ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨੀਟ : ਪ੍ਰੀਖਿਆ ਨਹੀਂ, ਮਾਨਸਿਕ ਜੰਗ! <br/>

Ad Position 21
No active advertisement
ਅਜੀਤ ਡੈਸਕ 17-05-2026

Tਨੀਟ ਦਾ ਪੇਪਰ ਲੀਕ ਹੋ ਗਿਆU, ਇਹ ਸਿਰਫ਼ ਇੱਕ ਵਾਕ ਨਹੀਂ ਸੀ | ਇਹ ਉਹ ਝਟਕਾ ਸੀ ਜਿਸ ਨੇ ਇੱਕੋ ਵੇਲੇ ਲੱਖਾਂ ਲੋਕਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ | ਕਿਸੇ ਨੇ ਟੀ.ਵੀ. ਦੀ ਆਵਾਜ਼ ਵਧਾ ਦਿੱਤੀ, ਕਿਸੇ ਨੇ ਮੋਬਾਈਲ ਹੱਥੋਂ ਸੁੱਟ ਦਿੱਤਾ, ਕਿਸੇ ਮਾਂ ਦੀਆਂ ਅੱਖਾਂ ਭਰ ਆਈਆਂ, ਕਿਸੇ ਬੱਚੇ ਨੇ ਚੁੱਪਚਾਪ ਆਪਣੀ ਕਿਤਾਬ ਬੰਦ ਕਰ ਦਿੱਤੀ ਤੇ ਕਿਸੇ ਵਿਰਲੇ ਨੇ ਇਸ ਸਦਮੇ ਵਿਚ ਆਪਣੀ ਜਾਨ ਤੱਕ ਮੁਕਾ ਦਿੱਤੀ | ਕੁਝ ਪਲਾਂ ਲਈ ਲੱਗਿਆ ਜਿਵੇਂ ਲੱਖਾਂ ਸੁਪਨਿਆਂ ਦੇ ਉੱਤੇ ਕਿਸੇ ਨੇ ਇੱਕੋ ਵਾਰ ਸਵਾਲ ਖੜ੍ਹਾ ਕਰ ਦਿੱਤਾ ਹੋਵੇ | 22 ਲੱਖ ਤੋਂ ਵੱਧ ਵਿਦਿਆਰਥੀ, ਇਕ ਹੀ ਪ੍ਰੀਖਿਆ, ਇੱਕ ਹੀ ਸੁਪਨਾ ਅਤੇ ਹੁਣ ਇੱਕੋ ਡਰ—Tਕੀ ਸਾਡੀ ਮਿਹਨਤ ਸੱਚਮੁੱਚ ਸੁਰੱਖਿਅਤ ਹੈ?” ਭਾਰਤ ਵਿਚ ਨੀਟ ਭਾਵ ਨੈਸ਼ਨਲ ਇਲੀਜੀਬਿਲਟੀ ਕਮ ਐਂਟਰੈਂਸ ਟੈਸਟ ਹੁਣ ਸਿਰਫ਼ ਇਕ ਇਮਤਿਹਾਨ ਨਹੀਂ ਰਹਿ ਗਿਆ | ਇਹ ਇੱਕ ਜੰਗ ਬਣ ਚੁੱਕੀ ਹੈ | ਇੱਕ ਐਸੀ ਜੰਗ ਜਿਸ ਵਿਚ ਬੱਚੇ ਆਪਣਾ ਬਚਪਨ ਹਾਰ ਰਹੇ ਹਨ, ਮਾਪੇ ਆਪਣੀ ਜਮ੍ਹਾਂ ਪੂੰਜੀ ਹਾਰ ਰਹੇ ਹਨ ਅਤੇ ਕਈ ਘਰ ਆਪਣੀ ਖ਼ੁਸ਼ੀ ਤੱਕ ਹਾਰ ਰਹੇ ਹਨ | ਦੇਸ਼ ਦੇ ਹਜ਼ਾਰਾਂ ਘਰਾਂ ਵਿਚ ਹਰ ਰੋਜ਼ ਇੱਕੋ ਦਿ੍ਸ਼ ਦਿਖਾਈ ਦਿੰਦਾ ਹੈ | ਸਵੇਰੇ ਹਨੇਰੇ ਵਿਚ ਉੱਠਦਾ ਇੱਕ ਬੱਚਾ | ਮੇਜ਼ ਉੱਤੇ ਖੁੱਲ੍ਹੀਆਂ ਕਿਤਾਬਾਂ | ਕੰਧਾਂ ਉੱਤੇ ਲੱਗੇ ਸਰੀਰ ਦੇ ਚਿੱਤਰ | ਅੱਖਾਂ ਵਿਚ ਨੀਂਦ, ਦਿਮਾਗ ਵਿਚ ਡਰ ਅਤੇ ਦਿਲ ਵਿਚ ਇੱਕੋ ਆਵਾਜ਼ 'ਇਸ ਵਾਰੀ ਚੋਣ ਹੋਣੀ ਹੀ ਚਾਹੀਦੀ ਹੈ |'”
