ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

5 ਲੱਖ ਰੁਪਏੇ

Ad Position 21
No active advertisement
ਅਜੀਤ ਡੈਸਕ 19-04-2026

ਪਰਸ਼ੋਤਮ ਦਾਸ ਦੋ ਲੜਕੀਆਂ ਦਾ ਪਿਤਾ ਹੈ। ਦਿਹਾੜੀ ਮਜ਼ਦੂਰੀ ਕਰਦਾ ਤੇ ਗਰੀਬੀ ਨਾਲ ਕੁਲਝਦਾ ਪਰਸ਼ੋਤਮ 50 ਸਾਲਾਂ ਨੂੰ ਅੱਪੜਨ ਵਾਲਾ ਹੈ। ਬੱਚਿਆਂ ਦੀ ਪੜ੍ਹਾਈ ਦੇ ਖਰਚ, ਘਰ ਦੀ ਦਾਲ ਰੋਟੀ ਤੇ ਹਾਰੀ-ਬਿਮਾਰੀ ਦੇ ਖਰਚ ਨੇ ਪਰਸ਼ੋਤਮ ਲਾਲ ਦਾ ਤਰਾਹ ਕੱਢਿਆ ਹੋਇਆ ਹੈ। ਨਿੱਤ ਕਮਾਉਣਾ, ਨਿੱਤ ਖਾਣਾ ਬਸ ਇਹੀ ਜ਼ਿੰਦਗ਼ੀ ਰਹਿ ਗਈ ਪਰਸ਼ੋਤਮ ਦਾਸ ਦੀ।
ਅੱਜ ਕੋਠੀ ਦੀ ਛੱਤ ਪੈਣ ਤੋਂ ਬਾਅਦ ਕੋਠੀ ਦੇ ਮਾਲਕ ਨੇ ਦਿਹਾੜੀ ਦੇ ਪੈਸੇ ਨਹੀਂ ਦਿੱਤੇ। ਰੋਜ਼ਾਨਾ ਦੀ ਕਮਾਈ ਨਾਲ ਚੁੱਲ੍ਹੇ ਅੱਗ ਬਾਲਣ ਵਾਲਾ ਪਰਸ਼ੋਤਮ ਦਾਸ ਅੱਜ ਬਹੁਤ ਦੁਖੀ ਤੇ ਪ੍ਰੇਸ਼ਾਨ ਸੀ। ਕੰਮ ਤੋਂ ਪੈਸੇ ਨਾ ਮਿਲਣ ਕਰਕੇ ਸ਼ਾਮ ਨੂੰ ਕੰਮ ਤੋਂ ਘਰ ਆਉਣ ਵੇਲੇ ਪਰਸ਼ੋਤਮ ਦਾਸ ਨੂੰ ਸਾਈਕਲ ਦੇ ਪੈਡਲ ਵੀ ਅੱਜ ਭਾਰੀ ਲੱਗ ਰਹੇ ਸੀ। ਕਈ ਵਾਰ ਤਾਂ ਉਹ ਘਰ ਦੀ ਗ਼ਰੀਬੀ ਤੋਂ ਬਹੁਤ ਦੁਖੀ ਹੋ ਜਾਂਦਾ ਤੇ ਸੋਚਦਾ ਕਿ ਖੁਦ ਕੁਝ ਕਰ ਲਵਾਂ ਤੇ ਗਰੀਬੀ ਤੋਂ ਖਹਿੜਾ ਛੁਡਵਾ ਲਵਾਂ ਪਰ ਪਿੱਛੇ ਮੇਰੇ ਪਰਿਵਾਰ ਦਾ ਕੀ ਬਣੂ ਇਹ ਸੋਚ ਕੇ ਉਹ ਡਰ ਜਾਂਦਾ। ਇੰਝ ਸੋਚਦਾ-ਸੋਚਦਾ ਉਹ ਕਦੋਂ ਮੇਨ ਰੋਡ ਤੋਂ ਪਿੰਡ ਵਾਲੇ ਰਾਹ ਕੋਲ ਅੱਪੜ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਿਆ।
ਉੁਸੇ ਵੇਲ਼ੇ ਅਚਾਨਕ ਪਿੱਛੋਂ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਪਰਸ਼ੋਤਮ ਦਾਸ ਦੇ ਕੋਲੋਂ ਦੀ ਇਕਦਮ ਲੰਘ ਗਏ, ਜਿਨ੍ਹਾਂ ਦੇ ਪਿੱਛੇ ਤੇਜ਼ ਰਫ਼ਤਾਰ ਨਾਲ਼ ਹੂਟਰ ਮਾਰਦੀ ਪੁਲਿਸ ਦੀ ਗੱਡੀ ਲੰਘ ਗਈ, ਜੋ ਸ਼ਾਇਦ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਪਰਸ਼ੋਤਮ ਦਾਸ ਨੂੰ ਲੱਗਿਆ ਕਿ ਅੱਗੇ ਤੇਜ਼ੀ ਨਾਲ ਜਾ ਰਹੇ ਮੋਟਰਸਾਈਕਲ ਵਾਲਿਆਂ ਨੇ ਸੜਕ ਨਾਲ ਲੱਗੀਆਂ ਝਾੜੀਆਂ ਵਿਚ ਕੁਝ ਸੁੱਟਿਆ ਹੈ। ਪੁਲਿਸ ਦੀ ਗੱਡੀ ਵੀ ਉਨ੍ਹਾਂ ਦਾ ਪਿੱਛਾ ਕਰਦੀ ਦੂਰ ਨਿਕਲ ਗਈ ਤੇ ਸ਼ਾਇਦ ਪੁਲਿਸ ਵਾਲੇ ਇਸ ਗੱਲ ਤੋਂ ਅਣਜਾਣ ਸਨ ਕਿ ਮੋਟਰਸਾਈਕਲ ਵਾਲਿਆਂ ਨੇ ਕੁਝ ਸੁੱਟਿਆ ਹੈ। ਪਰਸ਼ੋਤਮ ਦਾਸ ਥੋੜ੍ਹੀ ਦੇਰ ਉਥੇ ਖੜ੍ਹਾ ਇਹ ਸਭ ਦੇਖਦਾ ਰਿਹਾ। ਪਹਿਲਾਂ ਤਾਂ ਉਹ ਬਹੁਤ ਡਰ ਗਿਆ ਪਰ ਜਦੋਂ ਕਾਫੀ ਦੇਰ ਤੱਕ ਕੋਈ ਨਹੀਂ ਆਇਆ ਤਾਂ ਉਸ ਨੇ ਥੋੜ੍ਹਾ ਹੌਸਲਾ ਕਰਕੇ ਝਾੜੀ ਵਿਚ ਦੇਖਿਆ ਤਾਂ ਉਸ ਨੂੰ ਇਕ ਛੋਟਾ ਜਿਹਾ ਬੈਗ ਨਜ਼ਰ ਆਇਆ। ਉਸ ਨੇ ਡਰਦਿਆਂ-ਡਰਦਿਆਂ ਇੱਧਰ-ਉੱਧਰ ਦੇਖ ਹੌਸਲਾ ਜਿਹਾ ਕਰ ਕੇ ਬੈਗ ਚੁੱਕ ਲਿਆ। ਪਰਸ਼ੋਤਮ ਨੇ ਕਾਹਲੀ-ਕਾਹਲੀ ਨਾਲ ਬੈਗ ਖੋਲ੍ਹਿਆ ਤਾਂ ਉਸ ਨੂੰ ਬੈਗ ਵਿਚ ਪੈਸੇ ਨਜ਼ਰ ਆਏ। ਪਹਿਲੀ ਵਾਰ ਏਨੇ ਸਾਰੇ ਪੈਸੇ ਦੇਖ ਉਸ ਦਾ ਦਿਮਾਗ ਇਕਦਮ ਘੁੰਮ ਗਿਆ। ਉਸ ਨੇ ਆਸਾ-ਪਾਸਾ ਦੇਖ ਕੇ ਬਿਨਾਂ ਗਿਣੇ ਉਸ ਬੈਗ ਨੂੰ ਆਪਣੇ ਰੋਟੀ ਵਾਲੇ ਝੋਲੇ ਵਿਚ ਪਾ ਲਿਆ ਤੇ ਸਾਈਕਲ ਦੇ ਪੈਡਲ ਛੇਤੀ-ਛੇਤੀ ਮਾਰ ਘਰ ਨੂੰ ਤੁਰ ਪਿਆ ਤੇ ਨਾਲ ਹੀ ਪਿਛਾਂਹ ਭੋਂ ਕੇ ਵੀ ਦੇਖਦਾ ਰਿਹਾ ਕਿ ਕੋਈ ਉਸ ਦੇ ਮਗਰ ਆ ਰਿਹਾ ਹੈ ਜਾਂ ਨਹੀਂ। ਅੱਜ ਉਸ ਨੂੰ ਆਪਣੇ ਘਰ ਦੀ ਕੁਝ ਕੁ ਦੂਰੀ ਕੋਹਾਂਵਾਟ ਜਾਪ ਰਹੀ ਸੀ। ਡਰਦੇ-ਡਰਦੇ ਪਰਸ਼ੋਤਮ ਦਾਸ ਨੇ ਅੱਜ ਮਸਾਂ ਮਰ ਕੇ ਹੀ ਘਰ ਲਿਆ ਸੀ।
ਸਾਹੋ-ਸਾਹੀ ਹੋਏ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਉਸ ਨੇ ਪਾਣੀ ਪੀਤਾ ਤੇ ਫਿਰ ਛੇਤੀ ਨਾਲ਼ ਘਰ ਦੀ ਛੱਤ 'ਤੇ ਜਾ ਕੇ ਇਕੱਲੇ ਨੇ ਉਹ ਪੈਸੇ ਗਿਣੇ ਜੋ 500-500 ਨੋਟਾਂ ਦੀਆਂ 10 ਗੁੱਟੀਆਂ ਦੇ ਹਿਸਾਬ ਨਾਲ ਪੂਰੇ ਪੰਜ ਲੱਖ ਰੁਪਏ ਸੀ। ਘਰ ਵਾਲੇ ਨੂੰ ਕੰਮ ਤੋਂ ਆ ਕੇ ਇਕਦਮ ਘਰ ਦੀ ਛੱਤ 'ਤੇ ਚੜ੍ਹਦਿਆਂ ਦੇਖ ਉਸ ਦੀ ਘਰਵਾਲੀ ਰੱਜੋ ਵੀ ਅਚੰਬੇ ਨਾਲ ਭਰੀ ਛੱਤ ਉਪਰ ਆਉੁਂਦਿਆਂ ਹੀ ਘਰਵਾਲੇ ਨੂੰ ਪੁੱਛਿਆ, 'ਜੀ, ਕੀ ਹੋਇਆ, ਤੁਸੀਂ ਕੰਮ ਤੋਂ ਆ ਕੇ ਸਿੱਧਾ ਛੱਤ 'ਤੇ ਕੀ ਲੈਣ ਆ ਗਏ।
ਫਿਰ ਉਸ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ। ਉਸ ਦੀ ਪਤਨੀ ਨੇ ਡਰਦਿਆਂ ਕਿਹਾ, 'ਜੀ ਤੁਸੀਂ ਆਜ ਨਵਾਂ ਪੰਗਾ ਕਿੱਥੋਂ ਚੱਕ ਲਿਆਏ, ਜੇ ਕੋਈ ਗੱਲ ਬਣ ਗਈ ਤਾਂ ਆਪਣੇ ਨਾਲ ਤਾਂ ਕਿਸੇ ਨੇ ਵੀ ਨਹੀਂ ਖੜਨਾ, ਆਪਾਂ ਤਾਂ ਪਹਿਲਾਂ ਹੀ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਆਂ, ਜਾਓ ਤੁਸੀਂ ਇਹ ਪੈਸਿਆਂ ਵਾਲਾ ਬੈਗ ਉਥੇ ਹੀ ਸੁੱਟ ਆਓ ਜਿਥੋਂ ਲੈ ਕੇ ਆਏ ਓਂ।'
ਡਰਿਆ ਤੇ ਘਬਰਾਇਆ ਪਰਸ਼ੋਤਮ ਦਾਸ ਬੈਗ ਫੜੀ ਮੰਜੇ 'ਤੇ ਬੇਠਾ ਰਿਹਾ, ਕੁਝ ਨਾ ਬੋਲ ਸਕਿਆ।
ਉਸ ਦੀ ਪਤਨੀ ਨੇ ਫਿਰ ਕਿਹਾ 'ਜੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਤੂੰ ਹੀ ਚੋਰ ਬਣੇਂਗਾ, ਜੋ ਬਦਨਾਮੀ ਹੋਣੀ ਉਹ ਵੱਖ ਹੋਣੀ ਆਂ'
ਰੱਜੋ ਕੁਝ ਸੋਚ ਕੇ ਫਿਰ ਬੋਲੀ 'ਜਾਂ ਤੁਸੀਂ ਇੰਝ ਕਰੋ, ਇਹ ਸਾਰੇ ਪੈਸੇ ਪੁਲਿਸ ਨੂੰ ਦੇ ਦਿਓ, ਸਾਰੇ ਪੁਲਿਸ ਵਾਲੇ ਇਕੋ ਜਿਹੇ ਨਹੀਂ ਹੁੰਦੇ, ਉਨ੍ਹਾਂ ਨੂੰ ਸੱਚੋ-ਸੱਚ ਦੱਸ ਦੇਣਾ ਕਿ ਇਹ ਬੈਗ ਮੈਨੂੰ ਕਿੱਥੋਂ ਮਿਲਿਆ ਸੀ।' ਸਾਹੋ-ਸਾਹੀ ਹੋਏ ਪੁਰਸ਼ੋਤਮ ਦਾਸ ਨੂੰ ਆਪਣੀ ਘਰਵਾਲੀ ਦੀ ਇਹ ਗੱਲ ਸਹੀ ਲੱਗੀ।
ਰੱਜੋ ਆਪਣੇ ਡਰੇ ਹੋਏ ਪਤੀ ਨੂੰ ਧਰਵਾਸਾ ਦਿੰਦੇ ਹੋਏ ਫਿਰ ਬੋਲੀ, 'ਜੀ ਤੁਸੀਂ ਡਰੋ ਨਾ, ਕੱਲ੍ਹ ਸਵੇਰੇ ਸਾਜਰੇ ਹੀ ਠਾਣੇ ਜਾ ਕੇ ਇਹ ਪੈਸੇ ਦੇ ਆਇਓ, ਕੋਈ ਨਾ ਤੂਸੀਂ ਐਵੇਂ ਨਾ ਘਬਰਾਓ, ਮੈਂ ਵੀ ਥੋਡੇ ਨਾਲ ਚੱਲੂੰ ਸਵੇਰੇ।'
ਪਰਸ਼ੋਤਮ ਦਾਸ ਬਿਨਾਂ ਰੋਟੀ ਖਾਧੇ ਹੀ ਮੰਜੇ 'ਤੇ ਪੈ ਗਿਆ ਤੇ ਪਤਾ ਨਹੀਂ ਉਸ ਨੂੰ ਕਿਸ ਵੇਲ਼ੇ ਨੀਂਦ ਆ ਗਈ।
ਪਰਸ਼ੋਤਮ ਨੇ ਠਾਣੇ ਜਾ ਕੇ ਸਾਹਮਣੇ ਬੈਠੇ ਪੁਲਿਸ ਵਾਲੇ ਨੂੰ ਸਾਰੀ ਗੱਲ ਦੱਸੀ। ਪੁਲਿਸ ਵਾਲੇ ਨੇ ਉਹ ਰੁਪਏ ਵਾਲਾ ਬੈਗ ਉਸ ਕੋਲੋਂ ਲੈ ਕੇ ਰੱਖ ਲਿਆ ਤੇ ਕਿਹਾ 'ਬਾਕੀ ਦੇ ਪੈਸੇ ਕਿੱਥੇ ਆ, ਉਹ ਵੀ ਦੱਸਦੇ ਹੁਣ।'
ਪਰਸ਼ੋਤਮ ਹੈਰਾਨ ਹੋ ਕੇ ਬੋਲਿਆ 'ਜੀ, ਕਿਹੜੇ ਬਾਕੀ ਦੇ ਪੈਸੇ'
ਪੁਲਿਸ ਵਾਲਾ 'ਪੁਲਿਸ ਨੂੰ ਚਾਰਦਾਂ, ਤੇਰੇ ਵਰਗੇ ਰੋਜ਼ 36 ਸਿੱਧੇ ਕਰਦੇ ਆਂ, ਬੰਦੇ ਦਾ ਪੁੱਤ ਬਣ ਕੇ ਦੱਸਦੇ ਬਾਕੀ ਦੇ ਪੈਸੇ ਕਿੱਥੇ ਆ, ਤੇ ਤੇਰੇ ਨਾਲ ਹੋਰ ਕੌਣ-ਕੌਣ ਆ, ਕਿਹੜਾ ਗਰੋਹ ਬਣਾਇਆ ਹੋਇਆ ਤੁਸੀਂ, ਕਿੱਥੇ-ਕਿੱਥੇ ਲੁੱਟਾਂ-ਖੋਹਾਂ ਕਰਦੇ ਓਂ।'
'ਨਹੀਂ-ਨਹੀਂ ਜਨਾਬ, ਥੋਨੂੰ ਕੋਈ ਗ਼ਲਤਫਹਿਮੀ ਹੋ ਗਈ, ਇਹ ਪੈਸੇ ਤਾਂ ਮੈਨੂੰ ਰਸਤੇ ਵਿਚ ਸੜਕ ਨਾਲ਼ ਝਾੜੀਆਂ ਵਿਚੋਂ...'
ਪਰਸ਼ੋਤਮ ਦਾਸ ਨੇ ਹਾਲ਼ੇ ਆਪਣੀ ਗੱਲ ਪੂਰੀ ਹੀ ਨਹੀਂ ਕੀਤੀ ਸੀ ਕਿ ਪੁਲਿਸ ਵਾਲੇ ਨੇ ਉਸ ਦੇ ਇਕ ਥੱਪੜ ਜੜ੍ਹ ਦਿੱਤਾ। ਇਸ ਵਾਰ ਪਰਸ਼ੋਤਮ ਡਰ ਗਿਆ ਉਸ ਨੂੰ ਲੱਗਾ ਕਿ ਇਹ ਤੈਨੂੰ ਕਿਸੇ ਗੰਭੀਰ ਕੇਸ ਵਿਚ ਫਸਾਉਣ ਦੀ ਤਿਆਰੀ ਕਰ ਰਹੇ ਆ।
ਪਰਸ਼ੋਤਮ ਦਾਸ ਡਰਦਾ-ਡਰਦਾ ਫਿਰ ਬੋਲਿਆ, 'ਨਹੀਂ-ਨਹੀਂ ਜਨਾਬ, ਮੈਂ ਸੱਚ ਦੱਸ ਰਿਹਾਂ ਕਿ ਇਹ ਬੈਗ ਮੈਨੂੰ ਰਸਤੇ ਵਿਚ ਮਿਲਿਆ ਸੀ, ਮੇਰੇ ਨਾਲ ਹੋਰ ਕੋਈ ਨਹੀਂ ਜਨਾਬ, ਮੈਂ ਤਾਂ ਦਿਹਾੜੀ ਕਰਦਾ, ਰੋਜ਼ ਕਮਾਉਣਾ, ਰੋਜ਼ ਖਾਨਾ, ਸ਼ਾਇਦ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਜਨਾਬ, ਮੈਂ ਗਰੀਬ ਬੰਦਾ, ਮੇਰੀ ਇਨੀ ਔਕਾਤ ਕਿੱਥੇ ਮੈਂ ਕੋਈ ਗਰੋਹ ਬਣਾਵਾਂ ਤੇ ਲੁੱਟਾਂ ਖੋਹਾਂ ਕਰਾਂ।'
ਪੁਲਿਸ ਵਾਲਾ ਫਿਰ ਦਬਕਾ ਮਾਰ ਕੇ ਬੋਲਿਆ, ਸੱਚ-ਸੱਚ ਦੱਸਦੇ ਪੁੱਤਰਾ ਇਹ ਪੈਸੇ ਕਿੱਥੋਂ ਲਿਆਇਆਂ, ਨਹੀਂ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਪੁਲਿਸ ਸਾਹਮਣੇ ਤਾਂ ਕੰਧਾਂ ਵੀ ਬੋਲਦੀਆਂ, ਤੂੰ ਤਾਂ ਫੇਰ ਬੰਦਾ, ਨਹੀਂ ਤਾਂ ਸਾਡੇ ਕੋਲ ਮਨਾਉਣ ਦੇ ਹੋਰ ਵੀ ਬਹੁਤ ਤਰੀਕੇ ਬਹੁਤ ਆ। ਸੋ, ਤੇਰੀ ਭਲਾਈ ਏਸੇ ਵਿਚ ਆ ਕਿ ਤੂੰ ਬਿਨਾਂ ਮਾਰ ਖਾਧੇ ਸੱਚੋ ਸੱਚ ਦੱਸਦੇ।'
'ਨਹੀਂ ਨਹੀਂ ਜਨਾਬ! ਮੈਂ ਸੱਚ ਬੋਲ ਰਿਹਾਂ, ਮੇਰਾ ਯਕੀਨ ਕਰੋ ਜਨਾਬ।' ਪਰਸ਼ੋਤਮ ਦਾਸ ਹੱਥ ਜੋੜ ਕੇ ਡਰਦਾ ਡਰਦਾ ਬੋਲਿਆ।
