬਾਵਜੂਦ ਨਿਵਾਜਦਾ ਰਹਿੰਦਾ ਹੈ |' ਪਹਿਲਾ ਹਰਿਭਜਨ ਸਿੰਘ ਦੇ ਕਹੇ ਦੀ ਹਾਮੀ ਭਰਦਾ |
'ਦੇਖੋ ਭਰਾਵੋ, ਅੱਡੀ ਮਾਰ ਕੇ ਘੋੜਾ ਭਜਾਉਣਾ ਹਰ ਹਾਰੀ-ਸਾਰੀ ਦਾ ਕੰਮ ਨਹੀਂ ਹੈ | ਨਿਰੀ ਕਲਮ ਘਸਾਉਣ ਨਾਲ ਹੀ ਤਾਂ ਕੋਈ ਲਿਖਾਰੀ ਨਹੀਂ ਬਣ ਸਕਦਾ | ਦਿਮਾਗ਼ ਦੀ ਬੱਤੀ ਨੂੰ ਜ਼ਿੰਦਗੀ ਦੀ ਘਾਲਣਾ ਦਾ ਤੇਲ ਪਾਉਣਾ ਪੈਂਦੈ ਤਾਂ ਜਾ ਕੇ ਬੇੜੀ ਕਿਸੇ ਤਣ-ਪੱਤਣ ਲੱਗਦੀ ਐ | ਆਹ ਨਵੇਂ ਲਿਖਾਰੀ ਹੁਣ ਕਿੰਨੇ ਈ ਹੋ ਗਏ ਆ ਪਰ ਅਜੇ ਵੀ ਬਹੁਤੀ ਚਰਚਾ ਪੁਰਾਣਿਆਂ ਦੀ ਹੁੰਦੀ ਰਹਿੰਦੀ ਆ | ਜਾਹ ਤਾਂ ਕੋਈ ਅੰਮਿ੍ਤਾ ਪ੍ਰੀਤਮ, ਵਾਰਿਸ ਸ਼ਾਹ, ਨਾਨਕ ਸਿੰਘ ਨੂੰ ਭੁੱਲ ਕੇ ਵਿਖਾਵੇ |' ਸੁਰਜਨ ਸਿੰਘ ਆਪਣੇ ਦਿਲ ਦੀ ਗੱਲ ਕਹਿ ਗਿਆ |
'ਦੇਖ ਭਾਈ, ਇਹ ਵੀ ਕਿਸੇ ਵੱਡੇ ਲਿਖਾਰੀ ਨੇ ਹੀ ਕਿਹਾ ਹੈ ਕਿ ਜਿਸ ਬੰਦੇ ਕੋਲ ਆਪਣੇ ਪੈਰਾਂ ਤੋਂ ਲੈ ਕੇ ਪਾਰਬ੍ਰਹਮ ਤੱਕ ਵੇਖਣ ਦੀ ਸਮਰੱਥਾ ਹੈ, ਉਹ ਕੁਝ ਵੀ ਕਰ ਸਕਦਾ ਹੈ | ਪਰ ਜੇ ਕਿਤੇ ਖਿਆਲਾਂ ਦੇ ਪਰਛਾਵੇਂ ਹੀ ਖਿਆਲਾਂ ਨਾਲੋਂ ਕੱਦ-ਕਾਠ ਕੱਢ ਜਾਣ ਤਾਂ ਖਰੀ ਗੱਲ ਲਿਖਣੀ ਕੋਈ ਖਾਲਾ ਜੀ ਦਾ ਬਾੜਾ ਥੋੜ੍ਹੀ ਹੁੰਦੀ ਹੈ |' ਭਜਨ ਸਿੰਘ ਨੇ ਵੀ ਆਪਣੀ ਵਾਰੀ ਲਈ |
'ਪਰ ਅੱਜਕਲ੍ਹ ਤਾਂ ਅਸੀਂ ਵੇਖਦੇ ਆਂ ਪਈ ਬਹੁਤੇ ਬੰਦੇ ਆਪਣੀ ਸਿਫ਼ਤ ਸਲਾਹ ਹੀ ਚਾਹੁੰਦੇ ਹਨ | ਤੂੰ ਮੇਰੀਆਂ ਸਿਫਤਾਂ ਕਰੀ ਜਾਹ, ਮੈਂ ਤੇਰੀਆਂ ਕਰੀ ਜਾਨੈ | ਬਸ ਬਹੁਤਾ ਕਰਕੇ ਏਹੋ ਕੁਝ ਹੀ ਚੱਲੀ ਜਾਂਦੈ |' ਬਹੁਤੇ ਸਮਾਗਮਾਂ 'ਚ ਹਿੱਸਾ ਲੈਣ ਵਾਲੇ ਇਕ ਸੱਜਣ ਨੇ ਆਖਿਆ |
ਅੱਗੋਂ ਭਜਨ ਸਿੰਘ ਨੇ ਸੁਰਜੀਤ ਪਾਤਰ ਦੇ ਹਵਾਲੇ ਨਾਲ ਗੱਲ ਸਿਰੇ ਹੀ ਲਾ ਦਿੱਤੀ, 'ਆਪਣੀ ਵਡਿਆਈ ਤਾਂ ਹਰ ਬੰਦੇ ਨੂੰ ਚੰਗੀ ਲਗਦੀ ਐ |' ਸੁਰਜੀਤ ਪਾਤਰ ਨੇ ਐਵੇਂ ਤਾਂ ਨਹੀਂ ਆਪਣੀ ਕਿਤਾਬ 'ਸੂਰਜ ਮੰਦਰ ਦੀਆਂ ਪੌੜੀਆਂ' 'ਚ ਲਿਖਿਆ ਅਖੇ, 'ਅਜੇ ਸਾਈਕਲ ਦਾ ਤਾਂ ਭਾਵੇਂ ਫੂਕ ਬਿਨਾਂ ਸਰ ਜਾਵੇ ਬੰਦੇ ਦਾ ਨਹੀਂ ਸਰਦਾ |'

-ਮੋਬਾਈਲ : 98155-05287

Ad Position 22
No active advertisement
ਪਿਛਲੀ ਖ਼ਬਰ 16-05-26 Boy's ਅਗਲੀ ਖ਼ਬਰ ਹਾਕ <br/>
Ad Position 24
No active advertisement