ਲਿਖਤੁਮ ਕਰਮ ਸਿੰਘ, ਅੱਗੇ ਮਿਲੇ ਮੇਰੇ ਪਿਆਰੇ ਇਕਲੋਤੇ ਪੁੱਤਰ ਜਗਜੋਤ ਸਿੰਘ। ਮੇਰੇ ਵਲੋਂ ਤੈਨੂੰ, ਨੂੰਹ ਸੁਖਜੀਵਨ ਕੌਰ, ਪੋਤਰੇ ਜੈਜ ਤੇ ਪੋਤਰੀ ਕੈਮੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸ ਕਰਦਾਂ ਤੁਸੀਂ ਸਾਰੇ ਰਾਜ਼ੀ ਖੁਸ਼ ਹੋਵੋਂਗੇ। ਮੈਂ ਵੀ ਠੀਕ ਹੀ ਆਂ।
ਅੱਗੇ ਸਮਾਚਾਰ ਇਹ ਹੈ ਪੁੱਤ, ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਨਾ। ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਢਿੱਡ ਭਰਿਆ ਪਿਆ, ਪਰ ਤੇਰੇ ਕੋਲ ਸਮਾਂ ਈ ਨੀਂ ਹੁੰਦਾ।
ਟੈਲੀਫ਼ੋਨ 'ਤੇ ਤਾਂ ਰਸਮੀ ਹਾਲ-ਚਾਲ ਪੁੱਛਣ ਤੋਂ ਵੱਧ ਕੋਈ ਗੱਲ ਨੀਂ ਹੁੰਦੀ। ਪੰਜ-ਸੱਤ ਮਿੰਟਾਂ 'ਚ ਬੰਦਾ ਕੀ ਢਿੱਡ ਫਰੋਲ ਸਕਦਾ? ਬਾਕੀ ਆਉਣ ਦਾ ਤਾਂ ਤੇਰੇ ਕੋਲ ਸਮਾਂ ਈ ਕਿੱਥੇ ਆ ਪੁੱਤ। ਕਦੇ ਜੁਆਕਾਂ ਦੀ ਪੜ੍ਹਾਈ, ਕਦੇ ਨੂੰਹ ਰਾਣੀ ਦੀ ਜੌਬ ਦਾ ਫ਼ਿਕਰ, ਕਦੇ ਤੇਰੇ ਟਰੱਕ, ਤੇਰੇ ਕੰਮ ਦੇ ਰੁਕ ਜਾਣ ਦਾ ਡਰ। ਤੇਰੀਆਂ ਤਾਂ ਸ਼ਾਇਦ ਅਜੇ ਘਰ ਦੀਆਂ ਕਿਸ਼ਤਾਂ ਵੀ ਨੀਂ ਮੁੜੀਆਂ। ਭਾਵੇਂ ਏਸ ਬਹਾਨੇ ਤੂੰ ਇੱਥੋਂ ਸਾਰੀ ਜ਼ਮੀਨ, ਤੇ ਨਵੀਂ ਪਾਈ ਕੋਠੀ ਵੀ ਵੇਚ ਗਿਆਂ।
ਆਹ ਪੁਰਾਣਾ ਘਰ, ਇਹ ਵੀ ਤੂੰ ਵੇਚਣਾ ਚਾਹੁੰਨਾ। ਪਰ ਮਾੜੀ ਮੋਟੀ ਲੋਕ ਲੱਜਿਆ ਕਰਕੇ ਤੂੰ ਰੁਕ ਗਿਆ। ਆਖ਼ਰ ਮੈਨੂੰ ਵੀ ਤਾਂ ਕੋਈ ਸਿਰ ਢਕਣ ਨੂੰ ਥਾਂ ਚਾਹੀਦੀ ਸੀ। ਮੈਂ ਹੁਣ ਜਿੱਥੇ ਆਪਣੀ ਜੀਵਨ ਸਾਥਣ ਤੋਂ ਬਗੈਰ ਇਕੱਲਾ ਦਿਨ ਕਟੀ ਕਰ ਰਿਹਾਂ। ਜੀਹਦੇ ਮੁੱਕਿਆਂ ਨੂੰ ਢਾਈ ਸਾਲ ਹੋਗੇ। ਤੂੰ ਤਾਂ ਉਹਦੇ ਸਸਕਾਰ ਤੋਂ ਬਾਅਦ ਭੋਗ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਹੀ ਆਇਆ ਸੀ ਤੇ ਭੋਗ ਤੋਂ ਦੋ ਦਿਨ ਬਾਅਦ ਚਲਿਆ ਗਿਆ ਸੀ।
ਆਪਣੀ ਮਾਂ ਦੇ ਫੁੱਲ ਪਾਉਣ ਦਾ ਵੀ ਤੇਰੇ ਕੋਲ ਸਮਾਂ ਨੀਂ ਸੀ। ਉਹ ਤਾਂ ਸਕੇ-ਸਬੰਧੀਆਂ ਦੇ ਕਹਿਣ 'ਤੇ ਤੂੰ ਕੀਰਤਪੁਰ ਗਿਆ ਸੀ। ਏਸ ਮੌਕੇ ਵੀ ਤੂੰ ਬਹੁਤ ਬੋਲਿਆ ਸੀ। ਅਖੇ, 'ਇਹ ਬਚੇ ਹੋਏ ਹੱਡਾਂ ਨੂੰ ਨੇੜੇ ਦੀ ਨਹਿਰ-ਸੂਏ 'ਚ ਸੁੱਟ ਦੇਣਾ ਚਾਹੀਦਾ, ਖੇਤਾਂ 'ਚ ਦੱਬ ਦੇਣਾ ਚਾਹੀਦਾ। ਇਹ ਵਹਿਮ-ਭਰਮ, ਫੋਕੇ ਰਸਮ-ਰਿਵਾਜ ਖਤਮ ਕਰਨੇ ਚਾਹੀਦੇ ਨੇ। ਦੁਨੀਆਂ ਤਾਂ ਚੰਦ 'ਤੇ ਪਹੁੰਚ ਗਈ ਤੇ ਆਂਪਾਂ ਅਜੇ ਵੀ ਇਹ ਭਰਮਾਂ 'ਚ ਫਸੇ ਹੋਏ ਆਂ'।
ਹੋਰ ਵੀ ਬਹੁਤ ਕੁਝ ਕਿਹਾ ਸੀ ਤੂੰ। ਪਰ ਬੰਦੇ ਦੀਆਂ ਕੁਝ ਭਾਵਨਾਵਾਂ ਵੀ ਹੁੰਦੀਆਂ ਪੁੱਤ। ਜੋ ਮਸ਼ੀਨਾਂ 'ਚ ਨੀਂ ਹੁੰਦੀਆਂ। ਪਰ ਤੂੰ ਤਾਂ ਜਿਉਂ ਵਿਦੇਸ਼ ਗਿਆਂ, ਪੁੱਤ ਮਸ਼ੀਨ ਬਣ ਕੇ ਹੀ ਰਹਿ ਗਿਆਂ। ਕਈ ਵਾਰ ਤੂੰ ਆਪ ਈ ਦੱਸਿਆ ਸੀ ਕਿ ਨਹਾਉਣ ਦਾ, ਰੋਟੀ ਖਾਣ ਦਾ ਵੀ ਟੈਮ ਨੀਂ ਮਿਲਦਾ। ਜੁਆਕਾਂ ਲਈ ਵੀ ਸਮਾਂ ਨੀਂ ਹੁੰਦਾ। ਬੱਸ ਕੰਮ ਹੀ ਕੰਮ। ਮਸ਼ੀਨ ਬਣ ਕੇ ਕੰਮ ਕਰਨਾ ਪੈਂਦਾ, ਤਾਂ ਕਿਤੇ ਜਾ ਕੇ ਪੂਰੀ ਪੈਂਦੀ ਹੈ। ਪੁੱਤ ਕਿਸੇ ਸਮੇਂ ਤਾਂ ਮਸ਼ੀਨਾਂ ਦਾ ਵੀ ਤੇਲ ਪਾਣੀ ਚੈੱਕ ਕਰਨ ਲਈ ਉਨਾਂ੍ਹ ਨੂੰ ਬੰਦ ਕਰਨਾ ਪੈਂਦਾ।
