ਭੂਆ ਮੇਰੀ ਚਾਰ ਭਰਾਵਾਂ ਦੀ 'ਕੱਲੀ ਭੈਣ ਸੀ। ਨਾਂਅ ਤਾਂ ਉਹਦਾ ਬੜੇ ਪਿਆਰ ਨਾਲ ਗੁਰਮੀਤ ਕੌਰ ਰੱਖਿਆ ਗਿਆ ਪਰ ਪੇਕਿਆਂ ਦੀ ਤਾਂ ਉਹ ਗੁੱਡੀ ਸੀ। ਭੂਆ ਮੇਰੀ ਇੱਕ ਭਰਾ ਤੋਂ ਛੋਟੀ ਤੇ ਤਿੰਨਾਂ ਤੋਂ ਵੱਡੀ ਸੀ। ਗੁੱਡੀ ਹਾਲੇ ਹੁੰਦੜਹੇਲ ਹੀ ਮਸਾਂ ਹੋਈ ਸੀ ਕਿ ਮੇਰੇ ਬਾਬਾ ਜੀ ਨੂੰ ਵਿਆਹ ਦਾ ਫਿਕਰ ਪੈ ਗਿਆ। ਗੱਲ ਉਨ੍ਹਾਂ ਵੇਲਿਆਂ ਦੀ ਐ ਜਦੋਂ ਕੁੜੀਆਂ ਨੂੰ ਸਾਕ-ਮੁਕਲਾਵੇ ਵੇਲੇ ਮਰਜ਼ੀ ਨੀ ਸੀ ਪੁੱਛੀ ਜਾਂਦੀ । ਸੋਲਾਂ-ਸਤਾਰਾਂ ਵਰ੍ਹਿਆਂ ਦੀ ਗੁੱਡੀ ਵਿਆਹ ਕੇ ਸਹੁਰੇ ਘਰ ਤੁਰ ਗਈ। ਫੁੱਫੜ ਸਾਡਾ ਨਿਰਾ ਰੰਗੜ ਸੁਭਾਅ ਦਾ ਮਾਲਕ। ਗੁੱਡੀ ਸਿਆਣੀ ਤਾਂ ਪਹਿਲਾਂ ਈ ਸੀ, ਸਹੁਰੇ ਜਾ ਕੇ ਦਿਨਾਂ 'ਚ ਵੱਡੀ ਵੀ ਹੋ ਗਈ। ਜਮ੍ਹਾਂ ਈ ਨਿੱਘੇ ਸੁਭਾਅ ਦੀ ਸੀ ਗੁੱਡੀ ਪਰ ਬੋਲ 'ਚ ਓਨਾ ਹੀ ਗੜਕਾ। ਉਹਨੇ ਕਦੇ ਪੇਕਿਆਂ ਨੂੰ ਆ ਕੇ ਆਪਣਾ ਦਰਦ ਨਾ ਰੋਇਆ ਪਰ ਭਾਈਆਂ 'ਤੇ ਮਾਣ ਬਾਹਲਾ ਕਰਦੀ। ਆਪਣੀ ਸੁਰਤ ਵਿਚ ਮੈਂ ਭੂਆ ਨੂੰ ਪਕੇਰੀ ਉਮਰ ਦੀ ਤੱਕਿਆ। ਭਤੀਜੇ-ਭਤੀਜੀਆਂ ਦਾ ਬਾਹਲਾ ਮੋਹ ਸੀ ਉਹਨੂੰ, ਪਰ ਉਹਦੇ ਨਿਆਣਿਆਂ ਨੇ ਕਦੇ ਨਾਨਕਿਆਂ ਦਾ ਤੇਹੁ ਨੀ ਕੀਤਾ।
ਅਸੀਂ ਚਾਚੇ-ਤਾਇਆਂ ਦੇ ਲਗਪਗ ਗਿਆਰਾਂ-ਬਾਰ੍ਹਾਂ ਜਵਾਕ ਆਂ, ਕਦੇ 'ਕੱਠੇ ਹੋ ਕੇ ਬੈਠਣਾ ਤਾਂ ਭੂਆ ਨੂੰ ਤਰਸਣਾ , ਹੱਸਣਾ ਨਾਲੇ ਕਹਿਣਾ ਅਖੇ ਆਪਾਂ ਨੂੰ ਤਾਂ ਭਾਈ ਫੁੱਫੜ ਰਾਸ ਨੀ ਆਇਆ। ਵੈਸੇ ਵੀ ਇੱਕੋ ਘਰ ਚ ਪੇਕੇ ਹੋਣ ਕਰਕੇ ਭੂਆ ਭਤੀਜੀ ਦਾ ਰਿਸ਼ਤਾ ਖਾਸ ਹੀ ਹੁੰਦੈ। ਅਸੀਂ ਸਾਰੀ ਉਮਰ ਭੂਆ ਦੇ ਪਿਆਰ ਨੂੰ ਤਰਸੇ।
ਕਦੇ ਦੁੱਖ-ਸੁੱਖ ਮੌਕੇ 'ਕੱਠੇ ਹੋਣਾ ਤਾਂ ਭੂਆ ਨੂੰ ਘਰ ਜਾਣ ਦੀ ਕਾਹਲ ਰਹਿਣੀ ਕਿ ਮੇਰੇ ਤਾਂ ਭਾਈ ਡੰਗਰ ਭੁੱਖੇ ਨੇ, ਨੂੰਹ ਨੂੰ ਤਾਪ ਚੜ੍ਹਿਐ। ਮੈਂ ਸੋਚਦੀ ਆਂ ਉਹਦਾ ਜੀਅ ਤਾਂ ਕਰਦਾ ਹੋਣਾ ਪੇਕੇ ਰਹਿ ਕੇ ਭਰਜਾਈਆਂ ਦੀਆਂ ਪੱਕੀਆਂ ਖਾਣ ਨੂੰ, ਚਾਚੇ-ਤਾਇਆਂ ਦੇ ਘਰ ਗੇੜਾ ਮਾਰਨ ਨੂੰ, ਮਾਂ ਨਾਲ ਬੈੈਠ ਕੇ ਦਿਲ ਹੌਲਾ ਕਰਨ ਨੂੰ। ਉਹ ਤਾਂ ਬੱਸ ਅੱਧ ਕੁ ਜੇ ਦੀ ਹੋ ਕੇ ਕੋਈ ਨਾ ਕੋਈ ਬਹਾਨਾ ਲਾ ਕੇ ਮੁੜਦੀ ਰਹੀ। ਮੈਂ ਗੁੱਡੀ ਭੂਆ ਨੂੰ ਹਮੇਸ਼ਾ ਤਕੜਾ ਈ ਦੇਖਿਆ। ਕਦੇ-ਕਦੇ ਲੱਗਦੈ ਕਿ ਧਰਤੀ ਹੇਠਲੇ ਬੌਲਦ ਤੋਂ ਵੀ ਜ਼ਿਆਦਾ ਭਾਰ ਹਿੱਕ 'ਤੇ ਚੁੱਕੀ ਬੈਠੀ ਸੀ। ਉਹਦੀ ਸਾਰੀ ਜਵਾਨੀ ਧੰਦਿਆਂ 'ਚ ਰੁਲ ਗਈ।
ਸਾਡੇ ਘਰ ਹੱਥ-ਖੱਡੀ ਸੀ। ਸਾਡਾ ਪਿਤਾ ਪੁਰਖੀ ਕਿੱਤਾ, ਮੇਰੇ ਬਾਬਾ ਜੀ ਖੇਸ ਬੁਣਦੇ ਤੇ ਅੰਬੋ ਕੱਤਦੀ ਰਹਿੰਦੀ। ਬੜਾ ਚਿਰ ਘਰ ਦੇ ਵਿਚਕਾਰਲੇ ਕਮਰੇ 'ਚ ਉਹ ਹੱਥ-ਖੱਡੀ ਲੱਗੀ ਮੈਂ ਦੇਖੀ। ਅੰਬੋ ਨੂੰ ਚਰਖੇ ਦਾ ਕੰਮ ਈ ਬੜਾ ਸੀ। ਸੋ ਭੂਆ ਨੇ ਨਿੱਕੀ ਉਮਰੇ ਈ ਚੌਂਕਾ ਸਾਂਭ ਲਿਆ। ਘਰ ਦਾ ਕੰਮ ਸੀ ਬਹੁਤਾ। ਪਰ ਸਹੁਰਿਆਂ ਦੇ ਜ਼ਮੀਨ ਤੇ ਮਾਲ-ਪਸ਼ੂ ਖੁੱਲ੍ਹਾ ਹੋਣ ਕਰਕੇ ਖੇਤਾਂ 'ਚ ਬਥੇਰਾ ਕੰਮ ਕਰਿਆ। ਬਲਦ ਰੇਹੜਾ ਜੋੜ ਕੇ ਖੇਤਾਂ ਨੂੰ ਤੁਰ ਪੈਂਦੀ ਤੇ ਆਥਣੇ ਹਰੇ-ਚਾਰੇ ਦਾ ਭਰ ਕੇ ਘਰਾਂ ਨੂੰ ਮੁੜਦੀ। ਮੈਂ ਨਿੱਕੀ ਉਮਰੇ ਜਦੋਂ ਵੀ ਭੂਆ ਘਰ ਗਈ, ਉਹਨੂੰ ਮੈਲੇ ਜੇ ਕੱਪੜਿਆਂ 'ਚ ਈ ਦੇਖਿਆ। ਉਹਨੇ ਚੱਜ ਦਾ ਹੰਢਾਉਣਾ ਤਾਂ ਕੀ ਸੀ, ਘਰੇ ਕਦੇ ਉਹਦੀ ਪਸੰਦ ਦੀ ਦਾਲ-ਸਬਜ਼ੀ ਤੱਕ ਨੀ ਬਣੀ ਹੋਣੀ। ਕੰਮ 'ਚ ਭੰਬੀਰੀ ਬਣੀ ਰਹਿੰਦੀ। ਚਾਰ ਧੀਆਂ ਦਾ ਦਾਜ ਜੋੜਣਾ ਕਿਹੜਾ ਸੌਖੈ? ਸੁੱਖ ਨਾਲ ਸਾਰੇ ਨਿਆਣਿਆਂ ਦੇ ਵਿਆਹ ਵਧੀਆ ਕੀਤੇ। ਕੰਮ 'ਚ ਮੂਹਰੇ ਲੱਗੀ ਰਹਿੰਦੀ ਪਰ ਉਹਦੀ ਪੁੱਛ-ਪ੍ਰਤੀਤ ਹੁੰਦੀ ਮੈਂ ਕਦੇ ਨਾ ਦੇਖੀ। ਫੁੱਫੜ ਦੇ ਬਰਾਬਰ ਖੇਤਾਂ 'ਚ ਮਿੱਟੀ ਨਾਲ ਘੁਲਦੀ ਰਹੀ ਪਰ ਚੰਦਰੀ ਜ਼ਮੀਨ ਦੀ ਤਾਂ ਕੀ ਘਰ ਦੀ ਮਾਲਕਣ ਵੀ ਚੱਜ ਨਾਲ ਨਾ ਬਣ ਸਕੀ।
ਪੂਰੀ ਕਬੀਲਦਾਰਾਂ ਦੀ ਧੀ ਸੀ ਉਹ। ਸਹੁਰੇ ਘਰ ਵੀ ਕਬੀਲਦਾਰੀ ਬੜੀ ਨਿਭਾਈ। ਪਰ ਫੁੱਫੜ ਲਈ ਤਾਂ ਜਿਵੇਂ ਉਹ ਡੰਗਰ-ਪਸ਼ੂ ਤੋਂ ਵੱਧ ਨੀ ਸੀ। ਅਸੀਂ ਉਹਨੂੰ ਬਥੇਰਾ ਆਖਣਾ ਕਿ ਭੂਆ ਸਾਰਾ ਕੁਝ ਛੱਡ ਕੇ ਆਜਾ ਸਾਡੇ ਕੋਲ, ਪਰ ਟੱਬਰ ਦਾ ਮੋਹ ਕਿੱਥੇ ਛੱਡ ਹੁੰਦਾ। ਪੇਕਿਆਂ ਦੀ ਸ਼ਰਮ ਨੂੰ ਸਾਰੀ ਉਮਰ ਜੁੱਤੀਆਂ ਖਾਂਦੀ ਰਹੀ ਤੇ ਅਖੀਰ ਤੱਕ ਡਟੀ ਰਹੀ।
