ਗੱਲ 1947 ਦੀ ਹੈ, ਜਦੋਂ 15 ਅਗਸਤ ਦੀ ਚੜ੍ਹਦੀ ਸਵੇਰ ਨਾਲ ਹੀ ਸਾਡੇ ਪਿੰਡ ਚੱਕ ਨੰਬਰ 71 ਜ਼ਿਲ੍ਹਾ ਮਿੰਟਗੁੰਮਰੀ (ਪਾਕਿਸਤਾਨ) ਵਿਚ ਰੌਲਾ ਪੈ ਗਿਆ ਸੀ ਕਿ ਭਾਰਤ - ਪਾਕਿਸਤਾਨ ਦੀ ਵੰਡ ਹੋ ਗਈ ਹੈ | ਹਿੰਦੂ ਤੇ ਸਿੱਖ ਹਿੰਦੁਸਤਾਨ ਵਿਚ ਚਲੇ ਜਾਣ | ਭਾਵ ਵੰਡ ਸਾਡੇ ਪਰਿਵਾਰ ਵਿਚ ਉਜਾੜਾ ਹੀ ਬਣ ਗਈ ਸੀ | ਸਾਰੇ ਪਿੰਡਾਂ ਵਿਚ ਸਿੱਖਾਂ ਦੀ ਆਬਾਦੀ ਕਾਫ਼ੀ ਸੀ | ਸਵੇਰੇ 10 ਵਜੇ ਰੌਲਾ ਸਾਡੇ ਪਿੰਡ ਵਿਚ ਪੁੱਜਾ ਤਾਂ ਸ਼ਾਮ ਨੂੰ ਚਾਰ ਕੁ ਵਜੇ ਸਾਰੇ ਸਿੱਖ ਇਕੱਠੇ ਹੋ ਕੇ ਲਾਗਲੇ ਪਿੰਡ ਚੱਕ ਨੰਬਰ 65 ਵੱਲ ਆਪੋ - ਆਪਣੇ ਗੱਡਿਆਂ 'ਤੇ ਥੋੜ੍ਹਾ-ਬਹੁਤ ਸਾਮਾਨ ਲੱਦ ਕੇ ਤੁਰ ਪਏ ਸਨ | ਭਰੇ-ਭਰਾਏ ਘਰ ਛੱਡ ਦਿੱਤੇ ਸਨ | ਅਸੀਂ ਆਪਣੇ ਪਰਿਵਾਰ ਵਿਚੋਂ ਬੇਬੇ-ਬਾਪੂ, ਚਾਰ ਭਰਾ ਅਤੇ ਪੰਜਵੀਂ ਭੈਣ ਤੇ ਛੇਵੀਂ ਦਾਦੀ ਆਪਣੇ ਗੱਡੇ ਉੱਤੇ ਚੱਕ ਨੰਬਰ 65 ਵੱਲ ਜਾ ਰਹੇ ਸਾਂ | ਮੈਂ ਉਦੋਂ 7 ਸਾਲ ਦਾ ਸੀ | ਸਾਰੇ ਭੈਣ-ਭਰਾਵਾਂ ਵਿਚੋਂ ਛੋਟਾ ਸੀ | ਮੇਰੀ ਮਾਂ ਗੱਡੇ ਵਿਚ ਬੈਠੀ ਝੂਰ ਰਹੀ ਸੀ ਕਿ ਘਿਉ ਦੀਆਂ ਪੰਜ ਚਾਟੀਆਂ ਭਰੀਆਂ ਪਈਆਂ ਸਨ | ਪਰ ਚੁੱਕੀ ਇੱਕੋ ਹੀ ਗਈ | ਇੰਝ ਹੀ ਗੁੜ ਘਰ ਦਾ ਬਣਾਇਆ ਵੀ ਛੱਡਣਾ ਪਿਆ ਸੀ | ਮੇਰੇ ਬਾਪੂ ਤੇ ਵੱਡੇ ਭਰਾਵਾਂ ਨੇ ਹਿੰਮਤ ਕਰਕੇ 20 ਕੁ ਡੰਗਰ ਗੱਡੇ ਦੇ ਨਾਲ-ਨਾਲ ਹੀ ਤੋਰ ਲਏ ਸਨ | ਏਨੇ ਕੁ ਹੀ ਉੱਥੇ ਛੱਡਣੇ ਪਏ ਸਨ | ਹੱਥੀਂ ਪਾਲੇ ਡੰਗਰ ਛੱਡਦਿਆਂ ਮੇਰੇ ਬੇਬੇ-ਬਾਪੂ ਦਾ ਕਲੇਜਾ ਫੱਟਦਾ ਜਾ ਰਿਹਾ ਸੀ | ਅਸੀਂ ਮੂੰਹ ਹਨ੍ਹੇਰੇ ਚੱਕ ਨੰਬਰ 65 ਵਿਚ ਪੁੱਜ ਗਏ ਸੀ | ਉੱਥੇ ਇੱਕ ਕੈਂਪ ਲੱਗਾ ਹੋਇਆ ਸੀ, ਜਿਸ ਵਿਚ ਬਹੁਤ ਸਾਰੇ ਲੋਕ ਇਕੱਠੇ ਹੋ ਰਹੇ ਸਨ | ਅਸੀਂ ਉੱਥੇ ਸਭ ਦੀ ਉਡੀਕ ਕਰਨ ਲੱਗੇ | ਸਭ ਨੂੰ ਹਫੜਾ-ਦਫੜੀ ਪਈ ਹੋਈ ਸੀ, ਕਿ ਰਸਤੇ ਵਿਚ ਪਤਾ ਨਹੀਂ ਕੀ ਬਣੇਗਾ? 