ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗ਼ਜ਼ਲ, ਠੁਮਰੀ, ਦਾਦਰਾ ਅਤੇ ਸ਼ਾਸਤਰੀ ਗਾਇਕਾ ਬੇਗ਼ਮ ਅਖ਼ਤਰ <br/>

Ad Position 21
No active advertisement
ਅਜੀਤ ਡੈਸਕ 17-05-2026

'ਮਲਿਕਾ-ਏ-ਗਜ਼ਲ' ਅਤੇ 'ਲਖਨਊ ਦੀ ਕੋਇਲ' ਵਜੋਂ ਜਾਣੀ ਜਾਂਦੀ ਅਖ਼ਤਰੀ ਬਾਈ ਫੈਜ਼ਾਬਾਦੀ ਉਰਫ਼ ਬੇਗ਼ਮ ਅਖ਼ਤਰ ਭਾਰਤ ਦੀ ਅਜਿਹੀ ਪ੍ਰਸਿੱਧ ਸ਼ਾਸਤਰੀ ਸੰਗੀਤ, ਗਜ਼ਲ, ਠੁਮਰੀ ਅਤੇ ਦਾਦਰਾ ਗਾਇਕਾ ਸੀ ਜਿਸ ਦੀ ਸੁਰੀਲੀ ਆਵਾਜ਼ ਦਾ ਜਾਦੂ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦਾ ਹੈ | ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਜਿਥੇ ਉਨ੍ਹਾਂ ਨੂੰ 'ਪਦਮ ਸ੍ਰੀ' (ਸੰਨ 1968), 'ਸੰਗੀਤ ਨਾਟਕ ਅਕਾਦਮੀ ਪੁਰਸਕਾਰ' (ਸੰਨ 1972), ਮਰਨ ਉਪਰੰਤ ਪਦਮ ਭੂਸ਼ਣ (ਸੰਨ 1975) ਜਿਹੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਉਥੇ 100ਵੀਂ ਜਨਮ ਸ਼ਤਾਬਦੀ ਮੌਕੇ 5 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਗਿਆ |
ਉੱਤਰ ਪ੍ਰਦੇਸ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਭਾਰਤਕੁੰਡ ਵਿਚ 7 ਅਕਤੂਬਰ, 1914 ਨੂੰ ਅਸਘਰ ਹੁਸੈਨ ਅਤੇ ਮੁਸ਼ਤਰੀ ਬੇਗ਼ਮ ਦੇ ਘਰ ਅਖ਼ਤਰੀ ਬਾਈ ਦਾ ਜਨਮ ਹੋਇਆ | ਸੱਤ ਸਾਲ ਦੀ ਉਮਰ ਵਿਚ ਇਕ ਡਰਾਮਾ ਟੀਮ ਦੀ ਕਲਾਕਾਰਾ ਚੰਦਰਬਾਈ ਤੋਂ ਪ੍ਰਭਾਵਿਤ ਹੋ ਕੇ ਉਹ ਸੰਨ 1935 ਦੇ ਕਰੀਬ ਪਟਿਆਲਾ ਦੇ ਉਸਤਾਦ ਅਤਾ ਮੁਹੰਮਦ ਖ਼ਾਂ ਕੋਲੋਂ ਖਿਆਲ, ਠੁਮਰੀ, ਦਾਦਰਾ ਅਤੇ ਗਜ਼ਲ ਗਾਇਕੀ ਸਿਖਦੀ ਰਹੀ | ਪਟਨਾ ਦੇ ਸਾਰੰਗੀਵਾਦਕ ਇਮਦਾਦ ਖ਼ਾਂ, ਕਿਰਾਨਾ ਘਰਾਣੇ ਦੇ ਉਸਤਾਦ ਅਬਦੁੱਲ ਵਹੀਦ ਖ਼ਾਂ, ਤਾਨਰਸ ਘਰਾਣੇ ਦੇ ਅਤਾ ਹੁਸੈਨ, ਕਲਕੱਤਾ ਦੇ ਮੁਹੰਮਦ ਖ਼ਾਂ ਅਤੇ ਉਸਤਾਦ ਝੰਡੇ ਖ਼ਾਂ ਕੋਲੋਂ ਉਸ ਨੇ ਸ਼ਾਸਤਰੀ ਸੰਗੀਤ ਦੀ ਵਿਧੀਬੱਧ ਤਾਲੀਮ ਲਈ | ਤੰਤੀ ਸਾਜ਼ ਸਿਤਾਰ ਉਹ ਲਖਨਊ ਦੇ ਉਸਤਾਦ ਇਲਿਆਸ ਖ਼ਾਂ ਕੋਲੋਂ ਸਿਖਦੀ ਰਹੀ | ਇਨ੍ਹਾਂ ਦੇ ਚਾਚਾ ਨਾਸਿਕ ਲਖਨਵੀ ਪ੍ਰਸਿੱਧ ਸ਼ਾਇਰ ਸਨ |
ਕਲਕੱਤਾ ਦੇ ਐਲਫ੍ਰੇਡ ਥੀਏਟਰ ਵਿਚ 15 ਕੁ ਸਾਲ ਦੀ ਉਮਰ ਵਿਚ ਜਦ ਬੇਗ਼ਮ ਅਖ਼ਤਰ ਨੇ ਬਿਹਾਰ ਦੇ ਭੁਚਾਲ ਪੀੜਤਾਂ ਲਈ ਉਸਤਾਦ ਅਤਾ ਮੁਹੰਮਦ ਖ਼ਾਂ ਦੇ ਥਾਪੜੇ ਨਾਲ ਦਾਦਰੇ, ਗਜ਼ਲਾਂ ਅਤੇ ਠੁਮਰੀ ਗਾਇਣ ਦੀ ਪੇਸ਼ਕਾਰੀ ਕੀਤੀ ਤਾਂ ਸਰੋਜਨੀ ਨਾਇਡੂ ਨੇ ਇਨਾਮ ਵਜੋਂ ਉਸ ਨੂੰ ਖਾਦੀ ਦੀ ਸਾੜੀ ਭੇਟ ਕੀਤੀ | ਇਸ ਉਪਰੰਤ ਆਲ ਇੰਡੀਆ ਰੇਡੀਓ ਲਖਨਊ ਤੋਂ ਉਸ ਦੀਆਂ ਗਜ਼ਲਾਂ ਅਤੇ ਦਾਦਰੇ ਪ੍ਰਸਾਰਿਤ ਹੋਣ ਲੱਗੇ ਤੇ ਲੋਕ ਉਸ ਦੀ ਆਵਾਜ਼ ਦੇ ਦੀਵਾਨੇ ਬਣ ਗਏ |
ਬੇਗ਼ਮ ਅਖਤਰ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਸੰਨ 1933 ਵਿਚ ਰਿਕਾਰਡਿੰਗ ਕੰਪਨੀਆਂ ਮੈਗਾਫੋਨ ਅਤੇ ਐਚ.ਐਮ.ਵੀ. ਨੇ ਉਸ ਦੇ ਰਿਕਾਰਡ ਤਿਆਰ ਕਰਨ ਲਈ ਸੱਦਾ ਦਿੱਤਾ | ਸਿੱਟੇ ਵਜੋਂ ਸੰਨ 1938 ਵਿਚ ਉਸ ਦੇ ਰਿਕਾਰਡ 'ਦੀਵਾਨਾ ਬਨਾਨਾ ਹੈ ਤੋ ਦੀਵਾਨਾ ਬਨਾ ਦੇ' ਨੇ ਬੇਗ਼ਮ ਦੀ ਆਵਾਜ਼ ਨੂੰ ਘਰ-ਘਰ ਪਹੁੰਚਾ ਦਿੱਤਾ | ਸਿਟੇ ਵਜੋਂ ਦਰਭੰਗਾ, ਕਸ਼ਮੀਰ ਅਤੇ ਹੈਦਰਾਬਾਦ ਦੇ ਨਿਜ਼ਾਮ ਤੋਂ ਇਲਾਵਾ ਰਾਮਪੁਰ ਦੇ ਨਵਾਬ ਵਲੋਂ ਉਸ ਨੂੰ ਦਰਬਾਰੀ ਗਾਇਕਾ ਬਣਨ ਦੇ ਸੱਦੇ ਆਉਣ ਲੱਗੇ | ਸੰਨ 1943 ਵਿਚ ਉਹ ਰਾਮਪੁਰ ਦੇ ਨਵਾਬ ਰਜ਼ਾ ਅਲੀ ਖ਼ਾਂ ਦੇ ਦਰਬਾਰ ਵਿਚ ਗਾਇਕਾ ਨਿਯੁਕਤ ਹੋ ਗਈ |
