ਅੰਧਵਿਸ਼ਵਾਸ ਅਜਿਹੀ ਹਨੇਰੀ ਰਾਤ ਹੈ, ਜਿਸ ਦੇ ਹਨੇਰੇ 'ਚ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਗੁਆਚ ਜਾਂਦੀ ਹੈ ਤੇ ਉਸ ਦਾ ਜੀਵਨ ਲੀਹੋਂ ਲੱਥ ਜਾਂਦਾ ਹੈ।
ਆਦਿ ਜੁਗਾਦਿ ਤੋਂ ਮਾਨਵਜਾਤ ਬਿਮਾਰੀਆਂ, ਦੁਸ਼ਵਾਰੀਆਂ ਅਤੇ ਮਹਾਂਮਾਰੀਆਂ ਨਾਲ ਦੋ-ਚਾਰ ਹੁੰਦੀ ਆਈ ਹੈ। ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੀ ਜਦੋਂ ਮਨੁੱਖ ਨੂੰ ਸਮਝ ਨਹੀਂ ਸੀ ਤਾਂ ਬਿਮਾਰੀ ਨੂੰ ਕਿਸੇ ਗੈਬੀ ਤਾਕਤ ਦੀ ਕਰੋਪੀ ਮੰਨਿਆ ਜਾਂਦਾ ਸੀ। ਮਾਨਸਿਕ ਰੋਗੀ ਹੋਏ ਮਰੀਜ਼ ਬਾਰੇ ਸਮਝਿਆ ਜਾਂਦਾ ਸੀ ਕਿ ਇਸ ਨੂੰ ਭੂਤ-ਪ੍ਰੇਤ, ਚੁੜੇਲ, ਕਚੀਲ ਜਾਂ ਕਿਸੇ ਬੁਰੀ ਆਤਮਾ ਦਾ ਸਾਇਆ ਚਿੰਬੜ ਗਿਆ ਹੈ। ਇਸ ਲਈ ਬੁਰੀਆਂ ਆਤਮਾਵਾਂ ਤੋਂ ਰੋਗੀਆਂ ਨੂੰ ਨਿਜਾਤ ਦਿਵਾਉਣ ਲਈ ਜੰਤਰ-ਮੰਤਰ, ਝਾੜ-ਫੂਕ ਤੇ ਜਾਨਵਰਾਂ ਪਸ਼ੂਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ। ਜਿਵੇਂ ਜਿਵੇਂ ਮਨੁੱਖ ਦੀ ਸਮਝ ਵਧੀ ਮਨੋਵਿਗਿਆਨ ਦੇ ਖੇਤਰ 'ਚ ਕੁਝ ਨਵੀਆਂ ਖੋਜਾਂ ਹੋਈਆਂ ਤਾਂ ਮਨੁੱਖ ਦੀਆਂ ਮਾਨਸਿਕ ਬਿਮਾਰੀਆਂ ਜਿਵੇਂ ਹਿਸਟੇਰੀਆ, ਐਂਗਜ਼ਾਇਟੀ, ਬਾਈਪੋਲਰ ਡਿਸਆਰਡਰ, ਡਿਪਰੇਸ਼ਨ, ਡਿਮੈਨਸ਼ੀਆ, ਸਕੀਜ਼ੋਫਰੇਨੀਆਂ ਆਦਿ ਬਿਮਾਰੀਆਂ ਦੇ ਰੂਪ ਵਿਚ ਮਾਨਸਿਕ ਰੋਗੀਆਂ ਦੇ ਲੱਛਣ ਨੂੰ ਸਮਝਿਆ ਗਿਆ। ਇਨ੍ਹਾਂ ਬਿਮਾਰੀਆਂ 'ਚ ਮਾਨਸਿਕ ਰੋਗੀ ਘੋਰ-ਨਿਰਾਸ਼ਾਵਾਦੀ ਬਿਰਤੀ ਧਾਰਨ ਕਰ ਲੈਂਦੇ ਹਨ, ਗੁੱਸੇ 'ਚ ਆ ਕੇ ਉੱਚੀ ਆਵਾਜ਼ 'ਚ ਅਵਾਤਵਾ ਬੋਲਦੇ ਹਨ। ਕੁੱਝ ਸਿਰ ਘੁਮਾ-ਘੁਮਾ ਕੇ ਖੇਡਦੇ ਹਨ ਆਦਿ। ਅੱਜ ਦੀ ਤੇਜ਼-ਰਫ਼ਤਾਰ ਜ਼ਿੰਦਗੀ 'ਚ ਦੁਨੀਆ ਭਰ ਵਿਚ ਮਾਨਸਿਕ ਰੋਗੀ ਲਗਾਤਾਰ ਵਧ ਰਹੇ ਹਨ। ਅਫ਼ਸੋਸ ਦੀ ਗੱਲ ਇਹ ਹੈ ਅੰਧਵਿਸ਼ਵਾਸੀ ਮਨੋਬਿਰਤੀ ਤਹਿਤ ਅੱਜ ਵੀ ਲੋਕ ਇਨ੍ਹਾਂ ਬਿਮਾਰੀਆਂ ਨੂੰ ਕਿਸੇ ਵਲੋਂ ਕੀਤਾ-ਕਰਾਇਆ ਸਮਝ ਕੇ ਸਹੀ ਇਲਾਜ ਕਰਾਉਣ ਦੀ ਬਜਾਏ ਭੇਖਾਧਾਰੀ ਲੋਕਾਂ ਦੇ ਚੁੰਗਲ ਵਿਚ ਫਸ ਕੇ ਆਪਣੀ ਲੁੱਟ ਕਰਵਾਉਂਦੇ ਹਨ।
ਮਨੁੱਖੀ ਸੱਭਿਅਤਾ ਦੇ ਇਤਿਹਾਸ ਨੂੰ ਪੜ੍ਹ ਕੇ ਅਸੀਂ ਸਮਝ ਸਕਦੇ ਹਾਂ ਕਿ ਮਨੁੱਖ ਦੀ ਸੋਚਣ ਵਿਚਾਰਨ ਦੀ ਤਾਕਤ ਨੇ ਇਸ ਨੂੰ ਦੂਜੇ ਜਾਨਵਰਾਂ ਤੋਂ ਵੱਖਰਾ ਕੀਤਾ ਤੇ ਇਹ ਆਪਣੀ ਸੱਭਿਅਤਾ ਦੇ ਰਾਹ ਪੈ ਗਿਆ। ਦੁਨੀਆ ਭਰ 'ਚ ਜਿੱਥੇ-ਜਿੱਥੇ ਮਨੁੱਖ ਨੂੰ ਸੋਚਣ-ਵਿਚਾਰਨ ਦੀ ਖੁੱਲ੍ਹ ਮਿਲੀ, ਉੱਥੇ-ਉੱਥੇ ਇਸ ਨੇ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਤੇ ਜੀਵਨ ਵਿਚ ਸੁਹੱਪਣ ਭਰਿਆ। ਧਰਤੀ ਦੇ ਜਿਹੜੇ ਖਿੱਤਿਆਂ 'ਚ ਲੋਕਾਂ ਨੂੰ ਸੋਚਣ-ਵਿਚਾਰਨ ਤੇ ਬੋਲਣ-ਲਿਖਣ ਦੀ ਖੁੱਲ੍ਹ ਸੀ, ਉੱਥੇ ਵੱਡੀਆਂ ਖੋਜਾਂ ਹੋਈਆਂ, ਵੱਡੇ ਵਿਗਿਆਨੀ ਤੇ ਸਾਇੰਸਦਾਨ ਇਨ੍ਹਾਂ ਖਿੱਤਿਆ 'ਚ ਪੈਦਾ ਹੋਏ। ਦਾਨਿਸ਼ਵਰ, ਫ਼ਿਲਾਸਫ਼ਰ, ਲੇਖਕ ਅਤੇ ਵਿਦਵਾਨ ਪੈਦਾ ਹੋਏ।
ਅਫਸੋਸ ਦੀ ਗੱਲ ਇਹ ਹੈ ਕਿ ਆਧੁਨਿਕ ਦੌਰ ਵਿਚ ਵੀ ਗਿਆਨ-ਵਿਗਿਆਨ ਤੋਂ ਦੂਰ ਭੇਖਾਧਾਰੀ, ਪਖੰਡੀ ਲੋਕ ਧਰਮ-ਕਰਮ, ਰੂਹਾਂ-ਬਦਰੂਹਾਂ, ਆਤਮਾਵਾਂ ਅਗਲੇ-ਪਿਛਲੇ ਜਨਮਾਂ ਤੇ ਕਰਮਾਂ ਦਾ ਫਲ, ਬੁਰੀਆਂ ਆਤਮਾਵਾਂ ਤੋਂ ਛੁਟਕਾਰੇ ਦਿਵਾਉਣ, ਸ਼ੈਤਾਨੀ ਤਾਕਤਾਂ ਅਤੇ ਅਜਿਹੇ ਹੋਰ ਕਈ ਤਰ੍ਹਾਂ ਦੇ ਅੰਧਵਿਸ਼ਵਾਸ ਫੈਲਾਅ ਕੇ ਦੁਨੀਆ ਨੂੰ ਗੁਮਰਾਹ ਕਰ ਰਹੇ ਹਨ। ਅੰਧਵਿਸ਼ਵਾਸ ਦਾ ਪ੍ਰਚਾਰ ਕਰਦੇ ਹੋਰਡਿੰਗ ਬੋਰਡ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਅਸੀਂ ਆਮ ਵੇਖ ਰਹੇ ਹਾਂ। ਇਨ੍ਹਾਂ ਜ਼ਰੀਏ ਦੁੱਖਾਂ, ਤਖਲੀਫਾਂ, ਨਸ਼ਿਆਂ, ਘਰਾਂ ਦੇ ਕਲੇਸ਼, ਬਿਮਾਰੀਆਂ, ਗਰੀਬੀਆਂ, ਮੰਦਹਾਲੀਆਂ ਦੇ ਝੰਬੇ ਲੋਕ ਅਕਸਰ ਇਨ੍ਹਾਂ ਦੇ ਜਾਲ 'ਚ ਫਸ ਜਾਂਦੇ ਹਨ ਤੇ ਉਹ ਇਨ੍ਹਾਂ ਦੇ ਦਰਾਂ 'ਤੇ ਮੱਥੇ ਰਗੜਦੇ ਹਨ, ਚੜ੍ਹਾਵੇ ਚੜ੍ਹਾਉਂਦੇ ਹਨ, ਸੁੱਖਣਾ ਸੁੱਖਦੇ ਹਨ, ਚੌਕੀਆਂ ਭਰਦੇ ਹਨ। ਕੁਝ ਖ਼ਾਸ ਦਿਨਾਂ 'ਤੇ ਡੇਰਿਆਂ 'ਤੇ ਜਾ ਕੇ ਮੱਥੇ ਰਗੜਨੇ, ਇਕ ਥਾਂ ਬੈਠ ਕੇ ਦੱਸੇ ਗਏ ਕੁਝ ਪਾਠ ਲਗਾਤਾਰ ਕਰਨੇ, ਇਹ ਵਰਤਾਰੇ ਸਾਡੇ ਸਮਾਜ 'ਚ ਆਮ ਹੋ ਗਏ ਹਨ। ਸਾਡੀ ਵਿਵਸਥਾ ਦੀ ਨਾਕਾਮੀ ਤੋਂ ਪੈਦਾ ਹੋਈਆਂ ਮੁਸ਼ਕਿਲਾਂ, ਸਮੱਸਿਆਵਾਂ ਦਾ ਸੰਤਾਪ ਭੋਗਦੇ ਲੋਕ ਇਨ੍ਹਾਂ ਅਖੌਤੀਆਂ ਤੋਂ ਜੀਵਨ ਦੀ ਭੀਖ ਮੰਗਦੇ ਹਨ। ਸਥਾਨਾਂ, ਡੇਰਿਆਂ, ਮਜ਼੍ਹਾਰਾਂ 'ਤੇ ਹਾਜ਼ਰੀਆਂ ਭਰਨ ਵਾਲੇ ਦੁੱਖਾਂ ਦੇ ਮਾਰੇ ਲੋਕਾਂ ਦੇ ਧਨ ਦੀ ਬਰਬਾਦੀ ਕਰਾ ਕੇ ਵੀ ਇਨ੍ਹਾਂ ਦੇ ਹੱਥ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਲਗਦਾ। ਦੂਜੇ ਪਾਸੇ ਇਨ੍ਹਾਂ ਨੂੰ ਦੁੱਖਾਂ-ਮੁਸੀਬਤਾਂ ਤੋਂ ਨਿਜਾਤ ਦਿਵਾਉਣ ਵਾਲੇ ਅਖੌਤੀ ਸਾਧ ਦਿਨਾਂ 'ਚ ਹੀ ਅੰਧਵਿਸ਼ਵਾਸ ਦਾ ਸੌਦਾ ਵੇਚ ਕੇ ਮਾਲਾਮਾਲ ਹੁੰਦੇ ਜਾਂਦੇ ਹਨ, ਜੋ ਦੂਜਿਆਂ 'ਤੇ ਰੋਹਬ ਜਮਾਉਣ ਲਈ ਆਪਣੇ ਨਿੱਜੀ ਸੁਰੱਖਿਆ ਕਰਮੀ ਤੇ ਮਹਿੰਗੀਆਂ ਗੱਡੀਆਂ ਵੀ ਰੱਖਦੇ ਹਨ।
ਜਿਹੜੇ ਦੁਖੀ ਲੋਕ ਇਨ੍ਹਾਂ ਦੇ ਸ਼ਰਧਾਲੂ ਬਣਦੇ ਹਨ, ਉਨ੍ਹਾਂ ਦੀ ਗਰੀਬੀ ਜਾਂ ਮੰਦਹਾਲੀ ਮੁੱਕਦੀ ਨਹੀਂ, ਸਗੋਂ ਉਹ ਹੋਰ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਬਣਦੇ ਹਨ। ਇਕ ਗਰੀਬ ਔਰਤ ਜਿਸ ਦੇ ਪਿੱਤੇ 'ਚ ਪੱਥਰੀਆਂ ਸਨ ਤੇ ਡਾਕਟਰਾਂ ਨੇ ਉਸ ਨੂੰ ਜਲਦ ਆਪ੍ਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਹੋਈ ਸੀ, ਪਰ ਉਹ ਆਪ੍ਰੇਸ਼ਨ ਕਰਾਉਣ 'ਤੇ ਖ਼ਰਚ ਤੋਂ ਡਰ ਕੇ ਇਕ ਗੈਬੀ ਸ਼ਕਤੀ ਨਾਲ ਇਲਾਜ ਕਰਨ ਵਾਲੇ ਦੇ ਢਹੇ ਚੜ੍ਹ ਗਈ, ਜੋ ਹਰ ਹਫਤੇ ਸੰਗਤ ਕਰਦਾ ਸੀ। ਕੁਝ ਜਾਪ ਕਰਨ ਮਗਰੋਂ ਉਹ ਉੱਚੀ ਆਵਾਜ਼ ਵਿਚ ਆਖਦਾ, ਜਿਨ੍ਹਾਂ ਨੂੰ ਗੁਰਦੇ ਦੀ ਪੱਥਰੀ ਦੀ ਦਰਦ ਜਾਂ ਦਿਲ ਦੀ ਬਿਮਾਰੀ ਹੈ ਉਹ ਉੱਥੇ ਹੱਥ ਰੱਖਣ। ਲੋਕ ਦਰਦ ਵਾਲੀ ਥਾਂ 'ਤੇ ਹੱਥ ਰੱਖਦੇ ਅਤੇ ਉਹ ਸਾਧ ਉਨ੍ਹਾਂ ਲਈ ਦੁਆ ਕਰਦਾ। ਫਿਰ ਉਹ ਮੰਤਰ ਉਚਾਰਦਾ ਤੇ ਬੜੇ ਵਿਸ਼ਵਾਸ ਨਾਲ ਆਖਦਾ ਕਿ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਕਰ ਦਿੱਤਾ ਹੱਲ। ਉਹ ਔਰਤ ਜਿਸ ਦਾ ਪਿੱਤਾ ਪੱਥਰੀਆਂ ਨਾਲ ਖਰਾਬ ਹੋ ਗਿਆ ਸੀ, ਇਸੇ ਤਰ੍ਹਾਂ ਇਲਾਜ ਕਰਾਉਂਦੀ ਰਹੀ। ਉਹ ਉਨ੍ਹਾਂ ਲੋਕਾਂ ਨੂੰ ਵੀ ਸੁਣਦੀ ਰਹੀ, ਜਿਨ੍ਹਾਂ ਵਲੋਂ ਪੱਥਰੀ, ਦਿਲ ਦੀ ਬਿਮਾਰੀ, ਕੈਂਸਰ ਜਾਂ ਹੋਰ ਬਿਮਾਰੀ ਠੀਕ ਹੋਣ ਦੇ ਦਾਅਵੇ ਕੀਤੇ ਜਾਂਦੇ ਸਨ। ਇਸੇ ਤਰ੍ਹਾਂ ਉਸ ਔਰਤ ਤੋਂ ਵੀ ਭਰੀ ਸਭਾ 'ਚ ਕਈ ਵਾਰ ਕਹਾਇਆ ਗਿਆ ਕਿ ਮੇਰੇ ਪਿੱਤੇ ਦੀ ਪੱਥਰੀ ਸੀ, ਹੁਣ ਮੈਂ ਦੁਆ ਨਾਲ ਠੀਕ ਹੋ ਗਈ ਹਾਂ ਤੇ ਹੁਣ ਆਪ੍ਰੇਸ਼ਨ ਦੀ ਲੋੜ ਨਹੀਂ ਰਹੀ।
ਇਸੇ ਤਰ੍ਹਾਂ ਇਕ ਦਿਨ ਉਸ ਨੂੰ ਤੜਕਸਾਰ ਉਲਟੀਆਂ ਲੱਗੀਆਂ ਤੇ ਪਿੱਤਾ ਅੰਦਰ ਫਟ ਜਾਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਉਸ ਦੀ ਮਰਨ ਦੀ ਉਮਰ ਨਹੀਂ ਸੀ ਪਰ ਅੰਧਵਿਸ਼ਵਾਸ ਨੇ ਉਸ ਦੀ ਜਾਨ ਲੈ ਲਈ। ਉਸ ਦੇ ਬੱਚੇ ਮਾਂ ਦੀ ਛਤਰ-ਛਾਇਆ ਤੋਂ ਵਾਂਝੇ ਹੋ ਗਏ। ਦੂਜੇ ਪਾਸੇ ਡੇਰੇ 'ਚ ਇਸ ਮੌਤ ਦੇ ਬਾਵਜੂਦ ਵੀ ਭੀੜ ਵਧਦੀ ਰਹੀ, ਕਿਉਂ? ਕਿਉਂਕਿ ਕਿਸੇ ਨੇ ਭਰੀ ਸਭਾ 'ਚ ਜਾ ਕਦੇ ਇਹ ਨਹੀਂ ਕਹਿਣਾ ਕਿ ਤੁਹਾਡੇ ਗੁਮਰਾਹਕੁੰਨ ਪ੍ਰਚਾਰ ਨਾਲ ਸਾਡੇ ਪਰਿਵਾਰ ਦਾ ਇਕ ਜੀਅ ਚਲਾ ਗਿਆ ਹੈ, ਹੁਣ ਹੋਰ ਲੋਕਾਂ ਨੂੰ ਗੁਮਰਾਹ ਨਾ ਕਰੋ। ਇਸ ਤਰ੍ਹਾਂ ਅੰਧਵਿਸ਼ਵਾਸ ਦਾ ਇਹ ਕਾਰੋਬਾਰ ਲੋਕਾਂ ਦੀਆਂ ਜਾਨਾਂ ਵੀ ਲੈਂਦਾ ਰਹਿੰਦਾ ਹੈ ਤੇ ਵਧਦਾ-ਫੁਲਦਾ ਵੀ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਹਨ, ਜਿਨ੍ਹਾਂ ਦੀ ਖੋਜ ਕੀਤੀ ਜਾਵੇ ਤਾਂ ਹਜ਼ਾਰਾਂ ਲੋਕ ਅਜਿਹੇ ਮਿਲ ਜਾਣਗੇ, ਜਿਨ੍ਹਾਂ ਦੇ ਪਰਿਵਾਰ ਦੇ ਜੀਆਂ ਦਾ ਸਮੇਂ ਸਿਰ ਸਹੀ ਇਲਾਜ ਨਾ ਹੋ ਸਕਿਆ ਤੇ ਉਹ ਇਸ ਅੰਧਵਿਸ਼ਵਾਸ ਕਾਰਨ ਜਹਾਨੋਂ ਤੁਰ ਗਏ। ਹਾਲਾਂਕਿ ਸਮੇਂ ਸਿਰ ਠੀਕ ਇਲਾਜ ਕਰਵਾ ਕੇ ਇਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਸੀ। ਭੋਲੇ-ਭਾਲੇ ਗਰੀਬੀਆਂ, ਮੰਦਹਾਲੀਆਂ ਦੇ ਸਤਾਏ ਲੋਕ ਲਗਾਤਾਰ ਇਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ ਪਰ ਕਿਸੇ ਸੰਸਥਾ, ਕਿਸੇ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ।
ਅੰਧਵਿਸ਼ਵਾਸ ਦੀ ਦਲਦਲ 'ਚ ਫਸੇ ਰਹਿਣਾ ਤੇ ਸੋਚ-ਵਿਚਾਰ ਕਰਨ ਦੀ ਸ਼ਕਤੀ ਨੂੰ ਵਿਸਾਰ ਛੱਡਣਾ, ਇਸ ਦਾ ਨੁਕਸਾਨ ਕੇਵਲ ਸਾਨੂੰ, ਸਾਡੇ ਪਰਿਵਾਰ ਜਾਂ ਸਾਡੇ ਕਾਰੋਬਾਰ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਇਸ ਦਾ ਅਸਰ ਸਾਡੀਆਂ ਆਉਣ ਵਾਲੀਆਂ ਨਸਲਾਂ ਤੱਕ ਵੀ ਪਹੁੰਚਦਾ ਹੈ। ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹੁੰਦੇ ਹਾਂ, ਜਿਸ ਵਿਚ ਸੋਚ-ਵਿਚਾਰ ਤੋਂ ਹੀਣੀਆਂ ਸਾਡੀਆਂ ਔਲਾਦਾਂ ਪੈਦਾ ਹੋਣਗੀਆਂ, ਜਿਨ੍ਹਾਂ ਕੋਲ ਨਾ ਬਿਬੇਕ ਹੋਵੇਗਾ, ਨਾ ਜੀਵਨ ਦੀ ਸਮਝ ਅਤੇ ਨਾ ਹੀ ਵਿਕਾਸ ਤੇ ਤਰੱਕੀ ਕਰਨ ਦੀ ਜੁਗਤ। ਅਜਿਹੇ ਸਮਾਜ ਵਿਚ ਚੰਗੇ ਡਾਕਟਰ, ਵਿਗਿਆਨੀ, ਵਿਦਵਾਨ, ਫ਼ਿਲਾਸਫ਼ਰ ਤੇ ਜ਼ਹੀਨ ਪ੍ਰਸ਼ਾਸਨਿਕ ਅਧਿਕਾਰੀ ਪੈਦਾ ਨਹੀਂ ਹੋਣਗੇ। ਅੰਧਵਿਸ਼ਵਾਸ ਦੀ ਬਦੌਲਤ ਟੈਂਪੂਆਂ-ਟਰਾਲੀਆਂ 'ਤੇ ਝੰਡੇ ਲਾ ਕੇ ਨਾਮ ਦੇ ਜਹਾਜ਼ ਦੇ ਜੈਕਾਰੇ ਛੱਡਦੇ ਲੋਕ ਹੋਣਗੇ, ਜੋ ਇਕ ਡੇਰੇ ਤੋਂ ਦੂਜੇ ਤੇ ਦੂਜੇ ਤੋਂ ਕਿਸੇ ਹੋਰ ਧਾਰਮਿਕ ਸਥਾਨ ਦੀ ਯਾਤਰਾ ਲਈ ਤੁਰੇ ਰਹਿਣਗੇ।
