ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਟਿਆਲਾ ਘਰਾਣੇ ਦਾ ਮਹਾਨ ਠੁਮਰੀ, ਦਾਦਰਾ ਅਤੇ ਗ਼ਜ਼ਲ ਗਾਇਕ: ਉਸਤਾਦ ਬਰਕਤ ਅਲੀ ਖ਼ਾਂ

Ad Position 21
No active advertisement
ਅਜੀਤ ਡੈਸਕ 02-11-2025

ਸੰਗੀਤ ਦੇ ਪਟਿਆਲਾ ਘਰਾਣੇ ਤੋਂ ਸੰਗੀਤਕ ਤਾਲੀਮ ਲੈ ਕੇ ਮੀਆਂ ਦਿੱਤੇ ਖ਼ਾਂ, ਮੀਆਂ ਕਾਲੂ ਖ਼ਾਂ, ਅਲੀ ਬਖ਼ਸ਼-ਫ਼ਤਹਿ ਅਲੀ, ਨਬੀ ਬਖ਼ਸ਼, ਪਿਆਰੇ ਖ਼ਾਂ, ਸੇਂਧੇ ਖ਼ਾਂ, ਭਾਈ ਮਹਿਬੂਬ ਅਲੀ, ਗੋਖੀ ਬਾਈ, ਅਖਤਰ ਹੁਸੈਨ ਖ਼ਾਂ, ਅਮਾਨਤ ਅਲ਼ੀ-ਫ਼ਤਿਹ ਅਲੀ, ਮੀਆਂ ਜਾਨ ਖ਼ਾਂ, ਮੀਆਂ ਅਹਿਮਦ ਖ਼ਾਂ, ਆਸ਼ਿਕ ਅਲੀ, ਬੜੇ ਗੁਲਾਮ ਅਲੀ ਖ਼ਾਂ, ਉਸਤਾਦ ਬਰਕਤ ਅਲੀ ਖ਼ਾਂ, ਮੁਨੱਵਰ ਅਲੀ ਖ਼ਾਂ, ਉਸਤਾਦ ਬਾਕਰ ਹੁਸੈਨ, ਹਕੀਮ ਚਾਨਣ ਰਾਮ, ਮਹੰਤ ਗੱਜਾ ਸਿੰਘ, ਕਾਲੇ ਖ਼ਾਂ ਅਤੇ ਅਲੀ ਬਖ਼ਸ਼ (ਕਸੂਰ ਵਾਲੇ) ਜਿਹੇ ਪ੍ਰਮੁੱਖ ਸੰਗੀਤਕਾਰਾਂ ਨੇ ਵਿਸ਼ਵ ਪੱਧਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਨ੍ਹਾਂ ਵਿਚੋਂ 1950-60 ਦੇ ਦਹਾਕੇ ਦੌਰਾਨ ਗ਼ਜ਼ਲ ਗਾਇਕੀ ਦਾ ਬਾਦਸ਼ਾਹ ਕਹਾਉਣ ਵਾਲੇ ਉਸਤਾਦ ਬਰਕਤ ਅਲੀ ਖ਼ਾਂ ਨੇ ਪੂਰਬੀ ਅਤੇ ਪੰਜਾਬ ਅੰਗ ਦੀ ਠੁਮਰੀ, ਗ਼ਜ਼ਲ, ਦਾਦਰਾ ਅਤੇ ਗੀਤ ਗਾਇਕੀ ਵਿਚ ਪਟਿਆਲਾ ਘਰਾਣੇ ਦਾ ਨਾਂਅ ਰੌਸ਼ਨ ਕੀਤਾ ਹੈ। ਰੇਡੀਓ ਪਾਕਿਸਤਾਨ, ਲਾਹੌਰ ਨੂੰ ਦਿੱਤੇ ਇਕ ਇੰਟਰਵਿਊ ਵਿਚ ਉਸਤਾਦ ਬਰਕਤ ਅਲੀ ਖ਼ਾਂ ਨੇ ਕਿਹਾ ਸੀ ਕਿ ਮੇਰੇ ਬਜ਼ੁਰਗ ਇਕ ਸਮੇਂ ਜੰਮੂ ਕਸ਼ਮੀਰ ਰਿਆਸਤ ਦੇ ਪਹਾੜੀ ਇਲਾਕੇ ਵਿਚ ਰਹਿੰਦੇ ਸਨ, ਜਿਸ ਕਾਰਨ ਮੇਰਾ ਕਾਫੀ ਸਮਾਂ ਉਸ ਇਲਾਕੇ ਵਿਚ ਗੁਜ਼ਰਿਆ। ਪਹਾੜੀ ਗੀਤ ਮੈਂ ਆਪਣੇ ਬਜ਼ੁਰਗਾਂ ਕੋਲੋਂ ਗਾਉਣੇ ਸਿਖੇ। ਸੰਨ 1908 ਵਿਚ (ਕੁਝ ਵਿਦਵਾਨਾਂ ਅਨੁਸਾਰ ਸੰਨ 1907/1910 ਨੂੰ ਲਾਹੌਰ ਵਿਚ) ਬਾਬਾ ਬੁੱਲ੍ਹੇ ਸ਼ਾਹ ਦੇ ਸ਼ਹਿਰ ਕਸੂਰ ਵਿਚ ਉਸਤਾਦ ਅਲੀ ਬਖ਼ਸ਼ ਦੇ ਘਰ ਬਰਕਤ ਅਲੀ ਖ਼ਾਂ ਦਾ ਜਨਮ ਹੋਇਆ। ਪਿਤਾ ਉਸਤਾਦ ਅਲੀ ਬਖ਼ਸ਼, ਚਾਚਾ ਕਾਲੇ ਖ਼ਾਂ ਅਤੇ ਵੱਡੇ ਭਰਾ ਬੜੇ ਗੁਲਾਮ ਅਲੀ ਖ਼ਾਂ ਦੀ ਸੰਗਤ ਵਿਚ ਰਹਿ ਕੇ ਖ਼ਾਂ ਸਾਹਿਬ ਨੇ ਸੰਗੀਤ ਦੀਆਂ ਸੂਖਮ ਬਰੀਕੀਆਂ ਨੂੰ ਗ੍ਰਹਿਣ ਕੀਤਾ। ਬੜੇ ਗੁਲਾਮ ਅਲੀ ਖ਼ਾਂ ਦੇ ਸੰਗੀਤਕ ਪ੍ਰੋਗਰਾਮਾਂ ਦੌਰਾਨ ਉਹ ਹਰਮੋਨੀਅਮ 'ਤੇ ਸੰਗਤ ਵੀ ਕਰਦੇ ਰਹੇ।
ਕਿਹਾ ਜਾਂਦਾ ਹੈ ਕਿ ਖ਼ਾਂ ਸਾਹਿਬ ਦੇ ਵੱਡੇ-ਵਡੇਰਿਆਂ ਵਿਚੋਂ ਫ਼ਜ਼ਲ ਪੀਰ ਦਾਦ ਖਾਨ ਗਜ਼ਨੀ ਤੋਂ ਭਾਰਤ ਆਏ। ਸਾਧੂ ਸੁਭਾਅ ਦੀ ਬਿਰਤੀ ਹੋਣ ਕਾਰਨ ਪਹਾੜਾਂ/ਜੰਗਲਾਂ ਵਿਚ ਜਾ ਕੇ ਘੋਰ ਤਪੱਸਿਆ ਕੀਤੀ, ਜਿਸ ਤੋਂ ਬਾਅਦ ਸੰਗੀਤ ਇਸ ਪਰਿਵਾਰ ਵਿਚ ਪੀੜ੍ਹੀ-ਦਰ-ਪੀੜ੍ਹੀ ਚਲਦਾ ਰਿਹਾ। ਇਸੇ ਵਰ ਕਾਰਨ ਖ਼ਾਂ ਸਾਹਿਬ ਦੇ ਪੜਦਾਦਾ ਮੁਹੰਮਦ ਖ਼ਾਂ, ਦਾਦਾ ਮੀਆਂ ਇਰਸ਼ਾਦ ਅਲੀ ਖ਼ਾਂ, ਪਿਤਾ ਅਲੀ ਬਖ਼ਸ਼ ਅਤੇ ਚਾਚਾ ਕਾਲੇ ਖ਼ਾਂ, ਭਰਾ ਬੜੇ ਗੁਲਾਮ ਅਲੀ ਖ਼ਾਂ, ਮੁਬਾਰਕ ਅਲੀ ਖ਼ਾਂ, ਬਰਕਤ ਅਲੀ ਖ਼ਾਂ ਅਤੇ ਅਮਾਨ ਅਲੀ ਖ਼ਾਂ ਗੁਣੀ ਗਵੱਈਏ ਸਾਬਿਤ ਹੋਏ।
ਸੰਨ 1936 ਦੇ ਕਰੀਬ ਖ਼ਾਂ ਸਾਹਿਬ ਦਾ ਗਾਇਨ ਆਲ ਇੰਡੀਆ ਰੇਡੀਓ, ਦਿੱਲੀ ਤੋਂ ਪ੍ਰਸਾਰਿਤ ਹੁੰਦਾ ਰਿਹਾ ਅਤੇ ਦੇਸ਼ ਦੀਆਂ ਪ੍ਰਮੁੱਖ ਸੰਗੀਤ ਕਾਨਫਰੰਸਾਂ ਦੇ ਪ੍ਰੋਗਰਾਮ ਖ਼ਾਂ ਸਾਹਿਬ ਦੇ ਗਾਇਨ ਬਿਨਾਂ ਸੰਪੂਰਨ ਨਾ ਚੜ੍ਹਦੇ। ਹੈਦਰਾਬਾਦ ਦੱਖਣ ਵਿਚ ਨਵਾਬ ਜ਼ਹੀਰ ਯਾਰ ਜੰਗ ਉਨ੍ਹਾਂ ਦੀ ਹਲਕੀ-ਫੁਲਕੀ ਗਾਇਕੀ ਦੇ ਸ਼ੈਦਾਈ ਸਨ ਤੇ ਖੁਸ਼ ਹੋ ਕੇ ਕੀਮਤੀ ਇਨਾਮਾਂ ਨਾਲ ਨਿਵਾਜਦੇ ਸਨ। ਜਜ਼ਨ-ਏ-ਕਾਬਲ ਮੌਕੇ ਉਹ ਹਰ ਸਾਲ ਅਫਗਾਨਿਸਤਾਨ ਜਾ ਕੇ ਸੰਗੀਤ ਪ੍ਰੇਮੀਆਂ ਨੂੰ ਮੰਤਰ ਮੁਗਧ ਕਰਦੇ। ਵੰਡ ਉਪਰੰਤ ਵੀ ਸੰਗੀਤ ਪ੍ਰੇਮੀਆਂ ਨੂੰ ਰੇਡੀਓ ਸਟੇਸ਼ਨ ਲਾਹੌਰ ਤੋਂ ਉਨ੍ਹਾਂ ਦੀਆਂ ਗਾਈਆਂ ਹੋਈਆਂ ਠੁਮਰੀਆਂ ਅਤੇ ਗ਼ਜ਼ਲਾਂ ਸੁਣਨ ਨੂੰ ਮਿਲਦੀਆਂ ਰਹੀਆਂ। ਇਨ੍ਹਾਂ ਵਿਚੋਂ 'ਬਾਗੋਂ ਮੇ ਪੜੇ ਝੂਲੇ, ਮੋਰਾ ਸਈਆਂ ਤਨਕ ਧੁਨ ਲਾਏ, ਜਾਓ ਕਦਰ ਨਾਹੀ ਬੋਲੂੰ, ਅਬ ਨਾ ਮਾਨੂੰ ਤੋਰੀ ਬਤੀਆਂ, ਤੁਮ ਰਾਧੇ ਬਨੋ ਸ਼ਾਮ, ਰਸ ਕੇ ਭਰੇ ਤੋਰੇ ਨੈਨ, ਬਾਜੂ ਬੰਦ ਖੁਲ ਖੁਲ ਜਾਏ, ਦੇਖੇ ਬਿਨ੍ਹਾਂ ਬੇਚੈਨ, ਕਾਹੇ ਸਤਾਓ ਮੋਹੇ ਸਾਵਰੀਆਂ, ਕੈਸੇ ਗੁਜ਼ਰ ਗਈ, ਤੇਰੇ ਬਿਨ, ਪਗ ਘੁੰਗਰੂ, ਮੁਹੱਬਤ ਜਬ, ਅਬ ਲਾਗੀ ਨਾ ਛੂਟੇ, ਐ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ, ਕਨਹਾ ਤੋਰੇ ਦਵਾਰੇ ਬੰਸੀਆਂ ਵਜਾ, ਵੋ ਜੋ ਹਮ ਮੇਂ ਤੁਮ ਮੇਂ ਕਰਾਰ ਥਾ, ਕੈਸੇ ਗੁਜ਼ਰ ਗਈ ਹੈ ਜਵਾਨੀ, ਕੈਸਾ ਜਾਦੂ ਡਾਰਾ, ਹਸਤੀ ਅਪਨੀ ਹਬਾਬ ਕੀ ਸੀ ਹੈ, ਪੀਆ ਮਨ ਮੰਦਰ ਮੇਂ ਆਓ, ਉਸ ਬਜ਼ਮ ਮੇਂ ਮੁਝੇ, ਅਬ ਲਾਗੀ ਨਾਹੀ, ਅਬ ਕੇ ਸਾਵਨ ਘਰ ਆ ਜਾ, ਵੋ ਆ ਕੇ ਖੁਆਬ ਮੇਂ, ਦੋਵੇਂ ਜਹਾਨ ਤੇਰੀ ਮੁਹੱਬਤ ਮੇਂ ਹਾਰ ਕੇ, ਵੇ ਮੈਂ ਮਰ ਮਿਟੀ ਆਂ' ਆਦਿ ਪ੍ਰਮੁੱਖ ਹਨ। ਉਨ੍ਹਾਂ ਦੇ ਗਾਏ ਗਏ 'ਮਾਹੀਆ' ਨੂੰ ਮੌਤ ਉਪਰੰਤ ਸਜ਼ਾਦ ਅਲੀ ਨੇ ਆਪਣੀ ਆਵਾਜ਼ ਵਿਚ ਗਾ ਕੇ ਹੋਰ ਅਮਰ ਕਰ ਦਿੱਤਾ। ਰੋਸ਼ਨਆਰਾ ਬੇਗਮ ਉਨ੍ਹਾਂ ਦੀ ਪਸੰਦੀ ਦੀ ਗਾਇਕਾ ਸੀ। ਫ਼ਿਲਮ ਦੋ ਆਂਸੂੰ (1950) ਵਿਚ ਉਨ੍ਹਾਂ ਦੀ ਗਾਈ ਅਤੇ ਤਾਲਿਬ ਬਦਾਇਉਨੀ ਦੀ ਲਿਖੀ ਰਚਨਾ 'ਇਕ ਗ਼ਮ ਕੇ ਸਿਵਾ ਇਸ ਦੁਨੀਆ ਮੇਂ ਅਬ ਔਰ ਹਮਾਰਾ ਕੋਈ ਨਹੀ' ਅੱਜ ਵੀ ਸੁਣੀ ਜਾਂਦੀ ਹੈ।
ਉਨ੍ਹਾਂ ਦਾ ਗ਼ਜ਼ਲ ਗਾਇਕੀ ਦਾ ਪਹਿਲਾ ਰਿਕਾਰਡ (ਨੰ. *P ੭੬੨) ਸੰਨ 1945 ਵਿਚ ਜੈਨੀਫ਼ਰ ਰਿਕਾਰਡਿੰਗ ਕੰਪਨੀ ਵਲੋਂ ਕੱਢਿਆ ਗਿਆ, ਜਿਸ ਵਿਚ 'ਏਕ ਸਿਤਮ ਔਰ ਲਾਖ ਅਦਾਏਂ' ਅਤੇ 'ਬਾਗੋਂ ਮੇ ਪੜੇ ਝੂਲੇ' ਦਾ ਗਾਇਨ ਸੁਣਨ ਨੂੰ ਮਿਲਦਾ ਹੈ। ਸੰਨ 1962 ਵਿਚ ਉਨ੍ਹਾਂ ਦੀ ਰਿਕਾਰਡਿੰਗ (ਨੰ. 7 5P5 ੧੨੫੩) ਸ੍ਰੀ ਜੀ.ਐਨ. ਜੋਸ਼ੀ ਦੁਆਰਾ ਐਚ.ਐਮ.