ਪੰਚਕੂਲਾ, 15 ਮਈ (ਕਪਿਲ)- ਹਰਿਆਣਾ ਗ੍ਰਹਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਕਮਿਸ਼ਨਰ ਪੰਚਕੂਲਾ ਵੱਲੋਂ ਹਥਿਆਰ ਲਾਇਸੰਸ ਧਾਰਕਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ | ਇਨ੍ਹਾਂ ਨਿਰਦੇਸ਼ਾਂ ਅਨੁਸਾਰ ਹੁਣ ਹਰ ਲਾਇਸੰਸ ਧਾਰਕ ਲਈ ਆਪਣੇ ਲਾਇਸੰਸੀ ਹਥਿਆਰ ਦੇ ਇਸਤੇਮਾਲ ਬਾਰੇ ਸੰਬੰਧਿਤ ਲਾਇਸੰਸਿੰਗ ਅਥਾਰਿਟੀ ਨੂੰ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ | ਇਹ ਫ਼ੈਸਲਾ ਹਥਿਆਰਾਂ ਦੇ ਇਸਤੇਮਾਲ 'ਤੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਗਲਤ ਵਰਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ | ਜਾਰੀ ਹੁਕਮਾਂ ਮੁਤਾਬਿਕ ਜੇਕਰ ਕੋਈ ਵਿਅਕਤੀ ਆਪਣੇ ਲਾਇਸੰਸੀ ਹਥਿਆਰ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੰੂ 30 ਦਿਨਾਂ ਦੇ ਅੰਦਰ ਇਸ ਬਾਰੇ ਸੂਚਨਾ ਦੇਣੀ ਹੋਵੇਗੀ | ਸੂਚਨਾ 'ਚ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਹਥਿਆਰ ਕਦੋਂ ਅਤੇ ਕਿਥੇ ਵਰਤਿਆ ਗਿਆ, ਕਿਸ ਕਾਰਨ ਨਾਲ ਵਰਤਿਆ ਗਿਆ ਤੇ ਕਿੰਨੇ ਕਾਰਤੂਸ ਚਲਾਏ ਗਏ | ਇਸ ਦੇ ਨਾਲ ਵਰਤੇ ਗਏ ਖ਼ਾਲੀ ਕਾਰਤੂਸ ਵੀ ਜਮ੍ਹਾਂ ਕਰਵਾਉਣੇ ਹੋਣਗੇ | ਜੇਕਰ ਖ਼ਾਲੀ ਕਾਰਤੂਸ ਉਪਲਬਧ ਨਹੀਂ ਹਨ ਤਾਂ ਉਸ ਦਾ ਕਾਰਨ ਲਿਖਤੀ ਰੂਪ ਵਿਚ ਦੱਸਣਾ ਹੋਵੇਗਾ | ਇਸ ਸੰਬੰਧੀ ਏ. ਸੀ. ਪੀ. ਵਿਕਰਮ ਨੇਹਰਾ ਨੇ ਦੱਸਿਆ ਕਿ ਹੁਣ ਅਜਿਹੀਆਂ ਸਾਰੀਆਂ ਰਿਪੋਰਟਾਂ ਦਾ ਰਿਕਾਰਡ ਰੱਖਿਆ ਜਾਵੇਗਾ | ਜੇਕਰ ਕੋਈ ਲਾਇਸੰਸ ਧਾਰਕ ਜਾਣਕਾਰੀ ਦੇਣ 'ਚ ਲਾਪਰਵਾਹੀ ਕਰਦਾ ਹੈ ਜਾਂ ਉਸ ਦਾ ਜਵਾਬ ਸੰਤੋਸ਼ਜਨਕ ਨਹੀਂ ਪਾਇਆ ਜਾਂਦਾ ਤਾਂ ਇਸ ਦਾ ਅਸਰ ਹਥਿਆਰ ਲਾਇਸੰਸ ਦੇ ਨਵੀਨੀਕਰਨ 'ਤੇ ਪੈ ਸਕਦਾ ਹੈ | ਪੁਲਿਸ ਅਧਿਕਾਰੀਆਂ ਨੇ ਸਾਰੇ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ |