ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜ਼ਿਲ੍ਹਾ, ਡੱਬਵਾਲੀ ਰਹਿ ਗਿਆ ਪਿੱਛੇ

Ad Position 21
No active advertisement
ਅਜੀਤ ਡੈਸਕ 25-12-2025

ਹਰਿਆਣਾ 'ਚ ਹਾਂਸੀ ਸੂਬੇ ਦਾ 23ਵਾਂ ਜ਼ਿਲ੍ਹਾ ਬਣ ਗਿਆ ਹੈ ਅਤੇ ਡੱਬਵਾਲੀ ਜ਼ਿਲ੍ਹਾ ਬਣਨ ਦੀ ਦੌੜ 'ਚ ਪਿਛੜ ਗਿਆ ਹੈ। ਭਾਵੇਂ ਡੱਬਵਾਲੀ, ਹਾਂਸੀ, ਗੋਹਾਣਾ, ਅਸੰਧ, ਨਰਾਇਣਗੜ੍ਹ, ਪਿਹੋਵਾ, ਮਾਨੇਸਰ, ਪਟੌਦੀ, ਬਰਵਾਲਾ, ਸਫੀਦੋ ਸਮੇਤ ਦਰਜਨ ਭਰ ਸ਼ਹਿਰ ਤੇ ਇਲਾਕੇ ਜ਼ਿਲ੍ਹੇ ਬਣਨ ਦੇ ਦਾਅਵੇਦਾਰ ਸਨ। ਦਰਅਸਲ ਡੱਬਵਾਲੀ ਤੇ ਹਾਂਸੀ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਸੀ ਕਿਉਂਕਿ ਇਨ੍ਹਾਂ ਦੋਵੇਂ ਕਸਬਿਆਂ ਨੂੰ ਸੂਬੇ 'ਚ ਪਹਿਲਾਂ ਹੀ ਪੁਲਿਸ ਜ਼ਿਲ੍ਹੇ ਬਣਾਉਣ ਦੇ ਨਾਲ-ਨਾਲ ਸੱਤਾਧਾਰੀ ਭਾਜਪਾ ਨੇ ਪਾਰਟੀ ਦੀ ਸੰਗਠਨਾਤਮਿਕ ਇਕਾਈ ਵਜੋਂ ਜ਼ਿਲ੍ਹੇ ਬਣਾਇਆ ਹੋਇਆ ਹੈ। ਹਾਂਸੀ ਦੇ ਮੁਕਾਬਲੇ ਡੱਬਵਾਲੀ ਦੀ ਜ਼ਿਲ੍ਹਾ ਬਣਨ ਲਈ ਦਾਅਵੇਦਾਰੀ ਵਧੇਰੇ ਮਜ਼ਬੂਤ ਸੀ ਕਿਉਂਕਿ ਡੱਬਵਾਲੀ- ਸਿਰਸਾ ਜ਼ਿਲ੍ਹਾ ਹੈਡਕੁਆਰਟਰ ਤੋਂ ਕਰੀਬ 60 ਕਿੱਲੋਮੀਟਰ ਦੂਰ ਹੈ, ਜਦਕਿ ਇਸ ਦੇ ਤੇਜਾਖੇੜਾ, ਆਸਾਖੇੜਾ ਤੇ ਚੌਟਾਲਾ ਸਮੇਤ ਕਈ ਪਿੰਡ ਤਾਂ ਸਿਰਸਾ ਤੋਂ 85-90 ਕਿੱਲੋਮੀਟਰ ਦੂਰ ਪੈਂਦੇ ਹਨ। ਡੱਬਵਾਲੀ ਜ਼ਿਲ੍ਹਾ ਬਣਨ ਦੇ ਸਭ ਜ਼ਰੂਰੀ ਮਾਪਦੰਡ ਵੀ ਪੂਰੇ ਕਰਦਾ ਸੀ ਤੇ ਇਸ ਇਲਾਕੇ ਦੀਆਂ ਹੱਦਾਂ ਤਿੰਨ ਸੂਬਿਆਂ ਦੇ ਚਾਰ ਜ਼ਿਲ੍ਹਿਆਂ ਨਾਲ ਲੱਗਦੀਆਂ ਹਨ। ਡੱਬਵਾਲੀ ਉਪਮੰਡਲ ਦੇ ਇਕ ਪਾਸੇ ਸੂਬੇ ਦਾ ਸਿਰਸਾ ਜ਼ਿਲ੍ਹਾ, ਦੂਜੇ ਪਾਸੇ ਰਾਜਸਥਾਨ ਦਾ ਹਨੂੰਮਾਨਗੜ੍ਹ ਜ਼ਿਲ੍ਹਾ ਤੇ ਤੀਜੇ ਪਾਸੇ ਪੰਜਾਬ ਦੇ ਮੁਕਤਸਰ ਤੇ ਬਠਿੰਡਾ ਜ਼ਿਲ੍ਹੇ ਲੱਗਦੇ ਹਨ। ਜਦਕਿ ਹਾਂਸੀ ਨਗਰ ਕੌਂਸਲ ਦੀ ਹੱਦ ਹਿਸਾਰ ਨਗਰ ਨਿਗਮ ਦੀ ਹੱਦ ਦੇ ਬਿਲਕੁੱਲ ਨਾਲ ਲੱਗਦੀ ਹੈ ਅਤੇ ਹਾਂਸੀ ਦੀ ਹਿਸਾਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਦੂਰੀ ਸਿਰਫ਼ 25 ਕਿੱਲੋਮੀਟਰ ਹੈ। ਹਾਂਸੀ ਦੇ ਲੋਕ ਤੇ ਨੇਤਾ ਖੁਸ਼ਕਿਸਮਤ ਹਨ ਕਿ ਹਾਂਸੀ ਸੂਬੇ ਦਾ ਨਵਾਂ ਜ਼ਿਲ੍ਹਾ ਬਣ ਗਿਆ ਹੈ, ਜਦਕਿ ਸਿਆਸੀ ਪਾਰਟੀਆਂ ਵਲੋਂ ਵਿਧਾਨ ਸਭਾ 'ਚ ਆਵਾਜ਼ ਉਠਾਉਣ ਦੇ ਬਾਵਜੂਦ ਡੱਬਵਾਲੀ ਜ਼ਿਲ੍ਹਾ ਬਣਦਾ-ਬਣਦਾ ਰਹਿ ਗਿਆ ਹੈ।
ਵਿਧਾਨ ਸਭਾ 'ਚ ਫਿਰ ਉੱਠੀ ਮੰਗ
ਇਸ ਵਾਰ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਡੱਬਵਾਲੀ ਤੋਂ ਇਨੈਲੋ ਵਿਧਾਇਕ ਅਦਿੱਤਿਆ ਦੇਵੀਲਾਲ ਨੇ ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਮੁੜ ਤੋਂ ਦੁਹਰਾਉਂਦਿਆ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਆਖਰ ਜ਼ਿਲ੍ਹਾ ਬਣਾਉਣ ਲਈ ਅਜਿਹੇ ਕਿਹੜੇ ਮਾਪਦੰਡ ਸਨ ਜੋ ਹਾਂਸੀ ਪੂਰੇ ਕਰਦਾ ਹੈ ਅਤੇ ਡੱਬਵਾਲੀ ਉਨ੍ਹਾਂ ਮਾਪਦੰਡਾਂ 'ਤੇ ਪੂਰਾ ਨਹੀਂ ਉਤਰ ਸਕਿਆ। ਵਿਧਾਨ ਸਭਾ 'ਚ ਗੋਹਾਣਾ ਤੇ ਅਸੰਧ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਸੁਣਾਈ ਦਿੱਤੀ। ਦਰਅਸਲ ਇਸ ਸਾਲ 31 ਦਸੰਬਰ ਤੱਕ ਹੀ ਨਵੇਂ ਜ਼ਿਲ੍ਹੇ ਬਣਾਏ ਜਾ ਸਕਦੇ ਹਨ, ਕਿਉਂਕਿ ਜਨਵਰੀ 2026 ਤੋਂ ਦੇਸ਼ ਭਰ 'ਚ ਨਵੀਂ ਜਨਗਣਨਾ ਦਾ ਕਾਰਜ ਸ਼ੁਰੂ ਹੋਣ ਬਾਅਦ ਅਗਲੇ ਦੋ ਸਾਲਾਂ ਦੌਰਾਨ ਕੋਈ ਵੀ ਨਵਾਂ ਜ਼ਿਲ੍ਹਾ, ਨਵੇਂ ਉਪਮੰਡਲ, ਤਹਿਸੀਲ, ਸਬ ਤਹਿਸੀਲ ਤੇ ਬਲਾਕ ਨਹੀਂ ਬਣ ਸਕਣਗੇ। ਇਸ ਤੋਂ ਬਾਅਦ 2028 'ਚ ਹੀ ਕੋਈ ਨਵਾਂ ਜ਼ਿਲ੍ਹਾ ਬਣ ਸਕੇਗਾ। ਹਰਿਆਣਾ ਦੇ ਸਹਿਕਾਰਤਾ ਮੰਤਰੀ ਤੇ ਗੋਹਾਣਾ ਤੋਂ ਵਿਧਾਇਕ ਡਾ. ਅਰਵਿੰਦ ਸ਼ਰਮਾ ਤੇ ਬੜੌਦਾ ਤੋਂ ਕਾਂਗਰਸੀ ਵਿਧਾਇਕ ਇੰਦੂਰਾਜ ਨਰਵਾਲ ਵਲੋਂ ਵੀ ਗੋਹਾਣਾ ਅਤੇ ਅਸੰਧ ਤੋਂ ਵਿਧਾਇਕ ਯੋਗੇਂਦਰ ਰਾਣਾ ਨੇ ਅਸੰਧ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ।
ਮੂੰਧੇ ਮੂੰਹ ਡਿੱਗਿਆ ਬੇਭਰੋਸਗੀ ਪ੍ਰਸਤਾਵ
ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਵਲੋਂ ਸੱਤਾਧਾਰੀ ਨਾਇਬ ਸੈਣੀ ਸਰਕਾਰ ਖ਼ਿਲਾਫ਼ ਲਿਆਂਦਾ ਬੇਭਰੋਸਗੀ ਪ੍ਰਸਤਾਵ ਸਿਰਫ਼ ਮੂੰਧੇ ਮੂੰਹ ਹੀ ਨਹੀਂ ਡਿੱਗਿਆ, ਸਗੋਂ ਕਾਂਗਰਸ ਦੀ ਗੁੱਟਬਾਜ਼ੀ ਤੇ ਆਪਸੀ ਫੁੱਟ ਨੂੰ ਵੀ ਉਜਾਗਰ ਕਰ ਗਿਆ। ਕਾਂਗਰਸ ਵਲੋਂ ਜੋ ਬੇਭਰੋਸਗੀ ਦਾ ਪ੍ਰਸਤਾਵ ਦਿੱਤਾ ਗਿਆ ਸੀ, ਉਸ 'ਤੇ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਦਸਤਖਤ ਨਹੀਂ ਕਰਵਾਏ ਗਏ ਅਤੇ ਇਸ ਮਤੇ 'ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੇ ਵੀ ਦਸਤਖਤ ਨਹੀਂ ਸਨ। ਇਸ ਗੱਲ ਦੀ ਚਰਚਾ ਲਗਾਤਾਰ ਸਦਨ 'ਚ ਹੁੰਦੀ ਰਹੀ ਅਤੇ ਇਸ ਨੂੰ ਲੈ ਕੇ ਸੱਤਾ ਧਿਰ ਦੇ ਵਿਧਾਇਕ ਲਗਾਤਾਰ ਕਾਂਗਰਸ 'ਤੇ ਤੰਜ ਕੱਸਦਿਆਂ ਰਾਜਨੀਤਕ ਹਮਲੇ ਕਰਦੇ ਰਹੇ, ਜਿਸ ਦੇ ਚੱਲਦੇ ਕਾਂਗਰਸ ਨੂੰ ਹਮਲਾਵਰ ਹੋਣ ਦੀ ਬਜਾਏ ਬਚਾਅ ਦਾ ਰੁਖ਼ ਅਪਨਾਉਣਾ ਪਿਆ। ਇੰਨਾ ਹੀ ਨਹੀਂ, ਬੇਭਰੋਸਗੀ ਪ੍ਰਸਤਾਵ 'ਤੇ ਚਰਚਾ ਤੋਂ ਬਾਅਦ ਇਸ ਮਤੇ 'ਤੇ ਵੋਟਿੰਗ ਕਰਵਾਈ ਜਾ ਸਕਦੀ ਸੀ, ਪਰ ਇਸ ਤੋਂ ਪਹਿਲਾਂ ਹੀ ਕਾਂਗਰਸੀ ਵਿਧਾਇਕ ਸਦਨ ਤੋਂ ਵਾਕਆਊਟ ਕਰ ਗਏ ਅਤੇ ਵਿਰੋਧੀ ਧਿਰ ਦੀ ਗ਼ੈਰਮੌਜੂਦਗੀ 'ਚ ਕਾਂਗਰਸ ਵਲੋਂ ਲਿਆਂਦਾ ਬੇਭਰੋਸਗੀ ਪ੍ਰਸਤਾਵ ਮੂੰਧੇ ਮੂੰਹ ਡਿੱਗ ਗਿਆ।
ਕਿਉਂ ਲਿਆਏ ਬੇਭਰੋਸਗੀ ਪ੍ਰਸਤਾਵ?
ਇਸ ਬੇਭਰੋਸਗੀ ਪ੍ਰਸਤਾਵ ਨੂੰ ਲੈ ਕੇ ਸੀਨੀਅਰ ਪੱਤਰਕਾਰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਬੁੱਧੀਜੀਵੀ ਵਰਗ ਚਰਚਾ ਕਰ ਰਿਹਾ ਹੈ ਕਿ ਕਾਂਗਰਸ ਵਲੋਂ ਇਹ ਬੇਭਰੋਸਗੀ ਪ੍ਰਸਤਾਵ ਲਿਆਂਦਾ ਹੀ ਕਿਉਂ ਗਿਆ? ਹਰਿਆਣਾ ਵਿਧਾਨ ਸਭਾ 'ਚ ਭਾਜਪਾ ਦੇ ਆਪਣੇ 48 ਵਿਧਾਇਕ ਤੇ 3 ਆਜ਼ਾਦ ਵਿਧਾਇਕਾਂ ਸਮੇਤ 51 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਸੂਬੇ 'ਚ ਦੂਜੀ ਵਾਰ ਬਣੀ ਨਾਇਬ ਸੈਣੀ ਸਰਕਾਰ ਨੂੰ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਅਤੇ ਇਸ ਦੌਰਾਨ ਕਿਸੇ ਵੀ ਭਾਜਪਾ ਵਿਧਾਇਕ ਨੇ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਵੀ ਨਹੀਂ ਪ੍ਰਗਟਾਈ। ਦੂਜੇ ਪਾਸੇ, ਵਿਰੋਧੀ ਧਿਰ ਕਾਂਗਰਸ ਦੇ 37 ਤੇ ਇਨੈਲੋ ਦੇ 2 ਵਿਧਾਇਕ ਹਨ, ਕਾਂਗਰਸ ਨੇ ਬੇਭਰੋਸਗੀ ਪ੍ਰਸਤਾਵ ਲਿਆਉਣ ਤੋਂ ਪਹਿਲਾਂ ਨਾ ਤਾਂ ਇਨੈਲੋ ਨੂੰ ਭਰੋਸੇ 'ਚ ਲਿਆ ਅਤੇ ਨਾ ਹੀ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਈ ਕੋਸ਼ਿਸ਼ ਕੀਤੀ। ਸਦਨ 'ਚ ਸੱਤਾ ਧਿਰ ਪੂਰੀ ਤਰ੍ਹਾਂ ਇਕਜੁੱਟ ਸੀ, ਤਾਂ ਕਾਂਗਰਸ ਵੰਡੀ ਹੋਈ ਵਿਖਾਈ ਦਿੱਤੀ। ਅਜਿਹੇ 'ਚ ਬੇਭਰੋਸਗੀ ਪ੍ਰਸਤਾਵ ਦਾ ਅਜਿਹਾ ਹਸ਼ਰ ਤਾਂ ਹੋਣਾ ਹੀ ਸੀ ਅਤੇ ਕਾਂਗਰਸ ਨੇ ਵੋਟਿੰਗ ਤੋਂ ਪਹਿਲਾਂ ਹੀ ਸਦਨ 'ਚੋਂ ਵਾਕਆਊਟ ਕਰਕੇ ਸੱਤਾ ਧਿਰ ਲਈ ਮੈਦਾਨ ਖੁੱਲ੍ਹਾ ਛੱਡ ਦਿੱਤਾ।
ਸਦਨ 'ਚ ਹਾਵੀ ਰਹੀ ਸਰਕਾਰ
ਭਾਵੇਂ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਬਹੁਤ ਛੋਟਾ ਸੀ ਅਤੇ ਸਿਰਫ਼ 3 ਦਿਨਾਂ ਦੇ ਇਸ ਸੈਸ਼ਨ ਦੌਰਾਨ ਸਰਕਾਰ ਨੇ ਆਪਣਾ ਮਨਚਾਹਿਆ ਏਜੰਡਾ ਪਾਸ ਕਰਵਾਇਆ ਅਤੇ ਵਿਰੋਧੀ ਧਿਰ ਨੂੰ ਆਪਣਾ ਵਤੀਰਾ ਲਗਾਤਾਰ ਬਚਾਅ ਵਾਲਾ ਅਪਨਾਉਣ ਲਈ ਮਜਬੂਰ ਕਰ ਦਿੱਤਾ। ਸੈਸ਼ਨ ਦੇ ਪਹਿਲੇ ਦਿਨ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਬਾਰੇ ਚਰਚਾ ਕਰਵਾ ਕੇ ਇਸ ਸੰਬੰਧੀ ਸੂਬੇ 'ਚ ਕਰਵਾਏ ਗਏ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਇਕ ਪ੍ਰਸਤਾਵ ਪਾਸ ਕਰਵਾ ਲਿਆ। ਦੂਜੇ ਦਿਨ 'ਵੰਦੇ ਮਾਤਰਮ' ਬਾਰੇ ਕਰਵਾਈ ਚਰਚਾ ਦੌਰਾਨ ਸਰਕਾਰ ਨੇ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਜਦੋਂ ਮੁੱਖ ਮੰਤਰੀ ਸੈਣੀ ਨੇ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਬਾਰੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੀ ਚੇਅਰ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਦਿਆਂ ਜੰਮ ਕੇ ਹੰਗਾਮਾ ਕੀਤਾ। ਇਸ ਹੰਗਾਮੇ ਦੇ ਚੱਲਦੇ ਸਪੀਕਰ ਹਰਵਿੰਦਰ ਕਲਿਆਣ ਨੇ ਪਹਿਲਾਂ ਕਾਂਗਰਸੀ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਅਤੇ ਫਿਰ 9 ਕਾਂਗਰਸੀ ਵਿਧਾਇਕਾਂ ਨੂੰ ਮਾਰਸ਼ਲਾਂ ਰਾਹੀਂ ਸਦਨ ਤੋਂ ਬਾਹਰ ਕਢਵਾ ਦਿੱਤਾ। ਇਸ ਹੰਗਾਮੇ ਬਾਅਦ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਤੇ ਮੁੱਖ ਮੰਤਰੀ ਸੈਣੀ ਨੇ ਸਪੀਕਰ ਨੂੰ ਕਹਿ ਕੇ ਬਾਹਰ ਕੱਢੇ ਵਿਧਾਇਕਾਂ ਨੂੰ ਵਾਪਸ ਅੰਦਰ ਬੁਲਾ ਕੇ ਹੰਗਾਮੇ ਨੂੰ ਸ਼ਾਂਤ ਕਰਵਾਇਆ। ਇਸੇ ਤਰ੍ਹਾਂ ਸੈਸ਼ਨ ਦੇ ਆਖਰੀ ਦਿਨ 22 ਦਸੰਬਰ ਨੂੰ ਸੱਤਾ ਧਿਰ ਦੇ ਵਿਧਾਇਕ ਰਾਮ ਕੁਮਾਰ ਕਸ਼ਅਪ ਵਲੋਂ ਚੋਣ ਸੁਧਾਰਾਂ 'ਤੇ ਚਰਚਾ ਕਰਵਾਉਣ ਲਈ ਇਕ ਪ੍ਰਸਤਾਵ ਲਿਆਂਦਾ ਗਿਆ, ਜਿਸ 'ਤੇ ਇਤਰਾਜ਼ ਕਰਦਿਆਂ ਕਾਂਗਰਸੀ ਵਿਧਾਇਕ ਸਦਨ ਤੋਂ ਵਾਕਆਊਟ ਕਰ ਗਏ। ਕਾਂਗਰਸ ਦੇ ਇਸ ਵਾਕਆਊਟ ਤੋਂ ਨਾਰਾਜ਼ ਸੱਤਾ ਧਿਰ ਨੇ ਕਾਂਗਰਸ ਦੇ ਖ਼ਿਲਾਫ਼ ਇਕ 'ਨਿੰਦਾ ਪ੍ਰਸਤਾਵ' ਵੀ ਸਦਨ ਵਿਚ ਲਿਆਂਦਾ। ਇਨ੍ਹਾਂ ਤਿੰਨਾਂ ਦਿਨਾਂ 'ਚ 23 ਘੰਟੇ ਚੱਲੇ ਸਰਦ ਰੁੱਤ ਸੈਸ਼ਨ ਦੌਰਾਨ 16 ਬਿੱਲ ਪਾਸ ਕੀਤੇ ਗਏ। ਹਰਿਆਣਾ ਵਿਧਾਨ ਸਭਾ ਦੇ ਇਸ ਸਰਦ ਰੁੱਤ ਸੈਸ਼ਨ ਦੌਰਾਨ ਸਰਕਾਰ ਦੇ ਚੱਕਰਵਿਊ 'ਚ ਫਸੀ ਵਿਰੋਧੀ ਧਿਰ ਸਰਕਾਰ ਨੂੰ ਘੇਰਨ 'ਚ ਨਾਕਾਮ ਰਹੀ।

-ਵਿਸ਼ੇਸ਼ ਪ੍ਰਤੀਨਿਧ
ਮੋ.- 9855465946
Email- ramsinghbrar@gmail.com

Ad Position 22
No active advertisement
ਪਿਛਲੀ ਖ਼ਬਰ 25-12-2025 ਅਗਲੀ ਖ਼ਬਰ ਯਿਸੂ ਮਸੀਹ ਨੇ ਮੁਹੱਬਤ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ
Ad Position 24
No active advertisement