ਕਹਾਣੀ
ਨੱਥੂ ਜਦੋਂ ਸਕੂਲੋਂ ਪੜ੍ਹ ਕੇ ਆਉਂਦਾ, ਰਾਹ ਵਿਚ ਰੋਜ਼ ਉਸ ਪਿੱਪਲ ਦੀ ਛਾਵੇਂ ਧੁੱਪ ਦੇ ਸੇਕ ਤੋਂ ਬਚਣ ਲਈ ਰੁਕ ਜਾਂਦਾ | ਗਰਮੀਆਂ ਦੇ ਦਿਨਾਂ 'ਚ ਗਰਮ ਲੂ ਤੇ ਅੱਗ ਵਰਗੀਆਂ ਹਵਾਵਾਂ ਉਸ ਦੇ ਚਿਹਰੇ ਨੂੰ ਝੁਲਸਾਉਂਦੀਆਂ ਸਨ | ਫਿਰ ਉਸ ਦੇ ਨੰਗੇ ਪੈਰਾਂ ਦੀ ਸੜਨ ਉਸ ਨੂੰ ਰੁਕਣ 'ਤੇ ਮਜਬੂਰ ਕਰ ਦਿੰਦੀ ਸੀ |
ਨੱਥੂ ਇਕ ਮੋਚੀ ਦਾ ਪੁੱਤਰ ਸੀ | ਪਰ ਫਿਰ ਵੀ ਪੈਰਾਂ ਤੋਂ ਨੰਗਾ ਕਿਉਂ ਸੀ? ਕਾਰਨ ਸੀ ਉਸ ਦਾ ਬਜ਼ੁਰਗ ਪਿਓ ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਮੰਜੀ 'ਤੇ ਪਿਆ ਸੀ | ਕੰਮਕਾਜ ਦੀ ਗੱਲ ਵੱਖ ਰਹੀ, ਉਹ ਤੁਰਨ-ਫਿਰਨ ਤੋਂ ਵੀ ਔਖਾ ਸੀ | ਜਾਇਦਾਦ ਵਜੋਂ ਉਸ ਕੋਲ ਇਕ ਬੱਕਰੀ ਰਹਿ ਗਈ ਸੀ | ਸਾਰੀ ਉਮਰ ਕਮਾਈ ਕਰਕੇ ਬੁੱਢੇ ਭੀਖੂ ਨੇ ਇਕ ਕਿੱਲਾ ਜ਼ਮੀਨ ਖ਼ਰੀਦੀ ਸੀ, ਜਿਹੜੀ ਉਸ ਨੇ ਬਿਮਾਰੀ ਤੇ ਤੰਗੀ ਦੀ ਹਾਲਤ ਵਿਚ ਵੇਚ ਦਿੱਤੀ ਸੀ | ਥੋੜ੍ਹੇ ਬਹੁਤੇ ਬਚੇ ਪੈਸੇ ਵੀ ਦਵਾਈ 'ਤੇ ਲੱਗ ਗਏ ਸਨ | ਭੀਖੂ ਦੀ ਸਿਹਤ ਥੋੜ੍ਹੀ ਜਿਹੀ ਕਿਧਰੇ ਵੱਲ ਹੁੰਦੀ ਤਾਂ ਭੀਖੂ ਪਿੰਡ ਵਿਚ ਜੁੱਤੀਆਂ ਦੀ ਗੰਢ-ਤਰੁੱਪ ਕਰਕੇ ਦੋ-ਚਾਰ ਕਿਲੋ ਅਨਾਜ ਲੈ ਆਉਂਦਾ ਸੀ |
ਨੱਥੂ ਨੂੰ ਆਪਣੀ ਗ਼ਰੀਬੀ 'ਤੇ ਜ਼ਰਾ ਜਿੰਨਾ ਵੀ ਰੋਸ ਨਹੀਂ ਸੀ, ਉਸ ਨੂੰ ਚਿੰਤਾ ਸੀ ਕਿ ਉਸ ਦਾ ਬੁੱਢਾ ਬਾਪੂ ਠੀਕ ਹੋ ਜਾਵੇ ਜਾਂ ਉਸ ਨੂੰ ਫਿਕਰ ਸੀ ਆਪਣੀ ਪੜ੍ਹਾਈ ਦਾ ਜਿਹੜੀ ਉਹ ਬੜੀ ਮਿਹਨਤ ਨਾਲ ਕਰ ਰਿਹਾ ਸੀ | ਸਕੂਲ ਵਿਚੋਂ ਉਹ ਕਦੇ ਵੀ ਗ਼ੈਰ-ਹਾਜ਼ਰ ਨਹੀਂ ਰਿਹਾ ਸੀ |
