ਲਾਲੜੂ, 15 ਮਈ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਨੇ ਅੱਜ ਆਪਣੇ ਵਾਰਡ ਵਿਚਲੀ ਵੱਡੀ ਧਰਮਸ਼ਾਲਾ ਵਿਖੇ ਇਕ ਪ੍ਰਭਾਵਸ਼ਾਲੀ ਇਕੱਠ ਕਰ ਕੇ ਵਾਰਡ ਨੰ. 14 ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਰਾਣਾ ਨੇ ਜਿੱਥੇ ਇਸ ਵਾਰਡ ਤੋਂ ਉਨ੍ਹਾਂ 'ਤੇ ਮੁੜ ਵਿਸ਼ਵਾਸ ਪ੍ਰਗਟਾਉਣ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਹੀ ਵਾਰਡ ਦੇ ਵੋਟਰਾਂ ਨੂੰ ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਇਕ ਵਾਰ ਫਿਰ ਤੋਂ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ | ਚੋਣ ਮੁਹਿੰਮ ਸੰਬੰਧੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤੀਸ਼ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਕਰੀਬ ਤਿੰਨ ਕੁ ਸਾਲ ਹੀ ਮਿਲੇ ਹਨ, ਪਰ ਇਸ ਸਮੇਂ ਦੌਰਾਨ ਉਨ੍ਹਾਂ ਮਹਾਰਾਣਾ ਪ੍ਰਤਾਪ ਭਵਨ 'ਚ ਵੱਡਾ ਹਾਲ ਬਣਵਾਇਆ, ਲਾਲੜੂ-ਕੌਲੀ ਮਾਜਰਾ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ, ਰੇਲਵੇ ਫਾਟਕ ਨੇੜੇ ਪਾਰਕ ਬਣਵਾਇਆ, ਪਸ਼ੂ-ਹਸਪਤਾਲ ਦਾ ਕੰਮ ਲਗਵਾਇਆ, ਵੱਡੀ ਧਰਮਸ਼ਾਲਾ ਦੀ ਨਵੇਂ ਸਿਰਿਓਾ ਉਸਾਰੀ ਦੇ ਮਾਮਲੇ 'ਚ ਅਹਿਮ ਭੂਮਿਕਾ ਨਿਭਾਈ, ਵਾ. ਨੰ. 13 'ਚ ਕਮਿਊਨਿਟੀ ਸੈਂਟਰ ਦਾ ਅਧੂਰਾ ਕੰਮ ਚਾਲੂ ਕਰਵਾਇਆ ਅਤੇ ਵੱਡੇ ਠਾਕੁਰ ਦੁਆਰੇ 'ਚ ਸ਼ੈੱਡ ਤੇ ਟਾਈਲਾਂ ਦਾ ਕੰਮ ਕਰਵਾਇਆ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਾਰਡ ਦੇ ਹੋਰ ਕਈ ਕੰਮਾਂ ਲਈ ਫ਼ੰਡ ਮੰਗਵਾਏ ਗਏ ਹਨ, ਜੋ ਕਿ ਜਲਦ ਹੀ ਕੌਂਸਲ 'ਚ ਪਹੁੰਚ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮੁਫ਼ਤ ਬਿਜਲੀ ਦੀ ਸਹੂਲਤ ਤੇ 10 ਲੱਖ ਰੁ. ਦੇ ਸਿਹਤ ਬੀਮਾ ਕਾਰਡ ਬਣਾ ਕੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕਦੇ ਵੀ ਥਾਣੇ ਵਿਚ ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਲੋਕਾਂ ਦੀ ਭਲਾਈ ਲਈ ਸਰਗਰਮ ਰਹਿਣਗੇ | ਮੀਟਿੰਗ 'ਚ ਵੱਡੀ ਗਿਣਤੀ 'ਚ ਵਾਰਡ ਵਾਸੀ ਤੇ ਰਾਣਾ ਦੇ ਸਮਰਥਕ ਹਾਜ਼ਰ ਸਨ |