ਤੂੰ ਛੋਟੇ ਹੁੰਦੇ ਨੇ ਬਾਹਰ ਜਾਣ ਦੀ ਇਕੋ ਰੱਟ ਲਾਈ ਸੀ, ਮਜਬੂਰਨ ਸਾਨੂੰ ਆਪਣੀਆਂ ਸਧਰਾਂ ਦਬਾਅ ਕੇ ਤੇਰੀ ਇੱਛਾ ਪੂਰੀ ਕਰਨੀ ਪਈ। ਨਹੀਂ ਤਾਂ ਕੌਣ ਆਪਣੇ ਇਕਲੋਤੇ ਪੁੱਤ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਦਾ। ਜੇ ਨਾ ਭੇਜਦੇ ਤਾਂ ਅਸੀਂ ਆਪਣਾ ਇਕਲੋਤਾ ਪੁੱਤ ਹੱਥੋਂ ਗਵਾ ਲੈਣਾ ਸੀ, ਕਿਉਂਕਿ ਤੂੰ ਹਰ ਸਮੇਂ ਆਪਣੀ ਮਾਂ ਨਾਲ ਲੜਦਾ ਰਹਿੰਦਾ ਸੀ ਕਿ ਜੇ ਮੈਨੂੰ ਵਿਦੇਸ਼ ਨਾ ਭੇਜਿਆ ਤਾਂ ਤੂੰ ਖੁਦ ਨੂੰ ਮਾਰ ਲਵਾਂਗਾ।
ਜਿਵੇਂ ਤੇਰੀ ਬਾਹਰ ਜਾਣ ਦੀ ਇੱਛਾ ਸੀ, ਉੱਵੇਂ ਤੇਰੀ ਮਾਂ ਦੀ ਇੱਛਾ ਵੀ ਸੀ। ਉਹਦੀ ਇੱਛਾ ਸੀ ਕਿ ਮੇਰੀ ਚਿਖਾ ਨੂੰ ਲਾਂਬੂੰ ਮੇਰਾ ਪੁੱਤ ਲਾਵੇ। ਪਰ ਤੂੰ ਉਹ ਪੂਰੀ ਨਾ ਕਰ ਸਕਿਆ।
ਮੈਂ ਆਪਣੇ ਪਿਉ ਦੇ ਫੁੱਲ ਹਰਿਦੁਆਰ ਪਾ ਕੇ ਆਇਆ ਸੀ। ਉਹਨੇ ਕਿਹਾ ਸੀ। ਉਹਦੀ ਆਖ਼ਰੀ ਇੱਛਾ ਪੂਰੀ ਕਰਨੀ ਮੇਰਾ ਫ਼ਰਜ਼ ਸੀ। ਜਦੋਂ ਫਰਜ਼ ਨਿਭਾਉਣੇ ਹੋਣ ਤਾਂ ਵਹਿਮ-ਭਰਮ, ਰੀਤੀ ਰਿਵਾਜ ਜਾਂ ਵਿਗਿਆਨਕ ਯੁੱਗ ਦਾ ਵਾਸਤਾ ਦੇ ਕੇ ਮੂੰਹ ਨ੍ਹੀਂ ਮੋੜਿਆ ਜਾ ਸਕਦਾ ਪੁੱਤ। ਤੇਰੀ ਦਾਦੀ, ਮੇਰੀ ਮਾਣੀ (ਮਾਂ) ਨੇ ਸਾਨੂੰ ਕਿਹਾ ਸੀ, 'ਮੇਰੇ ਕਫ਼ਨ ਦੇ ਜੇਬ ਲਾਇਓ'। ਕਫ਼ਨ ਦੇ ਕਦੇ ਕੋਈ ਜੇਬ ਨਹੀਂ ਲਾਉਂਦਾ ਪੁੱਤ, ਪਰ ਅਸੀਂ ਲਵਾਈ ਸੀ ਤੇ ਮਾਣੀ (ਮਾਂ) ਦੀ ਆਖ਼ਰੀ ਇੱਛਾ ਪੂਰੀ ਕੀਤੀ ਸੀ। ਸ਼ਰੀਕੇ ਨੇ ਭਾਵੇਂ ਟਿੱਚਰਾਂ ਕੀਤੀਆਂ।
ਤੇਰੀ ਮਾਂ ਸਾਰੀ ਉਮਰ ਤੇਰੇ ਮੋਹ 'ਚ ਤੜਫ਼ਦੀ ਰਹੀ। ਨਾ ਚਾਹੁੰਦੇ ਹੋਏ ਵੀ ਤੈਨੂੰ ਅੱਖਾਂ ਤੋਂ ਦੂਰ ਸੱਤ ਸਮੁੰਦਰ ਪਾਰ ਭੇਜਿਆ। ਤੇਰੇ ਸਿਰ ਤੋਂ ਪਾਣੀ ਵਾਰ ਕੇ ਪੀਣ ਦੀ ਉਹਦੀ ਇੱਛਾ ਮਨ 'ਚ ਹੀ ਰਹਿਗੀ। ਤੂੰ ਵਿਆਹ ਜੋ ਕੈਨੇਡਾ 'ਚ ਕਰਵਾ ਲਿਆ ਸੀ।
ਪੋਤੇ, ਪੋਤੀ ਦੇ ਹੋਣ ਸਮੇਂ ਤੇਰੇ ਇਕ ਵਾਰ ਕਹਿਣ ਤੇ ਤੇਰੀ ਮਾਂ ਝੱਟ ਤਿਆਰ ਹੋ ਗਈ ਸੀ ਤੇਰੇ ਕੋਲ ਆਉਣ ਨੂੰ। ਇਹ ਤਾਂ ਉਹਨੇ ਆ ਕੇ ਦੱਸਿਆ ਕਿ ਤੁਸੀਂ ਉਹਨੂੰ ਮਾਂ ਸਮਝਕੇ ਨੀਂ ਸੱਦਿਆ ਸੀ, ਸਗੋਂ ਮੁਫ਼ਤ ਦੀ ਨੌਕਰਾਣੀ ਚਾਹੀਦੀ ਸੀ ਥੋਨੂੰ। ਨੌਕਰਾਂ ਵਾਂਗ ਉਹਦੋਂ ਸਾਰੇ ਕੰਮ ਕਰਵਾਉਂਦੇ ਰਹੇ। ਤਾਂਹੀਂ ਤਾਂ ਉਹ ਮੁੜ ਕੇ ਤੇਰੇ ਕੋਲ ਜਾਣ ਲਈ ਰਾਜ਼ੀ ਨਾ ਹੋਈ। ਇਵੇਂ ਵੀ ਕੋਈ ਆਪਣੀਆਂ ਮਾਵਾਂ ਨਾਲ ਕਰਦਾ ਭਲਾ? ਕਾਸ਼! ਮੇਰੇ ਇਕ ਧੀ ਹੁੰਦੀ। ਤੂੰ ਸਾਡੇ ਦੁੱਖ-ਸੁੱਖ ਦਾ ਕਦੇ ਵੀ ਸਾਂਝੀ ਨਾ ਬਣਿਆ। ਮੇਰੀ ਰੋਟੀ ਦਾ ਜੋ ਤੂੰ ਪ੍ਰਬੰਧ ਕੀਤਾ, ਉਹ ਰੋਟੀ ਦੇ ਤਾਂ ਜਾਂਦੇ ਨੇ, ਪਰ ਹਰ ਵਾਰ ਉਹ ਆਪਣਾ ਅਹਿਸਾਨ ਜਤਾ ਜਾਂਦੇ ਨੇ ਤੇ ਹਰ ਵਾਰ ਘਰ ਦੀ ਕੋਈ ਨਾ ਕੋਈ ਚੀਜ਼ ਚੁੱਕ ਕੇ ਲੈ ਜਾਂਦੇ ਨੇ।
ਖ਼ੈਰ! ਸਮਾਂ ਈ ਇਹੋ ਜਾ ਚੱਲ ਰਿਹਾ। ਪੁੱਤ, ਹੁਣ ਮੇਰੀ ਤਿਆਰੀ ਆ। ਮੇਰੀ ਆਖ਼ਰੀ ਇੱਛਾ ਤਾਂ ਕੋਈ ਨੀਂ, ਪਰ ਫੇਰ ਵੀ ਕੁਝ ਕਹਿਣਾ ਚਾਹੁੰਨਾ। ਦਿਲ ਵਿਚ ਕੁਝ ਰੱਖਣਾ ਨਹੀਂ ਚਾਹੁੰਦਾ। ਫੋਨ 'ਤੇ ਤਾਂ ਨਾ ਏਨੀ ਲੰਮੀ ਗੱਲ ਹੁੰਦੀ ਆ ਤੇ ਨਾ ਹੀ ਤੇਰੇ ਕੋਲ ਸਮਾਂ ਹੁੰਦਾ ਸੁਣਨ ਦਾ। ਮੰਨਣੀ ਨਾ ਮੰਨਣੀ ਤੇਰੀ ਮਰਜ਼ੀ ਆ ਪੁੱਤ।
