ਮਨੁੱਖ ਜਦੋਂ ਦਾ ਕੁਦਰਤ ਦੀ ਗੋਦ ਤੋਂ ਦੂਰ ਹੋਣਾ ਸ਼ੁਰੂ ਹੋਇਆ ਹੈ, ਉਹ ਆਪਣੇ-ਆਪ ਨਾਲੋਂ ਵੀ ਦੂਰ ਹੋਣਾ ਸ਼ੁਰੂ ਹੋ ਗਿਆ ਅਤੇ ਟੁੱਟ ਰਿਹਾ ਹੈ | ਤਰੱਕੀ, ਵਿਕਾਸ ਅਤੇ ਹੋਰ ਪਦਾਰਥਕ ਪ੍ਰਾਪਤੀਆਂ ਉਸ ਨੂੰ ਆਪਣੇ ਅੰਦਰਲੇ ਸ਼ਾਂਤ ਮਨੁੱਖ ਤੋਂ ਦੂਰ ਲੈ ਗਈਆਂ ਹਨ | ਭਾਵੇਂ ਤਰੱਕੀ ਵੀ ਜ਼ਰੂਰੀ ਹੈ, ਪਰ ਮਨੁੱਖ ਤਾਂ ਆਪਣੇ-ਆਪ ਨੂੰ ਬਿਲਕੁਲ ਹੀ ਭੁੱਲ ਬੈਠਾ ਹੈ | ਕਿਸੇ ਸਮੇਂ ਉਹ ਤਾਰਿਆਂ ਦੀ ਛਾਂ ਹੇਠ ਸੌਂ ਕੇ ਆਪਣੇ ਸਾਰੇ ਦੁੱਖ-ਦਰਦ ਤੇ ਕਲੇਸ਼ ਰਾਤ ਰਾਣੀ ਦੀ ਗੋਦ ਵਿਚ ਛੱਡ ਕੇ ਸਵੇਰ ਤੱਕ ਤਰੋਤਾਜ਼ਾ ਹੋ ਕੇ ਉੱਠਦਾ ਸੀ | ਪਰ ਹੁਣ ਜਦੋਂ ਦਾ ਪਦਾਰਥਕ ਤਰੱਕੀ ਵੱਲ ਉਸਦਾ ਰੁਝਾਨ ਹੋਇਆ ਹੈ, ਉਹ ਆਪਣਾ ਸੁੱਖ ਤੇ ਅੰਦਰਲੇ ਸਕੂਨ ਦੀ ਬਲੀ ਦੇ ਬੈਠਾ ਹੈ | ਉਹ ਸਮੁੰਦਰ ਤੋਂ ਤੁਰਿਆ ਸੀ ਤੇ ਜੰਗਲ ਵਿਚੋਂ ਦੀ ਹੁੰਦਾ ਹੋਇਆ, ਧਰਤੀ ਨੂੰ ਛੱਡ ਕੇ ਚੰਦ ਸੂਰਜ ਤੇ ਸਿਤਾਰਿਆਂ ਦੀ ਦੁਨੀਆ ਨੂੰ ਫੋਲਣ ਤੁਰ ਪਿਆ | ਇਸ ਦੌੜ ਵਿਚ ਉਹ ਆਪਣੀ ਦੋ ਗਜ਼ ਜ਼ਮੀਨ ਨੂੰ ਛੱਡ ਕੇ ਸਾਰੀ ਕਾਇਨਾਤ ਉੱਤੇ ਕਬਜ਼ਾ ਕਰਨ ਹਿਤ ਵੱਡੀਆਂ-ਵੱਡੀਆਂ ਜੰਗਾਂ ਦੇ ਰਾਹ ਪੈ ਕੇ ਸਾਰੇ ਬ੍ਰਹਿਮੰਡ ਦੀ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ | ਇਹ ਸਾਰਾ ਵਰਤਾਰਾ ਕੁਦਰਤੀ ਨਹੀਂ ਹੈ ਜਾਂ ਪ੍ਰਕਿਰਤਕ ਨਹੀਂ ਹੈ ਸਗੋਂ ਕੁਦਰਤ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ | ਉਹ ਸਭ ਕੁਝ ਭੁੱਲ ਗਿਆ ਹੈ ਕਿ ਉਹਦਾ ਅਸਲੀ ਮਨੋਰਥ ਤਾਂ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਬਿਤਾਉਣਾ ਅਤੇ ਦੂਸਰਿਆਂ ਨੂੰ ਸਕੂਨ ਨਾਲ ਜਿਊਣ ਦੇਣਾ ਹੈ, ਪਰ ਉਹ ਤਾਂ ਆਪਣਾ ਵੈਰੀ ਆਪ ਹੀ ਬਣ ਤੁਰਿਆ ਹੈ ਤੇ ਉਸ ਦੀ ਰਾਤ ਦੀ ਨੀਂਦ ਵੀ ਕਿਤੇ ਦੂਰ ਗੁੰਮ ਹੋ ਗਈ ਹੈ | ਇਸ ਤੋਂ ਅੱਗੇ ਅਸੀਂ ਆਪਣੀ ਗੱਲ ਕਰਨ ਤੋਂ ਪਹਿਲਾਂ ਸਾਡੇ ਬਹੁਤ ਹੀ ਪਿਆਰੇ ਤੇ ਬੀਬੇ ਸ਼ਾਇਰ ਲੋਚੀ ਦਾ ਇਕ ਸ਼ਿਅਰ ਤੁਹਾਡੇ ਨਾਲ ਸਾਂਝਾ ਕਰਾਂਗੇ -
ਅੱਧੀ ਰਾਤੀਂ ਉੱਠਿਆ ਕੋਈ,
ਉੱਠਿਆ ਕੂਕਾਂ ਮਾਰ,
ਜਾਂ ਤਾਂ ਉਸ ਦੇ ਵਿਹੜੇ ਧੀਆਂ,
ਜਾਂ ਕੋਈ ਰੂਹ ਤੇ ਭਾਰ |
ਜ਼ਿੰਦਗੀ ਵਿਚ ਬਹੁਤ ਵਾਰੀ ਵੇਖਿਆ ਗਿਆ ਹੈ ਕਿ ਕਈ ਮਨੁੱਖ ਸੌਣ ਵੇਲੇ ਚੀਕਦੇ ਹੋਏ ਉੱਠਦੇ ਹਨ ਜਾਂ ਉਹ ਓਨੀ ਦੇਰ ਬੋਲਦੇ ਰਹਿੰਦੇ ਹਨ ਜਾਂ ਉਹ ਲੱਤਾਂ ਪੈਰ ਇਧਰ-ਉਧਰ ਮਾਰਦੇ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਕੋਈ ਝੰਜੋੜ ਕੇ ਨਾ ਜਗਾਵੇ | ਇਸ ਹਾਲਤ ਵਿਚ ਪੁਰਾਣੇ ਬਜ਼ੁਰਗ/ਸਿਆਣੇ ਕਹਿੰਦੇ ਸਨ ਕਿ ਛਾਤੀ 'ਤੇ ਹੱਥ ਰੱਖ ਕੇ ਨਾ ਸੌਂਇਆ ਕਰੋ ਜਾਂ ਖੱਬੇ ਪਾਸੇ ਵੱਖ ਲੈ ਕੇ ਸੌਂਇਆ ਕਰੋ | ਇੰਝ ਵੀ ਆਖਿਆ ਜਾਂਦਾ ਸੀ ਕਿ ਸਰ੍ਹਾਣੇ ਮੰਜੇ ਹੇਠਾਂ ਸੁੱਚਾ ਪਾਣੀ ਰੱਖ ਕੇ ਸੌਣਾ ਚਾਹੀਦਾ ਹੈ | ਕਈ ਵਾਰੀ ਲੋਕ ਇਸ ਨੂੰ ਬਾਹਰਲੀ ਕਸਰ/ਬਿਮਾਰੀ ਸਮਝ ਕੇ ਚੇਲਿਆਂ ਭੂਪਿਆਂ ਕੋਲ ਵੀ ਲੈ ਕੇ ਜਾਂਦੇ ਹਨ, ਪਰ ਅਨਪੜ੍ਹ ਚੇਲੇ ਇਸ ਸਮੱਸਿਆ ਦਾ ਮਨੋਵਿਗਿਆਨਕ ਹੱਲ ਨਹੀਂ ਲੱਭ ਸਕਦੇ, ਸਗੋਂ ਉਹ ਮਰੀਜ਼ ਨੂੰ ਕਈ ਤਸੀਹੇ ਦੇ ਕੇ ਜਾਂ ਡਰਾ ਕੇ ਜਾਂ ਉਸ ਨੂੰ ਗ਼ਲਤ ਤਰੀਕੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਕਰਦੇ ਹਨ, ਪਰ ਇਸ ਤਰ੍ਹਾਂ ਉਹ ਮਨ 