ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਹਾਨ ਯੋਧੇ ਤੇ ਅਮਰ ਸ਼ਹੀਦ ਭਾਈ ਜੈਤਾ ਜੀ

Ad Position 21
No active advertisement
ਅਜੀਤ ਡੈਸਕ 02-11-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਈ ਜੈਤਾ ਜੀ ਦੇ ਅਹਿਸਾਸ ਨਾਲ 'ਗੁਰੂ ਸੀਸ ਮਾਰਗ ਯਾਤਰਾ' ਦੇ ਆਰੰਭ ਮੌਕੇ ਇਕੱਤਰ ਹੋਈਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਅੱਜ ਮੈਂ ਤੁਹਾਡੇ ਸਾਹਮਣੇ ਸਿੱਖ ਇਤਿਹਾਸ ਦੇ ਇਕ ਅਜਿਹੇ ਮਹਾਨ ਯੋਧੇ ਤੇ ਅਮਰ ਸ਼ਹੀਦ ਦੀ ਗੌਰਵਮਈ ਜੀਵਨੀ ਪੇਸ਼ ਕਰਨ ਜਾ ਰਿਹਾ ਹਾਂ, ਜਿਨ੍ਹਾਂ ਦਾ ਨਾਂਅ ਕੁਰਬਾਨੀ, ਬਹਾਦਰੀ ਤੇ ਅਡੋਲ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਮਹਾਨ ਸੂਰਮੇ 'ਰੰਘਰੇਟੇ ਗੁਰੂ ਕੇ ਬੇਟੇ' ਦੇ ਖ਼ਿਤਾਬ ਨਾਲ ਸਨਮਾਨਿਤ ਭਾਈ ਜੈਤਾ ਜੀ ਹਨ। ਭਾਈ ਜੈਤਾ ਜੀ ਦਾ ਜਨਮ 13 ਦਸੰਬਰ 1661 ਈ. ਨੂੰ ਪਟਨਾ (ਬਿਹਾਰ) ਵਿਖੇ ਪਿਤਾ ਭਾਈ ਸਦਾ ਨੰਦ ਤੇ ਮਾਤਾ ਪ੍ਰੇਮੋ ਦੇ ਗ੍ਰਹਿ ਵਿਖੇ ਹੋਇਆ। ਉਹ ਰੰਘਰੇਟਾ (ਮਜ਼੍ਹਬੀ) ਪਰਿਵਾਰ ਨਾਲ ਸੰਬੰਧਿਤ ਸਨ, ਜਿਨ੍ਹਾਂ ਨੇ ਬਚਪਨ ਵਿਚ ਹੀ ਸ਼ਸਤਰ ਵਿੱਦਿਆ, ਘੋੜਸਵਾਰੀ ਤੇ ਕੀਰਤਨ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਸਿੱਖ ਇਤਿਹਾਸ 'ਚ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਦਿੱਲੀ ਦੇ ਚਾਂਦਨੀ ਚੌਕ ਤੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਸੁਰੱਖਿਅਤ ਪਹੁੰਚਾਉਣਾ ਹੈ। 11 ਨਵੰਬਰ 1675 ਈ. ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਭਾਈ ਜੈਤਾ ਜੀ, ਭਾਈ ਊਦਾ ਜੀ ਤੇ ਭਾਈ ਨਾਨੂ ਜੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਜੀ ਦਾ ਸੀਸ ਮੁਗ਼ਲ ਹਕੂਮਤ ਤੋਂ ਬਚਾਇਆ। ਉਹ 300 ਕਿਲੋਮੀਟਰ ਤੋਂ ਵੱਧ ਦਾ ਪੈਂਡਾ ਜੰਗਲਾਂ ਤੇ ਖ਼ਤਰਨਾਕ ਰਸਤਿਆਂ ਰਾਹੀਂ ਤੈਅ ਕਰ ਕੇ ਗੁਰੂ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਤੇ ਬਾਲ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤਾ। ਜਿਸ ਰਸਤੇ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਪੁੱਜੇ, ਉਨ੍ਹਾਂ ਪਲਾਂ ਦਾ ਅਹਿਸਾਸ ਕਰਨ ਲਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਅਕਾਲ ਪੁਰਖ ਕੀ ਫ਼ੌਜ, ਗਿਆਨ ਪ੍ਰਗਾਸ ਟਰੱਸਟ, ਪੰਥਕ ਤਾਲਮੇਲ ਸੰਗਠਨ ਵਲੋਂ 'ਗੁਰੂ ਸੀਸ ਮਾਰਗ ਯਾਤਰਾ' ਦਾ ਵਡਮੁੱਲਾ ਕਾਰਜ ਕੀਤਾ ਜਾ ਰਿਹਾ ਹੈ, ਜਿਸ ਵਿਚ ਆਪਾਂ ਸਾਰੇ ਸ਼ਿਰਕਤ ਕਰ ਰਹੇ ਹਾਂ।
