ਉਹ ਰੋਜ਼ਾਨਾ ਸਵੇਰੇ 4 ਵਜੇ ਦੇ ਕਰੀਬ ਗਲੀ ਵਿਚ ਆ ਜਾਂਦੀ | ਉਸ ਨੂੰ ਗਲੀ ਵਿਚ ਆਉਂਦਿਆਂ ਦੇਖਦੇ ਸਾਰ ਹੀ ਗਲੀ ਦੇ ਸਾਰੇ ਕੁੱਤੇ ਭੌਂਕਣ ਲੱਗ ਜਾਂਦੇ | ਕੁੱਤਿਆਂ ਦੇ ਭਾੌਕਦੇ ਸਾਰ ਹੀ ਮੇਰੀ ਅੱਖ ਅਕਸਰ ਖੁੱਲ੍ਹ ਜਾਂਦੀ | ਮੈਂ ਉਸ ਨੂੰ ਰੋਜ਼ਾਨਾ ਬਾਹਰਲੇ ਬੂਹੇ ਦੀ ਟੁੱਟੀ ਹੋਈ ਲੱਕੜੀ ਵਿਚੋਂ ਦੇਖਦਾ ਰਹਿੰਦਾ | ਉਹ ਕਿਸੇ ਕੁੱਤੇ ਦੇ ਭੌਂਕਣ ਦੀ ਪ੍ਰਵਾਹ ਕੀਤਿਆਂ ਬਗੈਰ ਹੀ ਕਾਗਜ਼ ਅਤੇ ਪਲਾਸਟਿਕ ਇਕੱਠਾ ਕਰਦੀ ਆਪਣੇ ਕੰਮ ਵਿਚ ਮਗਨ ਰਹਿੰਦੀ |
ਕੁੱਤਿਆਂ ਦੇ ਭੌਂਕਣ ਨਾਲ ਉਸ ਦੇ ਕਾਗਜ਼ ਅਤੇ ਪਲਾਸਟਿਕ ਇਕੱਠੇ ਕਰਨ ਦੀ ਰਫ਼ਤਾਰ ਵਿਚ ਕੋਈ ਫ਼ਰਕ ਨਾ ਪੈਂਦਾ | ਉਹ ਕਦੇ-ਕਦੇ ਕੁੱਤਿਆਂ ਨੂੰ ਦਬਕਾ ਜਿਹਾ ਮਾਰਕੇ ਜਾਂ ਰੋੜਾ ਚੁੱਕਣ ਦਾ ਇਸ਼ਾਰਾ ਕਰਕੇ ਰੋਕਦੀ ਰਹਿੰਦੀ | ਪਰ ਉਸ ਦਾ ਸਾਰਾ ਧਿਆਨ ਆਪਣੇ ਕੰਮ ਵਿਚ ਲੱਗਾ ਰਹਿੰਦਾ | ਦੇਖਦੇ ਹੀ ਦੇਖਦੇ ਉਹ ਲੋਕਾਂ ਦੇ ਸਾਰੇ ਦਿਨ ਦੇ ਖਿਲਾਰੇ ਹੋਏ ਕਾਗਜ਼, ਗੱਤੇ ਅਤੇ ਪਲਾਸਟਿਕ ਇਕੱਠਾ ਕਰਕੇ ਚਲੇ ਜਾਂਦੀ | ਹੌਲ਼ੀ-ਹੌਲ਼ੀ ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਮੱਧਮ ਪੈ ਜਾਂਦੀ ਅਤੇ ਅਖੀਰ ਉਹ ਭੌਂਕਣਾ ਬੰਦ ਕਰ ਦਿੰਦੇ | ਪਰ ਉਨ੍ਹਾਂ ਦੀ ਅਵਾਜ਼ ਬੰਦ ਹੋਣ ਤੋਂ ਪਹਿਲਾਂ ਹੀ ਦੂਸਰੀ ਗਲੀ ਜਿੱਥੇ ਉਹ ਜਾਂਦੀ ਉੱਥੇ ਦੇ ਕੁੱਤੇ ਭੌਕਣ ਲੱਗ ਜਾਂਦੇ | ਜਦੋਂ ਤੱਕ ਉਹ ਕਾਗਜ਼ ਇਕੱਠੇ ਕਰਦੀ-ਕਰਦੀ ਅਗਲੀ ਗਲੀ ਤੱਕ ਨਾ ਪਹੁੰਚ ਜਾਂਦੀ ਉਹ ਭੌਂਕਣਾ ਬੰਦ ਨਾ ਕਰਦੇ |