ਸੰਨ 1945 ਉਸ ਨੇ ਲਖਨਊ ਦੇ ਪੇਸ਼ੇ ਵਜੋਂ ਵਕੀਲ ਇਸ਼ਤਿਆਕ ਅਹਿਮਦ ਅਬਾਸੀ ਨਾਲ ਨਿਕਾਹ ਕਰ ਲਿਆ ਤੇ ਉਹ ਅਖ਼ਤਰੀ ਬਾਈ ਫੈਜ਼ਾਬਾਦੀ ਤੋਂ ਬੇਗ਼ਮ ਅਖ਼ਤਰ ਬਣ ਗਈ | ਸਹੁਰੇ ਪਰਿਵਾਰ ਨੇ ਕਰੀਬ ਪੰਜ ਸਾਲ ਤੱਕ ਉਸ ਦੀਆਂ ਸੰਗੀਤਕ ਗਤੀਵਿਧੀਆਂ 'ਤੇ ਰੋਕ ਲਗਾ ਰੱਖੀ ਜਿਸ ਕਰਕੇ ਉਹ ਬਿਮਾਰ ਰਹਿਣ ਲੱਗੀ | ਪਰਿਵਾਰ ਦੀ ਸਹਿਮਤੀ ਨਾਲ ਸੰਨ 1948-49 ਵਿਚ ਜਦ ਉਸਨੇ ਮੁੜ ਆਲ ਇੰਡੀਆ ਰੇਡੀਓ ਲਖਨਊ ਤੋਂ ਗਾਉਣਾ ਸ਼ੁਰੁ ਕੀਤਾ ਤਾਂ ਉਸ ਦੀ ਸਿਹਤ ਨੌਂ-ਬਰ-ਨੌਂ ਹੋ ਗਈ | ਆਲ ਇੰਡੀਆ ਰੇਡੀਓ ਲਖਨਊ ਅਤੇ ਦਿੱਲੀ ਰਾਹੀਂ ਉਸ ਦੀ ਆਵਾਜ਼ ਸਰਹੱਦੋਂ ਪਾਰ ਵੀ ਗੂੰਜਣ ਲੱਗੀ | ਸੰਨ 1961 ਵਿਚ ਆਲ ਬੰਗਾਲ ਸੰਗੀਤ ਕਾਨਫਰੰਸ, ਇਸੇ ਸਾਲ ਭਾਰਤੀ ਹਾਈ ਕਮਿਸ਼ਨ ਦੇ ਸੱਦੇ 'ਤੇ ਪਾਕਿਸਤਾਨ ਦੇ ਕਰਾਚੀ ਵਿਚ ਗਾਇਨ ਪੇਸ਼ਕਾਰੀ, 1963 ਵਿਚ ਅਫਗਾਨਿਸਤਾਨ ਦੀ ਯਾਤਰਾ ਦੌਰਾਨ ਬਾਦਸ਼ਾਹ ਵਲੋਂ ਸਨਮਾਨ, 1967 ਵਿਚ ਸੋਵੀਅਤ ਯੂਨੀਅਨ ਵਿਚ ਗਾਇਨ ਪ੍ਰਦਰਸ਼ਨ, 1969 ਵਿਚ ਗਾਲਿਬ ਦੇ ਸ਼ਤਾਬਦੀ ਸਮਾਰੋਹਾਂ ਵਿਚ ਗਾਇਨ ਪੇਸ਼ਕਾਰੀ ਉਸ ਦੀਆਂ ਅਭੁੱਲ ਯਾਦਾਂ ਵਿਚੋਂ ਇਕ ਸਨ |
ਬੇਗ਼ਮ ਅਖ਼ਤਰ ਦੇ ਗਾਏ ਕਈ ਦਾਦਰੇ, ਗਜ਼ਲਾਂ ਅਤੇ ਠੁਮਰੀਆਂ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਟੁੰਬਿਆ ਜਿਵੇਂ 'ਦੀਵਾਨਾ ਬਨਾਨਾ ਹੈ ਤੋ ਦੀਵਾਨਾ ਬਨਾ ਦੇ (ਗਜ਼ਲ), ਵੋ ਜੋ ਹਮ ਮੇਂ ਤੁਮ ਮੇਂ ਕਰਾਰ ਥਾ (ਗਜ਼ਲ), ਮੇਰੇ ਹਮਨਾਫ਼ਸ ਮੇਰੇ ਹਮਨਵਾ (ਗਜ਼ਲ), ਉਲਟੀ ਹੋ ਗਈ ਸਭ ਤਦਵੀਰੇਂ (ਗਜ਼ਲ), ਕੁਛ ਤੋ ਦੁਨੀਆ ਕੀ ਇਨਾਇਤ ਨੇ ਦਿਲ ਤੋੜ ਦੀਯਾ (ਗਜ਼ਲ), ਤਬੀਅਤ ਇਨ ਦਿਨੋਂ ਬੇਗਾਨਾ-ਏ-ਗ਼ਮ ਹੋਤੀ ਜਾਤੀ ਹੈ (ਗਜ਼ਲ), ਦਿਲ ਸੇ ਤਿਰੀ ਨਿਗਾਹ ਜਿਗਰ ਤਕ ਉਤਰ ਗਈ (ਗਜ਼ਲ), ਯੇ ਨਾ ਥੀ ਹਮਾਰੀ ਕਿਸਮਤ (ਗਜ਼ਲ), ਨਸੀਬ ਅਜ਼ਮਾਨੇ ਕੇ ਦਿਨ ਆ ਰਹੇਂ ਹੈ (ਗਜ਼ਲ), ਐ ਮੁਹੱਬਤ ਤੇਰੇ ਅੰਜ਼ਾਮ ਪੇ ਰੋਨਾ ਆਇਆ (ਗਜ਼ਲ), ਜਬ ਸੇ ਸ਼ਿਆਮ ਸਿਧਾਰੇ (ਠੁਮਰੀ), ਅਬ ਕੇ ਸਾਵਨ ਘਰ ਆ ਜਾ (ਠੁਮਰੀ), 'ਭਰ ਭਰ ਆਈ ਮੋਰੀ ਅੱਖੀਆਂ ਪੀਆ ਬਿਨ' (ਠੁਮਰੀ), ਜੀਯਾ ਮੋਰਾ ਲਹਰਾਏ (ਸ਼ਾਸਤਰੀ ਗਾਇਨ), ਬਾਦਰ ਦੇਖ ਡਰੀ (ਦਾਦਰਾ), ਕੋਇਲੀਆ ਮਤ ਕਰ ਪੁਕਾਰ (ਦਾਦਰਾ), ਮੋਰੀ ਟੂਟ ਗਈ ਅਬ ਆਸ (ਪੂਰਵੀ ਦਾਦਰਾ), ਹਮਰੀ ਅਟਰੀਆ ਪੇ ਆਉ ਸਾਂਵਰੀਆਂ (ਦਾਦਰਾ), ਮੋਰਾ ਬਾਲਮ ਪ੍ਰਦੇਸੀਆ (ਦਾਦਰਾ), ਨਿਹੁਰੇ ਨਿਹੁਰੇ ਬਹਾਲੇ ਅੰਗਨਵਾ (ਦਾਦਰਾ), ਤੁਮ ਜਾਉ ਜਾਉ ਮੋਸੇ ਨਾ ਬੋਲੋ' (ਦਾਦਰਾ) ਆਦਿ |
ਕਲਕੱਤਾ ਦੀ ਈਸਟ ਇੰਡੀਆ ਫ਼ਿਲਮ ਕੰਪਨੀ ਨੇ ਬੇਗ਼ਮ ਅਖ਼ਤਰ ਦੀ ਰਾਗਾਤਮਿਕ ਗਾਇਕੀ ਤੇ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਫ਼ਿਲਮਾਂ ਵੱਲ ਆਉਣ ਲਈ ਕਿਹਾ | ਉਸ ਨੇ 1930-40 ਦੇ ਦਹਾਕੇ ਦੌਰਾਨ ਕਈ ਫ਼ਿਲਮਾਂ ਵਿਚ ਅਦਾਕਾਰਾ ਅਤੇ ਪਿੱਠਵਰਤੀ ਗਾਇਕਾ ਵਜੋਂ ਕੰਮ ਕੀਤਾ ਜਿਵੇਂ ਇਕ ਦਿਨ ਦੀ ਬਾਦਸ਼ਾਹਤ, ਨਲ ਦਮਯੰਤੀ (1933), ਮੁਮਤਾਜ ਬੇਗ਼ਮ (1934), ਰੂਪ ਕੁਮਾਰੀ (1934), ਅਮੀਨਾ (1935), ਜਵਾਨੀ ਕਾ ਨਸ਼ਾ (1935), ਨਸੀਬ ਕਾ ਚੱਕਰ (1936), ਅਨਾਰਬਾਲਾ (1940), ਮਹਿਬੂਬ ਖਾਨ ਦੀ ਫ਼ਿਲਮ 'ਰੋਟੀ' (1942), ਦਾਣਾ ਪਾਣੀ (1953), ਅਹਿਸਾਨ (1954), ਸਤਿਆਜੀਤ ਰੇ ਦੀ ਪੁਰਸਕਾਰ ਜੇਤੂ ਬੰਗਾਲੀ ਫ਼ਿਲਮ 'ਜਲਸਾ ਘਰ' (1958) ਆਦਿ | ਬੇਗ਼ਮ ਅਖ਼ਤਰ ਦੇ ਸ਼ਗਿਰਦਾਂ ਵਿਚੋਂ ਸ਼ਾਂਤੀ ਹੀਰਾਨੰਦ, ਅੰਜਲੀ ਬੈਨਰਜੀ, ਉਸਤਾਦ ਮਜੀਦ ਖ਼ਾਂ, ਰੀਤਾ ਗਾਗੁੰਲੀ, ਰੇਖਾ ਸੂਰਿਆ ਦੇ ਨਾਂਅ ਜ਼ਿਕਰਯੋਗ ਹਨ |
ਅਹਿਮਦਾਬਾਦ ਇਕ ਸੰਗੀਤ ਸੰਮੇਲਨ ਵਿਚ ਗਾਇਣ ਪੇਸ਼ ਕਰਨ ਉਪਰੰਤ 30 ਅਕਤੂਬਰ, 1974 ਨੂੰ ਬੇਗ਼ਮ ਅਖਤਰ ਆਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਛੱਡ ਕੇ (ਪ੍ਰਸ਼ੰਸਕ ਨੀਲਮ ਗਾਮਾਡੀਆ ਦੇ ਘਰ) ਉਸ ਦੁਨੀਆਂ ਵਿਚ ਚਲੇ ਗਈ ਜਿਥੋਂ ਕੋਈ ਮੁੜ ਕੇ ਨਾ ਆਇਆ | ਉਮਰ ਦੇ ਆਖਰੀ ਪੜਾਅ ਵਿਚ ਉਸ ਦੀ ਗਾਈ ਗਜ਼ਲ 'ਮੁਹੱਬਤ ਕਰਨੇ ਵਾਲੇ ਕਮ ਨਾ ਹੋਂਗੇ, ਤੇਰੀ ਮਹਿਫਲ ਮੇਂ ਲੇਕਿਨ ਹਮ ਨਾ ਹੋਂਗੇ' ਸੁਣ ਕੇ ਸਰੋਤੇ ਅੱਜ ਵੀ ਉਸ ਨੂੰ ਯਾਦ ਕਰ ਕੇ ਅੱਖਾਂ ਨਮ ਕਰ ਲੈਂਦੇ ਹਨ | ਭਾਰਤ ਦੀ ਇਸ ਮਹਾਨ ਗਾਇਕਾ ਨੂੰ ਮਾਂ ਮੁਸ਼ਤਰੀ ਬੇਗ਼ਮ ਦੀ ਕਬਰ ਦੇ ਨਾਲ ਹੀ ਲਖਨਊ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ |

-ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98554-53539

Ad Position 22
No active advertisement
ਪਿਛਲੀ ਖ਼ਬਰ ਸੌਣ ਵੇਲੇ ਸਾਨੂੰ “ਦਬਾਅ” ਕਿਉਂ ਪੈਂਦਾ ਹੈ? <br/> ਅਗਲੀ ਖ਼ਬਰ ਚੀਨ ਦੇ ਸਮਾਰਟ ਕਲਾਸਰੂਮ ਨੇ ਬਦਲੀ ਸਿੱਖਿਆ ਦੀ ਤਸਵੀਰ <br/>
Ad Position 24
No active advertisement