ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਯਿਸੂ ਮਸੀਹ ਨੇ ਮੁਹੱਬਤ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ

Ad Position 21
No active advertisement
ਅਜੀਤ ਡੈਸਕ 25-12-2025

ਅੱਜ ਕ੍ਰਿਸਮਸ 'ਤੇ ਵਿਸ਼ੇਸ਼

ਪੂਰਾ ਸੰਸਾਰ ਪ੍ਰਭੂ ਯਿਸੂ ਮਸੀਹ ਦੇ ਜਨਮ, ਭਾਵ ਕ੍ਰਿਸਮਸ, ਸ਼ਹਾਦਤ ਅਰਥਾਤ ਗੁਡਫਰਾਈ ਡੇਅ ਅਤੇ ਮੌਤ 'ਤੇ ਫ਼ਤਹਿ ਪਾਉਣ, ਭਾਵ ਈਸਟਰ ਤਿਉਹਾਰਾਂ ਨੂੰ ਬੜੀ ਸ਼ਿੱਦਤ ਨਾਲ ਮਨਾਉਂਦਾ ਹੈ। ਯਿਸੂ ਮਸੀਹ ਦੇ ਜਨਮ ਸੰਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ 2025 ਸਾਲ ਪਹਿਲਾਂ ਉਨ੍ਹਾਂ ਦਾ ਜਨਮ ਗਲੀਲ ਦੇਸ਼ (ਅੱਜ ਇਜ਼ਰਾਈਲ) ਦੇ ਨਾਸਰਤ ਨਗਰ ਦੇ ਇਕ ਪਵਿੱਤਰ ਘਰਾਣੇ ਦੀ ਇਕ ਕੁਆਰੀ ਕੁੜੀ ਮਰੀਯਮ ਦੀ ਕੁੱਖ ਤੋਂ ਖ਼ੁਦਾਈ ਯੋਜਨਾ ਤਹਿਤ ਯੇਰੂਸ਼ਲਮ ਦੇ ਬੈਤਲਹਮ ਕਸਬੇ 'ਚ ਇਕ ਗਊਸ਼ਾਲਾ 'ਚ ਹੋਇਆ ਸੀ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਈਸ਼ਵਰ ਨੇ ਉਸ ਨੂੰ ਪਾਪਾਂ ਦੇ ਖਾਤਮੇ ਅਤੇ ਮਾਨਵਤਾ ਦੇ ਕਲਿਆਣ ਲਈ ਧਰਤੀ 'ਤੇ ਭੇਜਿਆ ਸੀ। ਮੁਆਫ਼ੀ, ਮਾਨਵਤਾ, ਬਰਾਬਰਤਾ, ਪਵਿੱਤਰਤਾ, ਸਾਂਝੀਵਾਲਤਾ ਅਤੇ ਪਿਆਰ-ਮੁਹਬੱਤ ਦੀਆਂ ਮਹਾਨ ਸਿਖਿਆਵਾਂ ਉਨ੍ਹਾਂ ਨੇ ਸ਼ਹਿਰ-ਸ਼ਹਿਰ, ਬਸਤੀ-ਬਸਤੀ ਅਤੇ ਪਿੰਡ-ਪਿੰਡ ਘੁੰਮ ਕੇ ਲੋਕਾਂ 'ਚ ਵਿਚਰ ਕੇ ਦਿੱਤੀਆਂ ਸਨ। ਉਨ੍ਹਾਂ ਨੇ ਲੋਕਾਂ ਦੇ ਦੁੱਖ ਦਰਦ ਸਮਝ ਕੇ ਆਪਣੇ ਵਿਚਾਰਾਂ ਦਾ ਵਿਲੱਖਣ ਢੰਗ ਨਾਲ ਪ੍ਰਗਟਾਵਾ ਕੀਤਾ ਸੀ। ਇਕ ਔਰਤ ਜੋ ਵਿਭਚਾਰ ਕਰਦੀ ਫੜੀ ਗਈ ਸੀ, ਵਿਰੁੱਧ ਮਰਦ ਪ੍ਰਧਾਨ ਸਮਾਜ ਨੇ ਸ਼ਰ੍ਹਾ ਅਨੁਸਾਰ ਪੱਥਰ ਮਾਰ-ਮਾਰ ਕੇ ਉਸ ਨੂੰ ਮਾਰਨ ਦਾ ਫ਼ੈਸਲਾ ਸੁਣਾਇਆ ਸੀ। ਅਚਾਨਕ ਯਿਸੂ ਉਸੇ ਪਿੰਡ ਵਿਚ ਹੀ ਸਨ, ਉਹ ਔਰਤ ਭੱਜਦੀ ਹੋਈ ਆਪਣੇ-ਆਪ ਨੂੰ ਬਚਾਉਂਦੀ ਯਿਸੂ ਕੋਲ ਆਈ ਤੇ ਮਦਦ ਮੰਗੀ। ਯਿਸੂ ਨੇ ਲੋਕਾਂ ਨੂੰ ਕਿਹਾ ਕਿ ਉਸ ਨੂੰ ਸਿਰਫ ਉਹੀ ਪੱਥਰ ਮਾਰੇ ਜਿਸ ਨੇ ਕਦੇ ਪਾਪ ਨਾ ਕੀਤਾ ਹੋਵੇ। ਨਤੀਜਨ ਸਾਰੇ ਲੋਕ ਚਲੇ ਗਏ। ਯਿਸੂ ਨੇ ਢੰਗ ਨਾਲ ਔਰਤ ਨੂੰ ਅੱਗੇ ਤੋਂ ਅਜਿਹੇ ਪਾਪ ਵਿਚ ਨਾ ਪੈਣ ਲਈ ਕਹਿ ਕੇ ਮੁਆਫ਼ ਕਰ ਦਿੱਤਾ। ਔਰਤ ਦਾ ਸਨਮਾਨ ਅਤੇ ਉਸ ਦੇ ਗੁਨਾਹ ਦੀ ਮੁਆਫ਼ੀ ਦਾ ਵਿਲੱਖਣ ਫ਼ੈਸਲਾ ਕਰਕੇ ਉਨ੍ਹਾਂ ਨੇ ਉਸ ਵੇਲੇ ਦੇ ਧਰਮ ਦੇ ਠੇਕੇਦਾਰਾਂ ਨੂੰ ਚੁੱਪ ਕਰਾ ਦਿੱਤਾ ਸੀ।
ਯਿਸੂ ਮਸੀਹ ਨੇ ਉਸ ਵੇਲੇ ਦੇ ਕੱਟੜਵਾਦ, ਫਾਸ਼ੀਵਾਦੀ ਅਤੇ ਮੌਕਾਪ੍ਰਸਤੀ ਦੀ ਸੌੜੀ ਰਾਜਨੀਤੀ ਦਾ ਵਿਰੋਧ ਕੀਤਾ। ਉਸ ਸਮੇਂ ਦੇ ਧਾਰਮਿਕ ਅਡੰਬਰ ਅਤੇ ਧਰਮ ਦੇ ਠੇਕੇਦਾਰਾਂ ਵਲੋਂ ਆਪਣੇ ਫ਼ਾਇਦੇ ਲਈ ਬਣਾਏ ਗਏ ਰੀਤੀ-ਰਿਵਾਜਾਂ ਦਾ ਵੀ ਉਨ੍ਹਾਂ ਨੇ ਡਟ ਕੇ ਵਿਰੋਧ ਕੀਤਾ ਸੀ।
ਭਾਰਤੀ ਸਮਾਜ ਦੀ ਵਰਗ ਵੰਡ ਵਾਂਗ ਇਥੇ ਵੀ ਧਰਮ ਦੇ ਠੇਕੇਦਾਰਾਂ ਨੇ ਹੇਠਲੇ ਵਰਗ ਦੇ ਲੋਕਾਂ ਨੂੰ ਛੇਕਿਆ ਅਤੇ ਛੂਤਛਾਤ ਕਰਕੇ ਵੱਖਰਾ ਕੀਤਾ ਹੋਇਆ ਸੀ। ਯਹੂਦੀ ਹੋਣ ਕਰਕੇ ਯਿਸੂ ਭਾਵੇਂ ਉੱਚ ਵਰਗ 'ਚੋਂ ਸਨ, ਪਰ ਉਨ੍ਹਾਂ ਨੇ ਵੰਚਿਤ ਲੋਕਾਂ ਕੋਲ ਜਾ ਕੇ ਉਨ੍ਹਾਂ ਵਿਚ ਰਹਿ ਕੇ ਬਰਾਬਰਤਾ, ਸਾਂਝ, ਭਾਈਚਾਰੇ ਅਤੇ ਸਦਭਾਵਨਾ ਦੀ ਸਿੱਖਿਆ ਦਿੱਤੀ ਅਤੇ ਛੂਤਛਾਤ ਕਰਨ ਵਾਲਿਆਂ ਨੂੰ ਸਮੇਂ-ਸਮੇਂ ਤਾੜਿਆ। ਬੱਚਿਆਂ ਨਾਲ ਪਿਆਰ ਉਨ੍ਹਾਂ ਨੇ ਖ਼ੁਦਾ ਨਾਲ ਪਿਆਰ ਦੇ ਬਰਾਬਰ ਦੱਸਿਆ, ਆਪਣੀਆਂ ਸਿਖਿਆਵਾਂ ਰਾਹੀਂ ਉਨ੍ਹਾਂ ਸਿੱਧ ਕੀਤਾ ਕਿ ਦਨੀਆ 'ਚ ਸਭ ਤੋਂ ਪਵਿੱਤਰ ਬੱਚੇ ਹਨ। ਉਨ੍ਹਾਂ ਦਾ ਗਿਆਨ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ।
ਉਸ ਸਮੇਂ ਦੀ ਹਾਕਮ ਜਮਾਤ ਜੋ ਪੂਰੀ ਤਰ੍ਹਾਂ ਕੱਟੜਵਾਦ ਧਾਰਮਿਕ ਆਗੂਆਂ ਦੀ ਪਕੜ ਵਿਚ ਸੀ, ਦਾ ਉਨ੍ਹਾਂ ਨੇ ਆਪਣੇ ਪ੍ਰਚਾਰ ਅਤੇ ਨਵੀਆਂ ਸਿਖਿਆਵਾਂ ਨਾਲ ਸ਼ਾਂਤੀ ਦੇ ਰਾਹ 'ਤੇ ਚੱਲ ਕੇ ਵਿਰੋਧ ਕੀਤਾ ਅਤੇ ਆਮ ਲੋਕਾਂ ਨਾਲ ਹੋ ਰਹੀਆਂ ਧਾਰਮਿਕ, ਰਾਜਨੀਤਕ ਤੇ ਆਰਥਿਕ ਜ਼ਿਆਦਤੀਆਂ ਦਾ ਵੀ ਦ੍ਰਿੜ੍ਹਤਾ ਨਾਲ ਵਿਰੋਧ ਕੀਤਾ । ਸਿੱਟੇ ਵਜੋਂ ਹਾਕਮ ਜਮਾਤ ਨੰਗੀ ਹੁੰਦੀ ਨਜ਼ਰ ਆਉਣ ਲੱਗੀ ਤੇ ਉਨ੍ਹਾਂ ਨੇ ਆਪਣੀਆ ਕੁਚਾਲਾਂ ਅਤੇ ਸਾਜਿਸ਼ਾਂ ਨਾਲ ਉਨ੍ਹਾਂ ਦੇ ਇਕ ਚੇਲੇ ਯਹੁਦਾਇਸਕਿਉਤੀ ਨੂੰ ਲਾਲਚ ਦੇ ਕੇ ਖ਼ਰੀਦ ਲਿਆ ਅਤੇ ਉਸ ਦੀ ਮਦਦ ਲੈ ਕੇ ਯਿਸੂ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਨੇਕਾਂ ਪ੍ਰਕਾਰ ਦੇ ਤਸੀਹੇ ਦੇਣ ਉਪਰੰਤ ਉਨ੍ਹਾਂ ਨੂੰ ਸੂਲੀ 'ਤੇ ਚੜ੍ਹਾਅ ਦਿੱਤਾ ਗਿਆ। ਯਿਸੂ ਮਸੀਹ ਨੇ ਆਪਣੀਆਂ ਸਿਖਿਆਵਾਂ ਨਾਲ ਪਿਆਰ, ਸਾਂਝ, ਭਾਈਚਾਰਾ, ਬਰਾਬਰਤਾ ਅਤੇ ਕੁਰਬਾਨੀ ਆਦਿ ਦਾ ਸੰਦੇਸ਼ ਦਿੱਤਾ। ਸਲੀਬ 'ਤੇ ਟੰਗੇ ਜਾਣ ਉਪਰੰਤ ਪ੍ਰਾਣ ਛੱਡਣ ਵੇਲੇ ਉਨ੍ਹਾਂ ਦੇ ਮੁੱਖ 'ਚੋਂ ਕੁਝ ਵਚਨ ਨਿਕਲੇ ਜਿਨ੍ਹਾਂ ਵਿਚ ਇਕ ਮਹੱਤਵਪੂਰਨ ਵਚਨ ਸੀ...ਕਿ 'ਐ ਪਿਤਾ (ਖ਼ੁਦਾ) ਇਨ੍ਹਾਂ ਨੂੰ ਮੁਆਫ਼ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।'