ਕੋਈ ਪਿਤਾ ਖੇਤ ਵੇਚ ਕੇ ਤਿਆਰੀ ਦੀ ਫ਼ੀਸ ਭਰ ਰਿਹਾ ਹੈ | ਕੋਈ ਮਾਂ ਆਪਣੇ ਗਹਿਣੇ ਗਿਰਵੀ ਰੱਖ ਰਹੀ ਹੈ | ਕੋਈ ਬੱਚਾ ਆਪਣੇ ਪਿੰਡ ਤੋਂ ਸੈਂਕੜੇ ਕਿਲੋਮੀਟਰ ਦੂਰ ਇੱਕ ਛੋਟੇ ਕਮਰੇ ਵਿਚ ਇਕੱਲਾ ਰਹਿ ਰਿਹਾ ਹੈ | ਨਾ ਤਿਉਹਾਰ, ਨਾ ਦੋਸਤ, ਨਾ ਖੇਡਾਂ | ਸਿਰਫ਼ ਕਿਤਾਬਾਂ, ਪਰਖ ਪੱਤਰ ਅਤੇ ਦਰਜੇ ਦੀ ਦੌੜ ਪਰ ਇਸ ਸੁਪਨੇ ਦੇ ਪਿੱਛੇ ਇੱਕ ਡਰਾਉਣੀ ਸਚਾਈ ਵੀ ਲੁਕੀ ਹੋਈ ਹੈ | ਉਹ ਸਚਾਈ ਜਿਸ ਬਾਰੇ ਅਕਸਰ ਦੇਰ ਨਾਲ ਗੱਲ ਹੁੰਦੀ ਹੈ, ਪ੍ਰਸ਼ਨ ਪੱਤਰ ਲੀਕ | ਧੋਖਾਧੜੀ ਦੇ ਗਰੋਹ | ਲੱਖਾਂ ਰੁਪਏ ਵਿਚ ਵਿਕਦਾ ਭਵਿੱਖ ਅਤੇ ਉਹ ਇਮਾਨਦਾਰ ਬੱਚੇ ਜੋ ਹਰ ਖ਼ਬਰ ਨਾਲ ਅੰਦਰੋਂ ਥੋੜ੍ਹੇ ਹੋਰ ਟੁੱਟ ਜਾਂਦੇ ਹਨ | ਇਸ ਸਾਲ ਹੋਈ ਪ੍ਰੀਖਿਆ ਵਿਚ ਲਗਭਗ 22 ਤੋਂ 23 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ | ਕਰੀਬ 22 ਲੱਖ ਤੋਂ ਵੱਧ ਬੱਚੇ ਦੇਸ਼ ਦੇ ਵੱਖ-ਵੱਖ ਕੇਂਦਰਾਂ ਤੱਕ ਪਹੁੰਚੇ | ਇਹ ਗਿਣਤੀ ਆਪਣੇ ਆਪ ਵਿਚ ਦੱਸਦੀ ਹੈ ਕਿ ਇਸ ਪ੍ਰੀਖਿਆ ਦੀ ਮਹੱਤਤਾ ਕਿੰਨੀ ਵੱਡੀ ਹੈ | ਇਹ ਸਿਰਫ਼ ਅੰਕੜੇ ਨਹੀਂ ਹਨ | ਇਹ ਉਹ ਬੱਚੇ ਹਨ ਜਿਨ੍ਹਾਂ ਨੇ ਆਪਣੀ ਛੋਟੀ ਉਮਰ ਤੋਂ ਹੀ ਮਨੋਰੰਜਨ, ਖੇਡਾਂ, ਤਿਉਹਾਰ ਅਤੇ ਆਮ ਜੀਵਨ ਤੋਂ ਦੂਰ ਰਹਿ ਕੇ ਦਿਨ ਰਾਤ ਪੜ੍ਹਾਈ ਕੀਤੀ | ਕਿਸੇ ਨੇ ਪਿੰਡ ਤੋਂ ਸ਼ਹਿਰ ਦਾ ਰੁਖ਼ ਕੀਤਾ, ਕਿਸੇ ਨੇ ਘਰ ਛੱਡ ਕੇ ਵਿਦਿਆਰਥੀ ਨਿਵਾਸ ਵਿਚ ਰਹਿਣਾ ਸ਼ੁਰੂ ਕੀਤਾ, ਕਿਸੇ ਨੇ ਮਾਪਿਆਂ ਦੀ ਮਾਲੀ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਮਹਿੰਗੀ ਤਿਆਰੀ ਲਈ ਕਰਜ਼ਾ ਲਿਆ | ਇੱਕ ਸੀਟ ਹਾਸਲ ਕਰਨ ਲਈ ਬੱਚਿਆਂ ਨੂੰ ਸਾਲਾਂ ਦੀ ਜ਼ਿੰਦਗੀ ਇਸ ਭੱਠ ਵਿਚ ਝੋਕਣੀ ਪੈਂਦੀ ਹੈ | ਜਦੋਂ ਏਨੀ ਵੱਡੀ ਗਿਣਤੀ ਦਾ ਭਵਿੱਖ ਇੱਕ ਹੀ ਪ੍ਰੀਖਿਆ ਨਾਲ ਜੁੜਿਆ ਹੋਵੇ, ਤਾਂ ਇਸ ਦੀ ਪਵਿੱਤਰਤਾ ਅਤੇ ਭਰੋਸੇਯੋਗਤਾ ਬਚਾਈ ਰੱਖਣਾ ਦੇਸ਼ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਪਰ ਜਦੋਂ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਤਾਂ ਸਭ ਤੋਂ ਪਹਿਲਾ ਝਟਕਾ ਉਨ੍ਹਾਂ ਲੱਖਾਂ ਇਮਾਨਦਾਰ ਵਿਦਿਆਰਥੀਆਂ ਨੂੰ ਲਗਦਾ ਹੈ ਜਿਨ੍ਹਾਂ ਨੇ ਸਿਰਫ਼ ਆਪਣੀ ਮਿਹਨਤ ਉੱਤੇ ਭਰੋਸਾ ਕੀਤਾ ਹੁੰਦਾ ਹੈ | ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਕੁਝ ਲੋਕ ਪੈਸੇ ਜਾਂ ਪਹੁੰਚ ਦੇ ਜ਼ਰੀਏ ਪਹਿਲਾਂ ਹੀ ਪ੍ਰਸ਼ਨ ਪ੍ਰਾਪਤ ਕਰ ਸਕਦੇ ਹਨ, ਤਾਂ ਫਿਰ ਮਿਹਨਤ ਦੀ ਕੀ ਕੀਮਤ ਰਹਿ ਜਾਂਦੀ ਹੈ | ਇਹ ਅਹਿਸਾਸ ਇੱਕ ਨੌਜਵਾਨ ਦੇ ਮਨ ਨੂੰ ਅੰਦਰੋਂ ਤੋੜ ਦਿੰਦਾ ਹੈ | ਕਈ ਬੱਚੇ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ | ਉਹ ਸੋਚਦੇ ਹਨ ਕਿ ਉਨ੍ਹਾਂ ਨੇ ਸਾਲਾਂ ਤੱਕ ਜੋ ਤਿਆਗ ਕੀਤਾ, ਕੀ ਉਸਦਾ ਫੈਸਲਾ ਹੁਣ ਕਿਸੇ ਹੋਰ ਦੀ ਧੋਖਾਧੜੀ ਨਾਲ ਹੋਵੇਗਾ |
ਪ੍ਰਸ਼ਨ ਪੱਤਰ ਲੀਕ ਹੋਣ ਦੀ ਪ੍ਰਕਿਰਿਆ ਕੋਈ ਖੇਡ ਨਹੀਂ ਅਸਲ ਵਿਚ ਇਹ ਇਕ ਬਹੁਤ ਗੰਭੀਰ ਅਤੇ ਸੰਗਠਿਤ ਢੰਗ ਨਾਲ ਚੱਲਣ ਵਾਲਾ ਕਾਰੋਬਾਰ ਬਣ ਚੁੱਕੀ ਹੈ | ਸਭ ਤੋਂ ਪਹਿਲਾਂ ਪ੍ਰਸ਼ਨ ਤਿਆਰ ਕੀਤੇ ਜਾਂਦੇ ਹਨ | ਇਹ ਕੰਮ ਬਹੁਤ ਗੁਪਤ ਮੰਨਿਆ ਜਾਂਦਾ ਹੈ, ਪਰ ਜਿੱਥੇ ਮਨੁੱਖ ਸ਼ਾਮਿਲ ਹੋਵੇ, ਉੱਥੇ ਲਾਲਚ ਦਾ ਦਰਵਾਜ਼ਾ ਵੀ ਖੁੱਲ੍ਹਾ ਰਹਿੰਦਾ ਹੈ | ਜੇਕਰ ਪ੍ਰਸ਼ਨ ਤਿਆਰ ਕਰਨ ਵਾਲਿਆਂ ਜਾਂ ਉਹਨਾਂ ਨਾਲ ਜੁੜੇ ਕਰਮਚਾਰੀਆਂ ਵਿਚੋਂ ਕੋਈ ਗ਼ਲਤ ਮਨਸੂਬਾ ਰੱਖੇ, ਤਾਂ ਜਾਣਕਾਰੀ ਬਾਹਰ ਪਹੁੰਚ ਸਕਦੀ ਹੈ | ਇਸ ਤੋਂ ਬਾਅਦ ਪ੍ਰਸ਼ਨ ਪੱਤਰ ਛਪਾਈ ਘਰਾਂ ਵਿਚ ਜਾਂਦੇ ਹਨ | ਇੱਥੇ ਸੁਰੱਖਿਆ ਦੇ ਕਈ ਪ੍ਰਬੰਧ ਹੁੰਦੇ ਹਨ, ਪਰ ਫਿਰ ਵੀ ਜੇਕਰ ਅੰਦਰਲੇ ਲੋਕ ਮਿਲੇ ਹੋਏ ਹੋਣ ਤਾਂ ਨਕਲ ਜਾਂ ਤਸਵੀਰ ਬਾਹਰ ਜਾ ਸਕਦੀ ਹੈ | ਫਿਰ ਇਹ ਪੱਤਰ ਸੀਲਬੰਦ ਪੈਕੇਟਾਂ ਵਿਚ ਕੇਂਦਰਾਂ ਤੱਕ ਭੇਜੇ ਜਾਂਦੇ ਹਨ | ਇਸ ਦੌਰਾਨ ਆਵਾਜਾਈ ਪ੍ਰਣਾਲੀ ਵਿਚ ਗੜਬੜ ਹੋ ਸਕਦੀ ਹੈ | ਕਈ ਵਾਰੀ ਪ੍ਰਸ਼ਨ ਪੱਤਰ ਰੱਖੇ ਕਮਰਿਆਂ ਦੀ ਸੁਰੱਖਿਆ ਕਮਜ਼ੋਰ ਹੋਣ ਕਾਰਨ ਵੀ ਲੀਕ ਦੀ ਸੰਭਾਵਨਾ ਬਣਦੀ ਹੈ | ਅੱਜ ਦੇ ਸਮੇਂ ਵਿਚ ਤਾਂ ਦੂਰਸੰਚਾਰ ਮਾਧਿਅਮਾਂ ਨੇ ਇਸ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ | ਇੱਕ ਤਸਵੀਰ ਕੁਝ ਮਿੰਟਾਂ ਵਿਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ | ਇਸ ਕਾਰਨ ਪ੍ਰੀਖਿਆ ਮਾਫੀਆ ਇੱਕ ਵੱਡਾ ਜਾਲ ਬੁਣ ਚੁੱਕਾ ਹੈ ਜੋ ਲੱਖਾਂ ਰੁਪਏ ਲੈ ਕੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਦਾ ਹੈ | ਇਹ ਪਹਿਲੀ ਵਾਰ ਨਹੀਂ ਕਿ ਇਸ ਪ੍ਰੀਖਿਆ ਉੱਤੇ ਸਵਾਲ ਉੱਠੇ ਹੋਣ | ਪਿਛਲੇ ਦਸ ਸਾਲਾਂ ਵਿਚ ਕਈ ਵਾਰ ਵੱਖ-ਵੱਖ ਰਾਜਾਂ ਵਿਚ ਧੋਖਾਧੜੀ, ਨਕਲੀ ਉਮੀਦਵਾਰਾਂ, ਪ੍ਰਸ਼ਨ ਪੱਤਰ ਲੀਕ ਅਤੇ ਅੰਕਾਂ ਦੀ ਗੜਬੜ ਦੇ ਦੋਸ਼ ਸਾਹਮਣੇ ਆਏ ਹਨ | ਖਾਸ ਤੌਰ ਉੱਤੇ 2024 ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ | ਉਸ ਸਮੇਂ ਕੁਝ ਰਾਜਾਂ ਤੋਂ ਖ਼ਬਰਾਂ ਆਈਆਂ ਸਨ ਕਿ ਪ੍ਰਸ਼ਨ ਪੱਤਰ ਪਹਿਲਾਂ ਹੀ ਕੁਝ ਲੋਕਾਂ ਤੱਕ ਪਹੁੰਚ ਚੁੱਕਾ ਸੀ | ਇਸ ਮਾਮਲੇ ਦੀ ਜਾਂਚ ਹੋਈ, ਗਿ੍ਫ਼ਤਾਰੀਆਂ ਹੋਈਆਂ ਅਤੇ ਮਾਮਲਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੱਕ ਗਿਆ | ਉਸ ਵੇਲੇ ਵੀ ਲੱਖਾਂ ਵਿਦਿਆਰਥੀਆਂ ਨੇ ਦੁਬਾਰਾ ਪ੍ਰੀਖਿਆ ਦੀ ਮੰਗ ਕੀਤੀ ਸੀ | ਹਾਲਾਂਕਿ ਪੂਰੇ ਦੇਸ਼ ਵਿਚ ਮੁੜ ਪ੍ਰੀਖਿਆ ਨਹੀਂ ਹੋਈ, ਪਰ ਇਸ ਘਟਨਾ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਸੀ ਕਿ ਜੇਕਰ ਦੇਸ਼ ਦੀ ਸਭ ਤੋਂ ਮਹੱਤਵਪੂਰਨ ਪ੍ਰੀਖਿਆ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਤਾਂ ਫਿਰ ਨੌਜਵਾਨ ਕਿਸ ਉੱਤੇ ਭਰੋਸਾ ਕਰਨ |
ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਪ੍ਰੀਖਿਆ ਕਰਵਾਉਣ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਲੱਖਾਂ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨਾ ਵੀ ਉਸ ਦਾ ਫ਼ਰਜ਼ ਹੁੰਦਾ ਹੈ | ਜਦੋਂ ਇੱਕ ਹੀ ਪ੍ਰੀਖਿਆ ਉੱਤੇ ਪੂਰੇ ਦੇਸ਼ ਦੇ ਬੱਚਿਆਂ ਦੀ ਜ਼ਿੰਦਗੀ ਟਿਕੀ ਹੋਵੇ, ਤਾਂ ਉਸ ਪ੍ਰਣਾਲੀ ਵਿਚ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਲੱਖਾਂ ਸੁਪਨਿਆਂ ਨੂੰ ਖ਼ਤਮ ਕਰ ਸਕਦੀ ਹੈ | ਪ੍ਰਸ਼ਨ ਪੱਤਰ ਲੀਕ ਹੋਣ ਦਾ ਮਤਲਬ ਸਿਰਫ਼ ਸੁਰੱਖਿਆ ਦੀ ਨਾਕਾਮੀ ਨਹੀਂ, ਇਹ ਉਸ ਭਰੋਸੇ ਦਾ ਟੁੱਟਣਾ ਵੀ ਹੈ ਜੋ ਵਿਦਿਆਰਥੀ ਅਤੇ ਮਾਪੇ ਸਾਲਾਂ ਤੋਂ ਇਸ ਪ੍ਰਣਾਲੀ ਉੱਤੇ ਕਰਦੇ ਆ ਰਹੇ ਹਨ | ਸਰਕਾਰਾਂ ਅਕਸਰ ਘਟਨਾ ਤੋਂ ਬਾਅਦ ਜਾਂਚਾਂ, ਕਮੇਟੀਆਂ ਅਤੇ ਗਿ੍ਫ਼ਤਾਰੀਆਂ ਦੀਆਂ ਗੱਲਾਂ ਕਰਦੀਆਂ ਹਨ, ਪਰ ਅਸਲੀ ਸਵਾਲ ਇਹ ਹੈ ਕਿ ਹਮੇਸ਼ਾਂ ਨੁਕਸਾਨ ਹੋ ਜਾਣ ਤੋਂ ਬਾਅਦ ਹੀ ਕਾਰਵਾਈ ਕਿਉਂ ਹੁੰਦੀ ਹੈ? ਜੇਕਰ ਲੱਖਾਂ ਰੁਪਏ ਲੈ ਕੇ ਪ੍ਰਸ਼ਨ ਵੇਚਣ ਵਾਲੇ ਗਰੋਹ ਬਣ ਸਕਦੇ ਹਨ, ਤਾਂ ਇਸਦਾ ਮਤਲਬ ਹੈ ਕਿ ਪ੍ਰੀਖਿਆ ਪ੍ਰਣਾਲੀ ਦੇ ਅੰਦਰ ਕਿਤੇ ਨਾ ਕਿਤੇ ਵੱਡੀਆਂ ਕਮਜ਼ੋਰੀਆਂ ਮੌਜੂਦ ਹਨ | ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਦੋਸ਼ੀਆਂ ਨੂੰ ਫੜਨ ਦੀ ਨਹੀਂ, ਸਗੋਂ ਐਸਾ ਢਾਂਚਾ ਬਣਾਉਣ ਦੀ ਹੈ ਜਿਸ ਵਿਚ ਕਿਸੇ ਨੂੰ ਧੋਖਾਧੜੀ ਕਰਨ ਦੀ ਹਿੰਮਤ ਹੀ ਨਾ ਹੋਵੇ | ਇਸਦੇ ਨਾਲ ਨਾਲ ਨੌਜਵਾਨਾਂ ਦੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਵੀ ਓਨਾ ਹੀ ਜ਼ਰੂਰੀ ਹੈ | ਜਦੋਂ ਦੇਸ਼ ਦੇ ਵਿਦਿਆਰਥੀ ਡਰ, ਤਣਾਅ ਅਤੇ ਨਿਰਾਸ਼ਾ ਵਿਚ ਜਿਊਾ ਰਹੇ ਹੋਣ, ਤਾਂ ਇਹ ਸਿਰਫ਼ ਸਿੱਖਿਆ ਦਾ ਨਹੀਂ, ਸਗੋਂ ਰਾਸ਼ਟਰੀ ਪੱਧਰ ਦਾ ਸੰਕਟ ਬਣ ਜਾਂਦਾ ਹੈ |
ਇਸ ਪੂਰੇ ਮਾਮਲੇ ਦੀ ਸਭ ਤੋਂ ਭਿਆਨਕ ਸਚਾਈ ਸਿਰਫ਼ ਪ੍ਰਸ਼ਨ ਪੱਤਰ ਲੀਕ ਹੋਣਾ ਨਹੀਂ | ਅਸਲ ਦਰਦ ਉਹ ਮਾਨਸਿਕ ਦਬਾਅ ਹੈ ਜਿਸ ਹੇਠ ਲੱਖਾਂ ਵਿਦਿਆਰਥੀ ਹਰ ਰੋਜ਼ ਜਿਊਾ ਰਹੇ ਹਨ | ਦਸਵੀਂ ਜਾਂ ਗਿਆਰ੍ਹਵੀਂ ਵਿਚ ਪਹੁੰਚਦਿਆਂ ਹੀ ਕਈ ਬੱਚਿਆਂ ਦੀ ਜ਼ਿੰਦਗੀ ਇੱਕ ਹੀ ਲਕੀਰ ਵਿਚ ਕੈਦ ਹੋ ਜਾਂਦੀ ਹੈ — Tਡਾਕਟਰ ਬਣਨਾ ਹੈU | ਸਵੇਰੇ ਤੋਂ ਰਾਤ ਤੱਕ ਪੜ੍ਹਾਈ, ਹਰ ਹਫ਼ਤੇ ਪਰਖ, ਹਰ ਮਹੀਨੇ ਦਰਜੇ ਦੀ ਤੁਲਨਾ ਅਤੇ ਹਰ ਵੇਲੇ ਇਹ ਡਰ ਕਿ ਜੇਕਰ ਪਿੱਛੇ ਰਹਿ ਗਏ ਤਾਂ ਜੀਵਨ ਹਾਰ ਜਾਵੇਗਾ | ਰਾਜਸਥਾਨ ਦਾ ਕੋਟਾ ਸ਼ਹਿਰ ਇਸ ਦਬਾਅ ਦੀ ਸਭ ਤੋਂ ਵੱਡੀ ਮਿਸਾਲ ਬਣ ਗਿਆ ਹੈ | ਇੱਕ ਸਮਾਂ ਸੀ ਜਦੋਂ ਕੋਟਾ ਨੂੰ ਸਿਰਫ਼ ਕਾਮਯਾਬੀ ਦੀ ਨਗਰੀ ਕਿਹਾ ਜਾਂਦਾ ਸੀ ਪਰ ਹੁਣ ਇਹ ਵਿਦਿਆਰਥੀਆਂ ਦੇ ਤਣਾਅ ਅਤੇ ਖੁਦਕੁਸ਼ੀਆਂ ਕਰਕੇ ਜਾਣਿਆ ਜਾਣ ਲੱਗ ਪਿਆ ਹੈ | 2023 ਵਿਚ ਕੋਟਾ ਵਿਚ ਤਿਆਰੀ ਕਰ ਰਹੇ 26 ਵਿਦਿਆਰਥੀਆਂ ਨੇ ਆਪਣੀ ਜਾਨ ਦੇ ਦਿੱਤੀ | ਇਹ ਗਿਣਤੀ ਪਿਛਲੇ ਕਈ ਸਾਲਾਂ ਵਿਚ ਸਭ ਤੋਂ ਵੱਧ ਸੀ | 2024 ਵਿਚ ਵੀ 17 ਦੇ ਕਰੀਬ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ | 2025 ਵਿਚ ਵੀ ਇਹ ਸਿਲਸਿਲਾ ਰੁਕਿਆ ਨਹੀਂ ਅਤੇ ਮਈ ਤੱਕ ਇੱਕ ਦਰਜਨ ਤੋਂ ਵੱਧ ਬੱਚਿਆਂ ਦੀ ਜਾਨ ਜਾ ਚੁੱਕੀ ਸੀ | ਇਨ੍ਹਾਂ ਵਿਚ ਵੱਡੀ ਗਿਣਤੀ ਉਹਨਾਂ ਵਿਦਿਆਰਥੀਆਂ ਦੀ ਸੀ ਜੋ ਡਾਕਟਰੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ | ਕਈ ਰਿਪੋਰਟਾਂ ਅਤੇ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਕਿ ਤਿਆਰੀ ਕਰ ਰਹੇ ਬੱਚਿਆਂ ਵਿਚ ਸਭ ਤੋਂ ਵੱਧ ਮਾਨਸਿਕ ਦਬਾਅ ਡਾਕਟਰੀ ਦਾਖ਼ਲਾ ਪ੍ਰੀਖਿਆ ਵਾਲੇ ਵਿਦਿਆਰਥੀਆਂ ਉੱਤੇ ਹੁੰਦਾ ਹੈ | ਕਾਰਨ ਸਾਫ਼ ਹੈ — ਲੱਖਾਂ ਉਮੀਦਵਾਰ ਅਤੇ ਬਹੁਤ ਘੱਟ ਸੀਟਾਂ |
ਕੋਟਾ ਅਤੇ ਹੋਰ ਤਿਆਰੀ ਕੇਂਦਰਾਂ ਵਿਚ ਰਹਿਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਾਹਰੋਂ ਦੇਖਣ ਵਿਚ ਬਹੁਤ ਅਨੁਸ਼ਾਸਿਤ ਲਗਦੀ ਹੈ, ਪਰ ਅੰਦਰੋਂ ਇਹ ਬਹੁਤ ਕਠਿਨ ਹੁੰਦੀ ਹੈ | ਕਈ ਬੱਚੇ ਦਿਨ ਵਿਚ ਬਾਰਾਂ ਤੋਂ ਚੌਦਾਂ ਘੰਟੇ ਤੱਕ ਪੜ੍ਹਦੇ ਹਨ | ਹਰ ਹਫ਼ਤੇ ਜਾਂ ਮਹੀਨੇ ਹੋਣ ਵਾਲੇ ਪਰਖ ਪੱਤਰਾਂ ਵਿਚ ਘੱਟ ਅੰਕ ਆਉਣ ਉੱਤੇ ਉਹ ਆਪਣੇ ਆਪ ਨੂੰ ਨਿਕੰਮਾ ਸਮਝਣ ਲੱਗ ਪੈਂਦੇ ਹਨ | ਕਈ ਬੱਚੇ ਆਪਣੇ ਮਾਪਿਆਂ ਨਾਲ ਆਪਣੀ ਪਰੇਸ਼ਾਨੀ ਵੀ ਸਾਂਝੀ ਨਹੀਂ ਕਰਦੇ ਕਿਉਂਕਿ ਉਹ ਸੋਚਦੇ ਹਨ ਕਿ ਜੇਕਰ ਉਹ ਕਮਜ਼ੋਰੀ ਦਿਖਾਉਣਗੇ ਤਾਂ ਮਾਪੇ ਨਿਰਾਸ਼ ਹੋ ਜਾਣਗੇ | ਇਕੱਲਾਪਣ, ਡਰ, ਮੁਕਾਬਲੇ ਦਾ ਦਬਾਅ ਅਤੇ ਭਵਿੱਖ ਦੀ ਚਿੰਤਾ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਂਦੇ ਹਨ ਜਿਸ ਵਿਚ ਬੱਚਿਆਂ ਦਾ ਮਨ ਹੌਲ਼ੀ-ਹੌਲ਼ੀ ਟੁੱਟਣਾ ਸ਼ੁਰੂ ਹੋ ਜਾਂਦਾ ਹੈ | ਇਸ ਹਾਲਤ ਦੀ ਸਭ ਤੋਂ ਦਰਦਨਾਕ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋਂ ਕੋਟਾ ਦੇ ਕਈ ਵਿਦਿਆਰਥੀ ਨਿਵਾਸਾਂ ਵਿਚ ਛੱਤ ਵਾਲੇ ਪੱਖਿਆਂ ਵਿਚ ਖਾਸ ਯੰਤਰ ਲਗਾਏ ਗਏ ਤਾਂ ਜੋ ਕੋਈ ਬੱਚਾ ਫਾਹਾ ਨਾ ਲਗਾ ਸਕੇ | ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇੱਕ ਸ਼ਹਿਰ ਨੂੰ ਆਪਣੇ ਵਿਦਿਆਰਥੀਆਂ ਲਈ Tਆਤਮਹੱਤਿਆ ਰੋਕੂ ਪੱਖੇU ਲਗਾਉਣ ਦੀ ਲੋੜ ਪੈ ਰਹੀ ਹੈ, ਤਾਂ ਸਮੱਸਿਆ ਸਿਰਫ਼ ਵਿਦਿਆਰਥੀਆਂ ਵਿਚ ਨਹੀਂ, ਪੂਰੇ ਢਾਂਚੇ ਵਿਚ ਹੈ |
