ਸ਼ਾਮ ਦਾ ਵੇਲਾ, ਜੱਗਰ ਸਿੰਘ ਦੇ ਘਰ ਅੱਜ ਵਿਆਹ ਵਰਗੀ ਰੌਣਕ ਸੀ ਤੇ ਖਾਣ-ਪੀਣ ਦੀ ਖੂਬ ਪਾਰਟੀ ਚੱਲ ਰਹੀ ਸੀ। ਪਾਰਟੀ ਚੱਲੇ ਵੀ ਕਿਉਂ ਨਾ, ਜੱਗਰ ਸਿੰਘ ਨੇ ਦੋ ਕਿੱਲੇ ਜ਼ਮੀਨ ਖਰੀਦੀ ਸੀ ਤੇ ਅੱਜ ਉਸ ਦੀ ਰਜਿਸਟਰੀ ਹੋਈ ਸੀ। ਜੱਗਰ ਸਿੰਘ ਗਰੁੱਪ ਬਣਾਈ ਸਰਪੰਚ, ਪਟਵਾਰੀ ਤੇ ਆਪਣੇ ਆੜ੍ਹਤੀਏ ਨਾਲ ਗੱਲਾਂ-ਬਾਤਾਂ ਵਿਚ ਖੂਬ ਮਘਿਆ ਬੈਠਾ ਸੀ। ਦੂਸਰੇ ਪਾਸੇ ਉਸ ਦੇ ਦੋਵੇਂ ਲੜਕੇ, ਰਿਸ਼ਤੇਦਾਰ ਤੇ ਹੋਰ ਦੋਸਤ-ਮਿੱਤਰ ਜਸ਼ਨ ਮਨਾ ਰਹੇ ਸਨ। 'ਲੈ ਬਈ ਜੱਗਰ ਸਿਹਾਂ, ਅੱਜ ਤੋਂ ਤੂੰ ਕੋਈ ਆਮ ਆਦਮੀ ਨਹੀਂ ਰਿਹਾ, ਅੱਜਕਲ੍ਹ ਦੇ ਜ਼ਮਾਨੇ ਵਿਚ ਜ਼ਮੀਨ ਦੇ ਦੋ ਕਿੱਲੇ ਖਰੀਦ ਲੈਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ।' ਆੜਤੀੲੈ ਨੇ ਜੱਗਰ ਸਿੰਘ ਨੂੰ ਵਡਿਉਂਦਿਆਂ ਕਿਹਾ। 'ਮੇਰੇ ਵੀ ਮਨ ਦੀ ਸੁਣ ਜੱਗਰ ਸਿਹਾਂ, ਮੈਨੂੰ ਵੀ ਸਰਪੰਚੀ ਕਰਦੇ ਨੂੰ ਦੋ ਪੜਾਅ ਹੋ ਗਏ, ਯਾਰ ਲੋਕਾਂ ਦੇ ਲੜਾਈ-ਝਗੜੇ ਮੁਕਾਉਂਦਿਆਂ ਤੇ ਪੁਲਿਸ ਵਾਲਿਆਂ ਨਾਲ ਖਹਿਬੜਦਿਆਂ, ਮੇਰਾ ਤਾਂ ਯਾਰ ਜੀਅ ਅੱਕਿਆ ਪਿਆ ਹੈ, ਲੈ ਅਗਲੇ ਪੜਾਅ ਵਿਚ ਸਾਂਭ ਇਹ ਸਰਪੰਚੀ ਦੀਆਂ ਕੁੰਜੀਆਂ, ਅਸੀਂ ਸਾਰੇ ਤੇਰੀ ਸੁਪੋਰਟ ਵਿਚ ਹਾਂ।' ਹੰਢੇ ਹੋਏ ਖਚਰੇ ਸਰਪੰਚ ਨੇ ਜੱਗਰ ਸਿੰਘ ਨੂੰ ਖੁਸ਼ੀ ਦਾ ਹੁਲਾਰਾ ਦਿੱਤਾ। 