ਮੰਜੂ ਤੇ ਮਧੂ ਦੀ ਦੋਸਤੀ ਬਚਪਨ ਤੋਂ ਸ਼ੁਰੂ ਹੋਈ ਸੀ ਤੇ ਉਨ੍ਹਾਂ ਦੇ ਬੱਚਿਆਂ ਦੇ ਬਚਪਨ ਤੱਕ ਪਹੁੰਚ ਗਈ। ਦੋਨਾਂ ਸਹੇਲੀਆਂ ਦਾ ਸਾਥ ਬਹੁਤ ਸੋਹਣਾ ਨਿਭ ਰਿਹਾ ਸੀ। ਹੁਣ ਉਨ੍ਹਾਂ ਦੇ ਬੱਚੇ ਵੀ ਇਕ ਦੂਜੇ ਦੇ ਦੋਸਤ ਹੋ ਗਏ ਸਨ। ਮੰਜੂ ਦੀ ਬੇਟੀ ਸੀ ਰੰਜਨਾ, ਤੇ ਮਧੂ ਦਾ ਬੇਟਾ ਸੀ ਰਿਤੇਸ਼। ਦੋਨਾਂ ਨੂੰ ਪਿਆਰ ਨਾਲ ਰਹਿੰਦੇ ਵੇਖ, ਦੋਨਾਂ ਨੇ ਉਨ੍ਹਾਂ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ।
ਇਹ ਫੈਸਲਾ ਉਨ੍ਹਾਂ ਦੇ ਬਚਪਨ ਵਿਚ ਹੀ ਕੀਤਾ ਗਿਆ। ਵਕਤ ਬੀਤਦਾ ਗਿਆ ਬੱਚੇ ਜਵਾਨ ਹੋ ਗਏ। ਰੰਜਨਾ ਬੈਂਕ ਵਿਚ ਨੌਕਰੀ ਲੱਗ ਗਈ ਤੇ ਰਿਤੇਸ਼ ਫੌਜ ਵਿਚ ਕੈਪਟਨ ਦੇ ਅਹੁਦੇ 'ਤੇ ਪਹੁੰਚ ਗਿਆ। ਰੰਜਨਾ ਨੂੰ ਰਿਤੇਸ਼ ਦੀ ਨੌਕਰੀ ਬਿਲਕੁਲ ਪਸੰਦ ਨਹੀਂ ਸੀ। ਉਸ ਨੂੰ ਫੌਜੀ ਦੀ ਬੀਵੀ ਬਣਨਾ ਮਨਜ਼ੂਰ ਨਹੀਂ ਸੀ। ਉਸ ਦੇ ਪਿਤਾ ਫੌਜੀ ਸਨ, ਉਸ ਨੇ ਆਪਣੀ ਮਾਂ ਨੂੰ ਸਾਰੀ ਉਮਰ ਇਕੱਲੇਪਨ ਦਾ ਸੰਤਾਪ ਭੋਗਦੇ ਵੇਖਿਆ ਸੀ। ਉਸ ਨੂੰ ਆਪਣੀ ਜ਼ਿੰਦਗੀ ਵਿਚ ਆਪਣੇ ਸਾਥੀ ਦਾ ਸਾਥ ਚਾਹੀਦਾ ਸੀ।
ਉਹ ਹਰ ਵੇਲੇ ਆਪਣੀ ਮਾਂ ਨੂੰ ਆਪਣਾ ਫੈਸਲਾ ਬਦਲਣ ਲਈ ਕਹਿੰਦੀ ਪਰ ਉਹ ਅੱਗੋਂ ਉਸ ਦੀਆਂ ਖੂਬੀਆਂ ਦੇ ਕਸੀਦੇ ਪੜ੍ਹਨ ਲਗਦੀ। ਸੋਹਣਾ ਜਵਾਨ, ਸੁਭਾਅ ਦਾ ਗੰਭੀਰ, ਘੱਟ ਬੋਲਣ ਵਾਲਾ ਤੇ ਤੇਜ਼ ਦਿਮਾਗ ਦਾ, ਸ਼ਾਂਤ ਤੇ ਸੂਝਵਾਨ ਹੈ। ਇਤਨੇ ਗੁਣ ਇਕੱਠੇ ਮਿਲਣਾ ਕੋਈ ਸਾਧਾਰਨ ਗੱਲ ਨਹੀਂ ਹੈ। ਉਹ ਕਹਿੰਦੀ ਫੌਜੀ ਸਾਰੀ ਜ਼ਿੰਦਗੀ ਬਾਰਡਰ 'ਤੇ ਗੁਜ਼ਾਰ ਦੇਂਦੇ ਹਨ। ਇਕੱਲੇ ਰਹਿਣਾ ਵੀ ਕੋਈ ਜ਼ਿੰਦਗੀ ਹੈ! ਤੁਸੀਂ ਤਾਂ ਕੱਟ ਲਈ, ਮੈਥੋਂ ਨਹੀਂ ਕੱਟ ਹੋਣੀ। ਪਰ ਮਾਂ ਆਪਣੇ ਫੈਸਲੇ 'ਤੇ ਕਾਇਮ ਰਹਿੰਦੀ।
ਰੰਜਨਾ ਖ਼ੁਸ਼-ਮਿਜਾਜ਼, ਜ਼ਿੰਦਾ-ਦਿਲ ਬੜੇ ਰੋਮਾਂਟਿਕ ਜਿਹੇ ਸੁਭਾਅ ਦੀ ਸੀ। ਉਹ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ਮੁਤਾਬਿਕ ਜਿਉਣਾ ਚਾਹੁੰਦੀ ਸੀ। ਪਰ ਕੋਈ ਪੇਸ਼ ਨਾ ਚੱਲੀ। ਸੋ ਦੋਨੋਂ ਸ਼ਾਦੀ ਦੇ ਪਵਿੱਤਰ ਬੰਧਨ ਵਿਚ ਬੱਝ ਗਏ। ਉਸ ਨੇ ਇਨ੍ਹਾਂ ਦਿਨਾਂ ਨੂੰ ਯਾਦਗਾਰ ਬਣਾਉਣ ਲਈ ਕਈ ਰੰਗੀਨ ਸੁਪਨੇ ਸੰਜੋਅ ਰੱਖੇ ਸਨ। ਕਿੱਥੇ ਜਾਣਾ ਹੈ ਤੇ ਕਿਤਨੇ ਦਿਨ ਰੁਕਣਾ ਹੈ ਕਿਉਂਕਿ ਉਸ ਨੂੰ ਵਿਆਹ ਲਈ ਦੋ ਮਹੀਨੇ ਦੀ ਛੁੱਟੀ ਮਿਲੀ ਸੀ।
ਅਜੇ ਕੁਝ ਦਿਨ ਹੀ ਬੀਤੇ ਸਨ ਕਿ ਉਸ ਨੂੰ ਵਾਪਸ ਨੌਕਰੀ 'ਤੇ ਆਉਣ ਦਾ ਸੰਦੇਸ਼ ਆ ਗਿਆ। ਰੰਜਨਾ ਦੇ ਹੱਥਾਂ ਦੀ ਤਾਂ ਮਹਿੰਦੀ ਵੀ ਫਿੱਕੀ ਨਾ ਹੋਈ ਸੀ। ਪਰ ਨੌਕਰੀ ਤਾਂ ਨੌਕਰੀ ਸੀ, ਜਾਣਾ ਜ਼ਰੂਰੀ ਸੀ ਤੇ ਉਹ ਆਪਣੀ ਨਵ ਵਿਆਹੀ ਨੂੰ ਅਧੂਰੇ ਚਾਵਾਂ ਨਾਲ ਛੱਡ ਚਲਾ ਗਿਆ। ਰੰਜਨਾ ਲਈ ਇਹ ਡਾਢਾ ਸਦਮਾ ਸੀ। ਅਚਾਨਕ ਵੱਜੀ ਸੱਟ ਉਸ ਨੂੰ ਨਿਢਾਲ ਕਰ ਗਈ। ਉਸ ਨੇ ਉਦਾਸ ਚਿਹਰੇ ਤੇ ਭਰੇ ਹੋਏ ਮਨ ਨਾਲ ਉਸ ਨੂੰ ਵਿਦਾ ਕੀਤਾ।
ਉਸ ਦੇ ਸਾਰੇ ਪ੍ਰੋਗਰਾਮ ਧਰੇ ਧਰਾਏ ਰਹਿ ਗਏ। ਉਸ ਦੇ ਸਾਰੇ ਅਰਮਾਨ ਬਿਖਰ ਗਏ। ਉਸ ਨੂੰ ਜਿਸ ਗੱਲ ਤੋਂ ਭੈਅ ਸੀ ਉਹ ਹੀ ਵਾਪਰ ਗਿਆ। ਉਹ ਜ਼ਿੰਦਗੀ ਹੱਸ ਕੇ ਖੁੱਲ੍ਹ ਕੇ ਜਿਉਣਾ ਚਾਹੁੰਦੀ ਸੀ ਪਰ ਵਕਤ ਨੇ ਮੌਕਾ ਨਾ ਦਿੱਤਾ। ਉਹ ਇਨ੍ਹਾਂ ਪਲਾਂ ਨੂੰ ਖੂਬਸੂਰਤ ਰੰਗ ਦੇਣਾ ਚਾਹੁੰਦੀ ਸੀ ਪਰ ਕਿਸਮਤ ਨੇ ਸਾਥ ਨਾ ਦਿੱਤਾ। ਹੁਣ ਉਸ ਨੇ ਆਪਣੀ ਨੌਕਰੀ 'ਤੇ ਜਾਣਾ ਸ਼ੁਰੂ ਕਰ ਦਿੱਤਾ। ਨਵੀਂ-ਨਵੇਲੀ ਦੁਲਹਨ ਵਾਲੇ ਚਾਅ ਉਸ ਦੇ ਚਿਹਰੇ ਤੋਂ ਗਾਇਬ ਹੋ ਚੁੱਕੇ ਸਨ। ਉਸ ਦੀਆਂ ਨਜ਼ਰਾਂ ਚੋਂ ਨਿਰਾਸ਼ਾ ਦੇ ਭਾਵ ਦਿਖਾਈ ਦੇ ਰਹੇ ਸਨ। ਉਹ ਆਪਣੀ ਮਾਂ ਨੂੰ ਆਪਣਾ ਦੁੱਖ-ਦਰਦ ਦੱਸਣ ਦੀ ਕੋਸ਼ਿਸ਼ ਕਰਦੀ ਤਾਂ ਮਾਂ ਕੋਲ ਆਪਣੀ ਸੋਚ ਮੁਤਾਬਿਕ ਆਪਣੇ ਹੀ ਤਰਕ ਹੁੰਦੇ। ਉਹ ਕਹਿੰਦੀ-
ਔਰਤ ਦੀ ਜ਼ਿੰਦਗੀ ਤਾਂ ਇੱਦਾਂ ਹੀ ਹੁੰਦੀ ਹੈ। ਸਾਡੇ ਸੁਪਨੇ, ਸਾਡੇ ਚਾਅ, ਸਾਡੇ ਅਰਮਾਨ, ਸਭ ਖਵਾਹਿਸ਼ਾਂ ਅੰਦਰ ਹੀ ਦਬਾ ਕੇ ਰੱਖਣੀਆਂ ਪੈਂਦੀਆਂ ਹਨ। ਇਹ ਸਾਡੇ ਨਾਲ ਸਾਡੀ ਚਿਤਾ ਵਿਚ ਜਾ ਕੇ ਰਾਖ ਬਣ ਕੇ ਮੁੱਕਦੀਆਂ ਹਨ। ਇਹੀ ਔਰਤ ਦੀ ਜ਼ਿੰਦਗੀ ਹੈ! ਇਨ੍ਹਾਂ ਰੀਝਾਂ ਦਾ ਇਜ਼ਹਾਰ ਵਾਰ ਵਾਰ ਨਹੀਂ ਕਰਦੇ। ਹਾਲਾਤ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਸਿੱਖ ਲੈ, ਵਕਤ ਸਭ ਠੀਕ ਕਰ ਦੇਗਾ।
ਉਹ ਜਾਣਦੀ ਸੀ ਕਿ ਹੁਣ ਕੁਝ ਵੀ ਠੀਕ ਨਹੀਂ ਹੋ ਸਕਦਾ। ਮੈਨੂੰ ਹੀ ਵਕਤ ਨਾਲ ਸਮਝੌਤਾ ਕਰ, ਖੁਦ ਹੀ ਜੀਣਾ ਸਿੱਖਣਾ ਪਵੇਗਾ। ਇਕੱਲੇ, ਬਿਲਕੁਲ ਇਕੱਲੇ ਆਪਣੇ ਰਸਤੇ ਤੈਅ ਕਰਨੇ ਪੈਣਗੇ।
ਉਸ ਦੀ ਜ਼ਿੰਦਗੀ ਫਿਰ ਪਹਿਲੇ ਜੈਸੀ ਹੋ ਗਈ, ਘਰ ਤੇ ਬੈਂਕ ਤੱਕ ਸਿਮਟ ਕੇ ਰਹਿ ਗਈ। ਰਿਤੇਸ਼ ਦੇ ਮਾਤਾ-ਪਿਤਾ ਉਸ ਨੂੰ ਬਹੁਤ ਪਿਆਰ ਤੇ ਮਾਣ ਦੇਂਦੇ , ਹੁਣ ਉਹ ਹੀ ਉਸ ਦੇ ਦੁੱਖ-ਸੁੱਖ ਦੇ ਭਾਈਵਾਲ ਸਨ। ਪਰ ਰਿਤੇਸ਼ ਦੀ ਕਮੀ ਦਾ ਖਾਲੀਪਨ ਉਸ ਦੇ ਵਜੂਦ ਵਿਚ ਮੌਜੂਦ ਸੀ। ਹਰ ਰਿਸ਼ਤਾ ਆਪਣੀ ਅਹਿਮੀਅਤ ਰੱਖਦਾ ਹੈ, ਪਰ ਜੀਵਨ ਸਾਥੀ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਵਕਤ ਗੁਜ਼ਰ ਰਿਹਾ ਸੀ, ਅੱਧਾ ਦਿਨ ਨੌਕਰੀ 'ਤੇ ਬੀਤ ਜਾਂਦਾ ਤੇ ਕੁਝ ਕਾਲਪਨਿਕ ਦੁਨੀਆਂ ਵਿਚ ਗਵਾਚ ਕੇ।
ਰਿਤੇਸ਼ ਦੇ ਆਉਣ 'ਤੇ ਵੀ ਕੋਈ ਜ਼ਿਆਦਾ ਸਹਿਯੋਗ ਨਾ ਮਿਲਦਾ। ਉਸ ਦਾ ਜ਼ਿਆਦਾ ਸਮਾਂ ਆਪਣੀਆਂ ਜ਼ਮੀਨਾਂ ਵਿਚ ਦੌੜਦੇ ਬੀਤ ਜਾਂਦਾ। ਪਿਤਾ ਨਾਲ, ਹੋਰ ਵੀ ਕਈ ਮਸਲੇ ਉਸ ਨੂੰ ਉਡੀਕ ਰਹੇ ਹੁੰਦੇ।
ਹੁਣ ਰਿਤੇਸ਼ ਦੋ ਬੇਟਿਆਂ ਦਾ ਬਾਪ ਬਣ ਚੁੱਕਾ ਸੀ, ਰੰਜਨਾ ਦੀ ਜ਼ਿੰਮੇਵਾਰੀ ਵਧ ਗਈ ਸੀ। ਪਰਿਵਾਰਿਕ ਸਹਿਯੋਗ ਹੋਣ 'ਤੇ ਵੀ ਰਿਤੇਸ਼ ਦੀ ਕਮੀ ਖਲਦੀ ਰਹਿੰਦੀ। ਉਹ ਹੁੰਦਾ ਤੇ ਉਹ ਸੋਚਦੀ ਮੈਂ ਉਸ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀ, ਪ੍ਰੇਸ਼ਾਨ ਹੋਣ ਤੇ ਆਪਣਾ ਦੁੱਖ ਉਸ ਨੂੰ ਦੱਸਦੀ, ਕਦੀ ਰੁੱਸਦੀ, ਕਦੀ ਹੱਸਦੀ। ਦਿਨ ਤਿਉਹਾਰ ਉਸ ਦੇ ਨਾਲ ਮਨਾਉਂਦੀ।
ਕਿੰਨੇ ਅਣਕਹੇ ਕਿੱਸੇ ਉਸ ਦੇ ਅੰਦਰ ਉਪਜਦੇ ਤੇ ਉਸ ਦੇ ਅੰਦਰ ਹੀ ਮਿਟ ਜਾਂਦੇ। ਬਹੁਤ ਸਾਰੇ ਅਰਮਾਨ ਕੁਚਲੇ ਜਾਂਦੇ, ਕਿੰਨੀਆਂ ਖਵਾਹਿਸ਼ਾਂ ਮਿੱਟੀ ਵਿਚ ਰੁਲ ਜਾਂਦੀਆਂ। ਇਨਸਾਨੀ ਫਿਤਰਤ ਹੈ ਕਿ ਉਸ ਨੂੰ ਹਰ ਪਲ ਆਪਣੇ ਸਾਥੀ ਦੇ ਸਾਥ ਦੀ ਜ਼ਰੂਰਤ ਹਰ ਕਦਮ 'ਤੇ ਰਹਿੰਦੀ ਹੈ। ਉਸ ਦੇ ਦੂਰ ਹੋਣ ਤੇ ਇਹ ਕਮੀ ਉਸ ਦੇ ਸੁਭਾਅ ਵਿਚ ਉਤਰ ਆਉਂਦੀ ਹੈ। ਖੁਸ਼-ਮਿਜਾਜ਼ ਇਨਸਾਨ ਨੂੰ ਗੰਭੀਰ ਬਣਾ ਦੇਂਦੀ ਹੈ। ਉਸ ਦੀ ਸੋਚ ਆਪਣੀ ਹੀ ਦੁਨੀਆਂ ਵਿਚ ਲੈ ਜਾਂਦੀ ਹੈ। ਐਸਾ ਹੀ ਹਾਲ ਰੰਜਨਾ ਦਾ ਵੀ ਸੀ। ਇਵੇਂ ਜਾਪਦਾ ਜਿਵੇਂ ਕੁਝ ਲੱਭਦੀ ਰਹਿੰਦੀ ਹੈ ਜਾਣੋ ਕੁਝ ਗੁਆਚ ਗਿਆ ਹੋਵੇ।
ਕੁਆਰੇ ਜਿਹੇ ਜਜ਼ਬਾਤ, ਅਧੂਰੇ ਜਿਹੇ ਅਹਿਸਾਸ ਉਸ ਦੀ ਜ਼ਿੰਦਗੀ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਸਨ। ਹਾਸੇ ਪਤਾ ਨਹੀਂ ਕਦੋਂ ਤੇ ਕਿੱਥੇ ਅਲੋਪ ਹੋ ਗਏ। ਉਹ ਖਾਮੋਸ਼ ਤੇ ਸੰਜੀਦਾ ਹੋ ਗਈ। ਉਸ ਦੀ ਸੱਸ ਵੀ ਇਸ ਦੁਨੀਆਂ ਤੋਂ ਚੱਲ ਵਸੀ। ਘਰ ਦੀਆਂ ਜ਼ਿੰਮੇਦਾਰੀਆਂ ਦਾ ਬੋਝ ਹੁਣ ਉਸ ੇ ਦੇ ਮੋਢਿਆਂ 'ਤੇ ਸੀ। ਸਹੁਰਾ ਵੀ ਹੁਣ ਪਹਿਲੇ ਜੈਸਾ ਨਹੀਂ ਸੀ ਰਹਿ ਗਿਆ।
ਕੁਝ ਜੀਵਨ ਸਾਥੀ ਦਾ ਵਿਯੋਗ ਤੇ ਕੁਝ ਉਮਰ ਦਾ ਤਕਾਜ਼ਾ ਰੰਜਨਾ ਨੌਕਰੀ ਦੇ ਨਾਲ ਨਾਲ ਉਨ੍ਹਾਂ ਦੇ ਵੀ ਸਭ ਫਰਜ਼ ਪੂਰੇ ਕਰ ਰਹੀ ਸੀ। ਕਦੋਂ ਰਿਤੇਸ਼ ਸੇਵਾ ਮੁਕਤ ਹੋ ਕੇ ਆਵੇ ਤਾਂ ਕਿ ਉਸ ਨੂੰ ਕੁਝ ਸਕੂਨ ਮਿਲੇ। ਇਹੀ ਸੋਚਦੇ ਦਿਨ ਕੱਟ ਰਹੀ ਸੀ। ਉਸ ਦੀ ਮੌਜੂਦਗੀ ਉਸ ਦੇ ਚਿਹਰੇ ਦੀ ਨੁਹਾਰ ਬਦਲ ਦੇਂਦੀ। ਉਹ ਜਦ ਵੀ ਆਉਂਦਾ ਇਹੀ ਕਹਿੰਦਾ ਮੈਂ ਤੈਨੂੰ ਜਵਾਨੀ ਵਿਚ ਸੁਖ ਨਹੀਂ ਦਿੱਤਾ ਬੁਢਾਪੇ ਵਿਚ ਤੈਨੂੰ ਕਦੀ ਦੁਖੀ ਨਹੀਂ ਹੋਣ ਦਿਆਂਗਾ। ਤੇਰੇ ਸਾਰੇ ਸ਼ਿਕਵੇ ਦੂਰ ਕਰ ਦਿਆਂਗਾ। ਤੈਨੂੰ ਪੂਰੀ ਦੁਨੀਆਂ ਘੁਮਾਵਾਂਗਾ। ਇਹੋ ਜਿਹੇ ਰੰਗੀਨ ਸੁਪਨੇ ਦਿਖਾ ਉਹ ਮੁੜ ਚਲਾ ਜਾਂਦਾ।
ਜ਼ਿੰਦਗੀ ਦੀ ਦੌੜ ਵਿਚ ਹੁਣ ਉਸ ਦੇ ਸੁਪਨੇ ਧੁੰਦਲੇ ਪੈ ਚੁੱਕੇ ਸਨ। ਕਲਪਨਾ ਵਿਚ ਵਸਦੇ ਨਜ਼ਾਰੇ ਅਲੋਪ ਹੋ ਚੁੱਕੇ ਸਨ। ਮੈਂ ਕੌਣ ਹਾਂ ਉਹ ਭੁੱਲ ਚੁੱਕੀ ਸੀ। ਉਹ ਹੁਣ ਕਿਤੇ ਗੁਆਚ ਚੁੱਕੀ ਸੀ। ਉਹ ਅਕਸਰ ਰਿਤੇਸ਼ ਨੂੰ ਨੌਕਰੀ ਛੱਡ ਕੇ ਆਉਣ ਵਾਸਤੇ ਤਰਲੇ ਲੈਂਦੀ। ਪਰ ਕਿੱਥੇ ਮੁਮਕਿਨ ਸੀ ਐਸਾ ਹੋਣਾ। ਬੱਚੇ ਜਿਉਂ ਜਿਉਂ ਵੱਡੇ ਹੋ ਰਹੇ ਸਨ, ਉਸ ਦੀ ਜ਼ਿੰਮੇਵਾਰੀ ਵੀ ਉੰਨੀ ਵੱਧ ਰਹੀ ਸੀ।
ਇਨਸਾਨ ਦਾ ਸੁਭਾਅ ਹੈ ਕਿ ਉਹ ਚੰਗੇ ਵਕਤ ਦੇ ਆਉਣ ਦੇ ਹੀ ਖਾਬ ਵੇਖਦਾ ਹੈ। ਉਹ ਵੀ ਰਿਤੇਸ਼ ਦੇ ਆਉਣ 'ਤੇ ਜ਼ਿੰਦਗੀ ਸੁਖਾਲੀ ਹੁੰਦੀ ਵੇਖਣਾ ਚਾਹੁੰਦੀ ਸੀ। ਇਕ ਦਿਨ ਰਿਤੇਸ਼ ਦਾ ਫੋਨ ਆਇਆ ਕਿ ਉਸ ਦੀ ਇਸ ਵਾਰ ਲੰਬੀ ਛੁੱਟੀ ਮਨਜ਼ੂਰ ਹੋ ਗਈ ਹੈ। ਉਹ ਆਪਣੇ ਵਿਆਹ ਦੀ 25ਵੀਂ ਸਾਲ ਗਿਰਹ ਪਰਿਵਾਰ ਨਾਲ ਮਨਾਏਗਾ।
ਰੰਜਨਾ ਤਾਂ ਜੋਸ਼ ਨਾਲ ਭਰ ਗਈ। ਬੱਚੇ ਵੀ ਜਵਾਨ ਹੋ ਚੁੱਕੇ ਸਨ। ਉਹ ਵੀ ਬਹੁਤ ਉਤਸ਼ਾਹਿਤ ਸਨ। ਤਿਆਰੀਆਂ ਸ਼ੁਰੂ ਹੋ ਗਈਆਂ ਜ਼ੋਰਾਂ-ਸ਼ੋਰਾਂ ਨਾਲ। ਪੂਰੇ ਘਰ ਨੂੰ ਰੰਗ-ਰੋਗਨ ਕਰਵਾਇਆ ਗਿਆ। ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਹਟਾ ਕੇ ਉੱਥੇ ਨਵੀਆਂ ਦੀ ਉਸ ਾਰੀ ਕੀਤੀ ਗਈ। ਪੁਰਾਣੇ ਹੋ ਚੁੱਕੇ ਘਰ ਨੂੰ ਨਵੀਂ ਨੁਹਾਰ ਦਿੱਤੀ ਗਈ। ਰੱਜ ਕੇ ਖਰੀਦਦਾਰੀ ਕੀਤੀ। ਹਰ ਕੋਈ ਆਪਣੇ ਸਾਰੇ ਅਰਮਾਨ ਪੂਰੇ ਕਰਨ 'ਤੇ ਲੱਗਾ ਹੋਇਆ ਸੀ। ਸਹੁਰਾ ਵੀ ਪੂਰੇ ਦਮ-ਖ਼ਮ ਨਾਲ ਸੁਪਰਵਿਜ਼ਨ ਕਰ ਰਿਹਾ ਸੀ ਕਿਤੇ ਕੋਈ ਕਮੀ ਨਾ ਰਹਿ ਜਾਵੇ। ਰੰਜਨਾ ਦੇ ਤਾਂ ਪੈਰ ਜ਼ਮੀਨ 'ਤੇ ਨਹੀ ਸਨ ਲੱਗ ਰਹੇ। ਦੌੜ-ਦੌੜ ਹਰ ਕੰਮ ਸਿਰੇ ਚਾੜ੍ਹਨ ਦੀ ਹੋੜ ਲੱਗੀ ਹੋਈ ਸੀ।
ਫਿਰ ਉਹ ਪਲ ਵੀ ਆ ਗਿਆ ਜਦ ਉਸ ਦੇ ਆਉਣ ਦਾ ਸਮਾਂ ਦੱਸ ਦਿੱਤਾ ਕਿ ਉਹ ਕੱਲ੍ਹ 11 ਵਜੇ ਏਅਰਪੋਰਟ ਪੁੱਜ ਜਾਵੇਗਾ। ਖੁਸ਼ੀਆਂ ਤੇ ਚਾਵਾਂ ਨਾਲ ਰਾਤ ਬੀਤੀ। ਸਵੇਰੇ ਸਭ ਤਿਆਰੀ ਕਰ ਏਅਰਪੋਰਟ ਪਹੁੰਚ ਗਏ। ਕਈ ਫਲਾਈਟਾਂ ਆਈਆਂ ਤੇ ਉੱਡ ਗਈਆਂ ਪਰ ਰਿਤੇਸ਼ ਨਾ ਉਤਰਿਆ। ਉਸ ਦਾ ਫੋਨ ਬੰਦ ਸੀ। ਕਿਸੇ ਵੀ ਪਾਸਿਓਂ ਕੋਈ ਖਬਰ ਨਹੀਂ ਲੱਗ ਰਹੀ ਸੀ। ਯੂਨਿਟ ਤੋਂ ਵੀ ਕੋਈ ਤਸੱਲੀਬਖਸ਼ ਜਵਾਬ ਨਾ ਮਿਲਦਾ। ਹੋਣੀ ਆਪਣਾ ਵਾਰ ਕਰ ਚੁੱਕੀ ਸੀ।
ਦੇਖਦੇ ਦੇਖਦੇ ਸ਼ਾਮ ਹੋ ਗਈ ਤੇ ਇਹ ਮਨਹੂਸ ਖ਼ਬਰ ਆਈ ਕਿ ਰਿਤੇਸ਼ ਬਾਈ-ਏਅਰ ਨਹੀਂ ਬਾਈ-ਰੋਡ ਆ ਰਿਹਾ ਹੈ। ਉਸ ਦੇ ਤੇ ਉਸ ਦੇ ਸਾਥੀਆਂ ਦੀਆਂ ਮ੍ਰਿਤਕ ਦੇਹਾਂ ਜੰਮੂ ਪਹੁੰਚ ਰਹੀਆਂ ਹਨ। ਰਾਤ ਦੇ ਦੋ ਵਜੇ ਆਤੰਕੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਸੀ ਤੇ ਉੱਥੇ ਕੋਈ ਨਹੀਂ ਬਚ ਪਾਇਆ। ਇਹ ਖਬਰ ਇਕ ਭਿਆਨਕ ਤੂਫਾਨ ਦੀ ਤਰ੍ਹਾਂ ਆਈ ਤੇ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਤਹਿਸ-ਨਹਿਸ ਕਰ ਗਈ। ਜਿੱਥੇ ਖੁਸ਼ੀਆਂ ਦੀਆਂ ਗੂੰਜਾਂ ਸੁਣਨੀਆਂ ਸਨ, ਉੱਥੇ ਮਾਤਮੀ ਧੁਨਾਂ ਨਾਲ ਉਸ ਦੀ ਮ੍ਰਿਤਕ ਦੇਹ ਪਹੁੰਚ ਚੁੱਕੀ ਸੀ। ਸਾਰੇ ਪਰਿਵਾਰ ਲਈ ਇਹ ਝਟਕਾ ਸਹਿਣਾ ਮੁਸ਼ਕਿਲ ਸੀ।
ਰੰਜਨਾ ਲਈ ਇਹ ਖ਼ਬਰ ਸਹਿਣ ਕਰਨਾ ਬਹੁਤ ਮੁਸ਼ਕਿਲ ਸੀ। ਉਸ ਦੀ ਦੁਨੀਆ ਲੁੱਟ ਚੁੱਕੀ ਸੀ, ਉਸ ਦਾ ਸੁਹਾਗ ਉਜੜ ਚੁੱਕਾ ਸੀ। ਉਹ ਵਿਧਵਾ ਹੋ ਚੁੱਕੀ ਸੀ। ਜਿਸ ਦੇ ਆਸਰੇ ਉਹ ਆਪਣੀ ਜ਼ਿੰਦਗੀ ਸੁਖ ਨਾਲ ਬਿਤਾਉਣਾ ਚਾਹੁੰਦੀ ਸੀ, ਉਹ ਆਸਰਾ ਰੱਬ ਨੇ ਖੋਹ ਲਿਆ ਸੀ। ਉਸ ਦਾ ਮ੍ਰਿਤਕ ਸਰੀਰ ਉਸ ਦੇ ਵਿਹੜੇ ਵਿਚ ਪਿਆ ਸੀ। ਖਾਮੋਸ਼, ਬਿਲਕੁਲ ਖਾਮੋਸ਼। ਉਹ ਚੀਖ-ਚੀਖ ਕੇ ਉਸ ਨੂੰ ਆਵਾਜ਼ਾਂ ਮਾਰ ਰਹੀ ਸੀ। ਉਸ ਦੇ ਵੈਣ ਸੁਣ ਸਭ ਦਾ ਕਲੇਜਾ ਵਿੰਨਿਆ ਗਿਆ।
ਉਹ ਕਹਿ ਰਹੀ ਸੀ- ਜ਼ਾਲਿਮਾ, ਆਪਣੇ ਵਾਇਦੇ ਤਾਂ ਪੂਰੇ ਕਰ ਜਾਂਦਾ। ਮੈਨੂੰ ਝੂਠੇ ਲਾਰੇ ਲਾ ਕਿਉਂ ਤੁਰ ਗਿਆ ਹੈਂ। ਮੇਰੇ ਸਾਰੇ ਸੁਖ ਨਾਲ ਲੈ ਜਾ ਰਿਹਾ ਏਂ। ਤੇਰੇ ਲਾਰਿਆਂ ਦੇ ਸਹਾਰੇ ਮੈਂ ਜੀਅ ਤਾਂ ਰਹੀ ਸਾਂ, ਅੱਜ ਉਹ ਵੀ ਮੁੱਕ ਗਏ ਹਨ।
ਪਰ ਸਭ ਵਿਅਰਥ ਜਾ ਰਿਹਾ ਸੀ। ਉਸ ਦੀਆਂ ਚੀਕਾਂ ਦਾ ਕੋਈ ਹੱਲ ਨਹੀਂ ਸੀ ਕਿਸੇ ਕੋਲ। ਉਹ ਟੁੱਟ ਚੁੱਕੀ ਸੀ...ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਸੀ। ਸਾਥੀ ਦੀ ਮੌਤ ਤੋਂ ਬਾਅਦ ਜਿਉਣਾ-ਜਿਉਣਾ ਨਹੀਂ ਰਹਿ ਜਾਂਦਾ ਪਰ ਉਸ ਨਾਲ ਮਰਿਆ ਵੀ ਨਹੀਂ ਜਾਂਦਾ। ਜ਼ਿੰਮੇਵਾਰੀਆਂ ਇਨਸਾਨ ਨੂੰ ਜ਼ਿੰਦਾ ਰੱਖਦੀਆਂ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-275-ਏ, ਮੇਨ ਰੋਡ, ਪ੍ਰੀਤ ਨਗਰ, ਨੇੜੇ ਗੁਰਦੁਆਰਾ ਗੁਰੂ ਅੰਗਦ ਦੇਵ ਜੀ, ਜੰਮੂ।
ਮੋਬਾਈਲ : 91 77809-42256