ਮਨੁੱਖ ਨੇ ਆਪਣੀ ਅਕਲ ਨਾਲ ਹਨੇਰੀਆਂ ਰਾਤਾਂ ਨੂੰ ਬਿਜਲੀ ਦੀ ਰੌਸ਼ਨੀ 'ਚ ਤਬਦੀਲ ਕੀਤਾ, ਇਲਾਜ ਦੇ ਖੇਤਰ 'ਚ ਵੱਡੇ ਕੀਰਤੀਮਾਨ ਸਥਾਪਤ ਕੀਤੇ ਹਨ, ਸਦੀਆਂ ਤੋਂ ਚਲੀਆਂ ਆ ਰਹੀਆਂ ਬਿਮਾਰੀਆਂ-ਮਹਾਂਮਾਰੀਆਂ ਨੂੰ ਰੋਕਣ ਦਾ ਹੀਲਾ ਕੀਤਾ ਤੇ ਪੋਲੀਓ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਲੱਭੇ। ਇਹ ਇਲਾਜ ਭੇਖਾਧਾਰੀਆਂ ਨੇ ਨਹੀਂ, ਸਗੋਂ ਉਨ੍ਹਾਂ ਲੋਕਾਂ ਨੇ ਇਹ ਖੋਜਾਂ ਕੀਤੀਆਂ ਜਿਨ੍ਹਾਂ ਨੇ ਅੰਧਵਿਸ਼ਵਾਸ ਨੂੰ ਤਿਆਗ ਕੇ ਸੋਚ-ਵਿਚਾਰ ਤੇ ਖੋਜ ਨੂੰ ਤਰਜੀਹ ਦਿੱਤੀ ਸੀ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਵਾਲ ਕਰਨ ਦੀ ਆਦਤ ਪਾਈਏ। ਉਨ੍ਹਾਂ ਨੂੰ ਪੁਜਾਰੀਆਂ ਦੇ ਪੂਜਕ ਤੇ ਸ਼ਰਧਾਲੂ ਨਾ ਬਣਾਈਏ, ਸਗੋ ਸੋਚ-ਵਿਚਾਰ ਕਰਨ ਵਾਲੇ ਤਰਕਸ਼ੀਲ ਤੇ ਵਿਵੇਕਸ਼ੀਲ ਇਨਸਾਨ ਬਣਾਈਏ। ਮਨੁੱਖੀ ਇਤਿਹਾਸ ਗਵਾਹ ਹੈ ਕਿ ਅੰਧਵਿਸ਼ਵਾਸ ਦੀ ਦਲਦਲ 'ਚ ਫਸ ਕੇ ਸੋਚ ਵਿਚਾਰ ਕਰਨ ਦੀ ਸ਼ਕਤੀ ਗੁਆ ਲੈਣ ਵਾਲੇ ਸਮਾਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਵਿਚਾਰਾਂ ਦੀ ਆਜ਼ਾਦੀ ਸਮਾਜ ਨੂੰ ਬਿਹਤਰ ਤੋਂ ਹੋਰ ਬਿਹਤਰ ਬਣਾਉਣ 'ਚ ਵੱਡੀ ਭੂਮਿਕਾ ਅਦਾ ਕਰਦੀ ਹੈ।
ਇਸ ਲਈ ਆਓ ਅੰਧਵਿਸ਼ਵਾਸਾਂ ਦੀ ਦਲਦਲ 'ਚੋਂ ਬਾਹਰ ਨਿਕਲ ਕੇ ਚੰਗੀਆਂ ਕਿਤਾਬਾਂ ਪੜ੍ਹੀਏ, ਉਸਾਰੂ ਸਾਹਿਤ ਪੜ੍ਹੀਏ ਅਤੇ ਆਪਣੇ ਮਨ-ਮਸਤਕ ਵਿਚ ਗਿਆਨ-ਵਿਗਿਆਨ ਦੇ ਦੀਵੇ ਬਾਲ ਕੇ ਇਨ੍ਹਾਂ ਦੀ ਰੌਸ਼ਨੀ ਵਿਚ ਆਪਣੇ ਦੌਰ ਦੀਆਂ ਮੁਸ਼ਕਿਲਾਂ-ਸਮੱਸਿਆਵਾਂ ਦਾ ਹੱਲ ਕਰੀਏ ਅਤੇ ਸਮਾਜਿਕ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਮੋਬਾਈਲ : 9855051099