ਪਿੰਡ ਨੂੰ ਮੁੜਦੀ ਸੜਕ ਦੇ ਮੋੜ 'ਤੇ ਸ਼ਹਿਰ ਤੋਂ ਆਏ ਮਿੱਠ-ਬੋਲੜੇ ਬਾਣੀਏ ਨੇ ਆ ਵੱਡੀ ਦੁਕਾਨ ਖੋਲ੍ਹ ਲਈ | ਪਿੰਡ ਵਾਲਿਆਂ ਨੂੰ ਇਸ ਦਾ ਫਾਇਦਾ ਇਹ ਹੋਇਆ ਕਿ ਸ਼ਹਿਰ ਵਾਲੀ ਹਰ ਚੀਜ਼ ਇੱਥੇ ਮਿਲਣ ਲੱਗੀ |
ਪਰ ਬਾਣੀਏ ਦੇ ਭਾਅ ਬੜੇ ਅੱਕਰੇ ਸਨ | ਆਏ ਗਾਹਕ ਨੂੰ ਮਲਮੀ ਜਿਹੀ ਜੀਭ ਨਾਲ ਆਖ ਛੱਡਦਾ, 'ਮਹਿੰਗਾਈ ਤਾਂ ਅਸਮਾਨ ਚੜ੍ਹੀ ਫਿਰਦੀ ਆ, ਏਦੋਂ ਸਸਤਾ ਕਿਤੋਂ ਨਹੀਂ ਮਿਲਣਾ, ਜੇ ਨਹੀਂ ਯਕੀਨ ਭਾਵੇਂ ਟਰਾਈ ਕਰਕੇ ਦੇਖ ਲਓ, ਫਿਰ ਆ ਜਾਇਓ |'
ਉਹਦੀ ਚੁੰਗਲ 'ਚ ਫਸਿਆ ਬੰਦਾ ਮਨ ਹੀ ਮਨ ਸੋਚਦਾ, ਜੇ ਸ਼ਹਿਰ ਵੀ ਗਿਆ ਇਕ ਤਾਂ ਟਾਈਮ ਬਰਬਾਦ ਹੋਊ, ਦੂਜਾ ਕਿਰਾਇਆ-ਭਾੜਾ ਵੱਖ ਲੱਗੂ | ਉਹ ਸਭ ਕੁਝ ਜਾਣਦਾ ਹੋਇਆ ਵੀ ਮਹਿੰਗੇ ਭਾਅ ਸੌਦਾ ਖਰੀਦਣ ਲਈ ਮਜਬੂਰ ਹੋ ਜਾਂਦਾ, ਜਿਸ ਕਰਕੇ ਲਾਲੇ ਦੀ ਦੁਕਾਨ ਦਿਨ ਦੁੱਗਣੀ ਤੇ ਰਾਤ ਚੌਗੁਣੀ ਹੋ ਵਧਣ ਲੱਗੀ |
ਨਿੱੱਤ-ਦਿਹਾੜੇ ਦੁਕਾਨ 'ਤੇ ਆਉਣ ਜਾਣ ਵਾਲੇ ਗਾਹਕ ਤਾਂ ਕਿਸੇ ਚੀਜ਼ ਦਾ ਮੁੱਲ ਵੀ ਪੁੱਛਣੋ ਹਟ ਗਏ, ਕਿਉਂਕਿ ਉਨ੍ਹਾਂ ਦਾ ਖਾਤਾ ਜੋ ਚੱਲਦਾ ਸੀ | ਉਹ ਪੈਸੇ ਨਕਦ ਨਾ ਦਿੰਦੇ ਸਗੋਂ ਖਾਤੇ 'ਚ ਲਿਖਣ ਲਈ ਕਹਿ ਕੇ ਚਲੇ ਜਾਂਦੇ | ਪਰ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਾ ਹੁੰਦਾ ਕਿ ਲਾਲਾ ਜੀ ਉਨ੍ਹਾਂ ਵਲੋਂ ਖ਼ਰੀਦੇ ਨਿੱੱਕ-ਸੁੱਕ ਦੇ ਪੈਸੇ ਪਹਿਲਾਂ ਹੀ ਵਿਆਜ ਲਗਾ ਵਹੀ 'ਤੇ ਚਾੜ੍ਹੀ ਜਾਂਦੇ ਨੇ |
ਦੁਕਾਨ 'ਤੇ ਬੈਠਿਆਂ ਲਾਲੇ ਦੇ ਮੂੰਹ ਤੋਂ ਇਕੋ ਗੱਲ ਸੁਣਨ ਨੂੰ ਮਿਲਦੀ, 'ਦੁਕਾਨਦਾਰੀ 'ਚੋਂ ਬਚਦਾ ਹੀ ਕੀ ਆ, ਸਾਰਾ ਦਿਨ ਮਗਜ਼ ਖਪਾਈ ਕਰਦਿਆਂ ਬਸ ਰੁਪਈਆ ਦੋ ਰੁਪਏ ਮਸਾਂ ਲੱਭਦੇ ਨੇ, ਇਹ ਤਾਂ ਇੱਥੇ ਬਸ ਟਾਈਮ ਪਾਸ ਕਰੀ ਜਾਨੇ ਆਂ | ਖਾਣੀਆਂ ਤਾਂ ਓਹੀ ਦੋ ਰੋਟੀਆਂ ਨੇ , ਹੋਰ ਇੱਥੇ ਕਿਹੜੀਆਂ ਕਮਾਈਆਂ ਰਹਿ ਗਈਆਂ |'
ਇਕ ਦਿਨ ਵੱਡੇ ਤੜਕੇ ਗੁਰੂ ਘਰ ਦੇ ਸਪੀਕਰ ਤੋਂ ਉੱਚੀ ਸਾਰੀ ਆਵਾਜ਼ ਆਈ, 'ਭਾਈ ਦੌਲਤ ਬਾਣੀਏ ਦੀ ਦੁਕਾਨ ਨੂੰ ਅੱਗ ਲੱਗ ਗਈ | ਛੇਤੀ ਤੋਂ ਛੇਤੀ ਬਾਲਟੀਆਂ ਡੱਬੇ ਲੈ ਕੇ ਉੱਥੇ ਪਹੁੰਚੋ, ਅੱਗ ਬੁਝਾਊ ਗੱਡੀ ਆਉਣ ਤੋਂ ਪਹਿਲਾਂ ਭਾਵੇਂ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ ਪਰ ਦੁਕਾਨ 'ਚ ਪਿਆ ਸਮਾਨ ਉਦੋਂ ਤੱਕ ਸੜ ਕੇ ਸੁਆਹ ਹੋ ਚੁੱਕਿਆ ਸੀ |
ਮਿੰਟਾਂ ਸਕਿੰਟਾਂ 'ਚ ਜੁੜੀ ਭੀੜ ਚੋਂ ਅੱਗ ਲੱਗਣ ਦੇ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਗਾਏ ਜਾ ਰਹੇ ਸਨ | ਉਨ੍ਹਾਂ ਦੇ ਵਿਚਕਾਰ ਨੰਗੇ ਪੈਰੀਂ ਹੱਥ 'ਚ ਬਾਲਟੀ ਫੜੀ ਖੜ੍ਹਾ ਇਕ ਸਿਆਣੀ ਉਮਰ ਤੇ ਮਧਰੇ ਕੱਦ ਦਾ ਆਦਮੀ ਬੋਲਿਆ, 'ਭਾਈ ਕਮਾਈ ਤਾਂ ਹੱਕ ਦੀ ਹੀ ਚੰਗੀ ਹੁੰਦੀ ਹੈ |' ਗੁਰੂਆਂ ਪੀਰਾਂ ਨੇ ਐਵੇਂ ਨੀ ਕਿਹਾ, 'ਉਸ ਦੀ ਦਬਵੀਂ ਆਵਾਜ਼ 'ਚ ਕਹੀ ਗੱਲ ਸੁੰਨ ਹੋਏ ਬਾਣੀਏ ਦੇ ਕੰਨਾਂ ਤੱਕ ਪਹੁੰਚੀ ਤਾਂ ਉਸ ਨੇ ਧੌਣ ਉੱਪਰ ਚੁੱਕ ਆਦਮੀ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਇਕ ਹਾਕ ਨਾਲ ਅਪਣੱਤ ਭਰਿਆ ਰਵੱਈਆ ਲੈ ਉਹਦੀ ਮਦਦ ਲਈ ਸਾਰਾ ਪਿੰਡ ਢੁਕਿਆ ਖੜ੍ਹਾ ਸੀ | ਇਹ ਵੇਖ ਬਾਣੀਏ ਦੀਆਂ ਉੱਪਰ ਚੁੱਕੀਆਂ ਅੱਖਾਂ ਸ਼ਰਮਸਾਰ ਹੋ ਫਿਰ ਤੋਂ ਧਰਤੀ 'ਚ ਗੱਡੀਆਂ ਗਈਆਂ | ਉਹ ਡੂੰਘੀ ਸੋਚ 'ਚ ਡੁੱਬ ਗਿਆ
|-ਪਿੰਡ ਤੇ ਡਾਕਖਾਨਾ ਕੁਹਾੜਾ
ਸੰਪਰਕ : 84370-48523