200 ਮੀਲ ਦੂਰ ਪਿੱਛੇ ਸਾਡਾ ਪਿੰਡ ਠੱਟਾ ਬੇਗ਼ਮਪੁਰਾ ਹੈ | ਉਦੋਂ ਮੈਂ ਛੋਟਾ ਹੋਣ ਕਰਕੇ ਇਸ ਦੂਰੀ ਤੋਂ ਵਾਕਿਫ਼ ਨਹੀਂ ਸਾਂ | ਮੈਨੂੰ ਤੇ ਦੁੱਖ ਸਿਰਫ਼ ਆਪਣੇ ਮਦਰੱਸੇ ਤੋਂ ਦੂਰ ਜਾਣਦਾ ਸੀ ਅਤੇ ਮੇਰੇ ਮਦਰੱਸੇ ਵਾਲੇ ਪੱਕੇ ਬੇਲੀ ਅਲੀ ਮੁਹੰਮਦ ਤੋਂ ਮੇਰੇ ਵਿਛੜ ਜਾਣ ਦਾ ਸੀ | ਜਦੋਂ ਸਾਡੇ ਗੱਡੇ ਪਿੰਡੋਂ ਨਿਕਲ ਰਹੇ ਸਨ ਤਾਂ ਉਹ ਗੱਡਿਆਂ ਦੇ ਨਾਲ ਤੁਰਦਾ ਤੇ ਜ਼ੋਰ-ਜ਼ੋਰ ਦੀ ਰੋਂਦਾ ਸੀ | ਉਸ ਦੀ ਮਾਂ ਉਸ ਨੂੰ ਖਿੱਚ-ਖਿੱਚ ਕੇ ਮੋੜਦੀ ਸੀ | ਬੰਡਾਲੇ ਵਾਲੇ ਪੂਰਨ ਸਿਹੁੰ ਦੇ ਮੁੰਡੇ ਚਰਨ, ਬਿੰਦਰ ਤਾਂ ਕਾਫ਼ਲੇ ਵਿਚ ਹੀ ਚਲ ਨਿਕਲੇ ਸਨ | ਮੇਰੀ ਮਾਂ ਆਪਣੀਆਂ ਸਹੇਲੀਆਂ ਨੂੰ ਘਿਓ ਦੀਆਂ ਚਾਟੀਆਂ, ਡੰਗਰਾਂ ਦਾ ਨੀਰਾ, ਗੁੜ, ਕਣਕ, ਛੋਲੇ, ਮੰਜੇ, ਬਿਸਤਰੇ ਤੇ ਹੋਰ ਪਤਾ ਨਹੀਂ ਕੀ-ਕੀ ਸਾਂਭਣ ਨੂੰ ਕਹਿ ਰਹੀ ਸੀ | ਨਾਲ ਹੀ ਕਹਿ ਰਹੀ ਸੀ ਕਿ ਠੰਢ-ਠੰਢਾਉਲੇ ਹੋਣਗੇ ਤਾਂ ਅਸੀਂ ਲੈ ਜਾਵਾਂਗੇ | ਮੇਰੀ ਮਾਂ ਦੀ ਸਹੇਲੀ ਸ਼ਗੁਫਤਾ ਦੇ ਪਾਏ ਹੋਏ ਵਾਸਤੇ, ਹੁਣ ਮੇਰੀ ਉਮਰ 86 ਸਾਲ ਦੀ ਹੋਣ 'ਤੇ ਵੀ ਮੈਨੂੰ ਨਹੀਂ ਭੁੱਲਦੇ | ਨਾ ਅਲੀ ਮੁਹੰਮਦ ਭੁੱਲਦਾ ਹੈ | ਜਦੋਂ ਵੀ ਕਦੇ ਸੁਪਨਾ ਆਉਂਦਾ ਹੈ ਤਾਂ ਚੱਕ ਨੰਬਰ 71 ਹੀ ਦਿਸਦਾ ਹੈ | ਮੇਰੇ ਬਾਪੂ ਤੇ ਭਰਾਵਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ 25 ਮੁਰੱਬੇ ਜ਼ਮੀਨ ਵਾਹੀਯੋਗ ਬਣਾਉਣ ਲਈ ਕਿੰਨੇ ਜੱਫਰ ਜਾਲੇ ਸਨ | ਅੱਜ ਵੀ ਉਹ ਖੇਤ, ਉੱਥੇ ਬਾਪੂ ਤੇ ਉਹ ਭਰਾ ਮਿਹਨਤ ਕਰਦੇ ਉਵੇਂ ਹੀ ਦਿਸਦੇ ਹਨ | ਉਜਾੜੇ ਨੇ ਸਾਨੂੰ ਉਜਾੜ ਦਿੱਤਾ | ਉਹ ਉਜਾੜਾ ਸਿਰਫ਼ ਸਾਡੇ ਲਈ ਨਹੀਂ ਸੀ, ਸਗੋਂ ਹੋਰ ਵੀ ਲੱਖਾਂ ਲੋਕਾਂ ਲਈ ਕਹਿਰ ਬਣ ਗਿਆ ਸੀ |
-ਮੋਬਾਈਲ : 94785-51842