ਵੀ. ਕੰਪਨੀ ਨੇ ਮੁੰਬਈ ਵਿਚ ਕੀਤੀ, ਜਿਸ ਵਿਚ 'ਰਤੀਆਂ ਕਿਧਰ ਗੰਵਾਈ' (ਦਾਦਰਾ) ਅਤੇ 'ਪ੍ਰਦੇਸੀ ਬਾਲਮ ਘਰ ਆਜਾ' (ਠੁਮਰੀ) ਸੁਣਨਯੋਗ ਹੈ। ਇਸੇ ਕੰਪਨੀ ਵਲੋਂ ਸੰਨ 1973 ਵਿਚ 'ਹਾਟਿੰਗ ਠੁਮਰੀਜ਼ ਆਫ਼ ਉਸਤਾਦ ਬਰਕਤ ਅਲੀ ਖ਼ਾਂ' ਨਾਮ ਦੇ ਰਿਕਾਰਡ (51*P ੧੫੧੦) ਵਿਚ ਖ਼ਾਂ ਸਾਹਿਬ ਨੇ ਚਾਰ ਠੁਮਰੀਆਂ 'ਮੋਰਾ ਸਈਆਂ ਤਨਕ ਧੁਨ ਲਾਏ, ਤੁਮ ਰਾਧੇ ਬਨੋ ਸ਼ਾਮ, ਜਾਓ ਕਦਰ ਨਾਹੀ ਬੋਲੂੰ ਅਤੇ ਅਬ ਨਾ ਮਾਨੂੰ ਤੋਰੀ ਬਤੀਆਂ' ਗਾਈਆਂ, ਜਿਨ੍ਹਾਂ ਨੂੰ ਸੁਣ ਕੇ ਖ਼ਾਂ ਸਾਹਿਬ ਦੀ ਅਵਾਜ਼ ਦੀ ਭਾਵੁਕਤਾ, ਸੂਖਮਤਾ ਅਤੇ ਸੁਰੀਲੇਪਨ ਦੀ ਝਲਕ ਸਪੱਸ਼ਟ ਸੁਣਾਈ ਦਿੰਦੀ ਹੈ।
ਉਨ੍ਹਾਂ ਦੇ ਸ਼ਾਗਿਰਦਾਂ ਵਿਚੋਂ ਗ਼ਜ਼ਲ ਗਾਇਕ ਗੁਲਾਮ ਅਲੀ, ਅਫ਼ਜ਼ਲ ਹੁਸੈਨ ਖ਼ਾਂ, ਉਸਤਾਦ ਪਰਵੇਜ਼ ਮਹਿਮੂਦ, ਫਰੀਦਾ ਖਾਨਮ (ਮਲਿਕਾ-ਏ-ਗ਼ਜ਼ਲ) ਦੇ ਨਾਂਅ ਜ਼ਿਕਰਯੋਗ ਹਨ। ਇਸ ਤੋਂ ਇਲਾਵਾ ਸ਼ਫ਼ਕਤ ਅਲੀ ਖਾਨ, ਮਹਿੰਦੀ ਹਸਨ, ਤਲਤ ਅਜ਼ੀਜ਼, ਪੰਕਜ ਉਧਾਸ, ਜਗਜੀਤ ਸਿੰਘ ਲਈ ਖ਼ਾਂ ਸਾਹਿਬ ਦੀ ਗਾਇਕੀ ਪ੍ਰੇਰਨਾ ਦਾ ਸਰੋਤ ਰਹੀ। ਜ਼ਿੰਦਗੀ ਦੇ ਆਖਰੀ ਪੜਾਅ ਵਿਚ ਸਿਹਤ ਸਮੱਸਿਆਵਾਂ ਨਾਲ ਜੂਝਦਿਆਂ ਖ਼ਾਂ ਸਾਹਿਬ ਦਾ 19 ਜੂਨ, 1963 ਨੂੰ ਲਾਹੌਰ ਵਿਚ ਇੰਤਕਾਲ ਹੋ ਗਿਆ।

-ਪ੍ਰਿੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98554-53539

Ad Position 22
No active advertisement
ਪਿਛਲੀ ਖ਼ਬਰ ਕਾਰਡ ਸਕਿਮਿੰਗ ਕੀ ਹੈ? ਅਗਲੀ ਖ਼ਬਰ 1947 ਦੀ ਵੰਡ ਦੀ ਚੀਸ
Ad Position 24
No active advertisement