16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਹਾਦਰ, ਬਹਾਦਰ, ਬਹਾਦਰ

Ad Position 21
repet_subhas-goyals [Copy P29]
ਅਜੀਤ ਡੈਸਕ 25-01-2026

ਜ਼ਿਲ੍ਹਾ ਸ਼ੇਖੂਪੁਰਾ ਅਤੇ ਜ਼ਿਲ੍ਹਾ ਗੁਜਰਾਂਵਾਲਾ ਵਿਚ ਤਹਿਜ਼ੀਬ ਲਗਭਗ ਇਕੋ ਜਿਹੀ ਹੀ ਸੀ। ਕੁੜੀਆਂ ਦੇ ਰਿਸ਼ਤੇ ਪਿੰਡ ਦਾ ਨਾਈ ਹੀ ਕਰਦਾ ਸੀ। ਨਾਈ ਨੂੰ ਹਰ ਜਾਤ ਦੇ ਮੁੰਡਿਆਂ ਬਾਰੇ, ਉਨ੍ਹਾਂ ਦੇ ਮਾਪਿਆਂ ਬਾਰੇ, ਜ਼ਮੀਨ ਬਾਰੇ, ਮਜ਼ਦੂਰੀ ਬਾਰੇ ਪੂਰਾ ਪਤਾ ਹੁੰਦਾ ਸੀ। ਨਾਈ ਦਾ ਆਸ-ਪਾਸ ਦੇ ਪਿੰਡਾਂ ਵਿਚ ਗੇੜਾ ਲਗਦਾ ਰਹਿੰਦਾ ਸੀ, ਉਹ ਆਪਣੇ ਪਿੰਡ ਦੀ ਧੀ, ਬਾਹਰਲੇ ਪਿੰਡ ਦੇ ਮੁੰਡੇ ਬਾਰੇ ਸਾਫ਼-ਸੁਥਰੀ ਜਾਣਕਾਰੀ ਰੱਖਦੇ ਸਨ। ਉਹ ਰਿਸ਼ਤਾ ਕਰਕੇ ਦੋਵਾਂ ਧਿਰਾਂ ਨੂੰ ਦੱਸ ਦਿੰਦਾ ਸੀ। ਨਾਈ ਦੇ ਕੀਤੇ ਰਿਸ਼ਤੇ ਵਿਆਹ ਵਿਚ ਬਦਲਣ ਬਾਅਦ ਦੋਵੇਂ ਜੀਅ ਸੁਚੱਜੀ ਵਿਆਹੁਤਾ ਜ਼ਿੰਦਗੀ ਮਾਣਦੇ ਸਨ। ਇਸ ਦੇ ਨਾਲ ਮਾਪਿਆਂ ਵਲੋਂ ਆਪਣੀ ਲੜਕੀ ਲਈ ਮੁੰਡਾ ਵੇਖਣ ਦਾ ਰਿਵਾਜ ਤਾਂ ਸੀ ਪਰ ਲੜਕੀ ਵੇਖਣ ਦਾ ਰਿਵਾਜ ਬਿਲਕੁਲ ਨਹੀਂ ਸੀ ਕਿਉਂਕਿ ਲੜਕੇ ਵਾਲੇ ਆਪਣੇ ਮੁੰਡੇ ਨੂੰ ਵੇਖਣ ਆਏ ਲੜਕੀ ਵਾਲਿਆਂ ਨੂੰ ਆਪਣੇ ਪੁੱਤਰ ਦੀ ਬਹਾਦਰੀ ਦੇ ਕਿੱਸੇ ਉੱਚ ਸੁਰ ਵਿਚ ਸੁਣਾਉਂਦੇ ਸਨ ਤਾਂ ਕਿ ਕੁੜੀ ਵਾਲੇ ਪ੍ਰਭਾਵਿਤ ਹੋ ਜਾਣ ਅਤੇ ਮੁੰਡੇ ਨੂੰ ਸ਼ਗਨ ਪਾ ਦੇਣ।
