ਕਿਸੇ ਪਿੰਡ 'ਚੋਂ ਇਕ ਬੰਦਾ ਇਕ ਧਰਮ ਅਸਥਾਨ 'ਤੇ ਮੱਸਿਆ ਨਹਾਉਣ ਵਾਸਤੇ ਆਇਆ, ਉਸ ਨੇ ਬੜਾ ਲੰਬਾ ਸਫਰ ਕੀਤਾ, ਕਈ ਬੱਸਾਂ ਤੇ ਰੇਲ ਗੱਡੀਆਂ ਬਦਲ-ਬਦਲ ਉਹ ਉਥੇ ਪੁੱਜਿਆ, ਉਥੇ ਪਰਿਕਰਮਾ ਵਿਚ ਥਾਂ-ਥਾਂ ਲਿਖਿਆ ਹੋਇਆ ਸੀ, ਜੇਬ ਕਤਰਿਆਂ ਤੋਂ ਬਚੋ ਪਰ ਉਸ ਨੂੰ ਕੀ ਪਤਾ ਸੀ ਕਿ ਦੁਨੀਆ ਕਈ ਹੋਰ ਰੰਗ ਵੀ ਖੇਲ ਲੈਂਦੀ ਹੈ | ਉਹ ਕੱਪੜੇ ਉਤਾਰ ਕੇ ਸਰੋਵਰ ਦਾਖਲ ਹੋ ਗਿਆ | ਫਿਰ ਉਸ ਨੇ ਕਮੀਜ਼ ਉਤਾਰ ਲਈ ਅਤੇ ਪਾਣੀ ਵਿਚ ਉੱਤਰ ਗਿਆ | ਉਸ ਨੇ ਏਧਰ-ਉਧਰ ਵੇਖਿਆ ਕਿ ਕੋਈ ਵਾਕਫ ਮਿਲ ਜਾਵੇ, ਪਰ ਗੱਲ ਨਾ ਬਣੀ | ਉਦੋਂ ਹੀ ਇਕ ਸ਼ੈਤਾਨ ਜਿਹੀ ਕੁੜੀ ਉਥੋਂ ਲੰਘ ਰਹੀ ਸੀ, ਉਸ ਨੇ ਭਾਂਪ ਲਿਆ ਕਿ ਬਾਪੂ ਦੁਚਿੱਤੀ ਵਿਚ ਹੈ | ਉਹ ਬੋਲੀ, 'ਫੁੱਫੜਾ ਕੀ ਹਾਲ ਆ', ਬੰਦਾ ਖ਼ੁਸ਼ ਹੋ ਗਿਆ ਕਿ ਚਲੋ ਕੋਈ ਵਾਕਫ਼ ਤਾਂ ਮਿਲਿਆ, ਕੋਈ ਆਪਣੇ ਪਿੰਡ ਦੀ ਹੋਣੀ ਹੈ | ਉਹ ਬੋਲਿਆ, 'ਧੀਏ ਆਹ ਫੜ ਮੇਰੀ ਕਮੀਜ਼, ਖੀਸੇ ਵਿਚ ਬਟੂਆ ਵੀ ਹੈ, ਧਿਆਨ ਰੱਖੀਂ ਮੈਂ ਹੁਣੇ ਦੋ ਚੁੱਭੀਆਂ ਲਾ ਕੇ ਆਇਆ | ਫਿਰ ਉਹ ਕੁਝ ਬੋਲਦਾ ਹੋਇਆ ਚੁੱਭੀਆਂ ਲਾਉਣ ਲੱਗਾ, 'ਆਹ ਸੀਤੋ ਦੀ, ਆਹ ਬੇਬੋ ਦੀ, ਆਹਾ ਸ਼ਿੰਦੇ ਦੀ' ਤੇ ਇੰਜ ਚਾਰ-ਪੰਜ ਨਾਂਅ ਬੋਲ ਕੇ ਉਸ ਨੇ ਕੁੜੀ ਵੱਲ ਦੇਖਿਆ, ਪਰ ਉਥੇ ਨਹੀਂ ਸੀ | ਉਹ ਕੁੜੀ ਬਾਪੂ ਦੇ ਕੱਪੜੇ ਚੁੱਕ ਕੇ ਉਥੋਂ ਗਾਇਬ ਹੋ ਗਈ ਸੀ ਤੇ ਉਹ ਭੋਲਾ ਪੇਂਡੂ ਵਿਚਾਰਾ ਬਾਪੂ ਗਿੱਲੇ-ਕੱਛੇ ਸਮੇਤ ਪਰਿਕਰਮਾ ਵਿਚ ਇਹ ਬੋਲਦਾ ਹੋਇਆ ਏਧਰ-ਉਧਰ ਲੱਭਦਾ ਫਿਰ ਰਿਹਾ ਸੀ, 'ਉਹ ਮੈਂ ਕੀਹਦਾ ਫੁੱਫੜ ਆਂ, ਮੈਂ ਕੀਹਦਾ ਫੁੱਫੜ ਆਂ', ਪਰ ਕੌਣ ਜਾਣੇ ਕਿ ਉਹ ਕੁੜੀ ਕਿੱਧਰ ਚਲੀ ਗਈ |
-ਸਾਬਕਾ ਪਿੰ੍ਰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ |
ਮੋਬਾਈਲ : 98143-48697