ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਚਮੁੱਚ, ਉਹ ਜ਼ਮਾਨੇ ਭਲੇ ਸੀ

Ad Position 21
No active advertisement
ਅਜੀਤ ਡੈਸਕ 19-04-2026

ਬੀਬੀ ਦੱਸਦੀ ਸੀ ਕਿ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੇਰਾ ਨਾਂਅ ਅਵਤਾਰ ਸਿੰਘ ਰੱਖਿਆ। ਉਸ ਵੇਲੇ ਨਾ ਤਾਂ ਗੁਰਦੁਆਰਾ ਸਾਹਿਬ ਦੇ ਮੁੱਖਵਾਕ ਤੋਂ ਪਹਿਲਾ ਅੱਖਰ ਲੈ ਕੇ ਨਾਂਅ ਰੱਖਣ ਦਾ ਰਿਵਾਜ ਸੀ ਤੇ ਨਾ ਹੀ ਕਿਸੇ ਵਿਸ਼ੇਸ਼ ਉਚੇਚ ਦੀ ਪਾਲਣਾ ਕੀਤੀ ਜਾਂਦੀ ਸੀ। ਸੱਚ ਪੁੱਛੋ ਤਾਂ ਮੇਰੇ ਅਨਪੜ੍ਹ ਕਿਰਤੀ ਮਾਪਿਆਂ ਨੂੰ ਇਸ ਸੰਬੰਧੀ ਕੋਈ ਵੱਖਰੀ ਸੂਝ-ਬੂਝ ਵੀ ਨਹੀਂ ਸੀ। ਸੋ, ਸਾਦਗੀ ਨਾਲ ਨਾਂਅ ਰੱਖ ਦਿੱਤਾ ਗਿਆ। ਹੋ ਸਕਦਾ ਹੈ ਚੌਕੀਦਾਰ ਵਾਲੀ ਪੱਤਰੀ ਵਿਚ ਵੀ ਇਹੀ ਨਾਂਅ ਦਰਜ ਹੋਇਆ ਹੋਵੇ।
ਇਕ ਦਿਨ ਜਦੋਂ ਮੈਂ ਆਪਣੀ ਬੀਬੀ ਨਾਲ ਕੱਖ ਖੋਤਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਖੱਟੀ ਪੱਗ ਵਾਲੇ ਮਾਸਟਰ ਜੀ ਮਿਲ ਪਏ। ਬੀਬੀ ਨੇ ਸਤਿਕਾਰ ਨਾਲ 'ਸਤਿ ਸ੍ਰੀ ਅਕਾਲ' ਬੁਲਾਈ ਤੇ ਕਿਹਾ ਮਾਹਟਰ ਜੀ, ਮੇਰੇ ਮੁੰਡੇ ਨੂੰ ਹੁਣ ਸਕੂਲ ਦਾਖਲਾ ਕਰਾ ਦਿਓ, ਆਹ ਵਿਸਾਖੀ ਤੱਕ ਏਹ ਸੱਤ ਸਾਲਾਂ ਦਾ ਹੋਜੂ।
ਮਾਸਟਰ ਜੀ ਨੇ ਸਹਿਜਤਾ ਨਾਲ ਕਿਹਾ, ਕੋਈ ਗੱਲ ਨਹੀਂ, ਕੱਲ੍ਹ ਕਾਕੇ ਨੂੰ ਲੈ ਕੇ ਸਕੂਲ ਆ ਜਾਵੀਂ।
ਅਗਲੇ ਦਿਨ ਬੀਬੀ ਮੈਨੂੰ ਨਾਲ ਲੈ ਕੇ ਸਕੂਲ ਪਹੁੰਚ ਗਈ। ਮਾਸਟਰ ਜੀ ਨੇ ਖੜ੍ਹੀ ਖਲੋਤੀ ਬੀਬੀ ਨੂੰ ਪੁੱਛਿਆ, 'ਭਾਈ, ਇਸਦਾ ਕੀ ਨਾਂਅ ਹੈ?'
ਬੀਬੀ ਨੇ ਜਵਾਬ ਦਿੱਤਾ, 'ਅਵਤਾਰ ਸਿੰਘ ਰੱਖਿਆ ਜੀ।'
ਮਾਸਟਰ ਜੀ ਨੇ ਪਹਿਲੀ ਕਲਾਸ ਦਾ ਰਜਿਸਟਰ ਵੇਖਿਆ ਤੇ ਕਹਿਣ ਲੱਗੇ, ਭਾਈ, ਪਹਿਲਾਂ ਹੀ ਦੋ ਹੋਰ ਅਵਤਾਰ ਹਨ। ਐਵੇਂ ਭੁਲੇਖਾ ਪੈਂਦਾ ਰਹੂ× , ਕੋਈ ਹੋਰ ਮਿਲਦਾ-ਜੁਲਦਾ ਨਾਮ ਰੱਖ ਲਵੋ।
ਅੱਜ ਦੇ ਸਮੇਂ ਵਿਚ ਹੁੰਦਾ ਤਾਂ ਸ਼ਾਇਦ ਮਾਸਟਰ ਜੀ ਇਹ ਗੱਲ ਕਹਿਣ ਦੀ ਹਿੰਮਤ ਨਾ ਕਰਦੇ ਤੇ ਜੇ ਕਹਿ ਵੀ ਦਿੰਦੇ ਤਾਂ ਮਾਪੇ ਮੰਨਣ ਵਾਲੇ ਨਹੀਂ ਸੀ। ਪਰ ਉਹ ਹੋਰ ਹੀ ਜ਼ਮਾਨਾ ਸੀ। ਬੀਬੀ ਕੁਝ ਸਮਾਂ ਚੁੱਪ ਰਹੀ। ਬੀਬੀ ਨੂੰ ਕੱਖ ਖੋਤਣ ਜਾਣ ਦੀ ਕਾਹਲੀ ਸੀ। ਘਰ ਖੁਰਲੀ ਖੜ੍ਹੀਆਂ ਅਧਿਆਰੇ 'ਤੇ ਲਈਆਂ ਤਿੰਨ ਮੱਝਾਂ ਦਾ ਢਿੱਡ ਜੋ ਭਰਨਾ ਸੀ। ਏਧਰ ਮਾਸਟਰ ਜੀ ਨੇ ਬੀਬੀ ਨੂੰ ਹੋਰ ਚੱਕਰਾਂ ਵਿਚ ਪਾ ਦਿੱਤਾ ਸੀ। ਰੰਬਾ ਦਾਤੀ ਬਾਹਰ ਸਕੂਲ ਦੇ ਗੇਟ 'ਤੇ ਪਿਆ ਬੀਬੀ ਦੀ ਉਡੀਕ ਕਰ ਰਿਹਾ ਸੀ। ਮਾਸਟਰ ਚੰਗਾ ਸੀ। ਵਿਹੜਿਓਂ ਹੀ ਰੱਤੇ ਕੇ ਲਾਣੇ ਦਾ ਰਿਸ਼ਤੇਦਾਰ ਸੀ। ਉਹ ਪੀਲੇ ਰੰਗ ਦੀ ਪੱਗ ਬੰਨ੍ਹਦਾ ਸੀ। ਪਰ ਸਾਰੇ ਪਿੰਡ ਵਾਲੇ ਉਸ ਨੂੰ ਖੱਟੀ ਪੱਗ ਵਾਲਾ ਮਾਸਟਰ ਹੀ ਕਹਿੰਦੇ ਸਨ। ਬੀਬੀ ਨੂੰ ਸ਼ਸ਼ੋਪੰਜ ਵਿਚ ਪਈ ਦੇਖ ਕੇ ਮਾਸਟਰ ਜੀ ਨੇ ਆਪ ਹੀ ਕਿਹਾ, ਅਵਤਾਰ ਨਹੀਂ ਤਾਂ ਜਗਤਾਰ ਰੱਖ ਲਵੋ।
ਬੀਬੀ ਨੇ ਬਿਨਾਂ ਕਿਸੇ ਸੋਚ-ਵਿਚਾਰ ਦੇ ਤੁਰੰਤ ਸਹਿਮਤੀ ਦਿੰਦਿਆਂ ਕਿਹਾ, ਮਾਹਟਰ ਜੀ, ਜਗਤਾਰ ਲਿਖ ਲਵੋ× ਪੜ੍ਹਨਾ ਤਾਂ ਏਹਨੇ ਆ, ਨਾਂਅ ਨੇ ਤਾਂ ਨੀਂ। ਇਸ ਤਰ੍ਹਾਂ ਮੇਰਾ ਨਾਂਅ ਅਵਤਾਰ ਤੋਂ ਜਗਤਾਰ ਹੋ ਗਿਆ। ਜਾਣੀਕਿ ਅਵਤਾਰ ਧਾਰਨ ਤੋਂ ਜਗ ਤਾਰਨ ਤੱਕ ਸਫ਼ਰ ਸਹਿਜ ਹੀ ਹੋ ਗਿਆ। ਬੀਬੀ ਨੂੰ ਚੱਕਰਵਿਊ ਤੋਂ ਛੁਟਕਾਰਾ ਮਿਲ ਗਿਆ ਸੀ। ਮੇਰਾ ਜਗਤਾਰ ਸਿੰਘ ਦੇ ਨਾਂਅ 'ਤੇ ਦਾਖਲਾ ਹੋ ਗਿਆ ਸੀ। ਘਰ ਵਿਚ ਅਵਤਾਰ ਦੀ ਬਜਾਏ 'ਜਗਤਾਰ-ਜਗਤਾਰ' ਹੋਣੀ ਸ਼ੁਰੂ ਹੋ ਗਈ।
ਅੱਜ ਜਦੋਂ ਸੋਚਦਾ ਹਾਂ ਤਾਂ ਹੈਰਾਨੀ ਹੁੰਦੀ ਹੈ। ਹੁਣ ਕਿਸੇ ਬੱਚੇ ਦਾ ਨਾਂਅ ਰੱਖਣਾ ਹੋਵੇ ਤਾਂ ਸਾਰਾ ਪਰਿਵਾਰ ਸਲਾਹੀਂ ਪਿਆ ਰਹਿੰਦਾ ਹੈ। ਨਾਵਾਂ ਦੀਆਂ ਡਿਕਸ਼ਨਰੀਆਂ ਫਰੋਲੀਆਂ ਜਾਂਦੀਆਂ ਹਨ, ਪੰਡਤਾਂ ਕੋਲ ਜਾ ਕੇ ਅੱਖਰ ਲਏ ਜਾਂਦੇ ਹਨ। ਰਿਸ਼ਤੇਦਾਰਾਂ ਤੋਂ ਵੀ ਨਾਵਾਂ ਦੇ ਮਸ਼ਵਰੇ ਲਏ ਜਾਂਦੇ ਹਨ। × ਇਕ ਵਾਰ ਨਾਂਅ ਰੱਖ ਦਿੱਤਾ ਜਾਵੇ, ਫਿਰ ਉਸਨੂੰ ਬਦਲਣਾ ਤਾਂ ਲਗਭਗ ਅਸੰਭਵ ਹੋ ਜਾਂਦਾ ਹੈ। ਜੇ ਨਾਂਅ ਵਿਚ ਕਿਸੇ ਅੱਖਰ ਦੀ ਵੀ ਸੋਧ ਕਰਨੀ ਪੈ ਜਾਵੇ, ਤਾਂ ਜੁੱਤੀਆਂ ਘੱਸ ਜਾਂਦੀਆਂ ਹਨ। ਸੱਚ ਪੁੱਛੋ ਤਾਂ ਉਹ ਜ਼ਮਾਨੇ ਵਾਕਈ ਭਲੇ ਸੀ, ਜਿੱਥੇ ਸਾਦਗੀ ਸੀ, ਭਰੋਸਾ ਸੀ, ਤੇ ਸਭ ਤੋਂ ਵੱਡੀ ਗੱਲ, ਨਾਂਅ ਤੋਂ ਵੱਧ ਪੜ੍ਹਾਈ ਦੀ ਕਦਰ ਸੀ।

-132, ਸਿੰਗਲਾ ਇਨਕਲੇਵ, ਰਾਏਕੋਟ ਰੋਡ, ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98783-30324

Ad Position 22
No active advertisement
ਪਿਛਲੀ ਖ਼ਬਰ ਖਾਣਾ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24
No active advertisement