ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡਰ... ਚਿਣਗ ਤੋਂ ਭਾਂਬੜ ਬਣਨ ਦਾ <br/>

Ad Position 21
No active advertisement
ਅਜੀਤ ਡੈਸਕ 17-05-2026

ਅਕਸਰ ਕਿਸੇ ਵੀ ਗਲੀ-ਮੁਹੱਲੇ 'ਚ ਪਏ ਖਾਲੀ ਪਲਾਟ ਦੇ ਨੁੱਕਰੇ ਭਾਵੇਂ ਪਲਾਟ ਮਾਲਕ ਵਲੋਂ 'ਇਥੇ ਗੰਦ ਸੁੱਟਣਾ ਮਨ੍ਹਾਂ ਹੈ', ਸਪੱਸ਼ਟ ਸ਼ਬਦਾਂ 'ਚ ਹੀ ਲਿਖਿਆ ਹੁੰਦਾ ਹੈ, ਜਿਸ ਨੂੰ ਅਣਗੌਲਿਆਂ ਕਰ ਆਂਢੀ-ਗੁਆਂਢੀ ਜਾਂ ਕੋਈ ਹੋਰ ਮੁਹੱਲਾ ਵਾਸੀ ਸਭ ਦੀ ਨਜ਼ਰ ਬਚਾਅ ਕੂੜੇ-ਕਰਕਟ ਦਾ ਹੋਰ ਯੋਗਦਾਨ ਪਾ ਫੁਰਤੀ ਪੂਰਵਕ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ | ਕਈ ਵੇਰ ਤਾਂ ਕੂੜਾ ਸੁੱਟਣ ਨੂੰ ਲੈ ਕੇ ਖਾਹ-ਮਖਾਹ ਵਿਵਾਦ, ਖਾਂਘੜ-ਝਗੜੇ ਤੱਕ ਦੀ ਨੌਬਤ ਵੀ ਆ ਜਾਂਦੀ ਹੈ |
ਠੀਕ ਇਸੇ ਹੀ ਤਰਜ਼ 'ਤੇ ਉਸ ਮੁਹੱਲੇ ਦੇ ਖਾਲੀ ਪਏ ਪਲਾਟ 'ਚ ਕਰੀਬ 60 ਕੁ ਵਰਿ੍ਹਆਂ ਦਾ ਵਿਅਕਤੀ ਦਿਵਾਨ ਪਾਲ ਕੂੜਾ ਭਰਿਆ ਲਿਫ਼ਾਫ਼ਾ ਦੂਰੋਂ ਵਗਾਹ ਕੇ ਮਾਰਨ ਉਪਰੰਤ ਹਾਲੇ ਪਿਛਾਂਹ ਮੁੜਨ ਨੂੰ ਅਹੁਲਿਆ ਹੀ ਸੀ ਕਿ ਪਲਾਟ ਦੇ ਐਨ ਮੂਹਰਲੇ ਘਰ ਦੇ ਦਰਵਾਜ਼ੇ 'ਚ ਹੁਣੇ ਹੀ ਆਣ ਖੜ੍ਹੀ ਤੇਜ਼ਤਰਾਰ ਔਰਤ ਇਕਦਮ ਦਿਵਾਨ ਪਾਲ ਮੂਹਰੇ ਹੋ ਰਸਤਾ ਰੋਕ ਅਸਮਾਨੀ ਬਿਜਲੀ ਵਾਂਗ ਕੜਕਦਿਆਂ ਬੋਲੀ, 'ਬੁੜਿ੍ਹਆ! ਸ਼ਰਮ ਦਾ ਘਾਟਾ... ਚੰਗਾ ਕੰਮ ਕਰ ਚੱਲਿਐ... ਅੱਖਾਂ ਨੇ ਕਿ ਕੌਲ-ਡੋਡੇ ਅੰਨਿ੍ਹਆ... ਦੀਂਹਦਾ ਨਹੀਂ? ਜਦ ਕਿ ਪਲਾਟ ਦੀ ਮੂਹਰਲੀ ਕੰਧ 'ਤੇ ਮੋਟੇ ਅੱਖਰਾਂ 'ਚ ਲਿਖਿਐ ਕਿ ਇਥੇ ਗੰਦ ਸੁੱਟਣਾ ਮਨ੍ਹਾਂ... |'
ਇਕਦਮ ਤਾਂ ਦਿਵਾਨ ਪਾਲ ਦੀ ਸੰਨ੍ਹੀ ਉੱਪਰ ਫੜੇ ਚੋਰ, ਜਿਹੀ ਹਾਲਤ ਹੋਣ ਕਰਕੇ ਖਾਨਿਓਾ ਗਈ | ਇਕ ਵਾਰ ਤਾਂ ਭਾਵੇਂ ਉਹਦੇ ਮੱਥੇ 'ਤੇ ਗੁੱਸੇ ਭਰੀਆਂ ਰੇਖਾਵਾਂ ਵੀ ਉਭਰੀਆਂ ਪਰ ਕੁਝ ਹੀ ਪਲਾਂ 'ਚ ਉਸ ਨੇ ਆਪਣੇ-ਆਪ 'ਤੇ ਕਾਬੂ ਪਾ, ਸੁੱਟੇ ਗਏ ਕੂੜੇ ਭਰੇ ਲਿਫ਼ਾਫ਼ੇ ਨੂੰ ਵਾਪਸ ਚੁੱਕ ਔਰਤ ਦੀ ਗੱਲ ਵਿਚਾਲੇ ਹੀ ਕੱਟਦਿਆਂ ਕਿਹਾ, 'ਬੀਬਾ ਵੇਖਣ ਨੂੰ ਤਾਂ ਤੂੰ ਪੁੱਤ-ਪੋਤਿਆਂ ਵਾਲੀ, ਸਿਆਣੀ-ਬਿਆਣੀ, ਮੰਨਦਾਂ ਕਿ ਮੇਰੇ ਤੋਂ ਗ਼ਲਤੀ... ਤੇ ਮੈਂ ਸੁੱਟਿਆ ਕੂੜਾ ਵਾਪਸ ਵੀ ਚੁੱਕ ਲਿਐ ਪਰ ਤੂੰ ਤਾਂ ਵੱਡੇ-ਛੋਟੇ ਦਾ ਲਿਹਾਜ਼ ਨਾ ਕਰ, ਉਲਟਾ ਬੋਲ-ਕੁਬੋਲ ਕਰ ਮੇਰੀ ਬੇਇਜ਼ਤੀ ਅਤੇ ਆਪਣੀ ਜ਼ੁਬਾਨ ਗੰਦੀ ਕਰਨ 'ਚ ਉੱਕਾ ਹੀ ਕਸਰ ਨਹੀਂ ਛੱਡੀ... ਬਾਕੀ ਰਿਹਾ ਤੇਰੀ 'ਗੰਦ ਨਾ ਸੁੱਟਣ ਵਾਲੇ ਲੱਗੇ ਬੋਰਡ ਅਤੇ ਮੈਨੂੰ ਅੰਨ੍ਹਾ ਕਹਿਣ ਵਾਲੀ ਗੱਲ ਦਾ ਜਵਾਬ... ਸਭ ਨੂੰ ਦੀਂਹਦੈ... ਅਹੁ ਵੇਖ ਸਾਹਮਣੇ ਹੀ ਗਲੀ ਦੇ ਮੋੜ ਵਾਲੀ ਕੰਧ ਉੱਪਰ ਲੱਗਾ ਵੱਡਾ ਸਰਕਾਰੀ ਇਸ਼ਤਿਹਾਰੀ ਬੋਰਡ ਜਿਸ 'ਤੇ ਮੋਟੇ ਅੱਖਰਾਂ 'ਚ ਲਿਖਿਐ 'ਯੁੱਧ ਨਸ਼ਿਆਂ ਵਿਰੁੱਧ... ਨਸ਼ਾ ਵੇਚਣਾ ਅਤੇ ਸੇਵਨ ਕਰਨਾ ਕਾਨੂੰਨੀ ਅਪਰਾਧ... ਨਸ਼ੇ ਸਦਕਾ ਰੋਜ਼ਾਨਾ ਕਈ ਘਰਾਂ ਦੇ ਕੀਮਤੀ ਚਿਰਾਗ ਬੁਝ ਰਹੇ ਹਨ, ਪਰ ਜੋ ਤੂੰ ਅਤੇ ਤੇਰਾ ਘਰ ਵਾਲਾ ਸਵਾਰਥਵਸ ਆਪਣੇ ਇਸੇ ਘਰੋਂ ਹੀ ਸ਼ਰ੍ਹੇਆਮ ਭੰਗ, ਡੋਡੇ, ਚਿੱਟਾ ਵਗੈਰਾ ਖੇਹ-ਸਵਾਹ ਵੇਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਧਕੇਲ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ, ਕੀ ਉਹ ਅਸਲ ਗੰਦ ਨਹੀਂ ਜਾਂ ਥੋਡੇ ਅੰਨ੍ਹੇ ਟੱਬਰ ਨੂੰ ਉਹ ਨਸ਼ਿਆਂ ਵਿਰੋਧੀ ਬੋਰਡ ਦਿਸਿਆ ਹੀ ਨਹੀਂ?'