'ਚ ਵਸੇ ਡਰ ਨੂੰ ਕੱਢ ਨਹੀਂ ਸਕਦੇ | ਇਹ ਸਾਰੇ ਵਹਿਮ ਹਨ ਇਨ੍ਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹ ਤਾਂ ਸਾਡੇ ਮਨ ਦੀਆਂ ਖੇਡਾਂ ਹਨ, ਜਿਨ੍ਹਾਂ ਨੂੰ ਵਿਗਿਆਨਕ ਤੌਰ 'ਤੇ ਸਮਝਣ ਦੀ ਲੋੜ ਹੈ | ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ ਤਾਂ ਡੇਢ ਘੰਟਾ ਬਾਅਦ 'ਚ ਸਾਡੀ ਨੀਂਦ ਗੂੜ੍ਹੀ ਹੋਣੀ ਸ਼ੁਰੂ ਹੋ ਜਾਂਦੀ ਹੈ | ਇਸ ਹਾਲਤ ਵਿਚ ਆਮ ਕਰਕੇ ਸੁਪਨੇ ਵਾਪਰਦੇ ਹਨ, ਬੰਦ ਅੱਖਾਂ ਵਿਚ ਹੀ ਅੱਖਾਂ ਦੀ ਗਤੀ ਤੇਜ਼ ਹੋ ਜਾਂਦੀ ਹੈ | ਇਸ ਨੂੰ (Rapid 5ye Movement) ਵੀ ਕਹਿੰਦੇ ਹਨ | ਸਾਡਾ ਦਿਮਾਗ ਤੇਜ਼ ਕੰਮ ਕਰਨ ਲੱਗ ਜਾਂਦਾ ਹੈ, ਪਰ ਸਰੀਰਕ ਤੌਰ 'ਤੇ ਸਾਡਾ ਆਪਣੇ ਮਸਲਿਆਂ 'ਤੇ ਕੰਟਰੋਲ ਘਟ ਜਾਂਦਾ ਹੈ | ਸਾਡਾ ਸਾਹ ਬਹੁਤ ਤੇਜ਼ ਹੋ ਜਾਂਦਾ ਹੈ ਤੇ ਸੰਤੁਲਿਤ ਨਹੀਂ ਰਹਿੰਦਾ | ਸਾਡਾ ਦਿਲ ਵੀ ਤੇਜ਼ ਧੜਕਣ ਲੱਗਦਾ ਹੈ | ਬਲੱਡ ਪ੍ਰੈੱਸ਼ਰ ਵੀ ਵਧ ਜਾਂਦਾ ਹੈ, ਇਸ ਹਾਲਤ ਵਿਚ ਸਾਡੇ ਸਾਰੇ ਕੌੜੇ ਤਜਰਬੇ ਮਨ ਦੀ ਅਰਧ ਚੇਤਨ ਤਹਿ 'ਤੇ ਇਕੱਠੇ ਹੋ ਜਾਂਦੇ ਹਨ ਜਿਹੜੇ ਕਿ ਡਰਾਉਣੇ ਸੁਪਨਿਆਂ ਦੀ ਸ਼ਕਲ ਧਾਰ ਕੇ ਸਾਡੇ ਸਾਹਮਣੇ ਆਉਂਦੇ ਹਨ | ਇਸ ਨਾਲ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਕੋਲ ਕੋਈ ਬਹੁਤ ਡਰਾਉਣਾ ਜਾਨਵਰ ਜਾਂ ਕੁਝ ਭੂਤ ਵਰਗਾ ਆਕਾਰ ਸਾਡੇ ਸਾਹਮਣੇ ਆ ਗਿਆ ਹੈ | ਅਸੀਂ ਆਪਣੇ ਉੱਤੇ ਬਹੁਤ ਹੀ ਜ਼ਿਆਦਾ ਭਾਰ ਪਿਆ ਮਹਿਸੂਸ ਕਰਦੇ ਹਾਂ | ਅਸੀਂ ਹਿਲਜੁਲ ਨਹੀਂ ਸਕਦੇ, ਦੌੜ ਨਹੀਂ ਸਕਦੇ, ਇਸ ਹਾਲਤ ਵਿਚ ਬੇਵੱਸ ਹੋ ਕੇ ਉੱਚੀ ਉੱਚੀ ਚੀਕਣ ਲੱਗਦੇ ਹਾਂ ਜਾਂ ਅਸੀਂ ਉਸ ਸਥਿਤੀ ਨਾਲ ਲੜਨ ਦੀ ਕੋਸ਼ਿਸ਼ ਵਿਚ ਹੱਥ ਪੈਰ ਇਧਰ ਉਧਰ ਮਾਰਦੇ ਹਾਂ | ਉਸ ਬਲਾ ਤੋਂ ਆਪਣਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਾਂ | ਅਸਲ ਵਿਚ ਇਹ ਸਾਰਾ ਵਰਤਾਰਾ ਸਾਡੇ ਮਨ ਦਾ ਪੈਦਾ ਕੀਤਾ ਹੋਇਆ ਹੁੰਦਾ ਹੈ | ਅਸਲ ਵਿਚ ਕੁਝ ਵੀ ਨਹੀਂ ਵਾਪਰਿਆ ਹੁੰਦਾ | ਪਰ ਸਾਨੂੰ ਇੰਜ ਲੱਗਦਾ ਹੈ ਕਿ ਇਹ ਸਭ ਕੁਝ ਅਸਲ ਵਿਚ ਵਾਪਰ ਰਿਹਾ ਹੈ ਤੇ ਜਦੋਂ ਅਸੀਂ ਨੀਂਦ 'ਚੋਂ ਬਾਹਰ ਆਉਂਦੇ ਹਾਂ, ਥੋੜ੍ਹੀ ਦੇਰ ਬਾਅਦ ਸਾਨੂੰ ਇਹ ਸਭ ਕੁਝ ਭੁੱਲਣਾ ਸ਼ੁਰੂ ਹੋ ਜਾਂਦਾ ਹੈ | ਇਸ ਦੇ ਕੁਝ ਅੰਸ਼ ਹੀ ਯਾਦ ਰਹਿੰਦੇ ਹਨ | ਪ੍ਰਸਿੱਧ ਮਨੋਵਿਗਿਆਨੀ ਫਰਾਇਡ ਨੇ ਇਸ ਬਾਰੇ ਦੱਸਿਆ ਹੈ ਕਿ ਮਨੁੱਖ ਜਿਹੜੇ ਡਰ, ਚਿੰਤਾਵਾਂ ਤੋਂ ਜਾਗਦਿਆਂ ਹੋਇਆਂ ਖਹਿੜਾ ਨਹੀਂ ਛੁਡਾ ਸਕਦੇ ਜਾਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਉਹ ਜਾਗਦੀ ਹਾਲਤ ਵਿਚ ਨਹੀਂ ਕਰ ਸਕਦਾ, ਸੌਣ ਵੇਲੇ ਨੀਂਦ ਅਵਸਥਾ ਵਿਚ ਸਾਡਾ ਅਚੇਤਨ ਮਨ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਾਡੇ ਮਨ ਤੋਂ ਕੁਝ ਭਾਰ ਹਲਕਾ ਕਰਨ ਦੀ ਕੋਸ਼ਿਸ਼ ਕਰਦਾ ਹੈ | ਇਸ ਬਾਰੇ ਹੋਰ ਵੀ ਬਹੁਤ ਸਾਰੇ ਵਿਗਿਆਨੀਆਂ ਤੇ ਮਨੋਵਿਗਿਆਨੀਆਂ ਨੇ ਆਪਣੇ ਵਿਚਾਰ ਦਿੱਤੇ ਹਨ | ਪਿਟਸਬਰਗ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਨੇ ਇਕ ਅਧਿਐਨ ਕੀਤਾ ਹੈ ਕਿ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ 80% ਲੋਕ ਆਪਣੇ ਦੁੱਖਾਂ-ਤਕਲੀਫ਼ਾਂ ਨੂੰ ਆਪਣੇ ਸੁਪਨਿਆਂ ਵਿਚ ਵੇਖਦੇ ਹਨ | ਇਹ ਵੀ ਦੱਸਿਆ ਹੈ ਕਿ ਵੀਅਤਨਾਮ ਦੀ ਲੰਬੀ ਚੱਲੀ ਜੰਗ ਤੋਂ ਬਾਅਦ ਫ਼ੌਜੀਆਂ ਵਿਚ ਲੜਾਈ ਤੋਂ ਬਾਅਦ ਬਹੁਤ ਦੇਰ ਤੱਕ ਪਹਿਲਾਂ ਲੜੀਆਂ ਲੜਾਈਆਂ ਦੇ ਭਿਆਨਕ ਦਿ੍ਸ਼ ਉਨ੍ਹਾਂ ਦੇ ਸੁਪਨਿਆਂ ਵਿਚ ਆਉਂਦੇ ਰਹੇ | 52% ਫ਼ੌਜੀਆਂ ਵਿਚ ਇਹ ਵਰਤਾਰਾ ਬਹੁਤ ਦੇਰ ਤਕ ਚੱਲਦਾ ਰਿਹਾ |
ਇਸੇ ਤਰ੍ਹਾਂ ਬਰੇਟ ਵਿਗਿਆਨੀ ਨੇ ਦੱਸਿਆ ਕਿ ਦਿਮਾਗ ਦਾ ਇਕ ਹਿੱਸਾ ਜਿਸ ਦਾ ਨਾਂਅ ਐਮਿਗਦਾਲਾ (1mygdala) ਹੈ, ਉਹ ਡਰ ਦੀਆਂ ਸੰਭਾਵਨਾਵਾਂ ਨੂੰ ਬਹੁਤ ਮਹਿਸੂਸ ਕਰਦਾ ਹੈ | ਭਾਵੇਂ ਇਹ ਗਮੀ ਤੇ ਖੁਸ਼ੀ ਦੋਵੇਂ ਜਜ਼ਬਾਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ, ਪਰ ਦੁੱਖ ਦਰਦ ਦੇ ਭਾਵਾਂ ਨੂੰ ਸਾਡੇ ਚਿਹਰੇ ਤੇ ਪ੍ਰਗਟ ਕਰਨ ਲਈ ਇਹ ਬਹੁਤ ਕਿ੍ਆਸ਼ੀਲ ਰਹਿੰਦਾ ਹੈ | ਜੇ ਇਹ ਸਹੀ ਕੰਮ ਨਾ ਕਰਦਾ ਹੋਵੇ ਤਾਂ ਮਨੁੱਖ ਘੋਰ ਚਿੰਤਾ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ | ਇਸ ਕਾਰਨ ਮਨੁੱਖ ਜਾਗਦੇ ਹੋਏ ਜੋ ਹੰਢਾਈਆਂ ਬੁਰੀਆਂ ਘਟਨਾਵਾਂ ਨੂੰ ਦੁਬਾਰਾ ਸੌਣ ਵੇਲੇ ਮੁੜ ਕੇ ਦੁਹਰਾਉਂਦਾ ਹੈ ਤੇ ਕਈ ਵਾਰੀ ਡਰ ਕੇ ਚੀਕਾਂ ਮਾਰਦਾ ਹੈ | ਕ੍ਰਿਸਚੀਅਨ ਅਤੇ ਇਸਲਾਮ ਵਿਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹੋ ਜਿਹੇ ਸੁਪਨਿਆਂ ਰਾਹੀਂ ਪਰਮਾਤਮਾ ਜਾਂ ਅੱਲਾ ਲੋਕਾਂ ਨੂੰ ਖ਼ਤਰਿਆਂ ਤੋਂ ਬਚਣ ਲਈ ਆਗਾਹ ਕਰਦੇ ਹਨ | ਉਨ੍ਹਾਂ ਦੇ ਵਰਤਾਰੇ ਨੂੰ ਅਗਵਾਈ ਦਿੰਦੇ ਹਨ | ਲੁਕੀਆਂ ਹੋਈਆਂ ਸੱਚਾਈਆਂ ਨੂੰ ਸਾਹਮਣੇ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਬੁਰਾ ਤੇ ਪਾਪੀ ਵਿਹਾਰ ਕਰਨ ਤੋਂ ਰੋਕਦੇ ਹਨ | ਉਂਝ ਡਰਾਉਣੇ ਸੁਪਨੇ ਸਾਡੇ ਤੰਤੂ-ਤੰਤਰ ਨੂੰ ਚਿੰਤਾ, ਖ਼ਤਰੇ ਅਤੇ ਤਣਾਅ ਤੋਂ ਬਚਾਉਣ ਦਾ ਕੰਮ ਵੀ ਕਰਦੇ ਹਨ | ਭਾਵੇਂ ਇਹ ਡਰਾਉਣੇ ਤੇ ਬੁਰੇ ਹੁੰਦੇ ਹਨ, ਪਰ ਇਹ ਸਾਡੇ ਅੰਦਰੋਂ ਡਰ ਖ਼ਤਮ ਕਰਨ ਦੇ ਕੁਦਰਤੀ ਸਾਧਨ ਬਣਦੇ ਹਨ | ਚਿੰਤਾ ਨੂੰ ਦੂਰ ਕਰਨ ਦਾ ਸਾਧਨ ਵੀ ਬਣਦੇ ਹਨ | ਜਾਗਦੇ ਸਮੇਂ ਜਿਨ੍ਹਾਂ ਚਿੰਤਾਵਾਂ ਨੂੰ ਅਸੀਂ ਛੱਡ ਨਹੀਂ ਸਕਦੇ, ਨੀਂਦਰ ਵਾਲੀ ਅਵਸਥਾ ਵਿਚ ਡਰਾਉਣੇ ਸੁਪਨੇ ਇਨ੍ਹਾਂ ਨੂੰ ਸਾਡੇ ਅੰਦਰੋਂ ਖਾਰਜ ਕਰਨ ਦੀ ਕੋਸ਼ਿਸ਼ ਕਰਦੇ ਹਨ |
ਮਨੋਵਿਗਿਆਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਸੁਪਨਿਆਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੇ ਨਤੀਜੇ ਕੱਢੇ ਹਨ ਕਿ ਜਦੋਂ ਮਨੁੱਖ ਜਾਗਦੇ ਸਮੇਂ ਆਪਣੀਆਂ ਸਮੱਸਿਆਵਾਂ ਤੋਂ ਭੱਜਣ ਲੱਗ ਪਵੇ, ਉਨ੍ਹਾਂ ਦਾ ਹੱਲ ਕਰਨ ਦੀ ਕੋਸ਼ਿਸ਼ ਨਾ ਕਰੇ ਤਾਂ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਹਨ ਜਿਸ ਵਿਚ ਕੋਈ ਬਲਾ, ਕੋਈ ਖ਼ਤਰਨਾਕ ਜਾਨਵਰ ਜਾਂ ਕੋਈ ਭੂਤ ਪ੍ਰੇਤ ਉਸਦਾ ਪਿੱਛਾ ਕਰ ਰਿਹਾ ਹੁੰਦਾ ਹੈ | ਇਸੇ ਤਰ੍ਹਾਂ ਜੇਕਰ ਕਿਸੇ ਮਨੁੱਖ ਨੂੰ ਆਪਣੀ ਪ੍ਰਾਪਰਟੀ ਜਾਂ ਆਪਣੀ ਸ਼ਕਤੀ ਦਾ ਨੁਕਸਾਨ ਹੋਇਆ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਕਿ ਜਿਸ ਵਿਚ ਉਸ ਦੇ ਦੰਦ ਕਿਸੇ ਤਰ੍ਹਾਂ ਟੁੱਟ ਗਏ ਹਨ ਜਾਂ ਝੜ ਗਏ ਹਨ | (ਚਲਦਾ)
ਮੋਬਾਈਲ : 98726-73703