ਇਸ ਪਿੱਪਲ ਦੇ ਥੱਲੇ ਆ ਕੇ ਉਹ ਥੋੜ੍ਹਾ ਜਿਹਾ ਆਰਾਮ ਕਰਦਾ ਤੇ ਫਿਰ ਸਕੂਲੋਂ ਮਿਲਿਆ ਕੰਮ ਇਥੇ ਹੀ ਮੁਕਾ ਲੈਂਦਾ | ਫਿਰ ਉਹ ਪਿੱਪਲ ਉੱਤੇ ਚੜ੍ਹ ਦੇ ਇਕ ਟਾਹਣੇ 'ਤੇ ਰੱਖੀ ਬੋਰੀ ਉਤਾਰ ਲੈਂਦਾ | ਸ਼ਾਮ ਨੂੰ ਜਦੋਂ ਉਹ ਘਰ ਪਰਤਦਾ ਤਾਂ ਉਹ ਆਉਂਦੇ ਸਮੇਂ ਸੁੱਕੇ ਗੋਹੇ ਦੀਆਂ ਪਾਥੀਆਂ ਬੋਰੇ ਵਿਚ ਭਰ ਲੈਂਦਾ | ਕੁਝ ਤੂਤ ਦੀਆਂ, ਕੁਝ ਧਰੇਕ ਦੀਆਂ ਲਗਰਾਂ ਉਹ ਬੱਕਰੀ ਲਈ ਲੈ ਆਉਂਦਾ | ਆਪਣੇ ਗੁਜਾਰੇ ਦੇ ਬਾਲਣ ਤੋਂ ਇਲਾਵਾ ਉਸ ਕੋਲ ਸੁੱਕੇ ਗੋਹੇ ਦੀਆਂ ਪਾਥੀਆਂ ਬਚ ਜਾਂਦੀਆਂ | ਪਾਥੀਆਂ ਦਾ ਵੱਡਾ ਸਾਰਾ ਢੇਰ ਜਦੋਂ ਲੱਗ ਜਾਂਦਾ ਤਾਂ ਉਹ ਉਨ੍ਹਾਂ ਨੂੰ ਵੇਚ ਦਿੰਦਾ ਤੇ ਮਹੀਨੇ ਦੇ ਅਖੀਰਲੇ ਦਿਨ ਉਸ ਕੋਲ ਗੁਜ਼ਾਰੇ ਜੋਗੇ ਪੈਸੇ ਇਕੱਠੇ ਹੋ ਜਾਂਦੇ | ਜਿਹੜੇ ਸਕੂਲ ਦੀ ਵਰਦੀ ਤੇ ਮਾੜੀ-ਮੋਟੀ ਜੁੱਤੀ 'ਤੇ ਖਰਚ ਕਰਦਾ | ਬਾਅਦ 'ਚ ਵੀ ਕੁਝ ਪੈਸੇ ਬਚ ਜਾਂਦੇ |
ਸਵੇਰ ਵੇਲੇ ਜਦੋਂ ਉਹ ਸੈਰ ਨੂੰ ਜਾਂਦਾ ਤਾਂ ਆਪਣੇ ਨਾਲ ਖਾਲੀ ਬਾਲਟੀ ਲੈ ਜਾਂਦਾ | ਡੰਗਰਾਂ ਦਾ ਤਾਜ਼ਾ ਗੋਹਾ ਉਹ ਬਾਲਟੀ ਵਿਚ ਭਰ ਲੈਂਦਾ ਤੇ ਪੰਚਾਇਤ ਵਲੋਂ ਮਿਲੇ 2 ਮਰਲੇ ਦੇ ਪਲਾਟ ਵਿਚ ਟੋਇਆ ਕੱਢ ਕੇ ਉਸ ਵਿਚ ਜਮ੍ਹਾਂ ਕਰਦਾ ਰਹਿੰਦਾ | ਇਸ ਤਰ੍ਹਾਂ ਉਹ ਦੂਰੋਂ-ਦੂਰੋਂ ਗੋਹਾ ਲਿਆ ਕੇ ਟੋਏ ਵਿਚ ਸੁੱਟਦਾ ਰਹਿੰਦਾ | ਜਦੋਂ ਕਿਸਾਨਾਂ ਨੂੰ ਦੇਸੀ ਖਾਦ ਦੀ ਲੋੜ ਹੁੰਦੀ ਤਾਂ ਉਹ ਨੱਥੂ ਕੋਲੋਂ ਖਾਦ ਲੈਣ ਲਈ ਆਉਂਦੇ | ਗੋਹੇ ਦੀ ਖਾਦ ਖੇਤਾਂ ਲਈ ਬੜੀ ਗੁਣਕਾਰੀ ਤੇ ਫਾਇਦੇਮੰਦ ਹੁੰਦੀ ਹੈ | ਇਸ ਦੇ ਬਦਲੇ ਵਿਚ ਕਿਸਾਨ ਉਸ ਨੂੰ ਚੋਖਾ ਅਨਾਜ ਦੇ ਦਿੰਦੇ ਜਿਸ ਨਾਲ ਉਸ ਦਾ ਗੁਜ਼ਾਰਾ ਚੰਗਾ ਚੱਲਣ ਲੱਗ ਪਿਆ ਸੀ | ਪੀਣ ਲਈ ਦੁੱਧ ਉਨ੍ਹਾਂ ਨੂੰ ਬੱਕਰੀ ਤੋਂ ਮਿਲ ਜਾਂਦਾ ਸੀ |
ਇਸ ਤਰ੍ਹਾਂ ਆਪਣੀ ਮਿਹਨਤ ਸਦਕਾ ਨੱਥੂ ਚੰਗੇ ਨੰਬਰ ਲੈ ਕੇ ਦਸਵੀਂ ਜਮਾਤ ਵਿਚੋਂ ਪਾਸ ਹੋ ਗਿਆ | ਅੱਗੇ ਪੜ੍ਹਨ ਲਈ ਕਾਲਜ ਘਰ ਤੋਂ 12 ਕਿਲੋਮੀਟਰ ਦੂਰ ਸੀ | ਇਸ ਲਈ ਉਸ ਨੇ ਕਾਲਜ ਵਿਚ ਜਾਣ ਦਾ ਇਰਾਦਾ ਛੱਡ ਦਿੱਤਾ |
ਹੁਣ ਤੱਕ ਉਸ ਦੇ ਬਾਪੂ ਦੀ ਸਿਹਤ ਚੰਗੀ ਹੋ ਚੱਲੀ ਸੀ | ਬੱਕਰੀ ਦਾ ਦੁੱਧ ਬੜਾ ਸੁਆਦੀ ਤੇ ਗੁਣਕਾਰੀ ਸੀ | ਨੱਥੂ ਦੀ ਸੇਵਾ ਕਾਰਨ ਬਾਪੂ ਤੁਰਨ-ਫਿਰਨ ਜੋਗਾ ਹੋ ਗਿਆ ਸੀ ਤੇ ਆਪਣੇ ਗੰਢ-ਤਰੁੱਪ ਦੇ ਕੰਮ ਵਿਚ ਲੱਗ ਗਿਆ ਸੀ |
ਇਕ ਦਿਨ ਨੱਥੂ ਨੇ ਬਾਪੂ ਨੂੰ ਕਿਹਾ, 'ਕਿਉਂ ਨਾ ਮੈਂ ਤੁਹਾਥੋਂ ਜੁੱਤੀਆਂ ਬਣਾਉਣ ਦਾ ਕੰਮ ਸਿੱਖ ਲਵਾਂ?'
'ਤੂੰ ਹੁਣ ਪੜ੍ਹ-ਲਿਖ ਕੇ ਜੁੱਤੀਆਂ ਬਣਾਉਣ ਦਾ ਕੰਮ ਕਰੇਂਗਾ', ਬਾਪੂ ਨੇ ਹੈਰਾਨ ਹੋ ਕੇ ਪੁੱਛਿਆ |
'ਕਿਉਂ ਬਾਪੂ ਪੜ੍ਹ-ਲਿਖ ਕੇ ਜੁੱਤੀਆਂ ਬਣਾਉਣ ਦੇ ਕੰਮ ਵਿਚ ਕੀ ਹਰਜ਼ ਹੈ, ਉਂਝ ਵੀ ਬੇਰੁਜ਼ਗਾਰੀ ਦਾ ਸਮਾਂ ਹੈ | ਸਰਕਾਰ ਲੋਕਾਂ ਨੂੰ ਨੌਕਰੀਆਂ ਕਿਥੋਂ ਦੇਵੇਗੀ, ਫਿਰ ਦਸਵੀਂ ਪਾਸ ਕਰਨਾ ਅੱਜਕਲ੍ਹ ਦੇ ਜ਼ਮਾਨੇ ਵਿਚ ਕੋਈ ਵੱਡੀ ਪੜ੍ਹਾਈ ਨਹੀਂ ਹੈ |'
'ਠੀਕ ਹੈ ਪੁੱਤਰ ਜੇਕਰ ਤੇਰੀ ਇਹੋ ਮਰਜ਼ੀ ਹੈ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ |'