ਕਹਿੰਦੇ ਹਨ ਕਿ ਜਿਸ ਵਿਅਕਤੀ ਨੇ ਸਭ ਤੋਂ ਪਹਿਲਾਂ ਬੰਦੂਕ ਬਣਾਈ ਸੀ, ਉਹ ਕਹਿਣ ਲੱਗਾ ਕਿ ਹੁਣ ਇਸ ਨਾਲ ਪੂਰੀ ਦੁਨੀਆ 'ਚ ਸ਼ਾਂਤੀ ਸਥਾਪਤ ਹੋ ਜਾਵੇਗੀ। ਉਸ ਬੰਦੂਕ ਤੋਂ ਸ਼ੁਰੂ ਹੋ ਕੇ ਅੱਜ ਸੰਸਾਰ ਦੇ ਬਹੁਤੇ ਦੇਸ਼ਾਂ ਕੋਲ ਖ਼ਤਰਨਾਕ ਹਥਿਆਰਾਂ ਦੇ ਭੰਡਾਰ ਹਨ। ਪਿਛਲੀ ਸਦੀ 'ਚ ਦੋ ਵਿਸ਼ਵ ਯੁੱਧ ਹੋ ਚੁੱਕੇ ਹਨ। ਰੂਸ-ਯੂਕਰੇਨ ਯੁੱਧ ਨੂੰ ਕਈ ਸਾਲ ਹੋ ਚੱਲੇ ਹਨ, ਜਿਸ ਦੌਰਾਨ ਹਜ਼ਾਰਾਂ ਜ਼ਿੰਦਗੀਆਂ ਤਬਾਹ ਹੋ ਚੁੱਕੀਆਂ ਹਨ। ਇਜ਼ਰਾਈਲ ਤੇ ਹਮਾਸ ਵਿਚਕਾਰ ਹੋਏ ਭਿਆਨਕ ਟਕਰਾਅ ਵਿਚ ਗਾਜ਼ਾ ਪੱਟੀ 'ਚ ਭਾਰੀ ਤਬਾਹੀ ਹੋਈ ਹੈ, ਜਿਸ ਕਾਰਨ ਹੁਣ ਤੱਕ 70 ਹਜ਼ਾਰ ਦੇ ਲਗਭਗ ਫਲਸਤੀਨੀ ਮਾਰੇ ਗਏ ਹਨ। ਅਜਿਹੀ ਸਥਿਤੀ 'ਚ ਪ੍ਰਭੂ ਯਿਸੂ ਮਸੀਹ ਦੀਆਂ ਸਿਖਿਆਵਾਂ ਹਨੇਰੇ 'ਚ ਉਮੀਦ ਦੀ ਕਿਰਨ ਬਣ ਕੇ ਮਾਨਵਤਾ ਦੇ ਰਾਹ ਨੂੰ ਰੁਸ਼ਨਾ ਸਕਦੀਆਂ ਹਨ। ਅੱਜ ਜਦੋਂ ਉਨ੍ਹਾਂ ਦਾ ਜਨਮ ਦਿਵਸ ਦੁਨੀਆ ਭਰ 'ਚ ਮਨਾਇਆ ਜਾ ਰਿਹਾ ਹੈ ਤਾਂ ਇਹ ਸਾਨੂੰ ਸਭ ਨੂੰ ਇਸ ਗੱਲ ਦਾ ਸੱਦਾ ਦਿੰਦਾ ਹੈ ਕਿ ਅਸੀਂ ਇਸ ਤਿਉਹਾਰ ਨੂੰ ਆਪਣੇ ਲਈ ਸਿਰਫ਼ ਖੱਟੀ-ਕਮਾਈ ਜਾਂ ਵਪਾਰਕ ਤੌਰ 'ਤੇ ਲਾਭ ਉਠਾਉਣ ਦਾ ਮੌਕਾ ਹੀ ਨਾ ਸਮਝੀਏ ਸਗੋਂ, ਇਸ ਨੂੰ ਸਰਬੱਤ ਲੋਕਾਈ ਲਈ ਪਿਆਰ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਸਥਾਪਤ ਕਰਨ ਲਈ ਮਨਾਈਏ।

-ਮੋਬਾਈਲ : 9878261522
ਈ-ਮੇਲ : wargisalamat@gmail.com

 

Ad Position 22
No active advertisement
ਪਿਛਲੀ ਖ਼ਬਰ ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜ਼ਿਲ੍ਹਾ, ਡੱਬਵਾਲੀ ਰਹਿ ਗਿਆ ਪਿੱਛੇ ਅਗਲੀ ਖ਼ਬਰ ਦਿਹਾਤੀ ਵਿਕਾਸ ਵਿਚ ਅਹਿਮ ਰੋਲ ਹੈ ਮਨਰੇਗਾ ਦਾ
Ad Position 24
No active advertisement