ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਣਦੇ-ਵਿਗੜਦੇ ਸੰਬੰਧ

Ad Position 21
No active advertisement
ਅਜੀਤ ਡੈਸਕ 02-11-2025

ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਆਸੀਆਨ ਦੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਹੋ ਰਹੀ ਹੈ। ਇੱਥੇ ਹੀ ਵੱਖਰੇ ਤੌਰ 'ਤੇ ਭਾਰਤ ਅਤੇ ਅਮਰੀਕਾ ਦੇ ਰੱਖਿਆ ਮੰਤਰੀਆਂ ਦੀ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿਚ ਰੱਖਿਆ ਸੰਬੰਧੀ ਵੱਡੇ-ਵੱਡੇ ਫ਼ੈਸਲੇ ਲਏ ਗਏ। ਇਸ ਅਨੁਸਾਰ ਦੋਵੇਂ ਹੀ ਦੇਸ਼ ਆਪਸ ਵਿਚ 10 ਸਾਲਾਂ ਦੌਰਾਨ ਲਗਭਗ 2 ਲੱਖ ਕਰੋੜ ਰੁਪਏ ਦੀ ਖ਼ਰੀਦ ਅਤੇ ਵਿਕਰੀ ਕਰਨਗੇ। ਇੱਥੋਂ ਤੱਕ ਵੀ ਕਿ ਭਾਰਤ ਦੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਅਮਰੀਕੀ ਕੰਪਨੀ ਜੀ.ਈ. ਏਅਰੋਸਪੇਸ ਵਲੋਂ ਮਿਲ ਕੇ ਭਾਰਤ ਵਿਚ ਐੱਫ-414 ਜੈੱਟ ਇੰਜਣਾਂ ਦਾ ਉਤਪਾਦਨ ਵੀ ਕੀਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਮੇਂ ਇਹ ਕਿਹਾ ਕਿ ਇਸ ਸਮਝੌਤੇ ਦੇ ਨਾਲ ਹੀ ਅਸੀਂ ਆਪਸੀ ਤਾਲਮੇਲ ਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਤਕਨੀਕੀ ਸਹਿਯੋਗ ਵੀ ਵਧਾ ਰਹੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਸਾਡੇ ਰੱਖਿਆ ਸੰਬੰਧ ਇੰਨੇ ਮਜ਼ਬੂਤ ਨਹੀਂ ਰਹੇ ਸਨ, ਜਿੰਨੇ ਕੁ ਹੁਣ ਹੋਏ ਹਨ। ਅਹਿਮ ਗੱਲ ਇਹ ਕਿ ਖ਼ੁਫ਼ੀਆ ਜਾਣਕਾਰੀਆਂ ਸਾਂਝੀਆਂ ਕਰਨ ਦਾ ਵੀ ਅਹਿਦ ਲਿਆ ਗਿਆ।
