ਜਲੰਧਰ, 27 ਜੂਨ (ਸ਼ਿਵ)- ਨਗਰ ਨਿਗਮ ਵਲੋਂ ਕਈ ਬਾਰ ਅਲਟੀਮੇਟਮ ਦੇਣ ਦੇ ਬਾਵਜੂਦ ਵੀ ਪਟੇਲ ਚੌਕ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਸੜਕਾਂ ਦੇ ਦੋਵੇਂ ਪਾਸੇ ਬਣ ਰਹੀ ਗਰੀਨ ਬੈਲਟ ਦਾ ਕੰਮ ਅਜੇ ਸਮੇਂ ਸਿਰ ਪੂਰਾ ਹੋਣ ਦੀ ਸੰਭਾਵਨਾ ਨਹੀਂ ਲੱਗ ਰਹੀ ਹੈ ਸਗੋਂ ਇਸ ਪ੍ਰਾਜੈਕਟ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਪਾਸੇ ਪਾਰਕ ਬਣਾਉਣ ਤੋਂ ਇਲਾਵਾ ਉੱਥੇ ਬੈਂਚ ਲਗਾਉਣ ਅਤੇ ਹੋਰ ਤਰਾਂ ਦੀਆਂ ਲੋਕਾਂ ਲਈ ਸਹੂਲਤਾਂ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਅਜੇ ਜੰਗਲਾਤ ਵਿਭਾਗ ਵਲੋਂ ਕਰਵਾਏ ਜਾ ਰਹੇ ਇਸ ਕੰਮ ਲਈ ਅਜੇ ਗਿ੍ਰਲਾਂ ਲਗਾਉਣ ਤੋਂ ਇਲਾਵਾ ਬੂਟੇ ਲਗਾਉਣ ਦਾ ਕੰਮ ਚੱਲ ਰਿਹਾ ਹੈ ਜਦਕਿ ਕਈ ਥਾਵਾਂ ’ਤੇ ਬੂਟੇ ਲਗਾਉਣ ਦਾ ਕੰਮ ਚੱਲ ਰਿਹਾ ਹੈ ਜਦਕਿ ਪਹਿਲਾਂ ਲੱਗੇ ਕਈ ਬੂਟਿਆਂ ਨੂੰ ਸੋਕਾ ਪੈ ਗਿਆ ਹੈ। ਇਸ ਗਰੀਨ ਬੈਲਟ ਦੇ ਸ਼ੁਰੂ ਹੋਣ ਵੇਲੇ ਤਾਂ ਵਿਦੇਸ਼ਾਂ ਵਾਂਗ ਗਰੀਨ ਬੈਲਟ ਤਿਆਰ ਕਰਨ ਦਾ ਮਾਡਲ ਦਿਖਾਇਆ ਗਿਆ ਸੀ ਪਰ ਹੁਣ ਤਾਂ ਦੇਸੀ ਤਰੀਕੇ ਨਾਲ ਕੰਮ ਹੋ ਰਿਹਾ ਲੱਗ ਰਿਹਾ ਹੈ ਕਿਉਂਕਿ ਜਿਹੜੇ ਬੂਟੇ ਲਗਾਏ ਗਏ ਸੀ।ਉਨ੍ਹਾਂ ਵਿਚ ਕਈ ਬੂਟੇ ਤਾਂ ਸੁੱਕ ਗਏ ਹਨ ਸਗੋਂ ਗਿ੍ਰਲਾਂ ਹੀ ਨਜ਼ਰ ਆ ਜਾਂਦੀਆਂ ਹਨ। ਕਈ ਬੂਟੇ ਤਾਂ ਕੁਝ ਸਮਾਂ ਪਹਿਲਾਂ ਲਗਾਏ ਗਏ ਸੀ ਪਰ ਹੁਣ ਉਨ੍ਹਾਂ ਵਿਚ ਕਈ ਬੂਟੇ ਨਜ਼ਰ ਨਹੀਂ ਆ ਰਹੇ ਹਨ। ਮੇਅਰ ਵਨੀਤ ਧੀਰ ਨੇ ਸਮਾਰਟ ਸਿਟੀ ਕੰਪਨੀ ਦੇ ਫ਼ੰਡ ਰਾਹੀਂ ਇਸ ਗਰੀਨ ਬੈਲਟ ਨੂੰ ਬਣਾਉਣ ਲਈ 5.55 ਕਰੋੜ ਦਾ ਫ਼ੰਡ ਜਾਰੀ ਕਰਵਾਇਆ ਸੀ। ਮੇਅਰ ਵਨੀਤ ਧੀਰ ਗਰੀਨ ਬੈਲਟ ਲਗਾਉਣ ਦੇ ਕੰਮ ਦਾ ਕਈ ਬਾਰ ਮੌਕਾ ਦੇਖ ਚੁੱਕੇ ਹਨ ਤੇ ਉਹ ਕੰਮ ਤੋਂ ਕਾਫ਼ੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ ਕਿ ਇਸ ਕੰਮ ਵਿਚ ਸੁਧਾਰ ਕੀਤਾ ਜਾਵੇ। ਉਨ੍ਹਾਂ ਨੇ ਇਕ ਬਾਰੇ ਤਾਂ ਇਸ ਦਾ ਮੌਕਾ ਦੇਖਣ ਵੇਲੇ ਗਿ੍ਰਲਾਂ ਦੀ ਗੁਣਵਤਾ ’ਤੇ ਵੀ ਸਵਾਲ ਉਠਾਏ ਸਨ। ਨਿਗਮ ਵਲੋਂ ਇਸ ਕੰਮ ਲਈ ਕਰੋੜਾਂ ਰੁਪਏ ਖ਼ਰਚਿਆ ਗਿਆ ਹੈ। ਇਹ ਰੋਡ ਸ਼ਹਿਰ ਦਾ ਕਾਫ਼ੀ ਅਹਿਮ ਇਲਾਕਾ ਹੈ ਤੇ ਇਸ ਲਈ ਇਸ ਨੂੰ ਗਰੀਨ ਬੈਲਟ ਲਈ ਚੁਣਿਆ ਗਿਆ ਸੀ। ਪਟੇਲ ਚੌਕ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਦੀ 8 ਕਿੱਲੋਮੀਟਰ ਦੀ ਲੰਬੀ ਗਰੀਨ ਬੈਲਟ ਬਣਾਈ ਜਾ ਰਹੀ ਹੈ। ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਵਲੋਂ ਕੁੱਝ ਸਮਾਂ ਪਹਿਲਾਂ ਹੀ ਦੋਵੇਂ ਪਾਸੇ ਗਰੀਨ ਬੈਲਟ ਬਣਾਉਣ ਲਈ ਨਾਜਾਇਜ਼ ਕਬਜ਼ੇ ਹਟਵਾਏ ਗਏ ਸੀ ਪਰ ਅਜੇ ਵੀ ਦੋਵੇਂ ਪਾਸੇ ਕਈ ਥਾਵਾਂ ’ਤੇ ਕਬਜ਼ੇ ਹਟਾਏ ਜਾਣੇ ਹਨ। ਕਈ ਲੋਕਾਂ ਦਾ ਕਹਿਣਾ ਸੀ ਕਿ ਮੇਅਰ ਵਨੀਤ ਧੀਰ ਵਲੋਂ ਦੋ ਬਾਰ ਤੋਂ ਜ਼ਿਆਦਾ ਕੰਮਕਾਜ ਦੀ ਨਿਗਰਾਨੀ ਕਰਕੇ ਆਪ ਹੀ ਕਈ ਹਦਾਇਤਾਂ ਦਿੱਤੀਆਂ ਸਨ। ਕਈ ਲੋਕ ਪੁੱਛ ਰਹੇ ਹਨ ਕਿ ਕਰੋੜਾਂ ਰੁਪਏ ਦੇ ਇਸ ਪ੍ਰਾਜੈਕਟ ਨਾਲ ਕਿ ਸਿਰਫ਼ ਗਿ੍ਰਲਾਂ ਜਾਂ ਬੂਟੇ ਵੀ ਲਗਾਉਣੇ ਹਨ ਜਦਕਿ ਇਸ ਤੋਂ ਪਹਿਲਾਂ ਦੋਵੇਂ ਪਾਸੇ ਸੁੰਦਰ ਪਾਰਕ ਅਤੇ ਬੈਠਣ ਲਈ ਬੈਂਚ ਲਗਾਏ ਜਾਣੇ ਸੀ। ਇਸ ਤੋਂ ਇਲਾਵਾ ਵਰਕਿੰਗ ਟਰੈਕ, ਐਲ. ਈ. ਡੀ. ਲਾਈਟਾਂ ਵੀ ਲਗਾਈਆਂ ਜਾਣੀਆਂ ਹਨ। ਗਰੀਨ ਬੈਲਟ ਵਿਚ 8 ਹਜ਼ਾਰ ਬੁੂਟੇ ਲਗਾਏ ਜਾਣੇ ਹਨ। ਇਸ ਰੋਡ ਦਾ ਸੁੰਦਰੀਕਰਨ ਹੋਣ ਤੋਂ ਬਾਅਦ ਸ਼ਹਿਰ ਵੀ ਕਾਫ਼ੀ ਆਕਰਸ਼ਕ ਲੱਗਣਾ ਸੀ। ਅਜੇ ਇਸ ਰੋਡ ’ਤੇ ਗਰੀਨ ਬੈਲਟ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ।