16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਅਜਾਇਬ ਹੁੰਦਲ ਫ਼ਲਸਫ਼ੇ, ਦਾਰਸ਼ਨਿਕਤਾ ਤੇ ਅਨੁਸ਼ਾਸਨ ਦੀ ਪੈਰਵੀ ਕਰਨ ਵਾਲਾ ਪੁਰਾਣਾ ਜਦੀਦ ਗ਼ਜ਼ਲਕਾਰ ਹੈ ਜਿਸ ਨੇ ਨਜ਼ਮਾਂ ਨਾਲ ਵੀ ਨਿਭਾਈ ਹੈ। ਉਹ ਅੰਮ੍ਰਿਤਸਰ ਸਾਹਿਬ ਨਾਲ ਸਬੰਧਤ ਹੈ ਤੇ ਉਸ ਨੇ ਲੰਮਾ ਸਮਾਂ ਅਦਾਲਤਾਂ ਵਿਚ ਵਕਾਲਤ ਕਰਦੇ ਬਿਤਾਇਆ ਹੈ। ਨਿਆਂ ਪ੍ਰਣਾਲੀ ਸਬੰਧੀ ਰੌਚਕ ਅਨੁਭਵ ਕਦੀ ਕਦੀ ਅਛੋਪਲੇ ਜਿਹੇ ਹੁੰਦਲ ਦੀਆਂ ਰਚਨਾਵਾਂ ਵਿਚ ਵੀ ਸ਼ਾਮਿਲ ਹੋ ਜਾਂਦੇ ਹਨ। ਸੱਤ ਦਸੰਬਰ 1939 ਨੂੰ ਪੈਦਾ ਹੋਏ ਅਜਾਇਬ ਹੁੰਦਲ ਨੇ ਆਪਣੇ ਆਸੇ ਪਾਸੇ ਬੜਾ ਕੁਝ ਚੰਗਾ ਮੰਦਾ ਵਾਪਰਦਾ ਦੇਖਿਆ ਹੈ। ਉਸ ਦੀਆਂ ਹੁਣ ਤੱਕ ਦਰਜਨ ਦੇ ਕਰੀਬ ਕਿਤਾਬਾਂ ਛਪੀਆਂ ਹਨ ਜਿਨ੍ਹਾਂ ਵਿਚ 'ਅੱਗ ਦੇ ਘੁੱਟ', 'ਅਜੇ ਨਾ ਗਿਣ', 'ਫ਼ੈਸਲੇ ਤੋਂ ਬਾਅਦ', 'ਮਿੱਟੀ ਸਾਹਵੇਂ ਖੜ੍ਹਾ ਵਾਰਿਸ', 'ਕਚਹਿਰੀ ਵਿੱਚ ਖੜ੍ਹਾ ਦਰਖ਼ਤ', ਤੇ 'ਆਪਣਾ ਆਪਣਾ ਕਰੂਕਸ਼ੇਤਰ' ਪ੍ਰਮੁੱਖ ਹਨ। ਉਸ ਦੀ ਸ਼ਾਇਰੀ ਦਾ ਲੇਖਾ ਜੋਖਾ ਕਰਦੀਆਂ ਪੁਸਤਕਾਂ ਦਾ ਪ੍ਰਕਾਸ਼ਨ ਵੀ ਹੋਇਆ ਹੈ। ਪਚਾਸੀਆਂ ਨੂੰ ਢੁਕ ਚੁੱਕੇ ਹੁੰਦਲ ਦੀ ਕਲਮ ਉਸ ਵਾਂਗ ਹੀ ਜਵਾਨ ਹੈ ਤੇ ਉਹ ਅਦਬੀ ਸਮਾਗਮਾਂ ਦੀ ਸ਼ਾਨ ਬਣਦਾ ਰਹਿੰਦਾ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002


ਬਹੁਤ ਤੜਪੇ, ਬਹੁਤ ਸਿਸਕੇ, ਬਹੁਤ ਵਿਲਕੇ, ਬਹੁਤ ਰੋਏ।
ਮਗਰ ਆਏ ਨਾ ਵਾਪਸ ਪਰਤ ਕੇ ਪੱਤੇ ਝੜੇ ਹੋਏ।

ਜਦੋਂ ਇਸ ਘਰ ਦੀ ਹਰ ਇਕ ਛੱਤ ਉੱਪਰ ਹੈ ਖੜ੍ਹਾ ਪਾਣੀ,
ਫ਼ਕਤ ਇਕ ਮੇਰੇ ਕਮਰੇ ਦੀ ਹੀ ਚੰਦਰੀ ਛੱਤ ਕਿਉਂ ਚੋਏ।

ਪਈ ਜਾਂਦੇ ਨੇ ਹਰ ਇਕ ਨਾਹੁਣ ਵਾਲੇ ਦੇ ਬਦਨ ਉੱਪਰ,
ਲਹੂ ਦੇ ਨਕਸ਼ ਸੀ ਜੋ ਝੀਲ ਦੇ ਵਿਚ ਡੁੱਬ ਕੇ ਮੋਏ।