ਉਸ ਪੁਲਿਸ ਵਾਲੇ ਨੇ ਨਾਲ ਖੜ੍ਹੇ ਦੂਜੇ ਪੁਲਿਸ ਵਾਲੇ ਨੂੰ ਕਿਹਾ 'ਲਿਆ ਬਈ ਪਟਾ! ਇਹ ਫੇਰ ਹੀ ਮਨੂੰ, ਆਣ ਮਿਲੋ ਸੱਜਣਾ...ਵਾਲਾ। ਇਸ ਵਾਰ ਪ੍ਰਸ਼ੋਤਮ ਬੁਰੀ ਤਰ੍ਹਾਂ ਡਰ ਗਿਆ, ਉਸ ਨੂੰ ਪਸੀਨੇ ਆਉਣੇ ਸ਼ੁਰੂ ਹੋ ਗਏ। ਉਹ ਥਰ-ਥਰ ਕੰਬਣ ਲੱਗ ਪਿਆ ਤੇ ਮਨ ਹੀ ਮਨ ਵਿਚ ਉਸ ਘੜੀ ਨੂੰ ਕੋਸ ਰਿਹਾ ਸੀ, ਜਿਸ ਘੜੀ ਉਸਨੇ ਇਹ ਬੈਗ ਝਾੜੀਆਂ ਵਿਚੋਂ ਚੱਕਿਆ ਸੀ।
ਇਸ ਤੋਂ ਬਾਅਦ ਥਾਣੇਦਾਰ ਦੇ ਕਹਿਣ 'ਤੇ, ਨਾਲ ਖੜ੍ਹੇ ਦੋ ਪੁਲਿਸ ਵਾਲਿਆਂ ਨੇ ਕੈਦੀ ਹਵਾਲਾਤ ਵਿਚ ਪੁਰਸ਼ੋਤਮ ਦਾਸ ਨੂੰ ਮੁੱਧਾ ਪਾ ਲਿਆ, ਇਕ ਪੁਲਿਸ ਵਾਲੇ ਨੇ ਪਰਸ਼ੋਤਮ ਦੇ ਦੋਵੇਂ ਹੱਥ ਫੜ ਲਏ ਤੇ ਦੂਜੇ ਮੋਟੇ ਜਿਹੇ ਪੁਲਿਸ ਵਾਲੇ ਨੇ ਪਰਸ਼ੋਤਮ ਦਾਸ ਦੀਆਂ ਦੋਵੇਂ ਲੱਤਾਂ ਜ਼ੋਰ ਨਾਲ ਫੜ ਲਈਆਂ।
ਥਾਣੇਦਾਰ ਨੇ ਪਟੇ ਨੂੰ ਆਪਣੇ ਮੋਢਿਆਂ ਤੋਂ ਥੋੜ੍ਹਾ ਉੱਪਰ ਚੁੱਕ ਕੇ ਦੋਵੇਂ ਹੱਥਾਂ ਨਾਲ ਮੁੱਧੇ ਪਾ ਰੱਖੇ ਪਰਸ਼ੋਤਮ ਦਾਸ ਦੇ ਪੱਟਾਂ ਤੋਂ ਉੱਪਰ ਵਾਲੇ ਪੋਲੇ ਮਾਸ 'ਤੇ ਜ਼ੋਰ ਨਾਲ ਮਾਰਿਆ, ਤੇ ਇਕ ਹੀ ਪਟੇ ਦੀ ਜ਼ਬਰਦਸਤ ਮਾਰ ਨਾਲ ਪਰਸ਼ੋਤਮ ਦਾਸ ਦੀ ਏਡੀ ਚਿੰਗਾੜ ਵੱਜੀ ਕਿ ਸਾਰਾ ਠਾਣਾ ਗੂੰਜ ਉਠਿਆ। 'ਹਾਏ ਮਾਰਤਾ ਓਏ, ਹਾਏ ਮਾਰਤਾ ਓਏ, ਬਚਾਲਾ ਰੱਬਾ ਮੈਨੂੰ, ਮੈਂ ਬੇਕਸੂਰ ਆਂ, ਮੈਂ ਕੁਝ ਨਹੀਂ ਕੀਤਾ, ਪਰਸ਼ੋਤਮ ਦਾਸ ਪੁਲਿਸ ਵਾਲਿਆਂ ਦੇ ਸਾਹਮਣੇ ਪਟੇ ਦੀ ਮਾਰ ਨਾ ਝੱਲਦਾ ਹੋਇਆ ਗਿੜ-ਗਿੜਾਉਣ ਲੱਗਾ।
