ਬਲੈਕ ਆਊਟ ਦੇ ਐਲਾਨ ਨੂੰ ਲੋਕਾਂ ਵਲੋਂ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ, ਸੜਕਾਂ 'ਤੇ ਆਮ ਦਿਨਾਂ ਵਰਗੀ ਰਹੀ ਹਲਚਲ
ਅਜੀਤ ਡੈਸਕ
25-04-2026
ਮੁਹਾਲੀ 'ਚ ਬਲੈਕ ਆਊਟ ਮੌਕ ਐਕਸਰਸਾਈਜ਼ ਨੂੰ ਮਿਲਿਆ ਰਲਵਾ ਮਿਲਵਾਂ ਹੁੰਗਾਰਾ
ਮੁਹਾਲੀ ਸ਼ਹਿਰ 'ਚ ਅੱਜ ਰਾਤ 8 ਵਜੇ ਤੋਂ ਲੈ ਕੇ 8:15 ਵਜੇ ਤੱਕ 15 ਮਿੰਟ ਲਈ ਬਲੈਕ ਆਊਟ ਮੌਕ ਐਕਸਰਸਾਈਜ਼ ਸੰਬੰਧੀ ਜਾਰੀ ਹਦਾਇਤਾਂ ਨੂੰ ਸ਼ਹਿਰ 'ਚ ਰਲਵਾ ਮਿਲਵਾਂ ਹੰੁਗਾਰਾਂ ਮਿਲਿਆ | ਸ਼ਹਿਰ 'ਚ ਟ੍ਰੈਫ਼ਿਕ ਆਮ ਵਾਂਗ ਚੱਲਦੀ ਰਹੀ, ਕਿਸੇ ਵੀ ਵਾਹਨ ਚਾਲਕ ਨੇ ਆਪਣੇ ਵਾਹਨ ਨੂੰ ਸੜਕ ਕੰਡੇ ਰੋਕ ਕੇ ਲਾਈਟਾਂ ਬੰਦ ਕਰ ਬਲੈਕ ਆਊਟ ਸੰਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਆਪਣੀ ਜ਼ਿੰਮੇਵਾਰੀ ਨਾ ਸਮਝਦਿਆਂ ਆਪਣੇ ਵਾਹਨ ਆਮ ਦੀ ਤਰ੍ਹਾਂ ਸੜਕਾਂ ਤੇ ਚਲਾਏ | ਬਲੈਕ ਆਊਟ ਦੌਰਾਨ ਭਾਵੇਂ ਵੱਡੀ ਗਿਣਤੀ 'ਚ ਘਰਾਂ ਤੇ ਸ਼ੋਅਰੂਮਾਂ ਦੀਆਂ ਲਾਈਟਾਂ ਬੰਦ ਦਿਖਾਈ ਦਿੱਤੀਆਂ ਪਰ ਕਈ ਵਪਾਰਕ ਅਦਾਰਿਆਂ ਤੇ ਕੁੱਝ ਘਰਾਂ ਦੀਆਂ ਲਾਈਟਾਂ ਆਮ ਵਾਂਗ ਜਗਦੀਆਂ ਰਹੀਆਂ | ਕਈ ਇਲਾਕਿਆਂ 'ਚ ਪੁਲਿਸ ਕਰਮੀ ਇਨ੍ਹਾਂ ਵਪਾਰਕ ਅਦਾਰਿਆਂ ਦੀਆਂ ਲਾਈਟਾਂ ਬੰਦ ਕਰਨ ਦੀ ਅਪੀਲ ਕਰਦੇ ਨਜ਼ਰ ਆਏ | ਬਿਜਲੀ ਵਿਭਾਗ ਵਲੋਂ ਕਈ ਇਲਾਕਿਆਂ 'ਚ ਰਾਤ ਦੇ 8 ਵਜੇ ਤੋਂ ਪਹਿਲਾ ਹੀ ਲਾਈਟ ਦੀ ਸਪਲਾਈ ਬੰਦ ਕਰ ਦਿੱਤੀ ਸੀ ਜੋ ਰਾਤ 8.23 ਤੇ ਮੁੜ ਚਾਲੂ ਕੀਤੀ ਗਈ | ਉੱਥੇ ਹੀ ਸ਼ਹਿਰ ਦੇ ਜ਼ਿਆਦਾਤਰ ਖੇਤਰਾਂ 'ਚ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਸਾਇਰਨ ਦੀ ਆਵਾਜ਼ ਹੀ ਸੁਣਾਈ ਨਹੀਂ ਦਿੱਤੀ | ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਪ੍ਰਸ਼ਾਸਨ ਵਲੋਂ ਅੱਜ ਪੂਰੀ ਤਰ੍ਹਾਂ ਬਲੈਕਆਉਟ ਕੀਤਾ ਤਾਂ ਜੋ ਐਮਰਜੈਂਸੀ ਹਾਲਾਤਾਂ ਵਿਚ ਜਾਨਾਂ ਦੀ ਸੁਰੱਖਿਆ ਲਈ ਲਾਜ਼ਮੀ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ ਜਾ ਸਕੇ | ਬਲੈਕਆਉਟ ਮਗਰੋਂ ਬਿਜਲੀ ਮੁੜ ਚਾਲੂ ਕਰਕੇ ਸੰਭਾਵਿਤ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ | ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜੋ ਖ਼ੁਦ ਮੌਕੇ 'ਤੇ ਮੌਜੂਦ ਰਹਿ ਕੇ ਪੂਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਸਨ, ਨੇ ਦੱਸਿਆ ਕਿ ਡਰਿਲ ਦੌਰਾਨ ਕੰਪਲੈਕਸ ਵਿਚ ਅੱਗ ਲੱਗਣ ਤੇ ਕੁੱਝ ਲੋਕਾਂ ਦੇ ਅੰਦਰ ਫਸ ਜਾਣ ਦਾ ਦਿ੍ਸ਼ ਵੀ ਤਿਆਰ ਕੀਤਾ ਗਿਆ ਸੀ | ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਹਤ ਤੇ ਬਚਾਅ ਟੀਮਾਂ ਵਲੋਂ ਫਸੇ ਹੋਏ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਸਰਚ ਤੇ ਰੈਸਕਿਊ ਓਪਰੇਸ਼ਨ ਚਲਾਇਆ | ਡਰਿਲ ਦੌਰਾਨ ਇਵੈਕੁਏਸ਼ਨ (ਬਾਹਰ ਕੱਢਣ), ਅੱਗ ਬੁਝਾਊ ਕਾਰਵਾਈ, ਮੈਡੀਕਲ ਸਹਾਇਤਾ ਤੇ ਜ਼ਖ਼ਮੀਆਂ ਦੀ ਸੁਰੱਖਿਅਤ ਢੁਆਈ ਵਰਗੀਆਂ ਐਮਰਜੈਂਸੀ ਸੇਵਾਵਾਂ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ | ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਐਨ. ਐੱਸ. ਐੱਸ. ਵਲੰਟੀਅਰਾਂ, ਪੁਲਿਸ ਕਰਮਚਾਰੀਆਂ ਤੇ ਸਿਵਲ ਡਿਫੈਂਸ ਵਲੰਟੀਅਰਾਂ ਨੇ ਇਸ ਡਰਿਲ 'ਚ ਭਾਗ ਲਿਆ ਅਤੇ ਐਮਰਜੈਂਸੀ ਸਥਿਤੀਆਂ ਵਿਚ ਆਪਣੀ ਫੁਰਤੀ ਅਤੇ ਤਾਲਮੇਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ |