ਅਜੀਬ ਮਾਨਸਿਕ ਸੰਕਟ ਵਿਚੋਂ ਹੀ ਉਹਨੂੰ ਹਰ ਰੋਜ਼ ਗੁਜ਼ਰਨਾ ਪੈਂਦਾ ਸੀ। ਉਹਦੀ ਪਤਨੀ ਜਦੋਂ ਉਹਨੂੰ ਸ਼ਾਮ ਨੂੰ ਕਹਿੰਦੀ, 'ਖਾਣਾ ਖਾ ਲਵੋ' ਤਾਂ ਉਸਦੇ ਸਾਹਮਣੇ ਬਚਪਨ ਆ ਜਾਂਦਾ। ਜਦੋਂ ਉਹ ਕਿਸੇ ਸੇਠ ਦੇ ਘਰ ਨੌਕਰ ਸੀ। ਝਿੜਕਾਂ, ਗਾਲਾਂ ਬੋਲ-ਕੁ-ਬੋਲ ਕਿੰਨਾ ਹੀ ਉਸਨੂੰ ਸੁਣਨਾ ਪੈਂਦਾ ਤੇ ਫਿਰ ਮਾਲਕਣ ਦੀ ਗਰਜ਼ਵੀਂ ਆਵਾਜ਼ ਆਉਂਦੀ, 'ਜਾ, ਖਾਣਾ ਲੈ ਕੇ ਆ!' ਉਨ੍ਹਾਂ ਨੂੰ ਖਾਣਾ ਖਵਾਉਣ ਉਪਰੰਤ ਮਾਲਕਣ ਦੋ-ਤਿੰਨ ਬੇਹੀਆਂ ਰੋਟੀਆਂ ਤੇ ਅਚਾਰ ਰੱਖ ਕੇ ਉਹਨੂੰ ਕਹਿੰਦੀ, 'ਲੈ, ਰੋਟੀ ਖਾ ਲੈ।' ਉਸ ਵੇਲੇ ਉਸਦਾ ਬਾਲ ਮਨ ਖਾਣੇ ਤੇ ਰੋਟੀ ਦੇ ਅੰਤਰ ਨੂੰ ਸਮਝਣ ਲੱਗ ਪਿਆ ਸੀ।
ਕਿਸੇ ਤਰ੍ਹਾਂ ਮੁਸ਼ਕਿਲ ਨਾਲ ਉਹ ਪੜ੍ਹਿਆ ਨੌਕਰੀ ਮਿਲ ਗਈ ਤੇ ਫਿਰ ਸ਼ਾਦੀ ਵੀ ਹੋ ਗਈ। ਹੁਣ ਜਦੋਂ ਉਹਦੀ ਪਤਨੀ ਉਹ ਨੂੰ ਮੋਹ ਨਾਲ 'ਖਾਣਾ ਖਾ ਲਵੋ' ਕਹਿੰਦੀ ਤਾਂ ਉਹਦੇ ਸਾਹਮਣੇ ਅਤੀਤ ਆ ਖਲੋਂਦਾ ਤੇ ਉਹਦਾ ਭਾਵਕ ਮਨ ਮਸੋਸਿਆ ਜਿਹਾ ਜਾਂਦਾ।
ਤੇ ਫਿਰ ਇਕ ਦਿਨ ਉਹਨੇ ਪਤਨੀ ਨੂੰ ਗੰਭੀਰ ਹੋ ਕੇ ਕਿਹਾ, 'ਤੂੰ ਮੈਨੂੰ ਐਵੇ ਨਾ ਹਾਕਾਂ ਮਾਰਿਆ ਕਰ। ਜਦੋਂ ਤਿਆਰ ਹੋ ਜਾਇਆ ਕਰੇਗਾ, ਆਪੇ ਰਸੋਈ ਵਿਚ ਆ ਜਾਇਆ ਕਰੂੰ।'
ਉਹਦੀ ਪਤਨੀ ਹੈਰਾਨ ਹੋ ਕੇ ਉਹਦੇ ਵੱਲ ਵੇਖਣ ਲੱਗ ਪਈ।
ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ,ਸੰਗਰੂਰ।
ਸੰਪਰਕ : 94171-48866