ਖਟਕੜ ਕਲਾਂ ਤੇ ਮੋਰਾਂਵਾਲੀ ਦੋਵੇਂ ਪਿੰਡ ਇਕ-ਦੂਜੇ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਹਨ। ਖਟਕੜਾ ਕਲਾਂ ਚੰਡੀਗੜ੍ਹ-ਜਲੰਧਰ ਮਾਰਗ 'ਤੇ ਹੈ ਜਦੋਂ ਕਿ ਮੋਰਾਂਵਾਲੀ ਬੰਗਿਆਂ ਤੋਂ ਸੈਲੇ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਹੈ। ਮੋਰਾਂਵਾਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਨਕਾ ਪਿੰਡ ਹੈ ਤੇ ਖਟਕੜ ਕਲਾਂ ਉਸ ਦੇ ਪੁਰਖਿਆਂ ਦਾ ਜੱਦੀ ਪਿੰਡ। ਇਸ ਪਿੰਡ ਦੇ ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਸਨ। ਜੇ ਮੋਰਾਂਵਾਲੀ ਦੀ ਗੱਲ ਕਰੀਏ ਤਾਂ ਸ਼ਹੀਦ ਸ਼ਮਸ਼ੇਰ ਸਿੰਘ ਬੱਬਰ ਅਕਾਲੀ ਇਸ ਪਿੰਡ ਦੇ ਵਸਨੀਕ ਸਨ। ਮੋਰਾਂਵਾਲੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ 'ਚ ਪੈਂਦਾ ਹੈ ਤੇ ਖਟਕੜ ਕਲਾਂ ਪਹਿਲਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਨਵਾਂਸ਼ਹਿਰ 'ਚ ਪੈਂਦਾ ਸੀ। ਨਵਾਂਸ਼ਹਿਰ ਨੂੰ 1995 ਤੋਂ ਜ਼ਿਲ੍ਹਾ ਬਣਾਇਆ ਗਿਆ ਤੇ ਬਾਅਦ 'ਚ ਇਸ ਦਾ ਨਾਂਅ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ। ਮੇਰਾ ਜੱਦੀ ਪਿੰਡ ਸੂਨੀ, ਖਟਕੜ ਕਲਾਂ ਤੇ ਮੋਰਾਂਵਾਲੀ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਹੋਣ ਸਦਕਾ ਮੇਰੇ ਬਾਪੂ ਜੀ, ਤਾਏ-ਚਾਚੇ ਤੇ ਹੋਰ ਰਿਸ਼ਤੇਦਾਰ ਭਗਤ ਸਿੰਘ ਦੇ ਮਦਾਹ ਸਨ ਤੇ ਇਸ ਇਲਾਕੇ ਦੇ ਵਸਨੀਕ ਹੋਣ 'ਚ ਮਾਣ ਮਹਿਸੂਸ ਕਰਦੇ ਸਨ। ਮੈਂ ਤੇ ਮੇਰੀ ਉਮਰ ਦੇ ਸਾਰੇ ਲੋਕ ਭਗਤ ਸਿੰਘ, ਅਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਸੰਬੰਧੀ ਵਾਰਤਾਵਾਂ ਸੁਣ ਕੇ ਹੀ ਵੱਡੇ ਹੋਏ ਸਾਂ। ਸਾਡੀ ਆਪਣੀ ਪ੍ਰਾਪਤੀ ਕਿਹੋ ਜਿਹੀ ਵੀ ਹੋਵੇ, ਅਸੀਂ ਸਮੇਂ-ਸਮੇਂ ਇਨ੍ਹਾਂ ਮਹਾਂਰਥੀਆਂ ਦਾ ਨਾਂਅ ਲੈ ਕੇ ਆਪਣਾ ਨਾਂਅ ਚਮਕਾਉਂਦੇ ਆਏ ਹਾਂ। ਇਹ ਸ਼ਰਫ ਕੇਵਲ ਭਗਤ ਸਿੰਘ ਨੂੰ ਹੀ ਪ੍ਰਾਪਤ ਹੈ ਕਿ ਉਸ ਨੇ ਅਪਣੇ ਨਾਨਕਿਆਂ ਤੇ ਦਾਦਕਿਆਂ ਦੋਵਾਂ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਦੋਵੇਂ ਸਥਾਨਾਂ 'ਤੇ ਉਸ ਦੀ ਯਾਦ 'ਚ ਨਿਵੇਕਲੇ ਅਜਾਇਬ ਘਰ ਸਥਾਪਤ ਹੋ ਚੁੱਕੇ ਹਨ। ਅੱਜ ਉਸ ਦੀ ਕੁਰਬਾਨੀ 'ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਹੀ ਮਾਣ ਨਹੀਂ, ਸਗੋਂ ਦੁਨੀਆ ਭਰ ਦੇ ਹਰ ਉਸ ਨਾਗਰਿਕ ਨੂੰ ਫ਼ਖ਼ਰ ਹੈ, ਜਿਹੜਾ ਕਿਸੇ ਨਾ ਕਿਸੇ ਰੂਪ 'ਚ ਇਸ ਮਿੱਟੀ ਨਾਲ ਜੁੜਿਆ ਹੋਇਆ ਹੈ। ਹੁਣ ਉਹ ਵਾਲੇ ਵਕਤ ਗਏ ਨੂੰ ਇਕ ਸਦੀ ਬੀਤ ਚੁੱਕੀ ਹੈ ਤੇ ਆਉਣ ਵਾਲੀਆਂ ਸਦੀਆਂ 'ਚ ਇਸ ਨੇ ਹੋਰ ਵੀ ਉੱਘੜਵੇਂ ਰੂਪ 'ਚ ਰੌਸ਼ਨ ਹੁੰਦੇ ਰਹਿਣਾ ਹੈ। ਮੋਰਾਂਵਾਲੀ ਦੇ ਅਜਾਇਬ ਘਰ ਦੇ ਪ੍ਰਵੇਸ਼ ਦੁਆਰ 'ਤੇ ਭਗਤ ਸਿੰਘ ਦੀ ਮਾਤਾ ਵਿੱਦਿਆਵਤੀ ਨੂੰ ਸੂਰਮੇ ਨੂੰ ਅਸ਼ੀਰਵਾਦ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। ਨਵਾਂਸ਼ਹਿਰ-ਬੰਗਾ ਸੜਕ 'ਤੇ ਜਾਂਦੇ ਹਰ ਇਕ ਯਾਤਰੀ ਨੂੰ ਖਟਕੜ ਕਲਾਂ ਵਾਲਾ ਅਜਾਇਬ ਘਰ ਵੀ ਆਕਰਸ਼ਿਤ ਕਰਦਾ ਹੈ। ਉਥੋਂ ਦੀ ਲੰਘਣ ਵਾਲੇ ਸਾਰੇ ਵਾਹਨ ਚਾਲਕ ਮੋਬਾਈਲਾਂ ਵਿਚ ਭਗਤ ਸਿੰਘ ਦੇ ਬੁੱਤ ਦੀ ਤਸਵੀਰ ਖਿੱਚੇ ਬਿਨਾਂ ਅੱਗੇ ਨਹੀਂ ਜਾਂਦੇ। ਮੈਂ ਖ਼ੁਦ ਲੰਘੀ 26 ਅਕਤੂਬਰ ਨੂੰ ਆਪਣੀ ਉਮਰ ਦੇ ਅੰਤਿਮ ਪੜਾਅ 'ਚ ਇਹੀਓ ਕੀਤਾ ਹੈ।