ਖ਼ਲਾਅ ਸਾਰੇ 'ਚ ਕਿਸ ਨੇ ਬੀਜ ਦਿੱਤਾ ਹੈ ਇਹ ਸੰਨਾਟਾ,
ਨਾ ਕੋਈ ਰੰਗ ਹੀ ਹੱਸੇ, ਨਾ ਕੋਈ ਰੰਗ ਹੀ ਰੋਏ।

ਕਹਾਂ ਮੈਂ ਕਿੰਜ ਦਰ ਉਸ ਨੂੰ ਕਿ ਜਿਸ ਦਰ 'ਤੇ ਕਦੇ ਕੋਈ,
ਨਾ ਪੱਤੇ ਨਿੰਮ ਦੇ ਬੰਨ੍ਹੇ, ਨਾ ਕੋਈ ਤੇਲ ਹੀ ਚੋਏ।

ਸਫ਼ਰ 'ਤੇ ਜਾਣ ਲੱਗਿਆਂ ਕਿਸ ਦੇ ਗਲ ਲਗ ਕੇ ਅਸੀਂ ਰੋਂਦੇ,
ਅਸਾਡੇ ਵਾਸਤੇ ਤਾਂ ਸਭ ਦੇ ਬੂਹੇ ਬੰਦ ਸਨ ਹੋਏ।

'ਅਜਾਇਬ' ਦਿਲ ਬੜਾ ਕਰਦਾ ਹੈ ਕਿ ਤੈਨੂੰ ਦਿਖਾਵਾਂ ਮੈਂ,
ਨਵੇਂ ਸ਼ਿਅਰਾਂ ਦੀ ਫੁਲਕਾਰੀ ਬਿਠਾ ਕੇ ਚੰਦ ਦੀ ਲੋਏ।
*

 

*
ਮੈਂ ਅਜੇ ਵਿਕ ਜਾਣ ਬਾਰੇ ਸੋਚਿਆ ਹੈ।
ਸ਼ਹਿਰ ਸਾਰਾ ਹੀ ਖ਼ਰੀਦਣ ਆ ਗਿਆ ਹੈ।

ਵਿਛ ਗਿਆ ਜਿਸ ਵਾਸਤੇ ਸਾਂ ਰੇਤ 'ਤੇ ਮੈਂ,
ਉਹ ਹਵਾ ਦੇ ਵਾਂਗ ਚੱਲਣ ਲੱਗ ਪਿਆ ਹੈ।

ਜ਼ੋਰ ਤਾਂ ਲਾਇਆ ਸੀ ਮੌਸਮ ਨੇ ਬਥੇਰਾ,
ਫਿਰ ਵੀ ਪੰਛੀ ਆਹਲਣੇ ਤਕ ਆ ਗਿਆ ਹੈ।

ਉਮਰ ਸਾਰੀ ਨਾ ਹੋਈ ਪਹਿਚਾਣ ਅਪਣੀ,
ਸ਼ੀਸ਼ਿਆਂ ਦੇ ਵਾਂਗ ਚਿਹਰਾ ਬਦਲਿਆ ਹੈ।

ਓਸ ਦਰਿਆ ਨੇ ਨਹੀਂ ਲੱਭਣਾ ਕਦੇ ਵੀ,
ਆਪ ਹੀ ਸਾਗਰ 'ਚ ਜਿਹੜਾ ਜਾ ਪਿਆ ਹੈ।

ਤੋੜ ਕੇ ਰਿਸ਼ਤੇ ਜੋ ਸਾਰੇ ਹੀ ਗਿਆ ਸੀ,
ਸ਼ਖ਼ਸ ਉਹ ਵੀ ਬੁੱਧ ਬਣ ਕੇ ਪਰਤਿਆ ਹੈ।

ਰੇਤ 'ਤੇ ਸੌਂ ਕੇ ਵੀ ਮੈਂ ਖ਼ੁਦ ਨੂੰ 'ਅਜਾਇਬ',
ਖ਼ਾਬ ਵਿਚ ਪਾਣੀ 'ਤੇ ਚਲਦੇ ਵੇਖਿਆ ਹੈ।

Ad Position 22
No active advertisement
ਪਿਛਲੀ ਖ਼ਬਰ ਲਾਪ੍ਰਵਾਹ ਲੋਕ ਆਪਣਾ ਵੀ ਅਤੇ ਦੂਸਰਿਆਂ ਦਾ ਵੀ ਨੁਕਸਾਨ ਹੀ ਕਰਦੇ ਹਨ। ਸਿਸਰੋ ਅਗਲੀ ਖ਼ਬਰ ਜਿੰਦਰਾ
Ad Position 24