ਪੁੱਤ ਜਿੱਥੇ ਤੂੰ ਰਹਿੰਨਾ, ਇੱਥੋਂ ਦੇ ਲੋਕ, ਇੱਥੋਂ ਦੀਆਂ ਸਰਕਾਰਾਂ ਭਾਵੇਂ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਮੋਹਰੀ ਦੇਸ਼ ਨੇ, ਪਰ ਇਹ ਵੀ ਆਪਣੀ ਪੁਰਾਣੀ ਸੱਭਿਅਤਾ, ਪੁਰਾਣੇ ਦਸਤਾਵੇਜ਼ ਅੱਜ ਵੀ ਸੰਭਾਲੀ ਬੈਠੇ ਹਨ। ਮੈਂ ਅਖ਼ਬਾਰਾਂ 'ਚ ਪੜ੍ਹਦਾ ਰਹਿੰਨਾ। ਏਸ ਲਈ ਤੈਨੂੰ ਵੀ ਆਪਣੇ ਏਸ ਪੁਰਾਣੇ ਘਰ ਦੀ ਸੰਭਾਲ ਕਰਨੀ ਚਾਹੀਦੀ ਹੈ। ਜੀਹਦੇ 'ਚ ਦਾਦੇ ਪੜਦਾਦਿਆਂ, ਮੇਰੀਆਂ-ਤੇਰੀਆਂ ਯਾਦਾਂ ਜੁੜੀਆਂ ਹਨ। ਕਿਤੇ ਆ ਕੇ ਮਹਿਸੂਸ ਕਰਕੇ ਦੇਖੀਂ। ਤੈਨੂੰ ਵੀ ਤੇਰੀ ਜਨਮ ਭੂਮੀ, ਮਿੱਟੀ ਦੀ ਖ਼ੁਸ਼ਬੂ ਆਵੇਗੀ। ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਏਸ ਨਾਲ ਜੋੜੀ ਰੱਖਣਾ ਬਹੁਤ ਜਰੂਰੀ ਆ ਪੁੱਤ।
ਤੇਰੀ ਮਾਂ ਦਾ ਚਰਖਾ, ਜੀਹਦੇ ਨਾਲ ਉਹ-ਦਿਨ-ਰਾਤ ਲੋਕਾਂ ਦੀ ਰੂੰ ਕੱਤ ਕੇ ਮੇਰੀ ਮੱਦਦ ਕਰਦੀ ਸੀ ਘਰ ਚਲਾਉਣ ਲਈ। ਤੇਰੀਆਂ ਉਮੰਗਾਂ ਨੂੰ ਪੂਰਾ ਕਰਦੀ ਸੀ। ਅੱਜ ਵੀ ਸਾਂਭਿਆ ਪਿਆ। ਮੇਰਾ ਸੈਂਕਲ, ਜੀਹਤੇ ਮੈਂ ਪੜ੍ਹਾਉਣ ਜਾਂਦਾ ਸੀ, ਤੈਨੂੰ ਮੂਹਰੇ ਡੰਡੇ 'ਤੇ ਕੱਪੜਾ ਲਪੇਟਕੇ, ਬਿਠਾ ਕੇ ਝੂਟੇ ਦਿੰਦਾ ਸੀ। ਜੀਹਨੂੰ ਦੇਖ ਕੇ ਤੇਰੇ ਬਚਪਨ ਦੀਆਂ ਯਾਦਾਂ ਅੱਜ ਵੀ ਤਾਜ਼ਾ ਹੋ ਜਾਂਦੀਆਂ। ਤੇਰੇ ਦਾਦੇ ਦਾ ਹਲ ਵੀ ਸਾਂਭਿਆ ਹੋਇਆ। ਜੀਹਦੇ ਨਾਲ ਉਹਨੇ ਵਾਹੀ ਕਰਕੇ ਸਾਨੂੰ ਸੱਤ ਭੈਣ ਭਰਾਵਾਂ ਨੂੰ ਪਾਲਿਆ। ਤੇਰੀ ਦਾਦੀ, ਮੇਰੀ ਮਾਣੀ ਦਾ ਸੰਦੂਕ ਵੀ ਘਰ 'ਚ ਤੇਰੀਆਂ-ਮੇਰੀਆਂ, ਬਾਪੂ-ਮਾਣੀ ਦੀਆਂ ਯਾਦਾਂ ਦੀ ਖੁਸ਼ਬੋ ਵਖ਼ੇਰਦਾ, ਉਨ੍ਹਾਂ ਦੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਆਏਂ ਲਗਦਾ ਜਿਵੇਂ ਉਹ ਸਾਰੇ ਮੇਰੇ ਆਸ-ਪਾਸ ਈ ਹੋਣ। ਨਹੀਂ ਭਲਾ ਮੈਂ ਇੱਥੇ ਕੱਲ੍ਹਾ ਕਿਵੇਂ ਰਹਿ ਸਕਦਾ ਸੀ।
ਇਹ ਸਭ ਭਲਾ ਮੈਂ ਤੈਨੂੰ ਕਿਉਂ ਦੱਸਦਾਂ? ਜਦਕਿ ਲਗਦਾ ਮੇਰੇ ਮਰਨ ਦੀ ਦੇਰ ਆ, ਤੂੰ ਇਹ ਸਭ ਸਾਡੀਆਂ ਯਾਦਾਂ ਨੂੰ ਕੂੜਾ-ਕਬਾੜ ਸਮਝਕੇ ਸੁੱਟ ਦੇਣਾ। ਘਰ ਨੂੰ ਵੀ ਆਪਣੇ ਨਵੇਂ ਘਰ ਤੇ ਜ਼ਮੀਨ ਵਾਂਗ ਵੇਚ-ਵੱਟ ਕੇ ਤੁਰ ਜਾਣਾ। ਫੇਰ ਵੀ ਮੈਂ ਇਹ ਸਭ ਤੈਨੂੰ ਤਾਂ ਦਸਦਾਂ ਪੁੱਤ ਤਾਂ ਜੋ ਕੱਲ੍ਹ ਨੂੰ ਤੂੰ ਕਹੇਂ 'ਮੈਨੂੰ ਦੱਸ ਦੇਣਾ ਸੀ'।
ਮੈਂ ਤੇਰੇ ਏਸ ਘਰ ਦਾ ਆਖ਼ਰੀ ਜਿੰਦਰਾ ਹਾਂ, ਜੀਹਨੂੰ ਜੰਗਾਲ ਲੱਗਾ ਚੁੱਕਾ ਤੇ ਚਾਬੀ ਗੁਆਚ ਵੀ ਚੁੱਕੀ ਆ। ਜੇ ਤੂੰ ਚਾਹੇਂ ਤਾਂ ਏਸ ਜੰਗਾਲੇ ਜਿੰਦਰੇ ਦੇ ਟੁੱਟਣ ਤੋਂ ਪਹਿਲਾਂ, ਇਕ ਵਾਰ ਇਨਾਂ੍ਹ ਯਾਦਾਂ ਦੇ ਸਰਮਾਏ ਦਾ ਹਿੱਸਾ ਬਣ ਜਾ। ਮੇਰਾ ਤੈਨੂੰ ਹਿੱਕ ਨਾਲ ਲਾਉਣ ਨੂੰ ਬਹੁਤ ਦਿਲ ਕਰਦਾ ਪੁੱਤ। ਉੱਵੇਂ ਜਿਵੇਂ ਜਦੋਂ ਤੂੰ ਛੋਟਾ ਹੁੰਦਾ ਸੀ, ਮੇਰੇ ਢਿੱਡ 'ਤੇ ਹੀ ਸੌਂ ਜਾਂਦਾ ਸੀ। ਮੈਂ ਥੱਕਿਆ-ਟੁੱਟਿਆ ਹੋਣ ਦੇ ਬਾਵਜੂਦ ਪਾਸਾ ਵੀ ਨੀਂ ਸੀ ਲੈਂਦਾ, ਕਿਤੇ ਤੇਰੀ ਨੀਂਦ ਹੀ ਨਾ ਟੁੱਟਜੇ।