ਪਰਸ਼ੋਤਮ ਦਾਸ ਦੀ ਏਡੀ ਚੀਕ ਸੁਣ ਕੇ ਉਸ ਦੀ ਘਰਵਾਲੀ ਮੰਜੇ 'ਤੇ ਸੁੱਤੀ ਪਈ ਇਕਦਮ ਉੱਠ ਗਈ ਤੇ ਨਾਲ ਦੇ ਮੰਜੇ 'ਤੇ ਸੁੱਤੇ ਪਏ ਚੀਕਾਂ ਮਾਰਦੇ ਆਪਣੇ ਘਰਵਾਲੇ ਨੂੰ ਜਗਾਇਆ। ਪਸੀਨੋ-ਪਸੀਨੀ ਹੋਇਆ ਪਰਸ਼ੋਤਮ ਦਾਸ ਇਕਦਮ ਮੰਜੇ ਤੋਂ ਉੱਠਿਆ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਭ ਤਾਂ ਸੁਪਨਾ ਸੀ। ਉਸ ਨੇ ਰੱਬ ਦਾ ਸ਼ੁਕਰ ਮਨਾਇਆ। ਬੁਰੀ ਤਰ੍ਹਾਂ ਡਰੇ ਹੋਏ ਆਪਣੇ ਘਰ ਵਾਲੇ ਨੂੰ ਦੇਖ ਕੇ ਰੱਜੋ ਭੱਜ ਕੇ ਪਾਣੀ ਦਾ ਗਿਲਾਸ ਲੈ ਕੇ ਆਈ ਤੇ ਆਪਣੇ ਪਤੀ ਨੂੰ ਦਿੱਤਾ। ਰਾਤ ਦੇ ਕਰੀਬ ਦੋ ਵੱਜ ਚੁੱਕੇ ਸੀ ਘਰਵਾਲੇ ਦੀ ਇਹ ਹਾਲਤ ਦੇਖ ਉਸ ਦੀ ਪਤਨੀ ਰੱਜੋ ਬੋਲੀ, 'ਕੀ ਹੋ ਗਿਆ ਜੀ! ਤੁਸੀਂ ਐਡੀ ਵੱਡੀ ਚੀਕ ਕਿਉਂ ਮਾਰੀ, ਮੈਂ ਤਾਂ ਇਕਦਮ ਡਰ ਗਈ।'
ਪਰਸ਼ੋਤਮ ਨੇ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ ਕਿ ਮੈਨੂੰ ਇੰਜ ਸੁਪਨਾ ਆਇਆ ਸੀ
ਰੱਜੋ ਨੇ ਆਪਣੇ ਪਤੀ ਦੀ ਹਾਲਤ ਦੇਖਦਿਆਂ ਕਿਹਾ, 'ਨਹੀਂ-ਨਹੀਂ ਜੀ, ਤੁਸੀਂ ਰਹਿਣ ਦਿਓ ਪੁਲਿਸ ਨੂੰ ਦੱਸਣ ਦੀ, ਕੋਈ ਲੋੜ ਨਹੀਂ, ਮੈਨੂੰ ਤਾਂ ਡਰ ਲੱਗ ਰਿਹਾ, ਕਿਤੇ ਤੁਹਾਡਾ ਸੁਪਨਾ ਸੱਚ ਹੀ ਨਾ ਹੋ ਜਾਵੇ, ਉਪਰੋਂ ਸੁਪਨਾ ਵੀ ਤੁਹਾਨੂੰ ਸਵੇਰੇ ਤਿੰਨ ਵਜੇ ਆਇਆ, ਕਹਿੰਦੇ ਆ ਸਵੇਰ ਦਾ ਦੇਖਿਆ ਸੁਪਨਾ ਕਈ ਵਾਰ ਸੱਚ ਹੋ ਜਾਂਦਾ। ਬਾਕੀ ਤੁਸੀਂ ਪੈਸਿਆਂ ਬਾਰੇ ਚਿੰਤਾ ਨਾ ਕਰੋ, ਜੇ ਕੋਈ ਆਏਗਾ ਤਾਂ ਦੇ ਦਵਾਂਗੇ। ਆਪਾਂ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ। ਜੇ ਪੁਲਿਸ ਆਈ ਤਾਂ ਦੇਖੀ ਜਾਊਗੀ। ਤੁਸੀਂ ਐਵੇਂ ਬਾਲੀ ਚਿੰਤਾ ਨਾ ਕਰੋ, ਖ਼ਸਮਾਂ ਨੂੰ ਖਾਣ ਏਹੋ ਜਿਹੇ ਪੈਸੇ, ਜਿਸ ਲਈ ਸਾਨੂੰ ਡਰ-ਡਰ ਕੇ ਰਹਿਣਾ ਪਵੇ ਤੇ ਰਾਤਾਂ ਨੂੰ ਨੀਂਦ ਵੀ ਨਾ ਆਵੇ। ਆਪਾਂ ਤਾਂ ਜੀ, ਬਿਨਾਂ ਪੈਸਿਆਂ ਤੋਂ ਹੀ ਠੀਕ ਆਂ, ਤੁਸੀਂ ਭੋਰਾ ਚਿੰਤਾ ਨਾ ਕਰੋ, ਆਪਾਂ ਕਿਹੜਾ ਕੋਈ ਕਿਸੇ ਨਾਲ ਠੱਗੀ ਮਾਰੀ ਆ, ਦਾਤਾ ਭਲੀ ਕਰੂ, ਤੁਸੀਂ ਬੇਫਿਕਰ ਹੋ ਕੇ ਸੌਂ ਜਾਓ, ਕੋਈ ਟੈਂਸ਼ਨ ਨਾ ਲਵੋ।
ਇੰਜ ਕਰਦਿਆਂ-ਕਰਦਿਆਂ ਦੋ ਮਹੀਨੇ ਬੀਤ ਗਏ ਸਭ ਕੁਝ ਠੀਕ ਸੀ ਕੋਈ ਨਹੀਂ ਸੀ ਆਇਆ ਪੈਸਿਆਂ ਦੀ ਪੁੱਛ ਪੜਤਾਲ ਕਰਨ ਲਈ। ਪਰਸ਼ੋਤਮ ਦਾਸ ਦੀ ਕਿਸਮਤ ਨੇ ਕਰਵਟ ਲੈ ਲਈ ਤੇ ਪਰਸ਼ੋਤਮ ਦੇ ਭਾਗਾਂ ਵਿਚ ਸ਼ਾਇਦ ਚੰਗੇ ਦਿਨ ਆਉਣੇ ਸ਼ੁਰੂ ਹੋ ਗਏ। ਕੁਝ ਸਮੇਂ ਬਾਅਦ ਪਰਸ਼ੋਤਮ ਨੇ ਨਵਾਂ ਘਰ ਪਾ ਲਿਆ ਤੇ ਜਵਾਨ ਹੋਈ ਕੁੜੀ ਦਾ ਵਿਆਹ ਕਰ ਦਿੱਤਾ। ਹੁਣ ਜੇਕਰ ਪਰਸ਼ੋਤਮ ਦਾਸ ਕਦੇ ਭੁੱਲ ਭੁਲੇਖੇ ਵੀ ਠਾਣੇ ਦੇ ਅੱਗਿਓਂ ਲੰਘ ਜਾਵੇ ਤਾਂ ਉਸ ਨੂੰ ਉਹੀ ਸੁਪਨਾ ਝੱਟ ਯਾਦ ਆ ਜਾਂਦਾ ਹੈ।

-ਖਰੜ। ਮੋਬਾਈਲ : 94630-42416

Ad Position 22
No active advertisement
ਪਿਛਲੀ ਖ਼ਬਰ 19-04-26 ਅਗਲੀ ਖ਼ਬਰ ਸ਼ੌਕ ਵਿਹੂਣੀ ਜ਼ਿੰਦਗੀ
Ad Position 24
No active advertisement