ਇਸ ਸੰਬੰਧੀ ਇਕ ਹੋਰ ਵੱਡੀ ਖ਼ਬਰ ਇਹ ਵੀ ਮਿਲੀ ਹੈ ਕਿ ਅਗਲੇ ਸਾਲ 19 ਤੋਂ 26 ਫਰਵਰੀ ਤੱਕ 'ਮਿਲਣ' ਯੁੱਧ ਅਭਿਆਸ ਵੀ ਹੋਵੇਗਾ, ਜਿਸ ਵਿਚ ਅਮਰੀਕਾ, ਰੂਸ, ਆਸਟ੍ਰੇਲੀਆ ਅਤੇ ਜਪਾਨ ਸਮੇਤ 55 ਦੇਸ਼ਾਂ ਦੀਆਂ ਸਮੁੰਦਰੀ ਸੈਨਾਵਾਂ ਸ਼ਾਮਿਲ ਹੋਣਗੀਆਂ। ਇਹ ਯੁੱਧ ਅਭਿਆਸ ਬੰਗਾਲ ਦੀ ਖਾੜੀ ਵਿਚ ਹਿੰਦ-ਮਹਾਸਾਗਰ ਵਿਖੇ ਕੀਤਾ ਜਾਏਗਾ। ਪਿਛਲੇ ਲੰਬੇ ਸਮੇਂ ਤੋਂ ਹਿੰਦ-ਪ੍ਰਸ਼ਾਂਤ ਸਾਗਰਾਂ ਸੰਬੰਧੀ ਅਧਿਕਾਰ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਟਕਰਾਅ ਵੀ ਚੱਲਦਾ ਰਿਹਾ ਹੈ। ਜਿਸ ਵਿਚ ਵਿਸ਼ੇਸ਼ ਕਰਕੇ ਚੀਨ ਨੂੰ ਮੁੱਖ ਨਿਸ਼ਾਨੇ 'ਤੇ ਲਿਆ ਜਾਂਦਾ ਰਿਹਾ ਹੈ। ਚੀਨ ਆਪਣੇ ਨਾਲ ਲੱਗਦੇ ਸਮੁੰਦਰ ਦੇ ਵੱਡੇ ਹਿੱਸੇ 'ਤੇ ਆਪਣਾ ਅਧਿਕਾਰ ਜਮਾ ਰਿਹਾ ਹੈ, ਜਿਸ ਕਾਰਨ ਉਸ ਦੇ ਗੁਆਂਢੀ ਦਰਜਨਾਂ ਹੀ ਦੇਸ਼ ਪ੍ਰੇਸ਼ਾਨ ਹੋ ਚੁੱਕੇ ਹਨ। ਇਨ੍ਹਾਂ ਸਾਗਰਾਂ ਰਾਹੀਂ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦਾ ਆਪਸੀ ਵਪਾਰ ਵੀ ਚਲਦਾ ਹੈ, ਜਦੋਂ ਕਿ ਚੀਨ ਦਾ ਦਾਅਵਾ ਇਸ ਵਿਚ ਇਕ ਵੱਡੀ ਰੁਕਾਵਟ ਖੜ੍ਹੀ ਕਰਦਾ ਪ੍ਰਤੀਤ ਹੁੰਦਾ ਹੈ।
ਅਮਰੀਕਾ ਨਾਲ ਹੋਇਆ ਇਹ ਰੱਖਿਆ ਸਮਝੌਤਾ ਹੈਰਾਨੀ ਪੈਦਾ ਕਰਨ ਵਾਲਾ ਜ਼ਰੂਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤਾ ਸੰਭਾਲਦਿਆਂ ਹੀ ਭਾਰਤ ਸਮੇਤ ਦੁਨੀਆ ਦੇ ਬਹੁਤੇ ਦੇਸ਼ਾਂ ਵਲੋਂ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ 'ਤੇ ਵੱਡੇ ਟੈਕਸ ਲਗਾ ਦਿੱਤੇ ਸਨ, ਜਿਸ ਨਾਲ ਇਕ ਤਰ੍ਹਾਂ ਨਾਲ ਹਲਚਲ ਮਚ ਗਈ ਸੀ। ਟਰੰਪ ਨੇ ਇਸ ਵਿਚ ਆਪਣੇ ਨੇੜਲੇ ਗੁਆਂਢੀ ਕੈਨੇਡਾ ਨੂੰ ਵੀ ਨਹੀਂ ਛੱਡਿਆ। ਚੀਨ ਵਰਗੇ ਵੱਡੀ ਆਰਥਿਕਤਾ ਵਾਲੇ ਮੁਲਕ ਦੀ ਬਰਾਮਦ 'ਤੇ ਵੀ ਵੱਡੇ ਟੈਕਸ ਠੋਕੇ ਗਏ ਸਨ। ਭਾਰਤ ਤੋਂ ਵੀ ਅਮਰੀਕਾ ਨੂੰ ਜਾਂਦੇ ਸਾਮਾਨ 'ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਭਾਰਤ ਨੂੰ ਰੂਸ ਤੋਂ ਤੇਲ ਨਾ ਮੰਗਵਾਉਣ ਦੀ ਧਮਕੀ ਵੀ ਦਿੱਤੀ ਜਾਂਦੀ ਰਹੀ। ਟਰੰਪ ਨੇ ਸ਼ਾਇਦ ਭਾਰਤ 'ਤੇ ਦਬਾਅ ਬਣਾਉਣ ਲਈ ਕਈ ਵਾਰ ਪਾਕਿ ਦੇ ਜਨਰਲ ਮੁਨੀਰ ਨੂੰ ਵੀ ਵਾਸ਼ਿੰਗਟਨ ਵਿਚ ਆਪਣੀ ਰਿਹਾਇਸ਼ 'ਤੇ ਬੁਲਾਇਆ ਸੀ ਅਤੇ ਕਈ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਵੀ ਪ੍ਰਸੰਸਾ ਕੀਤੀ ਸੀ, ਜਦਕਿ ਭਾਰਤ ਅਤੇ ਪਾਕਿਸਤਾਨ ਵਿਚ ਸੰਬੰਧ ਬੇਹੱਦ ਵਿਗੜੇ ਹੋਏ ਹਨ। ਟਰੰਪ ਵਾਰ-ਵਾਰ ਭਾਰਤ ਤੇ ਪਾਕਿਸਤਾਨ ਦਰਮਿਆਨ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਜੰਗ ਰੁਕਵਾਉਣ ਦੇ ਬਿਆਨ ਵੀ ਦਿੰਦੇ ਰਹੇ, ਜਿਨ੍ਹਾਂ ਕਾਰਨ ਭਾਰਤ ਨੂੰ ਨਮੋਸ਼ੀ ਸਹਿਣੀ ਪਈ ਸੀ। ਅਜਿਹੇ ਮਾਹੌਲ ਦੇ ਚਲਦਿਆਂ ਇਹ ਸਮਝੌਤਾ ਹੈਰਾਨ ਕਰਨ ਵਾਲਾ ਜ਼ਰੂਰ ਕਿਹਾ ਜਾ ਸਕਦਾ ਹੈ, ਪਰ ਭਾਰਤ ਲਈ ਇਹ ਇਸ ਕਰਕੇ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ, ਕਿਉਂਕਿ ਅੱਜ ਵੀ ਚੀਨ ਅਤੇ ਪਾਕਿਸਤਾਨ ਵਲੋਂ ਇਸ ਨੂੰ ਵੱਡੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿਨਾਂ ਸ਼ੱਕ ਇਹ ਸਮਝੌਤਾ ਭਾਰਤ ਨੂੰ ਮਜ਼ਬੂਤੀ ਦੇਣ ਵਾਲਾ ਹੋਵੇਗਾ। ਇਸੇ ਸਮੇਂ ਭਾਰਤ ਦੇ ਰੂਸ, ਜਪਾਨ ਅਤੇ ਯੂਰਪੀਅਨ ਆਦਿ ਦੇਸ਼ਾਂ ਨਾਲ ਵੀ ਸੰਬੰਧ ਬੇਹੱਦ ਸੁਖਾਵੇਂ ਅਤੇ ਮਿਲਵਰਤਣ ਵਾਲੇ ਚੱਲ ਰਹੇ ਹਨ, ਪਰ ਇਹ ਦੇਖਣਾ ਪਵੇਗਾ ਕਿ ਅਮਰੀਕਾ ਨਾਲ ਨਵੇਂ ਰੱਖਿਆ ਸਮਝੌਤੇ ਦਾ ਭਾਰਤ-ਰੂਸ ਸੰਬੰਧਾਂ 'ਤੇ ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ। ਦੂਸਰੇ ਪਾਸੇ ਅਮਰੀਕਾ ਨਾਲ ਤਾਂ ਭਾਰਤ ਦੇ ਸੰਬੰਧ ਬਣਦੇ-ਵਿਗੜਦੇ ਹੀ ਰਹਿੰਦੇ ਹਨ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਬਿਮਾਰੀਆਂ, ਦੁਸ਼ਵਾਰੀਆਂ ਅਤੇ ਕਰਾਮਾਤਾਂ ਦਾ ਕਾਰੋਬਾਰ ਅਗਲੀ ਖ਼ਬਰ ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ
Ad Position 24
No active advertisement