ਸੀਸ ਲੈ ਕੇ ਆਉਣ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾਇਆ ਅਤੇ ਕਿਹਾ, 'ਰੰਘਰੇਟੇ ਗੁਰੂ ਕੇ ਬੇਟੇ' (ਰੰਘਰੇਟੇ ਗੁਰੂ ਦੇ ਪੁੱਤਰ ਹਨ)। 1699 ਈ. 'ਚ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਭਾਈ ਜੈਤਾ ਜੀ ਨੇ ਅੰਮ੍ਰਿਤ ਛਕਿਆ ਤੇ ਉਨ੍ਹਾਂ ਦਾ ਨਾਂਅ ਜੀਵਨ ਸਿੰਘ ਰੱਖਿਆ ਗਿਆ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਯੋਧਾ ਬਣੇ ਤੇ ਰਣਜੀਤ ਨਗਾਰਾ ਵਜਾਉਣ ਵਾਲੇ ਪਹਿਲੇ ਨਗਾਰਚੀ ਵੀ ਸਨ। ਉਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਵੀ ਦਿੱਤੀ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਸਾਰੀਆਂ ਜੰਗਾਂ 'ਚ ਹਿੱਸਾ ਲਿਆ, ਜਿਵੇਂ ਭੰਗਾਣੀ ਦਾ ਯੁੱਧ, ਨਦੌਣ ਦਾ ਯੁੱਧ, ਅਨੰਦਪੁਰ ਸਾਹਿਬ ਦੀਆਂ ਲੜਾਈਆਂ, ਸਰਸਾ ਨਦੀ ਦਾ ਯੁੱਧ। ਚਮਕੌਰ ਦੀ ਗੜ੍ਹੀ ਦੇ ਯੁੱਧ ਵਿਚ ਉਨ੍ਹਾਂ ਨੇ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਖਰੀ ਸਾਹ ਤੱਕ ਲੜਦੇ ਹੋਏ 22 ਦਸੰਬਰ 1704 ਈ. ਨੂੰ ਸ਼ਹਾਦਤ ਪਾ ਗਏ। (ਇਤਿਹਾਸਕ ਤਰੀਕਾਂ 'ਚ ਭਿੰਨਤਾ ਹੋ ਸਕਦੀ ਹੈ)। ਉਨ੍ਹਾਂ ਦਾ ਜੀਵਨ ਸਾਨੂੰ ਅਟੁੱਟ ਵਿਸ਼ਵਾਸ, ਦਲੇਰੀ ਤੇ ਸੇਵਾ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਨੇ ਦਰਸਾਇਆ ਕਿ ਜਾਤ-ਪਾਤ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਕੋਈ ਵੀ ਵਿਅਕਤੀ ਗੁਰੂ ਪ੍ਰਤੀ ਸੱਚੀ ਸ਼ਰਧਾ ਤੇ ਕੁਰਬਾਨੀ ਨਾਲ ਸਿੱਖ ਕੌਮ ਦੇ ਇਤਿਹਾਸ ਵਿਚ ਅਮਰ ਹੋ ਸਕਦਾ ਹੈ। ਉਹ ਸੱਚਮੁੱਚ ਹੀ 'ਰੰਘਰੇਟੇ ਗੁਰੂ ਕੇ ਬੇਟੇ' ਖ਼ਿਤਾਬ ਦੇ ਹੱਕਦਾਰ ਸਨ। ਉਨ੍ਹਾਂ ਦੀ ਵਡਮੁੱਲੀ ਸੇਵਾ ਕਾਰਨ ਅੱਜ ਬਹੁਤ ਸਾਰੀਆਂ ਸੰਸਥਾਵਾਂ ਨੇ ਉਨ੍ਹਾਂ ਦੇ ਨਾਂਅ ਹੇਠ ਮਹਾਨ ਕਾਰਜ ਕਰ ਕੇ ਉਨ੍ਹਾਂ ਨੂੰ ਅੱਜ ਵੀ ਸਾਡੇ ਦਿਲਾਂ 'ਚ ਜ਼ਿੰਦਾ ਰੱਖਿਆ ਹੈ। ਇਨ੍ਹਾਂ ਸੰਸਥਾਵਾਂ 'ਚੋਂ ਇਕ ਸੰਸਥਾ ਦਾ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹੁੰਦਾ ਹਾਂ, ਉਹ ਸੰਸਥਾ ਹੈ ਭਾਈ ਜੈਤਾ ਜੀ ਫਾਊਂਡੇਸ਼ਨ।
ਭਾਈ ਜੈਤਾ ਜੀ ਫਾਊਂਡੇਸ਼ਨ ਦੇ ਕਰਤਾ-ਧਰਤਾ ਸ. ਹਰਪਾਲ ਸਿੰਘ ਸ਼ਿਕਾਗੋ ਤੇ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਸ. ਬੀ.ਐਨ.ਐਸ. ਵਾਲੀਆ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਤੋਂ ਗ਼ਰੀਬ ਪਰ ਪੜ੍ਹਾਈ ਵਿਚ ਚੋਟੀ ਦੇ ਨੰਬਰ ਲੈਣ ਵਾਲੇ ਸੈਂਕੜੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਸਭ ਧਰਮਾਂ ਨਾਲ ਜੁੜੇ ਇਨ੍ਹਾਂ ਹੋਣਹਾਰ ਮੁੰਡੇ/ਕੁੜੀਆਂ ਨੂੰ ਪਹਿਲਾਂ 11ਵੀਂ ਤੇ 12ਵੀਂ ਜਮਾਤਾਂ 'ਚ ਦਾਖ਼ਲਾ ਦਿਵਾ ਕੇ ਯੋਗ ਅਧਿਆਪਕਾਂ ਤੇ ਮਾਹਿਰਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਵਧੀਆ ਨਤੀਜਿਆਂ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਫਿਰ ਆਈ.ਆਈ.ਟੀ., ਨੀਟ, ਆਈ.ਆਈ.ਐਸ.ਈ.ਆਰ., ਇੰਜੀਨੀਅਰਿੰਗ ਤੇ ਮੈਡੀਕਲ, ਡੈਂਟਲ ਤੇ ਨਰਸਿੰਗ ਸਮੇਤ ਹੋਰ ਚੋਟੀ ਦੇ ਕੋਰਸਾਂ 'ਚ ਦਾਖ਼ਲਾ ਦਿਵਾਇਆ ਜਾਂਦਾ ਹੈ। ਭਾਈ ਜੈਤਾ ਜੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਪੰਜਾਬ ਦੇ ਪੇਂਡੂ ਖੇਤਰਾਂ 'ਚ ਗ਼ਰੀਬ ਮਾਪਿਆਂ ਦੇ ਹੋਣਹਾਰ ਤੇ ਲਾਇਕ ਬੱਚਿਆਂ ਨੂੰ ਵਧੀਆ ਕਿੱਤਾ-ਮੁਖੀ ਸਿਖਲਾਈ ਦੇ ਕੇ ਸਮਾਜ ਦੀ ਭਲਾਈ ਕਰਨਾ ਹੈ। ਸੋ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਸਰਬੱਤ ਦੇ ਭਲੇ ਦੀ ਕਾਮਨਾ ਤਹਿਤ ਹਰ ਲੋੜਵੰਦ ਦੀ ਮਦਦ ਦਾ ਸੁਨੇਹਾ ਦਿੰਦੇ ਹਨ।
ਪੰਜਾਬ ਸਰਕਾਰ ਵਲੋਂ ਵੀ ਭਾਈ ਜੈਤਾ ਜੀ ਦੀ ਯਾਦ ਵਿਚ ਭਾਈ ਜੈਤਾ ਜੀ ਅਜਾਇਬ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਹੈ। ਸੋ, ਅੰਤ 'ਚ ਅਸੀਂ ਕਹਿ ਸਕਦੇ ਹਾਂ ਕਿ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦਾ ਜੀਵਨ ਸਿਰਫ਼ ਇਕ ਇਤਿਹਾਸਕ ਕਥਾ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਇਕ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਵਿਸ਼ਵਾਸ ਦੀ ਤਾਕਤ ਕਿਸੇ ਵੀ ਤਾਨਾਸ਼ਾਹੀ ਜਾਂ ਮੁਸ਼ਕਿਲ ਤੋਂ ਕਿਤੇ ਵੱਡੀ ਹੁੰਦੀ ਹੈ। ਆਓ, ਅਸੀਂ ਸਾਰੇ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਧਰਮ ਤੇ ਸੱਚ ਲਈ ਹਮੇਸ਼ਾ ਖੜ੍ਹੇ ਰਹੀਏ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਲੋੜਵੰਦਾਂ ਦੀ ਮਦਦ ਕਰਦੇ ਰਹੀਏ।

-ਸਪੀਕਰ, ਪੰਜਾਬ ਵਿਧਾਨ ਸਭਾ।
ਮੋਬਾਈਲ : 9216400457

 

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਖਟਕੜ ਕਲਾਂ ਤੇ ਮੋਰਾਂਵਾਲੀ ਅਗਲੀ ਖ਼ਬਰ ਬਿਮਾਰੀਆਂ, ਦੁਸ਼ਵਾਰੀਆਂ ਅਤੇ ਕਰਾਮਾਤਾਂ ਦਾ ਕਾਰੋਬਾਰ
Ad Position 24
No active advertisement