ਰੂਹ ਵਿੱਚੋਂ ਗੱਲ ਨਿਕਲੇ
ਅਜੀਤ ਡੈਸਕ
17-05-2026
ਖ਼ੁਸ਼ੀਆਂ ਦਾ ਮੀਂਹ ਬਰਸੇ, ਤਾਂ ਗੱਲ ਬਣਦੀ ਹੈ |
ਰੱਖੀਏ ਦੂਰੀ ਗ਼ਮ ਦੀ ਬੱਦਲਵਾਈ ਤੋਂ,
ਮਨ ਦਾ ਸੂਰਜ ਚਮਕੇ, ਤਾਂ ਗੱਲ ਬਣਦੀ ਹੈ |
ਪੈਰਾਂ ਦੀ ਗਰਦਿਸ਼ ਤੇ ਮਨ ਦੀ ਭਟਕਣ ਦਾ,
ਅੰਤ ਕਿਤੇ ਹੋ ਜਾਵੇ, ਤਾਂ ਗੱਲ ਬਣਦੀ ਹੈ |
ਕਿਣਕੇ ਵਿੱਚ ਕਾਇਨਾਤ ਸਮਾਉਦੀ ਕੁਦਰਤ, ਪਰ,
ਸੂਝ ਅਸਾਨੂੰ ਹੋਵੇ, ਤਾਂ ਗੱਲ ਬਣਦੀ ਹੈ |
ਚੰਗਾ ਹੋਵੇ, ਜੇਕਰ ਟੁੱਟੇ ਖ਼ਾਮੋਸ਼ੀ,
ਮਨ ਦੀ ਵੀਣਾ ਧੜਕੇ, ਤਾਂ ਗੱਲ ਬਣਦੀ ਹੈ |
ਸੀਨੇ ਅੰਦਰ ਖਿੱਚ ਨਿਰੰਤਰ ਜਾਰੀ ਏ,
ਕੋਈ ਆਵੇ ਚੱਲ ਕੇ, ਤਾਂ ਗੱਲ ਬਣਦੀ ਹੈ |
ਜਜ਼ਬਾਤੀ ਤੇ ਰੂਹਦਾਰੀ ਦੀਆਂ ਗੱਲਾਂ ਨੂੰ ,
'ਜਸਵਿੰਦਰ' ਜੇ ਸਮਝੇ, ਤਾਂ ਗੱਲ ਬਣਦੀ ਹੈ |