ਲਗਪਗ ਮਹੀਨਾ ਪਹਿਲਾਂ ਭੂਆ ਦੀ ਨੂੰਹ ਦਾ ਫੋਨ ਆਇਆ, ਪਤਾ ਲੱਗਿਆ ਭੂਆ ਦਾ ਚਿੱਤ ਠੀਕ ਨੀ। ਬਸ ਮੰਜੇ 'ਤੇ ਈ ਐ। ਮਾਂ ਦਾ ਕਾਲਜਾ ਮਚਿਆ, ਪੇਕਿਆਂ ਨੂੰ ਭਾਜੜਾਂ ਪੈ ਗਈਆਂ। ਪਤਾ ਲੈਣ ਗਏ ਤਾਂ ਭੂਆ ਨੂੰ ਬਿਮਾਰੀ ਭੁੱਲ ਗਈ, ਚਾਅ ਚੜ੍ਹ ਗਿਆ। ਗੜ੍ਹਕੇ ਨਾਲ ਮਿਲੀ। ਕੈਂਸਰ ਨੇ ਘੇਰ ਲਿਆ ਸੀ ਗੁੱਡੀ ਨੂੰ। ਸਿਹਤ ਜਮ੍ਹਾਂ ਡਿੱਗ ਗਈ, ਗੁੱਡੀ ਪਹਿਲਾਂ ਵਰਗੀ ਰਹੀ ਹੀ ਨਹੀ ਸੀ। ਫੁੱਫੜ ਤੇ ਨਿਆਣਿਆਂ ਨੂੰ ਸੁਰਤ ਈ ਉਦੋਂ ਆਈ ਜਦੋਂ ਉਹ ਕਿਸੇ ਕੰਮ ਜੋਗੀ ਨਾ ਰਹੀ। ਕੈਂਸਰ ਦੀ ਲਾਸਟ ਸਟੇਜ, ਡਾਕਟਰ ਨੇ ਇਸ਼ਾਰਿਆਂ ਨਾਲ ਸਮਝਾ ਦਿੱਤਾ ਕਿ ਸੇਵਾ ਕਰਲੋ ਬੱਸ।
ਪਰ ਸੇਵਾ ਕਰਾਉਣ ਆਲੀ ਕਿੱਥੇ ਸੀ ਉਹ। ਦਿਨਾਂ 'ਚ ਈ ਮੰਜੇ ਨਾਲ ਜਾ ਲੱਗੀ ਤੇ ਬੀਤੇ ਦਿਨ੍ਹੀ ਪੂਰੀ ਹੋਗੀ।
ਸਕੇ-ਸੰਬੰਧੀ 'ਕੱਠੇ ਹੋਏ, ਸੰਸਕਾਰ ਹੋ ਗਿਆ, ਅਗਲੇ ਦਿਨ ਫੁੱਲਾਂ ਦੀ ਰਸਮ ਹੋਈ ਤੇ ਹਫ਼ਤੇ ਬਾਅਦ ਭੋਗ ਪੈ ਗਿਆ। ਭੋਗ 'ਤੇ ਜਾਣ ਲਈ ਬੇਬੇ ਨੂੰ ਬੜਾ ਜ਼ੋਰ ਲਾਇਆ ਪਰ ਮੰਨੀ ਨੀ ਕਹਿੰਦੀ ਹੁਣ ਕਿਹੜਾ ਉੱਥੇ ਗੁੱਡੀ ਐ, ਮੈਂ ਨੀ ਜਾਣਾ।
ਸੱਚੀਂ ਉੱਥੇ ਜਾ ਕੇ ਮਹਿਸੂਸ ਹੋਇਆ ਕਿ ਗੁੱਡੀ ਤਾਂ ਏਥੇ ਕਿਤੇ ਵੀ ਨੀ, ਨਾ ਉਹਦੇ ਘਰ 'ਚ, ਨਾ ਕਿਸੇ ਨਿਆਣੇ 'ਚ। ਚੁੱਪ-ਚੁੱਪੀਤੇ ਗੁੱਡੀ ਨੂੰ ਵਿਦਾ ਕਰਕੇ ਮੁੜ ਆਏ ਜਿਵੇਂ ਏਸ ਪਿੰਡ ਵਿਚੋਂ ਸੀਰ ਮੁੱਕ ਗਿਆ ਹੋਵੇ ਤੇ ਮੁੜ ਕਦੇ ਏਧਰ ਮੂੰਹ ਨਾ ਕਰਨਾ ਹੋਵੇ।
-ਮੋਬਾਈਲ : 85974-06129
ਕਿਹੜੀ ਦੌੜ ਵਿਚ ਦੁਨੀਆ?