ਤੇਰਾ ਨਾਂਅ ਅਸੀਂ ਜਗਜੋਤ ਰੱਖਿਆ ਸੀ। ਤੇਰੇ ਨਾਂਅ ਦਾ ਮਤਲਬ ਹੈ ਜੱਗ ਨੂੰ ਰੌਸ਼ਨ ਕਰਨ ਵਾਲਾ। ਜੱਗ ਨੂੰ ਰੌਸ਼ਨ ਕਰਨਾ ਤਾਂ ਖ਼ੈਰ ਔਖਾ ਕੰਮ ਆ, ਪਰ ਤੂੰ ਏਸ ਘਰ ਦੀ ਜੋਤ ਤਾਂ ਜਗਦੀ ਰੱਖ ਈ ਸਕਦਾਂ। ਮੇਰੀ ਨੂੰਹ, ਤੇਰੀ ਜੀਵਨ ਸਾਥਣ, ਜੀਹਦਾ ਦਾ ਨਾਂਅ ਸੁਖਜੀਵਨ ਕੌਰ ਆ, ਉਹਨੇ ਵੀ ਸਾਡੇ ਜੀਵਨ ਨੂੰ ਸੁੱਖ ਦੇਣ ਦੀ ਨੀਂ ਸੋਚੀ। ਪਰ ਮੇਰਾ ਓਸ ਨਾਲ ਕੋਈ ਗਿਲਾ ਨੀਂ, ਗਿਲਾ ਤਾਂ ਤੇਰੇ ਨਾਲ ਵੀ ਕੋਈ ਪੁੱਤ, ਕਿਉਂਕਿ ਕਰਮ ਤਾਂ ਏਸ ਕਰਮ ਸਿਉਂ ਦੇ ਫੁੱਟਗੇ। ਆਪਣੇ ਤਾਂ ਨਾਵਾਂ ਦੇ ਵੀ ਅਰਥ ਉਲਟ ਨਿਕਲ ਗਏ ਪੁੱਤ।
ਖ਼ੈਰ! ਇਹ ਆਖ਼ਰੀ ਚਿੱਠੀ ਲਿਖ ਰਿਹਾਂ, ਪਤਾ ਨੀਂ ਅੱਜ ਦੇ ਜ਼ਮਾਨੇ 'ਚ ਤੇਰੇ ਕੋਲ ਇਹਨੂੰ ਪੜ੍ਹਨ ਦਾ ਸਮਾਂ ਵੀ ਹੋਵੇਗਾ ਜਾਂ ਨਈਂ। ਪਤਾ ਨੀਂ ਡਾਕਖਾਨੇ ਦੀ ਲਾਪ੍ਰਵਾਹੀ ਕਰਕੇ ਮੇਰੀ ਇਹ ਚਿੱਠੀ ਰੁਲਦੀ-ਖੁਲ੍ਹਦੀ ਤੈਨੂੰ ਤੇਰੇ ਘਰ ਦੇ ਆਖ਼ਰੀ ਜਿੰਦਰੇ ਟੁੱਟਣ ਤੋਂ ਬਾਅਦ ਹੀ ਮਿਲੇ। ਪਰ ਫੇਰ ਵੀ ਮੈਂ ਇਕ ਆਸ, ਉਮੀਦ ਨਾਲ ਇਹ ਲਿਖ ਰਿਹਾਂ।
ਰੱਬ ਤੈਨੂੰ ਤਰੱਕੀਆਂ ਬਖਸ਼ੇ। ਸਭ ਨੂੰ ਤੰਦਰੁਸਤੀ ਦੇਵੇ, ਕਿਉਂਕਿ ਤੰਦਰੁਸਤੀ ਈ ਸਭ ਤੋਂ ਵੱਡੀ ਨਿਆਮਤ ਆ। ਚੰਗਾ ਪੁੱਤ ਤੇਰੇ ਆਖ਼ਰੀ ਮਿਲਣ ਦੀ ਉਡੀਕ 'ਚ ਤੇਰਾ ਪਿਉ... ਨਈਂ ਸੱਚ ਤੇਰੇ ਘਰ ਦਾ ਆਖ਼ਰੀ ਜੰਗਾਲਿਆ ਜਿੰਦਰਾ... ਕਰਮ ਸਿੰਘ, ਪਿੰਡ ਉਡੀਕਪੁਰ, ਤਹਿਸੀਲ ਯਾਦਾਂ, ਜ਼ਿਲ੍ਹਾ ਆਪਣਾਪਨ।
-ਮੋਬਾਈਲ : 98721-93320