ਬੱਸ ਫਿਰ ਭੀਖੂ ਨੇ ਬੜੀ ਰੀਝ ਨਾਲ ਨੱਥੂ ਨੂੰ ਜੁੱਤੀਆਂ ਬਣਾਉਣ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ | ਭੀਖੂ ਆਪਣੇ ਜ਼ਮਾਨੇ ਦਾ ਗਜ਼ਬ ਦਾ ਕਾਰੀਗਰ ਸੀ | ਜਵਾਨੀ ਵੇਲੇ ਉਸ ਦੀਆਂ ਬਣਾਈਆਂ ਜੁੱਤੀਆਂ ਦੇ ਜੋੜੇ ਸ਼ਹਿਰੋਂ ਆ ਕੇ ਵਪਾਰੀ ਖ਼ਰੀਦ ਲਿਆ ਕਰਦੇ ਸਨ | ਇਹ ਜੋੜੇ ਮਸ਼ੀਨਾਂ ਵਾਲੇ ਜੋੜਿਆਂ ਤੋਂ ਕਈ ਦਰਜੇ ਚੰਗੇ ਹੁੰਦੇ ਹਨ |
ਬਾਪੂ ਦੀ ਸਿਖਲਾਈ ਤੇ ਨੱਥੂ ਦੀ ਲਗਨ ਨੇ ਨੱਥੂ ਨੂੰ ਜੁੱਤੀਆਂ ਬਣਾਉਣ ਦਾ ਵਧੀਆ ਕਾਰੀਗਰ ਬਣਾ ਦਿੱਤਾ |
ਪੰਚਾਇਤ ਵਲੋਂ ਭੀਖੂ ਦਾ ਬੀ.ਐੱਲ. ਕਾਰਡ ਬਣਿਆ ਹੋਇਆ ਸੀ |
ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਬਿਨਾਂ ਵਿਆਜ ਕਰਜ਼ਾ ਦਿੰਦੀ ਸੀ | ਇਸ ਰਕਮ 'ਤੇ ਵਪਾਰ ਕਰਨ ਲਈ ਕੁਝ ਸਬਸਿਡੀ ਵੀ ਮਿਲ ਜਾਂਦੀ ਸੀ |
ਭੀਖੂ ਨੇ ਦੋ ਲੱਖ ਕਰਜ਼ੇ ਲਈ ਨਿਵੇਦਨ ਕਰ ਦਿੱਤਾ | ਉਸ ਨੂੰ ਛੇਤੀ ਹੀ ਇਹ ਕਰਜ਼ਾ ਮਿਲ ਗਿਆ, ਜਿਹੜਾ ਉਸ ਨੇ ਨੱਥੂ ਦੇ ਹਵਾਲੇ ਕਰ ਦਿੱਤਾ |
ਨੱਥੂ ਨੇ ਜੁੱਤੀਆਂ ਦੀ ਦੁਕਾਨ ਖੋਲ੍ਹ ਲਈ | ਉਸ ਦੀਆਂ ਬਣਾਈਆਂ ਜੁੱਤੀਆਂ, ਚੱਪਲਾਂ ਤੇ ਬੂਟ ਧੜਾਧੜ ਵਿਕਣ ਲੱਗ ਪਏ, ਦੂਰੋਂ-ਦੂਰੋਂ ਆਉਂਦੇ ਗਾਹਕਾਂ ਦੀ ਭੀੜ ਦਾ ਸਦਕਾ ਛੇਤੀ ਹੀ ਉਸ ਨੇ ਲਿਆ ਕਰਜ਼ਾ ਇਕ ਸਾਲ ਵਿਚ ਹੀ ਮੋੜ ਦਿੱਤਾ |
ਅੱਜਕਲ੍ਹ ਉਸ ਦਾ ਆਪਣਾ ਚਮੜੇ ਦਾ ਕਾਰਖਾਨਾ ਹੈ ਤੇ ਉਸ ਦੇ ਬਾਹਰ ਵੱਡਾ ਸਾਰਾ ਬੋਰਡ ਜੋ ਉਸ ਨੇ ਬਾਪੂ ਦੇ ਨਾਂਅ 'ਤੇ ਲਗਾਇਆ ਹੋਇਆ ਹੈ | ਆਪਣੀ ਮਿਹਨਤ ਤੇ ਸਿਦਕ ਨਾਲ ਗ਼ਰੀਬੀ ਦੀਆਂ ਲਕੀਰਾਂ ਮਿਟਾ ਦਿੱਤੀਆਂ ਹਨ |
-ਪਿੰਡ ਤੇ ਡਾਕ: ਫਿਰੋਜ਼ਪੁਰ ਕਲਾਂ, ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ-145023
-ਮੋਬਾਈਲ : 80549-01608