ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨਿਊ ਰਾਜਿੰਦਰ ਨਗਰ ਥਾਣੇ ਦੀ ਪੁਲਿਸ ਨੂੰ ਇਕ ਸੂਚਨਾ ਮਿਲੀ ਕਿ ਇਥੋਂ ਦੇ ਮਕਾਨ ਨੰਬਰ ਆਰ. 852 'ਚੋਂ ਬਦਬੂ ਆ ਰਹੀ ਹੈ | ਮਕਾਨ ਦੇ ਦਰਵਾਜ਼ੇ ਅੰਦਰੋਂ ਬੰਦ ਸਨ | ਇਸ ਮਾਮਲੇ ਦੇ ਬਾਰੇ ਮਕਾਨ ਦੇ ਆਸ-ਪਾਸ ਸਫ਼ਾਈ ਕਰਨ ਵਾਲੀ ਔਰਤ ਨੇ ਲੋਕਾਂ ਨੂੰ ਦੱਸਿਆ | ਪੁਲਿਸ ਨੇ ਮੌਕੇ 'ਤੇ ਆ ਕੇ ਮਕਾਨ ਖੁਲ੍ਹਵਾ ਕੇ ਵੇਖਿਆ ਕਿ ਦੋ ਬਜ਼ੁਰਗ ਔਰਤਾਂ ਜਿਨ੍ਹਾਂ ਦਾ ਨਾਂਅ ਚੰਦਰ ਕਾਂਤਾ ਅਤੇ ਸਰੋਜ ਬਾਲਾ ਹੈ, ਉਹ ਮਰੀਆਂ ਪਈਆਂ ਹਨ ਅਤੇ ਉਨ੍ਹਾਂ ਦੇ ਵਿਚੋਂ ਬਦਬੂ ਆ ਰਹੀ ਸੀ | ਜਿਸ ਮਕਾਨ ਵਿਚ ਇਹ ਔਰਤਾਂ ਰਹਿੰਦੀਆਂ ਸਨ, ਉਸ ਦੇ ਚਾਰ ਗੇਟ ਹਨ | ਪੁਲਿਸ ਦੇ ਦੁਆਰਾ ਜਾਂਚ ਕਰਨ 'ਤੇ ਪਤਾ ਲੱਗਾ ਕਿ ਕੋਈ ਤੋੜ-ਫੋੜ, ਸਾਜਿਸ਼ ਜਾਂ ਕੋਈ ਗੜਬੜ ਇਥੇ ਨਹੀਂ ਹੋਈ | ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਇਹ ਔਰਤਾਂ ਇਕੱਠੀਆਂ ਇਥੇ ਰਹਿ ਰਹੀਆਂ ਸਨ | ਇਨ੍ਹਾਂ ਵਿਚੋਂ ਇਕ ਦਾ ਵਿਆਹ ਨਹੀਂ ਸੀ ਹੋਇਆ | ਇਹ ਆਪਸ ਵਿਚ ਨਨਾਣ ਭਰਜਾਈ ਹਨ | ਪੁਲਿਸ ਵਲੋਂ ਇਸ ਮਾਮਲੇ ਦੇ ਵਿਚ ਅਪਰਾਧ ਸ਼ਾਖਾ, ਐਫ. ਐਲ. ਐਸ. ਅਤੇ ਸੀ. ਟੀ..ਏ. ਐਂਬੂਲੈਂਸ ਜਾਂਚ ਦੇ ਲਈ ਮੰਗਵਾਈ ਗਈ | ਇਨ੍ਹਾਂ ਦੋਵੇਂ ਔਰਤਾਂ ਦੀਆਂ ਲਾਸ਼ਾਂ ਆਰ. ਐਸ. ਐਲ. ਹਸਪਤਾਲ ਭੇਜੀਆਂ ਗਈਆਂ ਹਨ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ |