ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹਾਸ-ਵਿਅੰਗ ਖ਼ੂਬਸੂਰਤ ਖ਼ਤ

Ad Position 21
No active advertisement
ਅਜੀਤ ਡੈਸਕ 25-01-2026

ਜੀ ਹਾਂ! ਇਕ ਅਦੀਬ ਦੋਸਤ ਦਾ ਬੜਾ ਪਿਆਰਾ ਤੇ ਖ਼ੂਬਸੂਰਤ ਖ਼ਤ ਮਿਲਿਆ। ਉਸ ਨੂੰ ਪਤਾ ਨਹੀਂ ਕੀ ਟੱਪਲਾ ਲੱਗ ਗਿਆ ਤੇ ਉਹ ਮੈਨੂੰ ਪਿਆਰੇ ਦੀ ਥਾਂ ਪਿਆਰੀ ਸੰਬੋਧਨ ਕਰਕੇ ਲਿਖ ਬੈਠਾ, ਉਸ ਦੇ ਖ਼ਤ ਦਾ ਉੱਤਰ ਦਿੰਦਿਆਂ, ਪੱਤਰ ਥੱਲੇ ਮੈਂ ਵੀ ਸ਼ਰਾਰਤ ਨਾਲ ਕੁਝ ਇੰਜ ਲਿਖ ਦਿੱਤਾ, 'ਸਿਰਫ਼ ਤੁਹਾਡੀ...।'
ਬਸ ਫਿਰ ਕੀ! ਪੱਤਰ ਮਿਲਣ ਉਪਰੰਤ ਉਸ ਅਦੀਬ ਦੋਸਤ ਦੀ ਨੀਂਦ ਖੰਭ ਲਾ ਕੇ ਉੱਡ ਗਈ, ਪਤਾ ਨਹੀਂ ਰਾਤ ਵਿਚਾਰੇ ਨੇ ਕਿਵੇਂ ਅੱਖਾਂ ਵਿਚ ਕੱਟੀ ਹੋਊ-ਸੂਰਜ ਦੀ ਪਹਿਲੀ ਕਿਰਨ ਨਾਲ ਉਸ ਸਾਡੇ ਦਰ 'ਤੇ ਆਣ ਦਸਤਕ ਦਿੱਤੀ। ਮੈਂ ਝੱਟ ਬੂਹਾ ਖੋਲ੍ਹਿਆ ਤਾਂ ਉਸ ਆਪਣੀ ਜਾਣ-ਪਹਿਚਾਣ ਕਰਾਉਂਦਿਆਂ ਕਿਹਾ, 'ਆਈ.ਐਮ. ਨਟਵਰ ਸਿੰਘ, ਮੈਂ ਐਮ.ਕੇ. ਰਾਹੀ ਨੂੰ ਮਿਲਣਾ ਹੈ।' ਪਤਾ ਨਹੀਂ ਕਿਉਂ? ਮੇਰੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ, 'ਪਿਆਰੀ ਐਮ.ਕੇ. ਰਾਹੀ ਨੂੰ।'
'ਜੀ ਹਾਂ', ਉਸ ਦਾ ਸਧਾਰਨ ਜਿਹਾ ਉੱਤਰ ਸੀ।
'ਠੀਕ ਏ! ਤਸ਼ਰੀਫ਼ ਰੱਖੋ ਹੁਣੇ ਮਿਲਾ ਦਿੰਦੇ ਹਾਂ, ਚਾਹ ਦਾ ਕੱਪ ਛਕੋਗੇ।'
'ਚਾਹ! ਤਕਲੁਫ ਨਾ ਕਰੋ! ਬਸ ਜ਼ਰਾ ਉਨ੍ਹਾਂ ਨੂੰ...।'
'ਤਕਲੁਫ਼...! ਲਓ ਜੀ! ਬਸ ਹੁਣੇ...।'
'ਸਰ! ਬਾਈ ਦੀ ਵੇਅ, ਉਨ੍ਹਾਂ ਦਾ ਪੂਰਾ ਨਾਂਅ ਕੀ ਹੈ।' ਉਨ੍ਹਾਂ ਚਾਹ ਦੀ ਚੁਸਕੀ ਲੈਂਦਿਆਂ ਪੁੱਛਿਆ।
'ਜਨਾਬ! ਤੇਈ ਦੀ ਵੇਅ, ਉਨ੍ਹਾਂ ਨੂੰ ਕੁਝ ਲੋਕ ਪਿਆਰ ਨਾਲ ਮਨਜੀਤ ਕੌਰ ਰਾਹੀ ਸਮਝਦੇ ਹਨ।'
'ਵੰਡਰ ਫੁੱਲ! ਮੇਰਾ ਆਈਡੀਆ ਹੰਡਰਡ ਪ੍ਰਸੈਂਟ ਠੀਕ ਹੀ ਨਿਕਲਿਆ, ਮੈਂ ਤਾਂ ਪਹਿਲਾਂ ਹੀ ਇਹੋ ਸੋਚਿਆ ਸੀ ਕਿ ਐਮ. ਮਨਜੀਤ, ਕੇ-ਕੌਰ ਅਤੇ ਰਾਹੀ ਉਨ੍ਹਾਂ ਦਾ ਤਖਲਸ ਹੋਊ।' ਉਨ੍ਹਾਂ ਤੀਰ ਨਿਸ਼ਾਨ 'ਤੇ ਛੱਡਦਿਆਂ ਕਿਹਾ।
'ਜੀ ਹਾਂ, ਮੈਂ ਚਾਹ ਦਾ ਖਾਲੀ ਕੱਪ ਟੇਬਲ 'ਤੇ ਰੱਖਦਿਆਂ ਕਿਹਾ।
ਇਹ ਸੁਣ ਉਸ ਦੀਆਂ ਵਾਛਾਂ ਹੋਰ ਵੀ ਖਿੜ ਗਈਆਂ ਤੇ ਉਹ ਕਹਿਣ ਲੱਗਾ, 'ਸਰ! ਮੈਂ ਇਕ ਸਾਹਿਤਕਾਰ ਹਾਂ ਤੇ ਉਹ ਵੀ ਸਾਡਾ ਸਾਹਿਤਕ ਰਿਸ਼ਤਾ ਹੈ-ਕਿੰਨਾ ਆਨੰਦ ਆਵੇਗਾ, ਉਨ੍ਹਾਂ ਦੇ ਦਰਸ਼ਨ ਦੀਦਾਰ ਕਰ ਕੇ, ਸੌ ਅੱਜ ਮੈਂ ਕੁਝ ਕਾਹਲੀ ਵਿਚ ਹਾਂ, ਤੁਹਾਡੇ ਸ਼ਹਿਰ ਕਿਸੇ ਘਰੇਲੂ ਕੰਮ ਆਇਆ ਸਾਂ ਤੇ ਸੋਚਿਆ ਚਲੋ ਮਿਸ ਰਾਹੀ ਦੇ ਹੀ ਦਰਸ਼ਨ ਕਰੀ ਚੱਲੀਏ।'
'ਪਲੀਜ਼! ਮੁਆਫ਼ ਕਰਨਾ! ਸਮਾਂ ਬਹੁਤ ਘੱਟ ਹੈ, ਵਕਤ ਹੱਥੋਂ ਨਿਕਲ ਰਿਹਾ ਹੈ-ਜ਼ਰਾ ਉਨ੍ਹਾਂ ਨੂੰ ਜਲਦੀ ਨਾਲ ਬੁਲਾ ਦਿਓ ਤਾਂ ਜੋ...?'
'ਬਸ! ਲਓ, ਹੁਣੇ ਬੁਲਾਉਂਦਾ ਹਾਂ।'
'ਦੱਸੋ, ਮੇਰੇ ਪਿਆਰੇ ਮੇਰੇ ਲਈ ਕੀ ਹੁਕਮ ਹੈ।'
'ਹੁਕਮ! ਨਹੀਂ ਬਾਬਿਓ! ਅਰਜ਼ ਹੈ ਅਰਜ਼! ਜ਼ਰਾ...।'
'ਠੀਕ ਏ! ਹੁਕਮ ਕਰੋ... ਮੇਰੀ ਸਰਕਾਰ, ਮੈਂ ਹੀ ਤੁਹਾਡੇ ਸੁਪਨਿਆਂ ਅਤੇ ਰਾਤ ਦੀ ਰਾਣੀ ਐਮ.ਕੇ. ਰਾਹੀ ਹਾਂ।'
'ਤੁਸੀਂ!' ਉਸ ਨੇ ਸਰਦ ਰੁੱਤ 'ਚ ਮੱਥੇ ਤੋਂ ਤਰੇਲੀ ਪੂੰਝਦਿਆਂ ਕਿਹਾ।
'ਜੀ ਹਾਂ।'
'ਪਰ ਤੁਸੀਂ ਤਾਂ...।'
'ਤੁਸਾਂ ਕਿਹੜਾ...' ਉਸ ਦੀਆਂ ਅੱਖਾਂ ਸ਼ਰਮ ਨਾਲ ਜ਼ਮੀਨ 'ਤੇ ਗੱਡੀਆਂ ਹੋਈਆਂ ਸਨ, ਜਿਵੇਂ ਉਸ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੋਵੇ।'
'ਪ੍ਰੰਤੂ ਉਸ ਜ਼ਿੰਦਾਦਿਲ ਨੇ ਹੌਸਲਾ ਨਾ ਛੱਡਿਆ ਤੇ ਹੁਸ਼ਿਆਰੀ ਤੋਂ ਕੰਮ ਲੈਂਦਿਆਂ ਅਤੇ ਟੁੱਟੀ ਲੜੀ ਨੂੰ ਜੋੜਦਿਆਂ ਫਿਰ ਕਹਿਣ ਲੱਗਾ, 'ਸਰ! ਤੁਹਾਡਾ ਪੂਰਾ ਨਾਂਅ ਕੀ ਹੈ?'
'ਜਨਾਬ! ਬੰਦੇ ਦਾ ਪੂਰਾ ਨਾਂਅ ਮਦਨ ਲਾਲ ਹੈ ਅਤੇ ਰਾਹੀ ਮੇਰਾ ਤਖੱਲਸ ਹੈ। ਪ੍ਰੰਤੂ ਕੁਝ ਨਵੇਂ ਰਿਸ਼ਤੇਦਾਰਾਂ ਦੀ ਦਲੀਲ ਹੈ ਕਿ ਭਾਰਤ-ਪਾਕਿ ਵੰਡ ਸਮੇਂ, ਜਦੋਂ ਸਾਡਾ ਪਰਿਵਾਰ ਪਾਕਿਸਤਾਨ ਤੋਂ ਹਿੰਦੁਸਤਾਨ ਆ ਰਿਹਾ ਸੀ ਤਾਂ ਅਸਾਂ (ਰਾਹ) ਰਸਤੇ ਵਿਚ ਅਵਤਾਰ ਧਾਰਿਆ ਹੋਏਗਾ, ਪ੍ਰੰਤੂ ਉਨ੍ਹਾਂ ਦੀ ਇਹ ਧਾਰਨਾ ਸਰਾਸਰ ਗ਼ਲਤ ਹੈ, ਕਿਉਂਕਿ ਮੇਰਾ ਪ੍ਰਵੇਸ਼ ਇਸ ਦੁਨੀਆ 'ਚ ਵੰਡ ਤੋਂ ਪਹਿਲਾਂ ਹੋ ਚੁੱਕਾ ਸੀ। ਨਾਂਅ ਨਾਲ ਸੰਬੰਧਿਤ ਇਕ ਹੋਰ ਪੁਰਾਣੀ ਸੁਣਾਉਂਦਾ ਹਾਂ, 'ਮੈ ਪੁਆੜੇ ਦੀ ਜੜ੍ਹ ਚੰਡੀਗੜ੍ਹ ਤੋਂ ਫਿਰੋਜ਼ਪੁਰ ਆਪਣੇ ਘਰ ਵਾਪਸ ਆ ਰਿਹਾ ਸਾਂ।'
ਬੱਸ ਵਿਚ ਮੇਰੀ ਅਗਲੀ ਸੀਟ 'ਤੇ ਦੋ ਮਨਚਲੇ ਨੌਜਵਾਨ ਬੈਠੇ ਸਨ। ਜਿਨ੍ਹਾਂ ਕੋਲ ਇਕ ਪਰਚਾ ਸੀ, ਜਿਸ ਵਿਚ ਮੇਰੀ ਰਚਨਾ ਛਪੀ ਹੋਈ ਸੀ। ਉਹ ਉਸ ਨੂੰ ਪੜ੍ਹ ਕੇ ਇਸ ਤਰ੍ਹਾਂ ਫਰਮਾ ਰਹੇ ਸਨ, 'ਸਾਲਾ ਨਾਈ! ਲਿਖਦਾ ਵੀ ਚੰਗਾ, ਗਾਉਂਦਾ ਵੀ ਚੰਗਾ ਅਤੇ ਮੁੰਨਦਾ ਵੀ ਵਧੀਆ ਹੈ।' ਉਨ੍ਹਾਂ ਦੀ ਇਹ ਟਿੱਪਣੀ ਸੁਣ ਮੇਰੇ ਰੌਂਗਟੇ ਖੜ੍ਹੇ ਹੋ ਗਏ। ਅਸਲ ਵਿਚ ਉਹ ਇਹ ਰਚਨਾ ਮਦਨ ਲਾਲ ਰਾਹੀ ਦੀ ਸਮਝ ਰਹੇ ਸਨ। ਜੋ ਜਾਤ ਦਾ ਨਾਈ (ਰਾਜਾ) ਸੀ। ਮੇਰੇ 'ਤੇ ਇਸ ਗੱਲ ਦਾ ਬੜਾ ਗਹਿਰਾ ਅਸਰ ਹੋਇਆ। ਮੈਂ ਹਰਿਆਣੇ ਦੇ 'ਲਾਲਾ' ਵਾਂਗੂੰ ਕੁੱਕੜ-ਖੋਹੀ ਨਹੀਂ ਸਾਂ ਕਰਨਾ ਚਾਹੁੰਦਾ ਤੇ ਮੇਰੇ ਨਾਂਅ 'ਚੋਂ 'ਲਾਲ' ਸ਼ਬਦ ਖੋਤੇ ਦੇ ਸਿੰਗਾਂ ਵਾਂਗੂੰ ਗਾਇਬ ਹੋ ਗਿਆ ਤੇ ਮੈਂ ਮਦਨ ਕੁਮਾਰ ਰਾਹੀ ਦੇ ਨਾਂਅ ਨਾਲ ਲਿਖਣ ਲੱਗ ਪਿਆ, ਕਿਉਂਕਿ ਕੁਮਾਰ ਮੇਰੀ ਸਬਕਾਸਟ ਹੈ। ਜਿਵੇਂ ਪੰਜਾਬ ਤਰੱਕੀ ਦੀਆਂ ਮੱਲਾਂ ਮਾਰਦਾ ਤੇ ਘਰ ਦੀ ਬੇਇਤਫ਼ਾਕੀ ਕਾਰਨ ਸੁੰਗੜ ਗਿਆ। ਇਸ ਤਰ੍ਹਾਂ ਮੇਰਾ ਨਾਂਅ ਵੀ ਮਦਨ ਕੁਮਾਰ ਰਾਹੀ ਦੀ ਬਜਾਏ ਛੋਟੇ ਪੰਜਾਬ ਵਾਂਗੂੰ ਸੁੰਗੜ ਕੇ ਐਮ.ਕੇ. ਰਾਹੀ ਰਹਿ ਗਿਆ।
'ਅੱਛਾ ਜੀ।'
'ਜੀ ਹਾਂ।' ਪਰ ਤੁਸਾਂ ਕਿਹੜਾ...?

-ਸਟਰੀਟ ਆਰ.ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ।
ਮੋਬਾਈਲ : 90418-26725

Ad Position 22
No active advertisement
ਪਿਛਲੀ ਖ਼ਬਰ ਬਹਾਦਰ, ਬਹਾਦਰ, ਬਹਾਦਰ ਅਗਲੀ ਖ਼ਬਰ vapar
Ad Position 24
No active advertisement