ਇਹ ਸਿਲਸਿਲਾ ਮੈਂ ਕਈ ਮਹੀਨਿਆਂ ਤੋਂ ਦੇਖ ਰਿਹਾ ਸੀ | ਇਨ੍ਹਾਂ ਮਹੀਨਿਆਂ ਵਿਚ ਨਾ ਤਾਂ ਕੁੱਤਿਆਂ ਨੇ ਭੌਂਕਣਾ ਬੰਦ ਕੀਤਾ ਅਤੇ ਨਾ ਹੀ ਉਸ ਨੇ ਆਪਣਾ ਕੰਮ |
ਉਸ ਦਿਨ ਵੀ ਉਹ ਤੜਕੇ ਹੀ ਗਲੀ ਵਿਚ ਕਾਗਜ਼ ਇਕੱਠੇ ਕਰਨ ਲਈ ਆ ਗਈ | ਮੈਂ ਕੁੱਤਿਆਂ ਦੀ ਅਵਾਜ਼ ਸੁਣ ਕੇ ਬਾਹਰ ਨਿਕਲਿਆ | ਮੇਰੇ ਬਾਹਰ ਨਿਕਲਦੇ ਸਾਰ ਹੀ ਉਹ ਕੁੱਝ ਡਰ ਗਈ ਅਤੇ ਉਥੋਂ ਜਾਣ ਲੱਗੀ | ਪਰ ਮੈਂ ਉਸ ਨੂੰ ਅਵਾਜ਼ ਦੇ ਕੇ ਬੁਲਾ ਲਿਆ ਅਤੇ ਪੁੱਛਿਆ ਕਿ ਇਹ ਕੁੱਤੇ ਤੈਨੂੰ ਰੋਜ਼ਾਨਾ ਭੌਂਕਦੇ ਹਨ, ਤੈਨੂੰ ਇਨ੍ਹਾਂ ਕੁੱਤਿਆਂ ਤੋਂ ਡਰ ਨਹੀਂ ਲਗਦਾ?
'ਸਰਦਾਰ ਜੀ ਜੇਕਰ ਇਨ੍ਹਾਂ ਦੇ ਭਾੌਕਣ ਤੋਂ ਡਰ ਜਾਵਾਂ ਤਾਂ ਮੈਂ ਕਦੇ ਵੀ ਆਪਣੇ ਬੱਚਿਆਂ ਲਈ ਰੋਟੀ ਨਹੀਂ ਕਮਾ ਸਕਦੀ | ਨਾਲੇ ਇਹੋ ਜਿਹੇ ਕੁੱਤੇ ਤਾਂ ਮੈਨੂੰ ਹਰ ਗਲੀ-ਮੁਹੱਲੇ ਵਿਚ ਮਿਲਦੇ ਹਨ | ਹੁਣ ਮੈਨੂੰ ਇਨ੍ਹਾਂ ਦੇ ਭੌਂਕਣ ਦੀ ਬਾਹਲੀ ਪ੍ਰਵਾਹ ਨਹੀਂ ਹੈ |' ਇਹ ਕਹਿ ਕੇ ਉਹ ਆਪਣੇ ਕੰਮ ਵਿਚ ਲੱਗ ਗਈ |
ਉਸ ਦਾ ਜਵਾਬ ਸੁਣ ਕੇ ਮੈਂ ਸੋਚੀਂ ਪੈ ਗਿਆ ਅਤੇ ਵਾਪਸ ਘਰ ਆ ਗਿਆ | ਮੈਂ ਘਰ ਆਉਂਦਿਆਂ ਹੀ ਆਪਣੀ ਪਤਨੀ ਨੂੰ ਉਠਾਇਆ ਅਤੇ ਕਿਹਾ 'ਭਾਗਵਾਨੇ ਉੱਠ ਚਾਹ ਦਾ ਕੱਪ ਬਣਾ ਅਤੇ ਦੋ ਪਰੌਂਠੇ ਲਾਹ ਦੇ ਅੱਜ ਮੈਂ ਸਬਜ਼ੀ ਮੰਡੀ ਸਬਜ਼ੀ ਲੈਣ ਲਈ ਜਾ ਰਿਹਾ ਹਾਂ' |