ਅੱਜ ਦੀ ਸਿੱਖਿਆ ਪ੍ਰਣਾਲੀ ਬੱਚਿਆਂ ਨੂੰ ਗਿਆਨ ਤੋਂ ਵੱਧ ਡਰ ਸਿਖਾ ਰਹੀ ਹੈ | ਇੱਕ ਬੱਚੇ ਦੀ ਕੀਮਤ ਉਸਦੇ ਅੰਕਾਂ ਨਾਲ ਤੈਅ ਕੀਤੀ ਜਾ ਰਹੀ ਹੈ | ਚੰਗਾ ਦਰਜਾ ਆਇਆ ਤਾਂ ਵਾਹ-ਵਾਹ, ਥੋੜ੍ਹਾ ਪਿੱਛੇ ਰਹਿ ਗਿਆ ਤਾਂ ਚੁੱਪੀ | ਹੌਲ਼ੀ-ਹੌਲ਼ੀ ਬੱਚੇ ਆਪਣੇ ਆਪ ਨੂੰ ਇਨਸਾਨ ਨਹੀਂ, ਸਗੋਂ ਨਤੀਜੇ ਬਣ ਕੇ ਦੇਖਣ ਲੱਗ ਪੈਂਦੇ ਹਨ | ਸਮਾਜ ਦੀ ਸੋਚ ਵੀ ਇਸ ਲਈ ਘੱਟ ਜ਼ਿੰਮੇਵਾਰ ਨਹੀਂ | ਅਸੀਂ ਬੱਚਿਆਂ ਨੂੰ ਬਚਪਨ ਤੋਂ ਇਹੀ ਸਿਖਾਉਂਦੇ ਹਾਂ ਕਿ ਕੁਝ ਹੀ ਪੇਸ਼ੇ ਇੱਜ਼ਤ ਵਾਲੇ ਹਨ | ਡਾਕਟਰ, ਅਧਿਕਾਰੀ ਜਾਂ ਵੱਡੀ ਨੌਕਰੀ—ਇਨ੍ਹਾਂ ਤੋਂ ਬਾਹਰ ਦੀ ਦੁਨੀਆ ਬਾਰੇ ਅਸੀਂ ਬੱਚਿਆਂ ਨੂੰ ਦੱਸਦੇ ਹੀ ਨਹੀਂ | ਇਸ ਕਰਕੇ ਜਦੋਂ ਕੋਈ ਬੱਚਾ ਇੱਕ ਪ੍ਰੀਖਿਆ ਵਿਚ ਕਾਮਯਾਬ ਨਹੀਂ ਹੁੰਦਾ, ਤਾਂ ਉਸਨੂੰ ਲਗਦਾ ਹੈ ਕਿ ਉਸ ਦੀ ਪੂਰੀ ਜ਼ਿੰਦਗੀ ਬੇਮਤਲਬ ਹੋ ਗਈ ਹੈ | ਮਾਪਿਆਂ ਦੀਆਂ ਉਮੀਦਾਂ ਵੀ ਕਈ ਵਾਰੀ ਅਣਜਾਣੇ ਵਿਚ ਬੋਝ ਬਣ ਜਾਂਦੀਆਂ ਹਨ | ਹਰ ਮਾਪੇ ਆਪਣੇ ਬੱਚੇ ਲਈ ਚੰਗਾ ਚਾਹੁੰਦੇ ਹਨ, ਪਰ ਜਦੋਂ ਹਰ ਗੱਲ ਦਾ ਕੇਂਦਰ ਸਿਰਫ਼ ਅੰਕ ਬਣ ਜਾਣ, ਤਾਂ ਬੱਚੇ ਡਰ ਵਿਚ ਜਿਊਣਾ ਸ਼ੁਰੂ ਕਰ ਦਿੰਦੇ ਹਨ | ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਉਹ ਅਸਫ਼ਲ ਹੋ ਗਏ ਤਾਂ ਉਹ ਆਪਣੇ ਮਾਪਿਆਂ ਦਾ ਸਿਰ ਝੁਕਾ ਦੇਣਗੇ | ਇਹੀ ਡਰ ਕਈ ਵਾਰੀ ਉਨ੍ਹਾਂ ਨੂੰ ਅੰਦਰੋਂ ਖਾ ਜਾਂਦਾ ਹੈ |
ਸਰਕਾਰ ਅਤੇ ਪ੍ਰੀਖਿਆ ਕਰਵਾਉਣ ਵਾਲੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ | ਜਦੋਂ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਇੱਕ ਪ੍ਰੀਖਿਆ ਨਾਲ ਜੁੜਿਆ ਹੋਵੇ, ਤਾਂ ਉਸ ਦੀ ਸੁਰੱਖਿਆ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ | ਜਿੱਥੇ ਵੀ ਲਾਪਰਵਾਹੀ ਹੋਵੇ, ਉੱਥੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਕਿਉਂਕਿ ਜੇਕਰ ਨੌਜਵਾਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਏ ਕਿ ਸਿਸਟਮ ਵਿਚ ਮਿਹਨਤ ਤੋਂ ਵੱਧ ਪੈਸੇ ਅਤੇ ਪਹੁੰਚ ਦੀ ਕਦਰ ਹੈ, ਤਾਂ ਫਿਰ ਉਨ੍ਹਾਂ ਦਾ ਭਰੋਸਾ ਟੁੱਟਣਾ ਸੁਭਾਵਿਕ ਹੈ | ਹੱਲ ਸਿਰਫ਼ ਸੁਰੱਖਿਆ ਵਧਾਉਣ ਨਾਲ ਨਹੀਂ ਨਿਕਲੇਗਾ | ਲੋੜ ਪੂਰੀ ਸੋਚ ਬਦਲਣ ਦੀ ਹੈ | ਬੱਚਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਇੱਕ ਪ੍ਰੀਖਿਆ ਜੀਵਨ ਦਾ ਅੰਤ ਨਹੀਂ ਹੁੰਦੀ | ਸਕੂਲਾਂ ਅਤੇ ਤਿਆਰੀ ਕੇਂਦਰਾਂ ਵਿਚ ਮਾਨਸਿਕ ਸਹਾਇਤਾ ਦੀ ਪ੍ਰਣਾਲੀ ਹੋਣੀ ਚਾਹੀਦੀ ਹੈ | ਬੱਚਿਆਂ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਮੌਕਾ ਮਿਲਣਾ ਚਾਹੀਦਾ ਹੈ | ਉਨ੍ਹਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਕਿਸੇ ਵੀ ਦਰਜੇ ਜਾਂ ਅੰਕ ਤੋਂ ਵੱਡੀ ਹੈ | ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਮੁਕਾਬਲੇ ਲਈ ਨਹੀਂ, ਸਗੋਂ ਜੀਵਨ ਲਈ ਤਿਆਰ ਕਰੀਏ | ਉਨ੍ਹਾਂ ਨੂੰ ਇਹ ਸਿਖਾਈਏ ਕਿ ਨਾਕਾਮੀ ਸ਼ਰਮ ਨਹੀਂ ਹੁੰਦੀ | ਹਰ ਮਨੁੱਖ ਦੀ ਆਪਣੀ ਯੋਗਤਾ ਹੁੰਦੀ ਹੈ ਅਤੇ ਕਾਮਯਾਬੀ ਦੇ ਰਸਤੇ ਇੱਕ ਨਹੀਂ, ਅਣਗਿਣਤ ਹੁੰਦੇ ਹਨ |
ਜੇਕਰ ਅਸੀਂ ਅੱਜ ਵੀ ਨਾ ਸਮਝੇ, ਤਾਂ ਆਉਣ ਵਾਲੇ ਸਾਲਾਂ ਵਿਚ ਹੋਰ ਕਈ ਘਰ ਖ਼ਾਮੋਸ਼ ਹੋ ਜਾਣਗੇ | ਹੋਰ ਕਈ ਮਾਪੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਬੈਠ ਕੇ ਰੋਣਗੇ | ਹੋਰ ਕਈ ਨੌਜਵਾਨ ਚੁੱਪਚਾਪ ਆਪਣੇ ਅੰਦਰ ਟੁੱਟਦੇ ਰਹਿਣਗੇ | ਇੱਕ ਦੇਸ਼ ਦੀ ਅਸਲੀ ਤਾਕਤ ਉਸ ਦੇ ਨੌਜਵਾਨ ਹੁੰਦੇ ਹਨ | ਜੇ ਉਹੀ ਨੌਜਵਾਨ ਡਰ, ਤਣਾਅ ਅਤੇ ਨਿਰਾਸ਼ਾ ਵਿਚ ਜਿਊਣ ਲੱਗ ਪੈਣ, ਤਾਂ ਇਹ ਸਿਰਫ਼ ਸਿੱਖਿਆ ਦਾ ਨਹੀਂ, ਪੂਰੇ ਸਮਾਜ ਦੇ ਭਵਿੱਖ ਦਾ ਸੰਕਟ ਬਣ ਜਾਂਦਾ ਹੈ |

-ਤਪਾ ਮੰਡੀ, ਜ਼ਿਲ੍ਹਾ ਬਰਨਾਲਾ |
ਮੋਬਾਈਲ : 94635-10941

Ad Position 22
No active advertisement
ਪਿਛਲੀ ਖ਼ਬਰ ਡਰ... ਚਿਣਗ ਤੋਂ ਭਾਂਬੜ ਬਣਨ ਦਾ <br/> ਅਗਲੀ ਖ਼ਬਰ ਸੌਣ ਵੇਲੇ ਸਾਨੂੰ “ਦਬਾਅ” ਕਿਉਂ ਪੈਂਦਾ ਹੈ? <br/>
Ad Position 24
No active advertisement