ਇਕ ਵਾਰੀ ਮਾਂਝੀ ਨਾਮਕ ਪਿੰਡ ਦੇ ਇਕ ਜੱਟ ਪਰਿਵਾਰ ਦੇ ਘਰ ਨਾਲ ਦੇ ਪਿੰਡ ਦੀ ਲੜਕੀ ਵਾਲੇ ਮੁੰਡਾ ਵੇਖਣ ਆਏ। ਉਨ੍ਹਾਂ ਦੀ ਲੱਸੀ ਪਾਣੀ ਪਿਆ ਕੇ ਸੇਵਾ ਕੀਤੀ ਗਈ ਅਤੇ ਉਸ ਤੋਂ ਬਾਅਦ ਲੜਕੀ ਵਾਲਿਆਂ ਨੇ ਮੁੰਡਾ ਵੇਖਣ ਦਾ ਮਨੋਰਥ ਦੱਸਿਆ। ਨੌਜਵਾਨ ਮੁੰਡਾ ਆ ਕੇ ਇਨ੍ਹਾਂ ਕੋਲ ਬੈਠਾ ਗਿਆ। ਮੁੰਡੇ ਦੇ ਬਾਪ ਨੇ ਆਪਣੇ ਮੁੰਡੇ ਦੀ ਬਹਾਦਰੀ ਦਾ ਵਰਨਣ ਇੰਜ ਕੀਤਾ। 'ਇਹ ਮੇਰਾ ਪੁੱਤਰ ਬੜਾ ਬਹਾਦਰ ਏ। ਜਦੋਂ ਵਾਰ ਬ੍ਰਟਨ ਵਿਖੇ ਡਾਕਾ ਪਿਆ ਸੀ। ਇਹ ਵੀ ਡਾਕਾ ਮਾਰਨ ਵਾਲਿਆਂ ਵਿਚ ਸੀਗਾ। ਜਦੋਂ ਪੁਲਿਸ ਨੇ ਇਹਨੂੰ ਫੜ ਲਿਆ ਅਤੇ ਠਾਣੇ ਵਿਚ ਪੁੱਛਗਿੱਛ ਸ਼ੁਰੂ ਕੀਤੀ। ਪੁਲਿਸ ਨੇ ਏਨਾ ਕੁੱਟਿਆ ਕਿ ਇਹਦੇ ਨਾਲ ਦੇ ਡਾਕਾ ਮਾਰਨਾ ਮੰਨ ਗਏ। ਪਰ ਇਸ ਨੂੰ ਦੋ-ਤਿੰਨ ਦਿਨ ਏਨਾ ਕੁੱਟਿਆ ਕਿ ਨਹੀਂ ਮੰਨਿਆ। ਬਹਾਦਰ ਨਿਕਲਿਆ।'
ਏਨਾ ਸੁਣਦੇ ਹੀ ਕੁੜੀ ਵਾਲੇ ਬੜੇ ਖੁਸ਼ ਹੋਏ ਕਿ ਏਨਾ ਬਹਾਦਰ ਮੁੰਡਾ ਹੋਰ ਕਿਤੇ ਲੱਭਣਾ। ਉਨ੍ਹਾਂ ਮੁੰਡੇ ਦੇ ਹੱਥ 'ਤੇ ਸ਼ਗਨ ਵਜੋਂ ਇਕ ਰੁਪਈਆ ਰੱਖ ਕੇ ਉਹਨੂੰ ਸਿਰ 'ਤੇ ਆਸ਼ੀਰਵਾਦ ਵਜੋਂ ਹੱਥ ਫੇਰ ਦਿੱਤਾ।

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਗਿਣਤੀ ਅਗਲੀ ਖ਼ਬਰ ਹਾਸ-ਵਿਅੰਗ ਖ਼ੂਬਸੂਰਤ ਖ਼ਤ
Ad Position 24