(ਲੜੀ ਜੋੜਨ ਲਈ 11 ਅਗਸਤ ਦਾ ਅੰਕ ਦੇਖੋ)
''ਮੌਸਮ ਦਾ ਕਹਿਰ। ਬੇਰਹਿਮ ਮੁਸ਼ੱਕਤ। ਘੱਟ ਤੇ ਘਟੀਆ ਖ਼ੁਰਾਕ। ਕੈਦੀਆਂ ਵਿਚੋਂ ਬਹੁਤੇ ਮੱਛਰਾਂ ਦੀ ਭਰਮਾਰ ਕਰਕੇ ਮਲੇਰੀਏ ਤੋਂ ਪੀੜਤ। ਕੁਝ ਪੇਚਿਸ ਤੇ ਖੰਘ-ਤਾਪ ਤੋਂ ਪੀੜਤ। ਉਨ੍ਹਾਂ ਨੂੰ ਨਿੱਕੇ-ਨਿੱਕੇ ਬਹਾਨੇ ਲੱਭ ਕੇ ਬੈਂਤ ਮਾਰਨ ਦੀ ਸਜ਼ਾ ਦਿੱਤੀ ਜਾਂਦੀ। ਪਿੰਡਿਆਂ ਦੇ ਮਾਸ 'ਚੋਂ ਲਹੂ ਭਿੱਜੀਆਂ ਬੋਟੀਆਂ ਬੈਂਤਾਂ ਦੇ ਨਾਲ ਹੀ ਖਿੱਚੀਆਂ ਆਉਂਦੀਆਂ। ਬੇਤਹਾਸ਼ਾ ਜ਼ੁਲਮ ਬਰਦਾਸ਼ਤ ਨਾ ਕਰਦਿਆਂ ਕਈ ਕੈਦੀ ਮਰਨਹਾਰ ਹਾਲਤਾਂ ਵਾਲਾ ਲਾਹਨਤ ਭਰਿਆ ਜੀਵਨ ਜਿਊਣ ਨਾਲੋਂ ਮੌਤ ਨੂੰ ਤਰਜੀਹ ਦਿੰਦੇ। ਆਤਮ-ਹੱਤਿਆ ਕਰ ਲੈਂਦੇ। ਕੁਝ ਬੇਬਹਾ ਤਸ਼ੱਦਦ ਦਾ ਸ਼ਿਕਾਰ ਹੋ ਕੇ ਸੁਰਤ ਗਵਾ ਬਹਿੰਦੇ। ਪਾਗਲ ਹੋ ਜਾਂਦੇ। ਅਜਿਹੇ ਅਨੇਕਾਂ ਹੋਰ ਸੂਰਬੀਰ ਲੰਬੀਆਂ ਕੈਦਾਂ ਭੋਗਦੇ, ਜੇਲ੍ਹ ਅਧਿਕਾਰੀਆਂ ਦਾ ਜ਼ੁਲਮ ਸਹਿੰਦੇ, ਨਾ ਖ਼ੁਸ਼ਗਵਾਰ ਮੌਸਮ ਦਾ ਮਿਜ਼ਾਜ ਝੱਲਦੇ, ਬਿਮਾਰੀਆਂ ਨਾਲ ਲੜਦੇ ਹੋਏ ਇਸੇ ਡੈਣ ਧਰਤੀ 'ਤੇ ਸ਼ਹੀਦ ਹੋ ਗਏ।''
ਇਹ ਸੈਲੂਲਰ ਜੇਲ੍ਹ ਵਿਚ ਭਾਰਤ ਦੀ ਆਜ਼ਾਦੀ ਦੇ ਪ੍ਰਵਾਨਿਆਂ 'ਤੇ ਕੀਤੇ ਜਾਂਦੇ ਜ਼ੁਲਮ ਦੀ ਇਕ ਝਲਕ ਹੈ।
ਕੰਮ ਦਾ ਕੋਟਾ ਸਮੇਂ ਅਨੁਸਾਰ ਖ਼ਤਮ ਨਾ ਹੋਣ 'ਤੇ ਜੇਲ੍ਹ ਵਿਚ ਇਨ੍ਹਾਂ ਯੋਧਿਆਂ ਨੂੰ ਅੰਤਾਂ ਦੇ ਤਸੀਹੇ ਝੱਲਣੇ ਪੈਂਦੇ ਸਨ ਜਿਸ ਵਿਚ ਸੰਗਲਾਂ ਨਾਲ ਬੰਨ੍ਹ ਕੇ, ਹੱਥਕੜੀਆਂ ਅਤੇ ਬੇੜੀਆਂ ਪੁਆ ਕੇ ਕੋੜੇ ਮਾਰੇ ਜਾਂਦੇ। ਇਸ ਤੋਂ ਇਲਾਵਾ, ਬਿਜਲੀ ਦੇ ਝਟਕੇ ਲਗਾਉਣੇ, ਤੇਜ਼ ਧੁੱਪ ਵਿਚ ਪੁੱਠਾ ਲਟਕਾਉਣਾ, ਕਈ ਘੰਟਿਆਂ ਤੱਕ ਸੌਣ ਨਾ ਦੇਣਾ ਅਤੇ ਪਾਣੀ ਨਾ ਪੀਣ ਦੇਣਾ, ਬੋਰੀ ਦੇ ਕੱਪੜੇ ਪੁਆਉਣੇ ਵੀ ਸ਼ਾਮਿਲ ਸਨ ਪਰ ਸਭ ਤੋਂ ਮੁਸ਼ਕਿਲ ਸਜ਼ਾ ਤੇਲ ਕੱਢਣ ਦੀ ਸੀ। ਕੈਦੀਆਂ ਨੂੰ ਕੋਹਲੂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਸੁੱਕੇ ਨਾਰੀਅਲ ਵਿਚੋਂ ਜਾਂ ਸਰ੍ਹੋਂ ਵਿਚੋਂ ਤੇਲ ਕੱਢਣ ਲਈ ਕਿਹਾ ਜਾਂਦਾ ਸੀ। ਜੇਕਰ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਘੱਟ ਹੋ ਜਾਂਦੀ ਤਾਂ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਜਾਂਦੀ। ਇਸ ਤੋਂ ਇਲਾਵਾ ਇਕ ਹੋਰ ਬੜੀ ਸਖ਼ਤ ਸਜ਼ਾ ਸੀ ਜਿਸ ਵਿਚ ਕੈਦੀ ਨੂੰ 20 ਨਾਰੀਅਲਾਂ ਦੇ ਛਿਲਕਿਆਂ ਨੂੰ ਲੱਕੜ ਦੇ ਹਥੌੜੇ ਨਾਲ ਕੁੱਟਣਾ ਪੈਂਦਾ ਸੀ ਅਤੇ ਫਿਰ ਹੱਥਾਂ ਨਾਲ ਰੱਸੀਆਂ ਬੁਣਨੀਆਂ ਪੈਂਦੀਆਂ ਸਨ।
ਕੜਕਦੀ ਧੁੱਪ ਅਤੇ ਸਖ਼ਤ ਮਿਹਨਤ ਦੇ ਬਾਵਜੂਦ ਵੀ ਇਕ ਕੈਦੀ ਨੂੰ ਦਿਹਾੜੀ ਵਿਚ ਕੇਵਲ ਦੋ ਕੱਪ ਹੀ ਪਾਣੀ ਪੀਣ ਲਈ ਦਿੱਤਾ ਜਾਂਦਾ ਸੀ ਜੋ ਅਕਸਰ ਗੰਦਾ ਅਤੇ ਬਦਬੂਦਾਰ ਹੁੰਦਾ ਸੀ। ਖਾਣੇ ਵਿਚ ਉਬਲੇ ਚੌਲਾਂ ਨੂੰ ਪਾਣੀ ਵਿਚ ਘੋਲ ਕੇ ਦਿੱਤਾ ਜਾਂਦਾ ਸੀ। ਵਰਣਨਯੋਗ ਗੱਲ ਇਹ ਵੀ ਹੈ ਕਿ ਇਸ ਵਿਚ ਅਕਸਰ ਕਿਰਕ ਅਤੇ ਸੁੰਡੀਆਂ ਹੁੰਦੀਆਂ ਸਨ ਅਤੇ ਇਹ ਲੋਹੇ ਦੀ ਜੰਗ ਲੱਗੀ ਬਾਟੀ ਜਿਸ ਨੂੰ ਕਦੇ ਸਾਫ਼ ਨਹੀਂ ਕੀਤਾ ਜਾਂਦਾ ਸੀ, ਵਿਚ ਪਾ ਕੇ ਦਿੱਤੇ ਜਾਂਦੇ ਸਨ।
ਸੈਲੂਲਰ ਦੇ ਸਾਰੇ ਜੇਲ੍ਹਰਾਂ ਵਿਚੋਂ ਸਭ ਤੋਂ ਸਖ਼ਤ ਅਤੇ ਜ਼ਾਲਮ ਜੇਲ੍ਹਰ ਸੀ ਡੈਵਿਡ ਬੈਰੀ ਜੋ ਸੈਲੂਲਰ ਜੇਲ੍ਹ ਵਿਚ ਸੰਨ 1909 ਤੋਂ 1931 ਤੱਕ ਰਿਹਾ ਅਤੇ ਆਪਣੀਆਂ ਪਾਗਲਪਨ ਵਾਲੀਆਂ ਕਰੂਰਤਾਂ ਲਈ ਜਾਣਿਆ ਜਾਂਦਾ ਸੀ। ਉਸ ਦਾ ਕਹਿਣਾ ਸੀ ਕਿ ਸੈਲੂਲਰ ਵਿਚ ਉਹ ਸ਼ੇਰਾਂ ਨੂੰ ਪਾਲਤੂ ਬਣਾਉਂਦਾ ਹੈ। ਕੋਈ ਵੀ ਕੈਦੀ ਡੈਵਿਡ ਬੈਰੀ ਵਲੋਂ ਦਿੱਤੀ ਸਜ਼ਾ ਅਤੇ ਆਲੇ-ਦੁਆਲੇ ਹਜ਼ਾਰਾਂ ਮੀਲਾਂ ਤੱਕ ਪਾਣੀ ਹੋਣ ਕਾਰਨ ਸੈਲੂਲਰ ਦੀਆਂ ਨੀਵੀਆਂ ਦੀਵਾਰਾਂ ਨੂੰ ਟੱਪਣ ਦੀ ਜੁਰੱਅਤ ਨਹੀਂ ਸੀ ਕਰਦਾ। ਡੈਵਿਡ ਬੈਰੀ ਆਪਣੇ-ਆਪ ਨੂੰ ਪੋਰਟ ਬਲੇਅਰ ਦਾ 'ਰੱਬ' ਕਹਾਉਂਦਾ ਸੀ। ਉਸ ਦੀਆਂ ਕਰੂਰਤਾਂ ਦੇ ਕਾਰਨ ਸੈਲੂਲਰ ਜੇਲ੍ਹ ਵਿਚ ਕਈ ਵਾਰੀ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਪਰ ਹਰੇਕ ਹੜਤਾਲ ਨੂੰ ਨਾਕਾਮ ਬਣਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਗਏ।
ਜਨਵਰੀ 1938 ਵਿਚ ਅੰਗਰੇਜ਼ਾਂ ਨੇ ਸੈਲੂਲਰ ਜੇਲ੍ਹ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ, ਕੈਦੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ। ਫਿਰ ਦੂਸਰੇ ਵਿਸ਼ਵ ਯੁੱਧ ਦੌਰਾਨ ਜਾਪਾਨੀਆਂ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਤੇ 1942 ਤੋਂ 1945 ਤੱਕ ਕਬਜ਼ਾ ਕਰ ਲਿਆ। ਜਾਪਾਨੀਆਂ ਨੇ ਅੰਡੇਮਾਨ ਦੇ ਹਜ਼ਾਰਾਂ ਹੀ ਵਾਸੀਆਂ ਨੂੰ ਅੰਗਰੇਜ਼ਾਂ ਲਈ ਜਾਸੂਸੀ ਦੇ ਇਲਜ਼ਾਮ ਵਿਚ ਤੜਫ਼ਾ-ਤੜਫ਼ਾ ਕੇ ਮਾਰਿਆ ਅਤੇ ਕਈਆਂ ਨੂੰ ਇਸ ਜੇਲ੍ਹ ਵਿਚ ਵੀ ਬੰਦ ਰੱਖਿਆ। ਇਸ ਸਮੇਂ ਦੌਰਾਨ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਸੈਲੂਲਰ ਜੇਲ੍ਹ ਦਾ ਦੌਰਾ ਕੀਤਾ ਅਤੇ ਉੱਥੇ ਤਿਰੰਗਾ ਝੰਡਾ ਵੀ ਲਹਿਰਾਇਆ ਲੇਕਿਨ ਉਨ੍ਹਾਂ ਨੂੰ ਨਾਜਾਇਜ਼ ਬੰਦੀ ਬਣਾਏ ਗਏ ਕੈਦੀਆਂ ਨੂੰ ਮਿਲਣ ਨਹੀਂ ਦਿੱਤਾ ਗਿਆ।
ਆਜ਼ਾਦੀ ਤੋਂ ਬਾਅਦ ਇਥੇ ਰਹੇ ਸੁਤੰਤਰਤਾ ਸੈਨਾਨੀਆਂ ਨੇ 'ਐਕਸ ਅੰਡੇਮਾਨ ਪੁਲਿਟੀਕਲ ਪ੍ਰਿਜ਼ਨਰ ਫਿਟਰਨਿਟੀ ਸਰਕਲ' ਨਾਂ ਦੀ ਇਕ ਐਸੋਸੀਏਸ਼ਨ ਬਣਾਈ, ਜਿਸ ਵਿਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਸੈਲੂਲਰ ਜੇਲ੍ਹ ਦੀ ਸਾਂਭ-ਸੰਭਾਲ ਲਈ ਕਿਹਾ। ਭਾਰਤ ਸਰਕਾਰ ਵਲੋਂ 11 ਫਰਵਰੀ, 1979 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਵਲੋਂ ਸੈਲੂਲਰ ਜੇਲ੍ਹ ਨੂੰ ਨੈਸ਼ਨਲ ਮੈਮੋਰੀਅਲ ਦਾ ਦਰਜਾ ਦਿੱਤਾ ਗਿਆ।
ਅੱਜ ਭਾਰਤ ਦੀ ਆਜ਼ਾਦੀ ਦੇ 72 ਸਾਲ ਬਾਅਦ ਵੀ ਸੈਲੂਲਰ ਜੇਲ੍ਹ ਦੇਖ ਕੇ, ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਦੇਸ਼ ਭਗਤਾਂ ਵਲੋਂ ਸਹਿਣ ਕੀਤੇ ਤਸੀਹਿਆਂ ਦੀ ਚੀਸ ਮਨ ਵਿਚ ਉੱਠਦੀ ਹੈ। ਇਥੇ ਬਣਾਏ ਗਏ ਵਿਸ਼ੇਸ਼ ਅਜਾਇਬਘਰ ਵਿਚ ਲੱਗੀਆਂ ਤਸਵੀਰਾਂ ਅਤੇ ਹੋਰ ਸਾਜ਼ੋ-ਸਾਮਾਨ ਇਸ ਦੀ ਦਰਦਨਾਕ ਦਾਸਤਾਨ ਦੀ ਮੂੰਹ ਬੋਲਦੀ ਤਸਵੀਰ ਹਨ। ਇਥੇ ਕਰਾਇਆ ਜਾਂਦਾ 'ਲਾਈਟ ਐਂਡ ਸਾਊਂਡ ਸ਼ੋਅ' ਦੇਖ ਕੇ ਹਰ ਕੋਈ ਇਨ੍ਹਾਂ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦਾ ਹੈ।
(ਸਮਾਪਤ)
ਸਰਫ਼ਰੋਸ਼ੀ ਕੀ ਤਮੰਨਾ...
ਅਜੀਤ ਡੈਸਕ
15-08-2019