'ਓ ਜਿਵੇਂ ਤੁਹਾਡੀ ਮਰਜ਼ੀ, ਮੈਂ ਕਿਹੜਾ ਭਰਾਵਾਂ ਤੋਂ ਬਾਹਰ ਆਂ।' ਜੱਗਰ ਸਿੰਘ ਨੇ ਨਸ਼ੇ ਤੇ ਖੁਸ਼ੀ ਵਿਚ ਝੂਮਦਿਆਂ ਕਿਹਾ। 'ਤੇ ਸਰਪੰਚੀ ਦੀ ਚੋਣ 'ਤੇ ਪੈਸੇ ਕਿੱਥੋਂ ਲਾਊ, ਜ਼ਮੀਨ ਤਾਂ ਇਸ ਨੇ ਪਹਿਲਾਂ ਹੀ ਮਣਾਂ-ਮੂੰਹੀਂ ਕਰਜ਼ਾ ਚੁੱਕ ਕੇ ਲਈ ਹੈ' ਬਾਣੀਏ ਪਟਵਾਰੀ ਨੇ ਝਟ ਡਾਂਗ ਵਾਂਗ ਸੱਚੀ ਗੱਲ ਵਾਹ ਦਿੱਤੀ। 'ਓ ਬਾਣੀਆਂ ਤੂੰ ਰੰਗ ਵਿਚ ਭੰਗ ਪਾਉਣੋਂ ਨਾ ਹਟੀ', ਸਰਪੰਚ ਨੇ ਕਿਹਾ। 'ਓ ਅਸੀਂ ਆੜ੍ਹਤੀਏ ਕਿਸ ਮਰਜ਼ ਦੀ ਦੁਆ ਹਾਂ, ਜਦੋਂ ਮਰਜ਼ੀ ਨੋਟਾਂ ਦੀ ਭਾਵੇਂ ਟਰਾਲੀ ਭਰ ਕੇ ਲੈ ਆਵੇ, ਬੱਸ ਸਰਪੰਚ ਬਣਜੇ, ਸਾਰੇ ਧੋਣੇ ਧੋਤੇ ਜਾਣਗੇੇ', ਆੜ੍ਹਤੀਏ ਨੇ ਗੱਲ ਬੋਚਦਿਆਂ ਕਿਹਾ। 'ਚਲੋ ਜੀ ਆ ਜੋ ਰੋਟੀ ਖਾ ਲਓ' ਜੱਗਰ ਸਿੰਘ ਦੀ ਘਰਵਾਲੀ ਨੇ ਕਿਹਾ ਤੇ ਸਾਰੇ ਨਸ਼ੇ ਵਿਚ ਝੂਮਦੇ ਹੋਏ ਰੋਟੀ ਖਾਣ ਲਈ ਉੱਠ ਖੜ੍ਹੇ ਹੋਏ।
ਹਊਮੈ ਤੇ ਦਿਖਾਵੇ ਵਿਚ ਜੱਗਰ ਸਿੰਘ, ਉਸ ਦੇ ਦੋਵੇਂ ਪੁੱਤਰ ਤੇ ਹੋਰ ਦੋਸਤ-ਮਿੱਤਰ ਮਹੀਨਾ ਭਰ ਰੋਜ਼ ਸ਼ਾਮ ਨੂੰ ਸ਼ਰਾਬ ਪੀਂਦੇ। ਫਿਰ ਦੋਵੇਂ ਪਿਓ-ਪੁੱਤ ਕਾਫੀ ਸਮਾਂ ਰੋਜ਼ ਪਿੰਡ ਦੇ ਠੇਕੇ ਤੋ ਲਿਆ ਕੇ ਸ਼ਰਾਬ ਪੀਂਦੇ ਰਹੇ। ਸ਼ਰਾਬ ਤਾਂ ਹੁਣ ਜਿਵੇਂਂ ਦੋਵੇਂ ਪਿਓ-ਪੁੱਤਾਂ ਦੇ ਹੱਡਾਂ ਵਿਚ ਰਚ ਗਈ ਸੀ, ਹੁਣ ਸ਼ਰਾਬ ਪੀਤੇ ਬਿਨ੍ਹਾਂ ਉਨ੍ਹਾਂ ਦੀ ਜਾਨ ਟੁੱਟਦੀ, ਤੋੜ ਲੱਗਦੀ ਤੇ ਨੀਂਦ ਨਾ ਆਉਂਦੀ। ਛੋਟਾ ਲੜਕਾ ਸੁੱਖਾ ਅਜੇ ਸ਼ਹਿਰ ਦੇ ਕਾਲਜ ਵਿਚ ਪੜ੍ਹਦਾ ਸੀ, ਉਹ ਵੀ ਕਦੇ-ਕਦੇ ਇਹਨਾਂ ਨਾਲ ਪੈੱਗ ਲਾ ਲੈਂਦਾ।