ਉਜਾਗਰ ਸਿੰਘ ਦੇ ਸਬੂਤੇ ਕਦਮ
ਪਾਇਲ-ਦੋਰਾਹਾ ਮਾਰਗ 'ਤੇ ਪੈਂਦੇ ਕੱਦੋਂ ਪਿੰਡ ਦਾ ਜੰਮਪਲ ਉਜਾਗਰ ਸਿੰਘ ਸਰਕਾਰੇ-ਦਰਬਾਰੇ ਜਾਣਿਆ-ਪਛਾਣਿਆ ਲੋਕ ਸੰਪਰਕ ਅਧਿਕਾਰੀ ਰਿਹਾ ਹੈ। ਉਸ ਨੇ ਆਪਣੀ ਨੌਕਰੀ ਸਮੇਂ ਤੇ ਸੇਵਾਮੁਕਤੀ ਪਿੱਛੋਂ ਕਦੇ ਕੋਈ ਫੜ੍ਹ ਨਹੀਂ ਮਾਰੀ। ਉਹ ਚੁੱਪ-ਚੁਪੀਤੇ ਕੰਮ ਕਰਨ ਵਾਲਾ ਜੀਊੜਾ ਹੈ ਤੇ ਕੀਤੇ ਕੰਮ ਦੀ ਡੌਂਡੀ ਨਹੀਂ ਪਿੱਟਦਾ। ਇਸ ਦਾ ਸਬੂਤ ਉਸ ਦੀ ਹਾਲ ਹੀ 'ਚ ਛਪੀ 'ਸਬੂਤੇ ਕਦਮ' ਨਾਂਅ ਦੀ ਸਵੈ-ਜੀਵਨੀ ਹੈ। ਪੰਨੇ 80 'ਤੇ ਜਾਣਕਾਰੀ ਮਣਾਂ ਮੂੰਹੀਂ ਹੈ। ਉਸ ਕੋਲ ਕਹਿਣ-ਦੱਸਣ ਲਈ ਏਨਾ ਕੁਝ ਹੈ ਕਿ ਉਸ ਨੇ ਇਕੱਲੇ-ਇਕੱਲੇ ਪੈਰੇ 'ਚ ਅੱਧੀ ਦਰਜਨ ਪਾਤਰ ਜਾਂ ਏਨੀਆਂ ਹੀ ਘਟਨਾਵਾਂ ਭਰ ਰੱਖੀਆਂ ਹਨ। ਇਸ ਨਿੱਕੀ ਜਿਹੀ ਪੁਸਤਕ ਵਿਚ ਅਨੇਕਾਂ ਰਾਜਨੀਤੀਵਾਨ ਤੇ ਉਨ੍ਹਾਂ ਦੇ ਸੁਭਾਅ ਸੰਬੰਧੀ ਖੁੱਲ੍ਹਦਿਲੀ ਨਾਲ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਹ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਤੇ ਗੁਰਚਰਨ ਸਿੰਘ ਟੌਹੜਾ ਦੇ ਸੁਭਾਅ ਹੀ ਨਹੀਂ ਦੱਸਦੀ, 75 ਸਾਲਾਂ ਦੀ ਰਾਜਨੀਤੀ 'ਤੇ ਵੀ ਚਾਨਣਾ ਪਾਉਂਦੀ ਹੈ। ਪ੍ਰਮਾਣ ਵਜੋਂ ਦੋ ਘਟਨਾਵਾਂ ਪੇਸ਼ ਹਨ। ਜਦੋਂ ਉਜਾਗਰ ਸਿੰਘ ਦੀ ਕਿਸੇ ਦੁਰਘਟਨਾ 'ਚ ਅੱਖ ਦੀ ਰੌਸ਼ਨੀ 'ਤੇ ਅਸਰ ਪਿਆ ਤਾਂ ਮੁੱਖ ਮੰਤਰੀ ਬੇਅੰਤ ਸਿੰਘ ਉਸ ਦੀ ਖ਼ਬਰਸਾਰ ਲੈਣ ਲਈ ਖ਼ੁਦ ਉਸ ਦੇ ਘਰ ਗਿਆ। ਫੇਰ ਜਦੋਂ ਬਲਦੇਵ ਸਿੰਘ ਲੰਗ ਦਾ ਕਤਲ ਹੋਇਆ, ਉਸ ਦੇ ਕਾਤਲ ਤਾਂ ਹੋਰ ਸਨ, ਪਰ ਟੌਹੜਾ ਦੇ ਵਿਰੋਧੀਆਂ ਨੇ ਉਸ ਦਾ ਹੀ ਨਾਂਅ ਉਭਾਰ ਦਿੱਤਾ ਸੀ। ਇਸ 'ਤੇ ਮਿੱਟੀ ਪਾਉਣ ਵਾਲਿਆਂ 'ਚ ਬੇਅੰਤ ਸਿੰਘ ਸੀ, ਜਿਸ ਨੇ ਉਜਾਗਰ ਸਿੰਘ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਅਮਲ ਕੀਤਾ ਕਿ ਸਾਰੇ ਚੁੱਪ ਕਰ ਗਏ। ਉਜਾਗਰ ਸਿੰਘ ਦੀ 'ਸਬੂਤੇ ਕਦਮੀਂ' ਉਸ ਨੂੰ ਵੀ ਮੁਬਾਰਕ ਤੇ ਉਸ ਦੇ ਅੰਗੀਆਂ-ਸੰਗੀਆਂ ਨੂੰ ਵੀ।
ਚੰਡੀਗੜ੍ਹ ਸਾਹਿਤ ਅਕਾਦਮੀ ਦੇ ਨਵੇਂ ਰੰਗ-ਢੰਗ
ਡਾ. ਮਨਮੋਹਨ ਸਿੰਘ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਦੀ ਕਮਾਂਡ ਸੰਭਾਲਣ ਮਗਰੋਂ ਆਪਣੀ ਸਾਰੀ ਟੀਮ ਸਮੇਤ ਸੁੱਤੀ ਪਈ ਅਕਾਦਮੀ ਵਿਚ ਸਾਹਿਤਕ ਸਰਗਰਮੀਆਂ ਵਧਾਉਣ ਦਾ ਬੀੜਾ ਚੁੱਕਿਆ। ਇਸ ਦਾ ਆਰੰਭ 25 ਅਕਤੂਬਰ ਵਾਲੇ ਕਹਾਣੀ ਦਰਬਾਰ ਨਾਲ ਹੋਇਆ, ਜਿਸ 'ਚ ਹਿੰਦੀ, ਉਰਦੂ, ਪੰਜਾਬੀ ਤੇ ਅੰਗਰੇਜ਼ੀ ਦੇ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ। ਇਨ੍ਹਾਂ ਕਹਾਣੀਆਂ ਦਾ ਵਿਸ਼ਾ ਕੋਰੋਨਾ ਰੋਗ ਵੀ ਸੀ ਤੇ ਵਿਛੜੇ ਸ਼ਹਿਰ ਤੇ ਘਰਾਂ ਦੇ ਦਰ-ਦਰਵਾਜ਼ਿਆਂ ਦਾ ਮਾਰਮਿਕ ਵਰਨਣ ਵੀ। ਖਚਾਖਚ ਭਰੇ ਨਿੱਕੇ ਜਿਹੇ ਕਮਰੇ ਵਿਚ ਬੈਠੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਭਵਿੱਖ ਵਿਚ ਉਲੀਕੇ ਗਏ ਪ੍ਰੋਗਰਾਮਾਂ ਦਾ ਵੇਰਵਾ ਵੀ ਦਿੱਤਾ, ਜਿਸ ਤੋਂ ਜਾਪਦਾ ਹੈ ਕਿ ਇਹ ਸੰਸਥਾ ਆਉਣ ਵਾਲੇ ਸਮੇਂ 'ਚ ਨਵੀਆਂ ਸਿਖ਼ਰਾਂ ਛੂਹਣ ਲਈ ਤਿਆਰ ਹੋ ਰਹੀ ਹੈ।
ਅੰਤਿਕਾ
[ਸੁਸ਼ੀਲ ਦੁਸਾਂਝ ਦੀ 'ਪੀਲੀ ਧਰਤੀ ਕਾਲਾ ਅੰਬਰ' 'ਚੋਂ]
ਸ਼ਹਿਰ ਤੇਰੇ ਦੇ ਰੰਗ ਨਿਆਰੇ
ਪੱਥਰ ਹੌਲੇ, ਫੁੱਲ ਨੇ ਭਾਰੇ
ਜਿੰਨੇ ਸੱਤ ਪੱਤਣਾਂ ਦੇ ਤਾਰੂ
ਸਾਰੇ ਇੱਕ ਅਥਰੂ ਤੋਂ ਹਾਰੇ
ਸ਼ਹਿਰ 'ਚ ਨਵੀਆਂ ਹੱਟੀਆਂ ਉੱਤੋਂ
ਅੱਜ-ਕੱਲ੍ਹ ਸਾਹ ਵੀ ਮਿਲਣ ਉਧਾਰੇ
sandhugulzar@yahoo.com