ਮੇਰੀ ਪਤਨੀ ਨੇ ਅਚਾਨਕ ਉੱਠਦੇ ਸਾਰ ਅੱਖਾਂ ਮਲਦੇ ਹੋਏ ਕਿਹਾ, 'ਮੈਂ ਇਕ ਹਫ਼ਤੇ ਤੋਂ ਤੁਹਾਨੂੰ ਕਹਿ ਰਹੀਂ ਹਾਂ ਕਿ ਅਗਰ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲਦਾ ਤਾਂ ਤੁਸੀਂ ਸਬਜ਼ੀ ਵੇਚਣ ਦਾ ਕੰਮ ਕਰ ਲਓ | ਪਰ ਤੁਸੀਂ ਰੋਜ਼ਾਨਾ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਹੋ ਕਿ ਲੋਕ ਕੀ ਕਹਿਣਗੇ | ਉਹ ਮੈਨੂੰ ਮਖੌਲ ਕਰਨਗੇ | ਤੁਹਾਡੀ ਇਸ ਸੋਚ ਕਰਕੇ ਘਰ ਵਿਚ ਖਾਣ ਨੂੰ ਆਟਾ ਨਹੀਂ ਅਤੇ ਗ਼ਰੀਬੀ ਨੇ ਘਰ ਵਿਚ ਮੱਲੋ-ਮੱਲੀ ਡੇਰੇ ਲਾ ਲਏ ਹਨ | ਪਰ ਅੱਜ ਅਚਾਨਕ ਕਿਹੜੀ ਗੱਲ ਹੋ ਗਈ ਕਿ ਤੁਸੀਂ ਹੁਣ ਸਬਜ਼ੀ ਵੇਚਣ ਦਾ ਮਨ ਬਣਾ ਲਿਆ |'
'ਜਿਨ੍ਹਾਂ ਲੋਕਾਂ ਤੋਂ ਮੈਂ ਡਰਦਾ ਸੀ ਕਿ ਮੈਨੂੰ ਕੀ ਕਹਿਣਗੇ, ਉਨ੍ਹਾਂ ਦੀ ਅਸਲੀਅਤ ਮੈਨੂੰ ਅੱਜ ਪਤਾ ਲੱਗ ਗਈ ਹੈ | ਮੈਂ ਅੱਜ ਤੋਂ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਸਬਜ਼ੀ ਵੇਚਾਂਗਾ | ਮੈਨੂੰ ਇਨ੍ਹਾਂ ਲੋਕਾਂ ਦੀ ਕੋਈ ਪ੍ਰਵਾਹ ਨਹੀਂ' ਮੈਂ ਆਪਣਾ ਮੂੰਹ ਕੁੱਝ ਉੱਪਰ ਚੁੱਕਦੇ ਹੋਏ ਕਿਹਾ |
ਮੇਰੀ ਪਤਨੀ ਬਿਨ੍ਹਾਂ ਇਹ ਸਵਾਲ ਪੁੱਛੇ ਕਿ ਉਹ ਲੋਕ ਕੌਣ ਹਨ, ਜਲਦੀ ਨਾਲ ਰਸੋਈ ਵਿਚ ਗਈ ਅਤੇ ਖੁਸ਼ੀ-ਖੁਸ਼ੀ ਪਰੌਂਠੇ ਬਣਾਉਣ ਲੱਗ ਪਈ | ਉਸ ਦਿਨ ਤੋਂ ਬਾਅਦ ਅਸੀਂ ਰੋਜ਼ਾਨਾ ਤਾਜ਼ੀ ਸਬਜ਼ੀ ਬਣਾਉਂਦੇ ਹਾਂ | ਉਸ ਦਿਨ ਤੋਂ ਮੇਰਾ ਪਰਿਵਾਰ ਖੁਸ਼ ਹੈ | ਇਸ ਹਿੰਮਤ ਭਰੇ ਫ਼ੈਸਲੇ ਨਾਲ ਅਸੀਂ ਘਰ ਵਿਚੋਂ ਗ਼ਰੀਬੀ ਨੂੰ ਧੱਕੇ ਮਾਰ-ਮਾਰ ਕੱਢ ਦਿੱਤਾ ਹੈ |
-ਪੰਜਾਬੀ ਲੈਕਚਰਾਰ, ਸ.ਸ.ਸ.ਸਕੂਲ ਚੁਗਿੱਟੀ, ਜਲੰਧਰ |
ਮੋਬਾਈਲ : 9988853936