ਰੌਲਾ ਜਿਹਾ ਸੁਣ ਹੁਣ ਹੋਰ ਵੀ ਮੁਹੱਲਾ ਵਾਸੀ ਨੌਜਵਾਨ ਮਰਦ-ਔਰਤਾਂ ਉਥੇ ਇਕੱਤਰ ਹੋ ਚੁੱਕੇ ਸਨ | ਕੁਝ ਆਪਸੀ ਖੁਸਰ-ਮੁਸਰ ਬਾਅਦ ਉਹ ਬਾਹਾਂ ਖੜ੍ਹੀਆਂ ਕਰ ਦਿਵਾਨ ਪਾਲ ਵਲੋਂ ਐਨ ਮੌਕੇ 'ਤੇ ਹੀ ਦਿੱਤੇ ਢੁਕਵੇਂ ਜਵਾਬ, ਨਸ਼ਿਆਂ ਵਿਰੁੱਧ ਪੇਸ਼ ਕੀਤੀ ਸੱਚਾਈ ਦਾ ਸਮਰਥਨ ਕਰਨ ਉਪਰੰਤ ਮੁਹੱਲੇ 'ਚ ਪਨਪ ਰਹੇ ਨਸ਼ਿਆਂ ਦੇ ਮੱਕੜਜਾਲ ਵਿਰੁੱਧ ਉੱਚੀ ਆਵਾਜ਼ 'ਚ ਨਾਅਰੇ ਲਗਾਉਣ ਲੱਗੇ ਸਨ | ਨਤੀਜਨ ਖਾਲੀ ਪਏ ਪਲਾਟ 'ਚ ਗੰਦ ਸੁੱਟਣ ਸੰਬੰਧੀ ਵਾਪਰੇ ਇਸ ਮਾਮੂਲੀ ਜਿਹੇ ਵਿਵਾਦ ਸਦਕਾ ਮੁਹੱਲਾ ਵਾਸੀਆਂ ਦੇ ਮਨਾਂ 'ਚ ਪੈਦਾ ਹੋਈ ਨਸ਼ਿਆਂ ਵਿਰੋਧੀ ਜਾਗਰੂਕਤਾ ਦੀ ਚਿਣਗ ਅਤੇ ਇਸ ਚਿਣਗ ਦੇ ਭਾਂਬੜ ਬਣ ਜਾਣ ਦੇ ਡਰੋਂ ਉਹ ਤੇਜ਼ਤਰਾਰ ਔਰਤ ਭਿੱਜੀ ਬਿੱਲੀ ਬਣ ਫੌਰਨ ਹੀ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਅੰਦਰੋਂ ਕੁੰਡੀ ਲਗਾ ਚੁੱਕੀ ਸੀ |

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)
ਮੋਬਾਈਲ : 70870-48140

Ad Position 22
No active advertisement
ਪਿਛਲੀ ਖ਼ਬਰ ਲਘੂ ਕਥਾ ਵਧਾਈ ਅਗਲੀ ਖ਼ਬਰ ਨੀਟ : ਪ੍ਰੀਖਿਆ ਨਹੀਂ, ਮਾਨਸਿਕ ਜੰਗ! <br/>
Ad Position 24
No active advertisement