ਘਰ ਦਾ ਸਾਰਾ ਪੈਸਾ ਧੇਲਾ ਤੇ ਨਿੱਕ-ਸੁੱਕ ਤਾਂ ਪਹਿਲਾਂ ਹੀ ਜ਼ਮੀਨ ਖਰੀਦਣ 'ਤੇ ਲੱਗ ਚੁੱਕਾ ਸੀ, ਹੁਣ ਜੱਗਰ ਸਿੰਘ ਹੁਰੀਂ ਰੋਜ਼ ਸ਼ਰਾਬ ਕਿੱਥੋਂ ਖਰੀਦਦੇ। ਲਾਗਲੇ ਪਿੰਡ ਦਾ ਬੁੱਕਣ ਸਿੰਘ ਕਾਫ਼ੀ ਸਮੇਂ ਤੋਂ ਘਰ ਦੀ ਸ਼ਰਾਬ ਤਿਆਰ ਕਰਕੇ ਵੇਚਦਾ ਸੀ। ਜੱਗਰ ਸਿੰਘ ਦੂਜੇ ਚੌਥੇ ਦਿਨ ਉਸ ਤੋਂ ਇਕ ਦੋ ਬੋਤਲਾਂ ਭਰਾ ਲਿਆਉਂਦਾ ਤੇ ਪਿਓ ਪੁੱਤ ਕਈ ਦਿਨ ਇਸੇ ਨਾਲ ਆਪਣਾ ਝੱਟ ਲੰਘਾਉਂਦੇ। ਇਕ ਦਿਨ ਕੁਦਰਤ ਦਾ ਅਜਿਹਾ ਕਹਿਰ ਵਾਪਰਿਆ ਕਿ ਘਰ ਦੀ ਇਸ ਲਿਆਂਦੀ ਸ਼ਰਾਬ ਵਿਚੋਂ ਘਰੇ ਬੈਠੇ ਪਿਓ ਪੁੱਤਾਂ ਨੇ ਅਜੇ ਦੋ ਤਕੜੇ-ਤਕੜੇ ਹਾੜੇ ਲਾਏ ਹੀ ਸਨ ਕਿ ਕੁਝ ਕੁ ਮਿੰਟਾਂ ਬਾਅਦ ਹੀ ਜੱਗਰ ਸਿੰਘ ਦੇ ਮੁੰਡੇ ਨੇ ਕਿਹਾ 'ਬਾਪੂ ਮੈਨੂੰ ਸ਼ਰਾਬ ਠੀਕ ਨਹੀਂ ਲਗਦੀ ਮੇਰੇ ਤਾਂ ਜਿਵੇਂ ਸਿਰ ਜਿਹੇ ਨੂੰ ਹੀ ਚੜ੍ਹਦੀ ਜਾਂਦੀ ਹੈ।' 'ਹਾਂ ਪੁੱਤ, ਮੇਰਾ ਵੀ ਜਿਵੇਂ ਸਿਰ ਜਿਹਾ ਘੁੰਮਣ ਲੱਗ ਗਿਆ ਤੇ ਕਾਲਜੇ 'ਤੇ ਜਿਵੇਂ ਅੱਗ ਜਿਹੀ ਪੈ ਗਈ ਹੋਵੇ', ਜੱਗਰ ਸਿੰਘ ਨੇ ਕਿਹਾ। ਉਸ ਮਹਿਸੂਸ ਕੀਤਾ ਕਿ ਉਸ ਨੂੰ ਜ਼ੋਰ-ਜ਼ੋਰ ਦੇ ਚੱਕਰ ਆ ਰਹੇ ਹਨ ਤੇ ਨਿਗ੍ਹਾ ਘਟਦੀ ਜਾ ਰਹੀ ਹੈ। ਉਸ ਵੇਖਿਆ ਕਿ ਉਸ ਦਾ ਲੜਕਾ ਤਾਂ ਬੇ-ਸੁੱਧ ਹੋ ਕੇ ਡਿੱਗਿਆ ਪਿਆ ਹੈ। ਉਸ ਜ਼ੋਰ ਲਾ ਕੇ ਮਸਾਂ ਹੀ ਆਖਿਆ ਕਿ ਓਏ ..ਸ਼ਰਾਬ.. ਜ਼ਹਿਰੀਲੀ.. ਹੈ...