ਕਿਹੜੀ ਦੌੜ ਵਿਚ ਲੱਗੀ ਹੋਈ ਹੈ ਇਹ ਦੁਨੀਆ ਕਿਸੇ ਨੂੰ ਪਤਾ ਵੀ ਨਹੀਂ। ਹਰ ਕੋਈ ਅੱਗੇ ਨਿਕਲਣ ਦੀ ਫਿਕਰ ਵਿਚ ਹੈ, ਪਰ ਇਹ ਨਹੀਂ ਜਾਣਦਾ ਕਿ ਅੱਗੇ ਹੈ ਕੀ। ਦੌੜ ਰਹੇ ਨੇ ਸਾਰੇ ਬਿਨਾਂ ਸਾਹ ਲਏ, ਬਿਨਾ ਪਿੱਛੇ ਮੁੜ ਵੇਖੇ।
ਕਿਸੇ ਲਈ ਇਹ ਦੌੜ ਪੈਸੇ ਦੀ ਹੈ, ਕਿਸੇ ਲਈ ਸ਼ੁਹਰਤ ਦੀ, ਤੇ ਕਿਸੇ ਲਈ ਸਿਰਫ਼ ਦੂਜਿਆਂ ਤੋਂ ਅੱਗੇ ਰਹਿਣ ਦੀ। ਇਨਸਾਨ ਆਪਣੀ ਖੁਸ਼ੀ ਨੂੰ ਪਿੱਛੇ ਛੱਡ ਕੇ ਦੌੜ ਰਿਹਾ ਹੈ, ਤੇ ਸੋਚਦਾ ਹੈ ਕਿ ਮੰਜ਼ਿਲ 'ਤੇ ਪਹੁੰਚ ਕੇ ਖੁਸ਼ੀ ਮਿਲ ਜਾਏਗੀ। ਪਰ ਮੰਜ਼ਿਲਾਂ ਬਦਲਦੀਆਂ ਰਹਿੰਦੀਆਂ ਨੇ, ਦੌੜ ਖ਼ਤਮ ਨਹੀਂ ਹੁੰਦੀ। ਇਸ ਭੀੜ ਵਿਚ ਰਿਸ਼ਤੇ ਵੀ ਹੌਲੀ-ਹੌਲੀ ਦੂਰ ਹੋ ਰਹੇ ਨੇ। ਸਮਾਂ ਸਭ ਕੋਲ ਹੈ, ਪਰ ਕਿਸੇ ਕੋਲ ਕਿਸੇ ਲਈ ਨਹੀਂ। ਫ਼ੋਨ ਹੱਥ ਵਿਚ ਨੇ, ਪਰ ਦਿਲਾਂ ਵਿਚਲਾ ਫ਼ਾਸਲਾ ਵਧਦਾ ਜਾ ਰਿਹਾ ਹੈ। ਅਸੀਂ ਜਿੱਤਣ ਦੀ ਆਦਤ ਵਿਚ ਜੀਣਾ ਭੁੱਲ ਗਏ ਹਾਂ।
ਸੋਚਣ ਵਾਲੀ ਗੱਲ ਇਹ ਹੈ ਕਿ ਜੇ ਸਾਰੇ ਦੌੜ ਰਹੇ ਨੇ, ਤਾਂ ਰੁਕ ਕੇ ਸੋਚੇ ਕੌਣ? ਸ਼ਾਇਦ ਅਸੀਂ ਸਮਝ ਜਾਈਏ ਜ਼ਿੰਦਗੀ ਕੋਈ ਦੌੜ ਨਹੀਂ, ਸਫ਼ਰ ਹੈ। ਜਿੱਥੇ ਥੋੜ੍ਹਾ ਠਹਿਰਨਾ, ਸਾਹ ਲੈਣਾ ਅਤੇ ਆਪਣੇ-ਆਪ ਨਾਲ ਮਿਲਣਾ ਵੀ ਜ਼ਰੂਰੀ ਹੈ। ਦੁਨੀਆ ਦੀ ਇਹ ਦੌੜ ਸ਼ਾਇਦ ਕਦੇ ਨਾ ਮੁੱਕੇ। ਪਰ ਜੇ ਅਸੀਂ ਆਪਣੀ ਰਫ਼ਤਾਰ ਆਪ ਚੁਣ ਲਈ, ਤਾਂ ਜ਼ਿੰਦਗੀ ਭਾਰ ਨਹੀਂ, ਅਹਿਸਾਸ ਬਣ ਜਾਂਦੀ ਹੈ।
-ਭਿੰਡਰਾਂ ਸੰਗਰੂਰ।
ਮੋਬਾਈਲ : 7626053712