ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ੌਕ ਵਿਹੂਣੀ ਜ਼ਿੰਦਗੀ

Ad Position 21
No active advertisement
ਅਜੀਤ ਡੈਸਕ 19-04-2026

'ਤੈਨੂੰ ਕਿੰਨੀ ਵਾਰ ਕਿਹਾ ਬਈ ਮੈਨੂੰ ਤੇਰਾ ਇਹ ਗ਼ਜ਼ਲਾਂ ਕਵਿਤਾਵਾਂ ਲਿਖਣਾ ਜ਼ਰਾ ਪਸੰਦ ਨੀਂ। ਬੱਚੇ ਤੇ ਘਰ ਬਾਰ ਸਾਂਭ। ਐਵੇਂ ਕਲਪਨਾਵਾਂ ਦੀ ਦੁਨੀਆ ਵਿਚ ਭਕਾਈ ਮਾਰਦੀ ਰਹਿਨੀ ਏਂ। ਮੈਨੂੰ ਤਾਂ ਤੇਰੇ ਇਸ ਸ਼ੌਕ ਦੀ ਭੋਰਾ ਸਮਝ ਨੀ ਆਉਂਦੀ।'
ਆਪਣੀ ਗਲ਼ੀ ਦਾ ਪਹਿਲਾ ਮੋੜ ਮੁੜ ਕੇ, ਦੂਜੀ ਗਲ਼ੀ ਵਿਚ ਪੈਰ ਪਾਇਆ ਹੀ ਸੀ ਕਿ ਇਕ ਚੁਬਾਰੇ ਦੀ ਬਾਰੀ ਵਿਚੋਂ ਕਿਸੇ ਕਾਪੀ ਦੇ ਪਾਟੇ ਹੋਏ ਪੰਨੇ, ਕਿਸੇ ਨੇ ਐਨੀ ਬੇਦਰਦੀ ਨਾਲ ਥੱਲੇ ਸੁੱਟੇ-ਜਿਵੇਂ ਸਭ ਕੁਝ ਬੇਮਾਅਨੇ ਤੇ ਬੇਮਤਲਬ ਹੋਣ ਤੇ ਨਾਲ ਹੀ ਕਿਸੇ ਮਰਦ ਦੇ ਚੀਕਵੇਂ ਬੋਲ ਕੰਨੀਂ ਪਏ।
ਮੈਂ ਫਟੇ ਹੋਏ ਵਰਕਿਆਂ ਨੂੰ ਧਿਆਨ ਨਾਲ ਦੇਖਿਆ। ਬਹੁਤ ਸੋਹਣੀ ਲਿਖਾਈ, ਬੜੇ ਸਲੀਕੇ ਤੇ ਸੁਚੱਜੇ ਢੰਗ ਨਾਲ ਜੜੇ ਹੀਰਿਆਂ, ਮੋਤੀਆਂ ਵਰਗੇ ਹਰਫ਼। ਮੈਂ ਜਿੰਨੇ ਵੀ ਸਮੇਟ ਸਕਦੀ ਸੀ, ਇਕੱਠੇ ਕਰ ਲਏ, ਪਰ ਬਹੁਤੇ ਵਰਕੇ ਨਾਲ਼ ਵਗਦੀ ਨਾਲੀ ਵਿਚ ਵਹਿ ਗਏ। ਉਸ ਖ਼ਜ਼ਾਨੇ ਨੂੰ ਸਾਂਭਦੀ ਮੈਂ ਅੱਗੇ ਜਾਣ ਦੀ ਬਜਾਏ, ਘਰ ਵਾਪਸ ਆ ਗਈ। ਵਰਕਿਆਂ ਨੂੰ ਜੋੜ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ, ਮੈਂ ਹੈਰਾਨ ਸੀ ਕਿ ਅੱਤ ਦਰਜੇ ਦੀ ਸ਼ਾਇਰੀ ਪੜ੍ਹ ਕੇ, ਉਮਦਾ ਲਫ਼ਜ਼, ਬਾਕਮਾਲ ਅਲਫਾਜ਼ ਤਾਰੀਫ਼ ਤੋਂ ਪਰ੍ਹੇ ਦੀ ਗੱਲ ਸੀ, ਅਤਿ ਦਰਜੇ ਦੀ ਸ਼ਾਇਰਾ ਮੇਰੇ ਕੋਲ ਰਹਿੰਦੀ ਸੀ। ਪਰ ਮੈਨੂੰ ਤਾਂ ਕੀ, ਕਿਸੇ ਨੂੰ ਵੀ ਉਹਦੇ ਇਸ ਹੁਨਰ ਦੀ ਭਿਣਕ ਨਹੀਂ ਸੀ।
ਉਹਦੀ ਸ਼ਾਇਰੀ 'ਚੋਂ ਦਿਮਾਗ ਨਿਕਲਿਆ ਤਾਂ ਉਹਦੇ ਘਰਵਾਲੇ ਦੇ ਬੋਲ ਯਾਦ ਆਏ, ਕੋਈ ਕਿਸੇ ਦੇ ਸ਼ੌਕ ਨੂੰ ਇੰਝ ਜ਼ਬਰਦਸਤੀ ਕਿਵੇਂ ਦਬਾ ਸਕਦਾ? ਇਹ ਸੌਕ ਰੱਬੀ ਦਾਤ ਹੁੰਦੇ ਨੇ, ਜੋ ਪੈਦਾ ਨਹੀਂ ਕੀਤੇ ਜਾ ਸਕਦੇ ਸਗੋਂ ਅਸੀਂ ਪੈਦਾ ਹੀ ਇਨ੍ਹਾਂ ਨਾਲ ਹੁੰਦੇ ਹਾਂ, ਧੀਆਂ ਦੇ ਸ਼ੌਕ ਤਾਂ ਵਿਰਲੇ ਹੀ ਪੂਰੇ ਕਰਦੇ ਨੇ, ਪਿਤਾ ਦੇ ਘਰ ਕਿਹਾ ਜਾਂਦਾ ਕਿ ਸਹੁਰੇ ਘਰ ਜਾ ਕੇ ਸ਼ੌਕ ਪੂਰੇ ਕਰੀਂ, ਨਹੀਂ ਤਾਂ ਰਿਸ਼ਤਾ ਤੇ ਵਿਆਹ ਕਰਨ ਵੇਲੇ ਪ੍ਰੇਸ਼ਾਨੀ ਹੋਵੇਗੀ। ਪਰ ਸਹੁਰਿਆਂ ਦਾ ਕਹਿਣਾ ਹੁੰਦਾ ਕਿ ਬਾਪ ਘਰ ਜੋ ਕਰਨਾ ਸੀ, ਉਹ ਕਰ ਲਿਆ, ਹੁਣ ਘਰ-ਬਾਰ ਤੇ ਬੱਚੇ ਸਾਂਭੋ। ਪਰ ਸੱਚਾਈ ਇਹ ਹੀ ਹੈ ਕਿ ਸਾਰੇ ਜ਼ਰੂਰਤਾਂ, ਲੋੜਾਂ ਹੀ ਪੂਰੀਆਂ ਕਰਦੇ ਨੇ, ਸ਼ੌਕ ਕੋਈ ਨਹੀਂ ਪੂਰੇ ਕਰਦਾ ਤੇ ਇਸੇ ਕਸ਼ਮਕਸ਼ ਵਿਚ ਪਤਾ ਨਹੀਂ ਕਿੰਨੀਆਂ ਕੁ ਧੀਆਂ ਚਾਰਦੀਵਾਰੀਆਂ ਵਿਚ ਬੰਦ ਹੋ ਕੇ, ਆਪਣੇ ਚਾਵਾਂ ਦੇ ਗਲ਼ੇ ਘੁੱਟ ਕੇ ਜਿਊਂਦੀਆਂ ਨੇ ਤੇ ਨਾਲ ਹੀ ਇਕ ਲੇਖਕ ਦੀ ਘਰਵਾਲੀ ਦੇ ਬੋਲ ਯਾਦ ਆ ਗਏ ਕਿ ਜਦੋਂ ਇਹ ਕੁਝ ਲਿਖਦੇ ਨੇ ਤਾਂ ਮੈਂ ਬੱਚਿਆਂ ਨੂੰ ਤੇ ਹੋਰਨਾਂ ਨੂੰ ਬਿਲਕੁਲ ਰੌਲਾ ਨਹੀਂ ਪਾਉਣ ਦਿੰਦੀ। ਖਾਣ ਪੀਣ ਦਾ ਪੂਰਾ ਖਿਆਲ ਰੱਖਦੀ ਹਾਂ ਕਿ ਉਹ ਇਕਾਗਰ ਚਿੱਤ ਹੋ ਕੇ ਲਿਖ ਸਕਣ। ਹੱਥਾਂ ਦੀਆਂ ਚੂੜੀਆਂ ਤੇ ਪੈਰਾਂ ਦੀਆਂ ਝਾਂਜਰਾਂ ਖੋਲ੍ਹ ਦਿੰਦੀ ਆਂ ਤਾਂ ਕਿ ਉਨ੍ਹਾਂ ਦਾ ਧਿਆਨ ਭੰਗ ਨਾ ਹੋਵੇ, ਉਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਦੀ ਮੈਨੂੰ ਬਹੁਤੀ ਸਮਝ ਨਹੀਂ ਆਉਂਦੀ, ਪਰ ਫਿਰ ਵੀ ਖ਼ੁਸ਼ ਹੋ ਕੇ ਸੁਣਦੀ ਹਾਂ।
'ਪਾਲ! ਆਹ ਕਾਗਜ਼ ਦੇ ਟੁਕੜੇ ਤੂੰ ਖਿਲਾਰੇ ਨੇ। ਐਂ ਲੱਗਦੈ, ਜਿਵੇਂ ਤੇਰਾ ਗੀਤ ਲਿਖਿਆ ਹੁੰਦੈ। ਮੈਨੂੰ ਤਾਂ ਪਤਾ ਹੀ ਨਹੀਂ ਕਿ ਤੂੰ ਲਿਖਦੀ ਵੀ ਹੁੰਨੀ ਐਂ।' ਖਿੱਲਰੇ ਟੁਕੜਿਆਂ ਨੂੰ ਚੁੱਕ ਚੁੱਕ ਕੇ ਜੋੜਦਾ ਹੋਇਆ ਉਹ ਬੋਲਿਆ।
ਪਾਲ ਨਹੀਂ ਬੋਲੀ। ਸਿਰਫ਼ ਮੱਥੇ 'ਤੇ ਦੋਵੇਂ ਹੱਥ ਰੱਖ ਕੇ ਬੈੱਡ 'ਤੇ ਪਈ ਆਪਣੇ ਪਤੀ ਵੱਲ ਵੇਖਦੀ ਰਹੀ।
'ਆਹ ਦੇਖ ਪਾਲ! ਆਹ ਟੁਕੜੇ ਜੁੜ ਗਏ।' ਜੋੜੇ ਟੁਕੜਿਆਂ ਨੂੰ ਝੁਕ ਕੇ ਪੜ੍ਹਦਿਆਂ ਉਸ ਨੇ ਫੇਰ ਕਿਹਾ, 'ਦੇਖ ਕਿੰਨੀ ਵਧੀਆ ਗ਼ਜ਼ਲ ਲਿਖੀ ਐ। ਤੇ ਆਹ ਦੇਖ ਕਵਿਤਾ... ਕਮਾਲ ਦੇ ਖ਼ਿਆਲ ਨੇ। ਤੂੰ ਇਹ ਪਾੜ ਕਾਹਨੂੰ ਦਿੱਤੇ। ਐਂ ਨਾ ਪਾੜਿਆ ਕਰ। ਕਿਸੇ ਅਖ਼ਬਾਰ ਨੂੰ ਭੇਜ ਦਿਆ ਕਰ, ਨਾਲੇ ਫ਼ੋਟੋ। ਦੇਖੀਂ ਫੇਰ...।' ਉਹ ਇਕੋ ਸਾਹੇ ਕਈ ਕੁਝ ਕਹਿ ਗਿਆ।
'ਕਾਸ਼! ਇਨ੍ਹਾਂ ਕਾਗਜ਼ ਦੇ ਟੁਕੜਿਆਂ ਵਿਚੋਂ ਬਿੱਖਰਦੀ ਮਹਿਕ ਮੇਰੇ ਪਤੀ ਵਾਂਗ ਉਸ ਸ਼ਾਇਰਾ ਦੇ ਪਤੀ ਦੇ ਨੱਕ ਤੱਕ ਪਹੁੰਚੀ ਹੁੰਦੀ। ਕਾਸ਼!.... ਕਾਸ਼...।'

-ਸੰਪਰਕ : 81980-95028, 73409-23044

Ad Position 22
No active advertisement
ਪਿਛਲੀ ਖ਼ਬਰ 5 ਲੱਖ ਰੁਪਏੇ ਅਗਲੀ ਖ਼ਬਰ ਖਾਣਾ
Ad Position 24
No active advertisement