ਨਾ ਪੀਓ..... ਤੇ ਨਾਲ ਦੀ ਨਾਲ ਚੱਕਰ ਖਾ ਕੇ ਡਿੱਗ ਪਿਆ। ਘਰ ਵਿਚ ਇਕਦਮ ਬੂ-ਪਾਹਰਿਆ ਮਚ ਗਈ। ਲੋਕਾਂ ਨੇ ਬੇ-ਸੁੱਧ ਹੋਇਆਂ ਨੂੰ ਸ਼ਹਿਰ ਦੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਚੈੱਕ ਕਰਕੇ ਦੋਵੇਂ ਪਿਓ ਪੁੱਤਰਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵਾਰਸਾਂ ਨੇ ਸਹਿਮਤੀ ਨਾਲ ਲਾਸ਼ਾਂ ਲਈਆਂ ਤੇ ਕਿਸੇ ਕਨੂੰਨੀ ਕਾਰਵਾਈ ਡਰੋਂ ਉਸੇ ਦਿਨ ਉਨ੍ਹਾਂ ਦਾ ਸਸਕਾਰ ਕਰ ਦਿੱਤਾ।
ਹੁਣ ਘਰ ਵਿਚ ਰਹਿ ਗਏ ਸਨ ਜੱਗਰ ਸਿੰਘ ਦੀ ਘਰ ਵਾਲੀ ਬਚਨੀ ਤੇ ਉਸ ਦਾ ਛੋਟਾ ਪੁੱਤਰ ਸੁੱਖਾ। ਆੜ੍ਹਤੀਏ ਤੋਂ ਜ਼ਮੀਨ ਖਰੀਦਣ ਵੇਲੇ ਲਏ ਪਿਛਲੇ ਕਰਜ਼ੇ ਦਾ ਤੇ ਇਸ ਫ਼ਸਲ 'ਤੇ ਹੋਏ ਖਰਚੇ ਦਾ ਹਿਸਾਬ ਕਰਨ ਤੇ ਭਾਰੀ ਰਕਮ ਜੱਗਰ ਸਿੰਘ ਵੱਲ ਨਿਕਲੀ, ਜਿਸ ਦੇ ਇਵਜ਼ ਵਿਚ ਸੁੱਖਾ ਸਿੰਘ ਨੂੰ ਆੜ੍ਹਤੀਏ ਕੋਲ ਜ਼ਮੀਨ ਗਹਿਣੇ ਧਰਨੀ ਪਈ।
ਜੱਗਰ ਸਿੰਘ ਦੀ ਘਰ ਵਾਲੀ ਬਚਨੀ ਨੇਕ ਸੁਭਾਅ ਦੀ ਸੀ ਤੇ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਸੁੱਖਾ ਪੜ੍ਹ ਲਿਖ ਕੇ ਕਿਸੇ ਚੰਗੇ ਰੁਤਬੇ 'ਤੇ ਹੋ ਜਾਵੇ ਤਾਂ ਸਭ ਧੋਣੇ ਧੋਤੇ ਜਾਣਗੇ। ਪਰ ਘਰ ਦੀ ਹਰ ਪਾਸਿਓਂ ਆਮਦਨ ਬੰਦ ਹੋ ਚੁੱਕੀ ਸੀ, ਇਸ 'ਤੇ ਸੁੱਖਾ ਹੁਣ ਸਦਮੇ ਵਿਚ ਰਹਿਣ ਲੱਗ ਪਿਆ ਸੀ। ਉਹ ਪਿੰਡ ਦੇ ਚੌਧਰੀਆਂ ਦੇ ਮੁੰਡਿਆਂ ਨਾਲ ਜੀਪ 'ਤੇ ਕਾਲਜ ਜਾਂਦਾ, ਉਨ੍ਹਾਂ ਨਾਲ ਪਾਰਟੀਆਂ ਵਿਚ ਸ਼ਾਮਿਲ ਹੁੰਦਾ, ਸਿਨੇਮਾ ਦੇਖਦਾ ਤੇ ਜਦ ਵੀ ਦੇਰ-ਸਵੇਰ ਘਰ ਆਉਂਦਾ, ਉਸ ਦਾ ਕੋਈ ਨਾ ਕੋਈ ਨਸ਼ਾ ਕੀਤਾ ਹੁੰਦਾ। ਰੋਟੀ ਖਵਾਉਣ ਲਈ ਮਾਂ ਉਸ ਨੂੰ ਦੇਰ ਰਾਤ ਤੱਕ ਉਡੀਕਦੀ ਰਹਿੰੰਦੀ, ਪਰ ਉਹ ਹਵਾ ਦੇ ਬੁੱਲੇ ਵਾਂਗ ਆਉਂਦਾ ਤੇ ਨਸ਼ੇ ਵਿਚ ਕਹਿ ਦਿੰਦਾ ਕਿ ਉਹ ਰੋਟੀ ਖਾ ਕੇ ਆਇਆ ਹੈ ਤੇ ਮੰਜੇ 'ਤੇ ਜਾ ਲੇਟਦਾ। ਮਾਂ ਉਸ ਨੂੰ ਥੋੜ੍ਹੀ ਕੁ ਹੀ ਰੋਟੀ ਖਾਣ ਲਈ ਵਾਰ-ਵਾਰ ਕਹਿੰਦੀ, ਪਰ ਉਹ ਟੱਸ ਤੋਂ ਮੱਸ ਨਾ ਹੁੰਦਾ। ਮਾਂ ਘਰ ਵਿਚ ਵਰਤ ਰਹੇ ਇਸ ਭੈਭੀਤ ਵਰਤਾਰੇ ਦੀ ਚਿੰਤਾ ਵਿਚ ਸੋਚਾਂ ਸੋਚਦੀ-ਸੋਚਦੀ, ਭੁੱਖੀ ਹੀ ਨਾਲ ਦੇ ਮੰਜੇ 'ਤੇ ਜਾ ਲੇਟਦੀ।
ਇਕ ਦਿਨ ਸ਼ਾਮ ਦੇ ਅਜੇ ਦੋ ਕੁ ਹੀ ਵੱਜੇ ਹੋਣਗੇ, ਜਦ ਗੁਆਂਢੀ ਘਬਰਾਏ ਗਵਾਂਢੀ ਮੁੰਡੇ ਨੇ ਬਚਨੀ ਨੂੰ ਆ ਕੇ ਕਿਹਾ, 'ਚਾਚੀ ਸੁੱਖਾ ਆਹ ਜੰਡ ਕੋਲੇ ਬੇਸੁਰਤ ਡਿੱਗਿਆ ਪਿਆ ਐ, ਉਸ ਨੂੰ ਕੋਈ ਜੀਪ ਵਾਲੇ ਲਾਹ ਕੇ ਗਏ ਹਨ।' ਸੁਣਦਿਆਂ ਹੀ ਬਚਨੀ ਉਹਨੀਂ ਪੈਰੀਂ ਭੱਜੀ ਗਈ ਤੇ ਜਾ ਕੇ ਡਿੱਗੇ ਪਏ ਸੁੱਖੇ ਦਾ ਮੁੱਖ ਬੁੱਕਲ ਵਿਚ ਲੈ ਕੇ ਉੱਚੀ-ਉੱਚੀ ਰੋ ਕੇ ਉਸ ਦੇ ਮੂੰਹ ਵਿਚੋਂ ਆਈ ਝੱਗ ਪੂੰਜਦੀ ਕਹਿਣ ਲੱਗੀ, 'ਹਾਏ ਵੇ ਸੁੱਖਿਆ ਤੈਨੂੰ ਕੀ ਹੋ ਗਿਆ?', ਤੇ ਨੇੜੇ ਖੜ੍ਹੇ ਇਕੱਠ ਨੂੰ ਕਹਿਣ ਲੱਗੀ 'ਵੇ ਕੋਈ ਪਾਣੀ ਲਿਆਓ ਵੇ, ਵੇ ਕੋਈ ਕਾਰ ਜੀਪ ਲੈ ਕੇ ਆਓ, ਮੇਰੇ ਸੁੱਖੇ ਨੂੰ ਹਸਪਤਾਲ ਪਹੁੰਚਾਓ ਵੇ, ਵੇ ਕੋਈ ਤਾਂ ਬਹੁੜੋ ਵੇ।' ਗੇਜੇ ਨੰਬਰਦਾਰ ਨੇ ਝੱਟ ਕਾਰ ਕੱਢ ਲਿਆਂਦੀ ਤੇ ਤਿੰਨ ਚਾਰ ਜਣੇ ਸੁੱਖੇ ਨੂੰ ਕਾਰ ਵਿਚ ਸੁੱੱਟ ਕੇ ਸ਼ਹਿਰ ਦੇ ਹਸਪਤਾਲ ਲੈ ਪਹੁੰਚੇ। ਐਮਰਜੈਂਸੀ ਵਾਲੇ ਡਾਕਟਰਾਂ ਨੇ ਸੁੱਖੇ ਨੂੰ ਚੰਗੀ ਤਰ੍ਹਾਂ ਚੈਕ ਕੀਤਾ। ਵਿਲਕਦੀ ਮਾਂ ਸੁੱਖੇ ਨੂੰ ਬਚਾਉਣ ਲਈ ਡਾਕਟਰਾਂ ਕੋਲ ਵਾਰ-ਵਾਰ ਤਰਲੇ ਪਾ ਰਹੀ ਸੀ। ਚੈੱਕ ਕਰਕੇ ਡਾਕਟਰਾਂ ਨੇ ਗੇਜੇ ਨੰਬਰਦਾਰ ਨੂੰ ਪਾਸੇ ਕਰਕੇ ਕਹਿ ਦਿੱਤਾ ਕਿ ਇਸ ਨੂੰ ਮਰੇ ਹੋਏ ਕਈ ਘੰਟੇ ਹੋ ਗਏ ਹਨ, ਤੁਸੀਂ ਇਸ ਨੂੰ ਇੱਥੋਂ ਲੈ ਜਾਓ ਤੇ ਸਸਕਾਰ ਕਰ ਦਿਓ, ਨਹੀਂ ਤਾਂ ਬਾਡੀ ਖ਼ਰਾਬ ਹੋ ਸਕਦੀ ਹੈ। ਨੰਬਰਦਾਰ ਸਮਝ ਗਿਆ। ਤਰਲੇ ਕਰਦੀ ਮਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਮਾਤਾ ਤੇਰਾ ਪੁੱਤ ਅਸੀਂ ਬਚਾ ਨਹੀਂ ਸਕੇ ਇਹ ਤਾਂ ਕਾਫੀ ਚਿਰ ਪਹਿਲਾਂ ਦਾ ਪੂਰਾ ਹੋ ਚੁੱਕਾ ਹੈ। 'ਹੈਂ ਹੁਣ ਇਹ ਜਿਊਂਦਾ ਨਹੀਂ ਹੋ ਸਕਦਾ, ਮਰ ਗਿਆ ਹੈਂ' ਸੁਣ ਕੇ ਜਿਵੇਂ ਉਸ ਨੂੰ ਸਦਮਾ ਜਿਹਾ ਲੱਗਾ, ਉੁਸ ਨੂੰ ਚੱਕਰ ਜਿਹਾ ਆਇਆ ਤੇ ਨਾਲਦਿਆਂ ਨੇ ਉਸ ਨੂੰ ਡਿੱਗਦੀ ਨੂੰ ਮਸਾਂ ਸਾਂਭਿਆ ਉਹ ਇਕਦਮ ਚੁੱਪੀ ਜਿਹੀ ਵੱਟ ਗਈ ਤੇ ਖੁੱਲ੍ਹੀਆਂ ਅੱਖਾਂ ਨਾਲ ਟਿਕਟਿਕੀ ਜਿਹੀ ਲਾ ਕੇ ਇਕ ਪਾਸੇ ਵੇਖਣ ਲੱਗ ਪਈ। ਉਸ ਨੂੰ ਪਾਣੀ ਪਿਲਾਇਆ ਗਿਆ, ਪਰ ਕੁਝ ਘੁੱਟਾਂ ਹੀ ਉਸ ਅੰਦਰ ਲੰਘੀਆਂ ਤੇ ਹਾਲਤ ਉਵੇਂ ਹੀ ਬਣੀ ਰਹੀ। ਸੁੱਖੇ ਦਾ ਸਰੀਰ ਪਲ ਪਲ ਨੀਲਾ ਹੁੰਦਾ ਜਾ ਰਿਹਾ ਸੀ, ਜਿਸ 'ਤੇ ਪਿੰਡ ਦੇ ਮੁਹਤਬਰ ਬੰਦਿਆਂ ਨੇ ਉਸ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਹਨੇਰਾ ਹੋਣ ਤੋਂ ਪਹਿਲਾਂ-ਪਹਿਲਾਂ ਉਸ ਦਾ ਸਸਕਾਰ ਕਰ ਦਿੱਤਾ। ਦੂਸਰੇ ਦਿਨ ਫੁੱਲ ਚੁਗੇ ਗਏ ਤੇ ਦਸਵੇਂ ਦਿਨ ਸੁੱਖੇ ਦੀ ਅੰਤਿਮ ਅਰਦਾਸ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਆਂਢੀ- ਗੁਆਂਢੀ ਆਪੋ-ਆਪਣੇ ਘਰਾਂ ਨੂੰ ਚਲੇ ਗਏ।
ਬਚਨੀ ਉਸੇ ਤਰ੍ਹਾਂ ਅਰਧ-ਸੁਰਤੀ ਜਿਹੀ ਹਾਲਤ ਵਿਚ ਸੀ, ਨਾ ਕੁਝ ਬੋਲਦੀ, ਨਾ ਸੁਣਦੀ, ਬੱਸ ਖਵਾਏ ਤੋਂ ਥੋੜ੍ਹਾ ਕੁ ਖਾ ਪੀ ਛੱਡਦੀ ਤੇ ਪਈ ਰਹਿੰਦੀ। ਘਰ ਜਿਵੇਂ ਖਾਲੀ ਹੀ ਹੋ ਗਿਆ ਸੀ। ਬਚਨੀ ਕੋਲ ਰਹਿ ਪਏ ਸਨ ਉਸ ਦੇ ਬਿਰਧ ਮਾਤਾ ਪਿਤਾ। ਸ਼ਾਮ ਹੋਈ ਤੇ ਫਿਰ ਰਾਤ ਹੋਣ ਲੱਗੀ, ਬਚਨੀ ਕੋਲ ਉਸ ਦੀ ਮਾਤਾ ਪੈ ਗਈ ਤੇ ਬਿਰਧ ਪਿਤਾ ਦੂਸਰੇ ਕਮਰੇ ਵਿਚ ਜਾ ਪਿਆ। ਬਿੱਲ ਨਾ ਭਰਨ ਕਾਰਨ ਬਿਜਲੀ ਵਾਲੇ ਕਦੋਂ ਦੇ ਮੀਟਰ ਉਤਾਰ ਕੇ ਲੈ ਗਏ ਸਨ, ਤੇ ਚਾਨਣ ਲਈ ਜਗਾਇਆ ਦੀਵਾ ਆਪਣਾ ਤੇਲ ਪੀ ਕੇ ਕਦੋਂ ਦਾ ਵੱਡਾ ਹੋ ਗਿਆ ਸੀ। ਅੱਧੀ ਕੁ ਰਾਤ ਦਾ ਸਮਾਂ ਤੇ ਘੁੱਪ ਹਨੇਰਾ ਸੀ, ਜਦ ਬਿਰਧ ਪਿਤਾ ਨੂੰ ਪਿਸ਼ਾਬ ਕਰਨ ਦੀ ਹਾਜ਼ਤ ਹੋਈ। ਉਸ ਉੱਠ ਕੇ ਬੋਲ ਕੇ ਕਿਹਾ, 'ਭਾਈ ਕੋਈ ਦੀਵਾ ਜਗਾਓ, ਮੈਂ ਬਾਹਰ ਪਿਸ਼ਾਬ ਕਰਨ ਜਾਣਾ ਹੈ।' ਜਦ ਕੋਈ ਆਹਟ ਨਾ ਹੋਈ ਤਾਂ ਉਸ ਦੁਬਾਰਾ ਫਿਰ ਕਿਹਾ, 'ਭਾਈ ਬਾਹਰ ਹਨੇਰਾ ਹੈ, ਕੋਈ ਦੀਵਾ ਜਗਾਓ, ਮੈਂ ਪਿਸ਼ਾਬ ਕਰਨ ਜਾਣਾ ਹੈ।' ਪਰ ਉਸ ਦੀ ਆਵਾਜ਼ ਸੁਣਨ ਵਾਲਾ ਤਾਂ ਕੋਈ ਰਹਿ ਹੀ ਨਹੀਂ ਸੀ ਗਿਆ। ਪਲ ਦੀ ਪਲ ਬਜ਼ੁਰਗ ਬਾਬੇ ਨੂੰ ਯਾਦ ਆਇਆ ਕਿ ਕਦੇ ਇਸ ਘਰ ਵਿਚ ਕਿੰਨੀ ਚਹਿਲ-ਪਹਿਲ ਹੁੰਦੀ ਸੀ, ਜਦ ਉਹ ਕਦੇ ਇੱਥੇ ਮਿਲਣ ਆਉਂਦਾ ਤਾਂ ਕਿਵੇਂ ਸਾਰੇ ਸੇਵਾ ਕਰਦੇ ਉਸ ਦੇ ਅੱਗੇ-ਪਿੱਛੇ ਫਿਰਦੇ। ਨਸ਼ੇ ਕਰਕੇ ਮੌਤ ਦੇ ਮੂੰਹ ਵਿਚ ਚਲੇ ਗਏ ਆਪਣੇ ਸ਼ੇਰ ਵਰਗੇ ਜਵਾਈ ਤੇ ਸੋਨੇ ਵਰਗੇ ਗੱਭਰੂ ਦੋਹਤਿਆਂ ਨੂੰ ਯਾਦ ਕਰਕੇ ਬਜ਼ੁਰਗ ਦਾ ਗੱਚ ਭਰ ਆਇਆ ਤੇ ਉਸ ਦੀ ਦੁੱਧ ਵਰਗੀ ਦਾੜ੍ਹੀ ਉੱਪਰੋਂ ਪਰਲ-ਪਰਲ ਹੰਝੂ ਵਹਿ ਤੁਰੇ, ਉਸ ਸੋਚਿਆ ਹੁਣ ਇਹ ਘਰ ਇਕ ਇੱਟਾਂ ਦਾ ਢਾਰਾ ਰਹਿ ਗਿਆ ਸੀ, ਜਿੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਸੀ ਬਚਿਆ। ਫਿਰ ਅਗਲੇ ਪਲ ਉਸ ਸਬਰ ਜਿਹਾ ਕਰਕੇ ਭਰੇ ਮਨ ਨਾਲ ਇਕ ਲੰਮਾ ਹਉਕਾ ਭਰਿਆ, ਹੰਝੂ ਪੂੰਝੇ ਤੇ ਸੋਟੀ ਚੁੱਕ ਕੇ ਬਾਹਰ ਘੁੱਪ ਹਨੇਰੇ ਵਿਚ ਪਿਸ਼ਾਬ ਕਰਨ ਲਈ ਤੁਰ ਪਿਆ।
-ਸਾ. ਜੁਝਾਰ ਸਿੰਘ ਨਗਰ, ਗਲੀ ਨੰ.10, ਬਠਿੰਡਾ।
ਮੋਬਾਈਲ : 98777-92489
ਹੈਗਾ ਕੋਈ ਦੀਵਾ ਜਗਾੳਣ ਵਾਲਾ
ਅਜੀਤ ਡੈਸਕ
21-06-2026